ਨੇਕੀ ਦੀ ਬਦੀ ਤੇ ਜਿੱਤ ਦਾ ਜਸ਼ਨ, ਜਦੋਂ ਵੀ ਮਿਲਕੇ ਮਨਾਉਣਗੇ ਲੋਕ
ਦੇਖਦੇ ਹਾਂ ਆਪਣੇ ਅੰਦਰਲੇ ਰਾਵਣ ਨੂੰ, ਲਾਂਬੂ ਕਦੋਂ ਲਗਾਉਣਗੇ ਲੋਕ
ਦੁਨੀਆਂ ਦੀ ਇਹ ਦੋਧਾਰੀ ਤਲਵਾਰ, ਜਦ ਵੀ ਚੱਲਦੀ ਏ
ਸਮਝ ਨਾ ਆਵੇ ਕਿ ਇਹ ਹਵਾ, ਫਿਰ ਕਿਸ ਦੇ ਵੱਲ ਦੀ ਏ
ਸੱਚ ਤੋਂ ਮੁੱਖ ਮੋੜ ਕੇ ਹੁਣ, ਕਦ ਤੱਕ ਸੂਰਜ ਨੂੰ ਪਾਣੀ ਚੜਾਉਣਗੇ ਲੋਕ
ਦੇਖਦੇ ਹਾਂ ਆਪਣੇ ਅੰਦਰਲੇ ਰਾਵਣ ਨੂੰ, ਲਾਂਬੂ ਕਦੋਂ ਲਗਾਉਣਗੇ ਲੋਕ
ਅੱਖੋਂ ਸੁਜਾਖੇ, ਅਕਲੋਂ ਅੰਨੇ, ਕੰਨੋਂ ਬਹਿਰੇ, ਹੁਣ ਹੋ ਗਈ ਖ਼ਲਕਤ ਸਾਰੀ
ਸਮਝਣ ਨਾਲ਼ੋਂ ਪੂਜਣ ਦੀ ਆਸਥਾ, ਅਕਲ ਤੇ ਸਦਾ ਹੀ ਪੈਂਦੀ ਭਾਰੀ
ਤਨ ਦੀ ਮੈਲ਼ ਦੇ ਨਾਲ਼, ਮਨ ਦੀ ਲਾਹੁਣ ਦੀ ਕੀ ਪਿਰਤ ਪਾਉਣਗੇ ਲੋਕ
ਦੇਖਦੇ ਹਾਂ ਆਪਣੇ ਅੰਦਰਲੇ ਰਾਵਣ ਨੂੰ, ਲਾਂਬੂ ਕਦੋਂ ਲਗਾਉਣਗੇ ਲੋਕ
ਨਹੀਂ ਮਾਰਨਗੇ ਹੱਕ ਕਿਸੇ ਦਾ, ਛੱਡ ਦੇਣਗੇ ਕਰਨੇ ਸਭ ਗੋਰਖ਼ ਧੰਦੇ
ਬੇਈਮਾਨੀ, ਹੇਰਾਫੇਰੀ, ਝੂਠ, ਧੋਖਾ, ਬੁਰਾਈ ਤੋਂ ਦੂਰ ਹੋ ਜਾਣਗੇ ਬੰਦੇ
ਹਨੂੰਮਾਨ ਵਾਂਗ ਕਿਸੇ ਦੀ ਰੱਖਿਆ ਲਈ, ਖ਼ੁਦ ਨੂੰ ਅਜਮਾਉਣਗੇ ਲੋਕ
ਦੇਖਦੇ ਹਾਂ ਆਪਣੇ ਅੰਦਰਲੇ ਰਾਵਣ ਨੂੰ, ਲਾਂਬੂ ਕਦੋਂ ਲਗਾਉਣਗੇ ਲੋਕ
ਹੈ ਖ਼ਾਬ ਸਭ ਦਾ ਇੱਕੋ, ਕਿ ਉਹ ਰਾਮਰਾਜ ਕਦੇ ਮੁੜ ਆ ਜਾਵੇ ਦੁਬਾਰਾ
ਕਿਸੇ ਦੇ ਵਚਨਾਂ ਨੂੰ ਪੂਰਾ ਕਰਨ ਖਾਤਿਰ, ਕੋਈ ਰਾਜ ਤਿਆਗੇ ਸਾਰਾ
ਵਣਵਾਸ ਵਿੱਚ ਸਾਥ ਨਿਭਾਵੇ ਭਰਾ, ਕੀ ਇਹ ਆਪਣਾਉਣਗੇ ਲੋਕ
ਦੇਖਦੇ ਹਾਂ ਆਪਣੇ ਅੰਦਰਲੇ ਰਾਵਣ ਨੂੰ, ਲਾਂਬੂ ਕਦੋਂ ਲਗਾਉਣਗੇ ਲੋਕ।
ਪਰਸ਼ੋਤਮ ਸਿੰਘ
ਪਿੰਡ ਬਖੋਰਾ ਕਲਾਂ (ਸੰਗਰੂਰ)
ਮੋਬਾ: 9417504964
ਪੁਰੁਬੳਾੳੑਗਮੳਲਿ.ਚੋਮ