ਚਮਤਕਾਰੀ ਸ਼ਕਤੀਆਂ ਦਾ ਦਾਅਵੇਦਾਰ ਸੀਲਬੰਦ ਕਰੰਸੀ ਨੋਟ ਦਾ ਨੰਬਰ ਪੜ੍ਹ ਕੇ ਪੰਜ ਲੱਖ ਰੁਪਏ ਨਕਦ ਇਨਾਮ ਜਿੱਤ ਸਕਦਾ ਹੈ-ਮਾਸਟਰ ਪਰਮ ਵੇਦ
ਅਖੌਤੀ ਸਿਆਣੇ, ਤਾਂਤਰਿਕ ਦੈਵੀ ਸ਼ਕਤੀਆਂ ਚਮਤਕਾਰਾਂ ਦੇ ਨਾਂ ਹੇਠ ਭੋਲੇ ਭਾਲੇ ਲੋਕਾਂ ਨੂੰ ਆਪਣੇ ਝਾਂਸੇ , ਮੱਕੜਜਾਲ ਵਿੱਚ ਫਸਾਉਂਦੇ ਰਹਿੰਦੇ ਹਨ। ਪਾਦਰੀ ਬਜਿੰਦਰ ਵਰਗਿਆਂ ਨੂੰ ਔਰਤ ਨਾਲ ਕੀਤੇ ਜਬਰ ਜਨਾਹ ਅਤੇ ਕੁੱਟ ਮਾਰ ਦੇ ਦੋਸ਼ ਹੇਠ ਸਜ਼ਾ ਵੀ ਮਿਲਦੀ ਰਹਿੰਦੀ ਹੈ। ਪਰ ਸਾਡੇ ਲੋਕਾਂ ਦਾ ਨਜ਼ਰੀਆ ਵਿਗਿਆਨਕ ਨਾ ਹੋਣ ਕਾਰਨ ਇੱਕ ਛੱਡ ਕੇ ਦੂਜੇ ਅਖੌਤੀ ਬਾਬੇ ਦੇ ਭਰਮ ਜਾਲ ਵਿੱਚ ਪੈ ਕੇ ਆਪਣੀ ਮਾਨਸਿਕ, ਆਰਥਿਕ ਤੇ ਸਰੀਰਕ ਲੁੱਟ ਕਰਵਾਉਂਦੇ ਰਹਿੰਦੇ ਹਨ। ਕੋਈ ਬੀਮਾਰੀ ਠੀਕ ਕਰਵਾਉਣ, ਦੂਜਾ ਵਡੇਰਿਆਂ ਦੀ ਕਰੋਪੀ ਦੂਰ ਕਰਵਾਉਣ, ਤੀਜਾ ਕੋਰਟ ਵਿੱਚ ਚਲਦੇ ਕੇਸ ਦਾ ਫ਼ੈਸਲਾ ਆਪਣੇ ਹੱਕ ਵਿੱਚ ਕਰਵਾਉਣ, ਕੋਈ ਔਲਾਦ ਪ੍ਰਾਪਤੀ ਆਦਿ ਸਮੱਸਿਆ ਦੇ ਹੱਲ ਲਈ ਲਾਈਲੱਗਤਾ ਕਾਰਨ ਇਨ੍ਹਾਂ ਦੇ ਗਧੀਗੇੜ ਵਿਚ ਪਏ ਰਹਿੰਦੇ ਹਨ। ਇਨ੍ਹਾਂ ਦੀ ਅਸਲੀਅਤ ਬਾਰੇ ਨਹੀਂ ਸੋਚਦੇ ਕਿ ਇਨ੍ਹਾਂ ਕੋਲ ਕਿਹੜੀ ਚਮਤਕਾਰੀ ਸ਼ਕਤੀ ਹੈ ਕਿਹੜੀ ਗਿੱਦੜ ਸਿੰਗੀ ਹੈ ਜਿਸ ਨਾਲ ਇਹ ਲੋਕਾਂ ਦੀ ਕਿਸਮਤ ਬਦਲ ਸਕਦੇ ਹਨ। ਇਹ ਅਖੌਤੀ ਸਿਆਣੇ ਲੋਕਾਂ ਦਾ ਜਾਦੂ- ਟੂਣੇ ,ਧਾਗੇ -ਤਵੀਤ ਨਾਲ ਇਲਾਜ ਕਰਨ ਵਾਲੇ ਆਪ ਬੀਮਾਰ ਹੋਣ ਤੇ ਡਾਕਟਰਾਂ ਤੋਂ ਇਲਾਜ ਕਰਵਾਉਂਦੇ, ਲੋਕਾਂ ਦੇ ਕੋਰਟ ਵਿੱਚ ਚਲਦੇ ਕੇਸਾਂ ਦਾ ਫ਼ੈਸਲਾ ਉਨ੍ਹਾਂ ਦੇ ਹੱਕ ਵਿੱਚ ਕਰਵਾਉਣ ਵਾਲੇ ਆਪ ਆਪਣੇ ਤੇ ਪਏ ਕੇਸਾਂ ਦੇ ਫੈਸਲੇ ਆਪਣੇ ਹੱਕ ਵਿੱਚ ਕਰਵਾਉਣ ਲਈ ਵਧੀਆ ਤੋਂ ਵਧੀਆ ਵਕੀਲ ਕਰਦੇ ਹਨ , ਬੱਚਾ ਨਾ ਹੋਣ ਤੇ ਸਿਹਤ ਸਹੂਲਤਾਂ ਲੈਂਦੇ ਹਨ, ਚੋਰੀ ਹੋਣ ਤੇ ਥਾਣੇ ਜਾਂਦੇ ਹਨ।ਦੂਜਿਆਂ ਨੂੰ ਮੋਹ ਮਾਇਆ ਤੋਂ ਦੂਰ/ ਨਿਰਲੇਪ ਰਹਿਣ ਦਾ ਉਪਦੇਸ਼ ਦੇਣ ਵਾਲੇ ਆਪ ਐਸ਼ ਪ੍ਰਸਤੀ ਦਾ ਜੀਵਨ ਬਤੀਤ ਕਰਦੇ ਹਨ, ਵਿਗਿਆਨ ਦੀਆਂ ਖੋਜਾਂ ਦਾ ਅਨੰਦ ਮਾਣਦੇ ਹਨ। ਅਜਿਹੇ ਪੁਜਾਰੀਆਂ, ਪਾਖੰਡੀ ਬਾਬਿਆਂ,ਤਾਂਤਰਿਕਾਂ, ਜੋਤਸ਼ੀਆਂ ਵੱਲੋਂ ਧਾਰਮਿਕ ਆਸਥਾ ਅਤੇ ਇਲਾਜ ਕਰਨ ਦੇ ਨਾਂ ਹੇਠ ਅੰਧ ਵਿਸ਼ਵਾਸ਼ ਫੈਲਾ ਕੇ ਅਖੌਤੀ ਭੂਤ ਪ੍ਰੇਤ ਕੱਢਣ ਦੀਆਂ ਅਪਰਾਧਿਕ ਗਤੀਵਿਧੀਆਂ ਆਮ ਸੁਨਣ ਨੂੰ ਮਿਲਦੀਆਂ ਹਨ ਜਿਨ੍ਹਾਂ ਉਤੇ ਸਖਤ ਪਾਬੰਦੀ ਲਾਉਣ ਦੀ ਲੋੜ ਹੈ। ਸਰਕਾਰ ਵੱਲੋਂ ਠੋਸ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਪਾਸ ਕਰਨਾ ਤੇ ਲੋਕਾਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਾਉਣਾ ਵਕ਼ਤ ਦੀ ਮੁੱਖ ਲੋੜ ਹੈ।
ਕਿਸੇ ਅਖੌਤੀ ਦੈਵੀ ਸ਼ਕਤੀ ,ਪ੍ਰਾਰਥਨਾ ਜਾਂ ਪਾਠ -ਪੂਜਾ ਨਾਲ ਕਿਸੇ ਦੀ ਸਰੀਰਕ ਜਾਂ ਮਾਨਸਿਕ ਬਿਮਾਰੀ, ਅਖੌਤੀ ਬੁਰੀ ਆਤਮਾ ਦਾ ਇਲਾਜ ਨਹੀਂ ਹੋ ਸਕਦ ਅਤੇ ਨਾ ਹੀ ਕਿਸੇ ਦੀ ਖਾਹਿਸ਼ ਦੀ ਪੂਰਤੀ ਜਾਂ ਸਮੱਸਿਆ ਹੱਲ ਕੀਤੀ ਜਾ ਸਕਦੀ ਹੈ। ਪਰ ਬਹੁਤ ਸਾਰੇ ਅਖੌਤੀ ਸਿਆਣੇ , ਤਾਂਤਰਿਕ ਤੇ ਅਧਿਆਤਮਕ ਆਗੂ ਧਾਰਮਿਕ ਆਸਥਾ ਹੇਠ ਇਲਾਜ ਕਰਨ ਦੇ ਬਹਾਨੇ ਭੋਲੀ ਭਾਲੀ ਲੜਕੀਆਂ ਅਤੇ ਔਰਤਾਂ ਨਾਲ ਜਬਰ ਜਨਾਹ ਕਰਨ ਦੇ ਇਲਾਵਾ ਪੀੜਤਾਂ ਦੀ ਅੰਨ੍ਹੀ ਆਰਥਿਕ ਲੁੱਟ ਵੀ ਕਰ ਜਾਂਦੇ ਹਨ। ਲੋਕਾਂ ਵਿਚ ਅੰਧਵਿਸ਼ਵਾਸ ਫੈਲਣ, ਆਪਣੀਆਂ ਸਮੱਸਿਆਵਾਂ,ਬਿਮਾਰੀਆਂ ਦੇ ਖਾਤਮੇ ਲਈ ਕਿਸੇ ਅਖੌਤੀ ਦੈਵੀ ਸ਼ਕਤੀ, ਚਮਤਕਾਰ ਤੇ ਪਾਠ-ਪੂਜਾ ਉਤੇ ਟੇਕ ਰੱਖਣ ਅਤੇ ਉਨ੍ਹਾਂ ਦੇ ਪਾਖੰਡੀ ਬਾਬਿਆਂ, ਤਾਂਤਰਿਕਾਂ, ਜੋਤਸ਼ੀਆਂ ਅਤੇ ਡੇਰਿਆਂ ਦੇ ਝਾਂਸੇ ਵਿਚ ਫਸਣ ਪਿੱਛੇ ਮੌਜੂਦਾ ਰਾਜ ਪ੍ਰਬੰਧ ਜ਼ਿੰਮੇਵਾਰ ਹੈ ਜਿਹੜਾ ਵੱਡੀ ਗਿਣਤੀ ਲੋਕਾਂ ਨੂੰ ਗਰੀਬ,ਅਨਪੜ੍ਹ, ਅੰਧ ਵਿਸ਼ਵਾਸੀ ਅਤੇ ਬਿਮਾਰ ਰੱਖਕੇ ਅਜਿਹੇ ਪਾਖੰਡੀਆਂ, ਡੇਰਿਆਂ ਅਤੇ ਵੱਡੇ ਪੂੰਜੀਪਤੀਆਂ ਦੀ ਸਰਪ੍ਰਸਤੀ ਕਰਦਾ ਹੈ।
ਵਿਗਿਆਨਕ ਸੋਚ ਦੀ ਘਾਟ ਕਰਕੇ ਪਿਛਲੇ ਅਗਸਤ ਮਹੀਨੇ ਜਿਲ੍ਹਾ ਗੁਰਦਾਸਪੁਰ ਅਧੀਨ ਥਾਣਾ ਧਾਰੀਵਾਲ ਦੇ ਪਿੰਡ ਸਿੰਘਪੁਰਾ ਦੇ ਨੌਜਵਾਨ ਸੈਮੂਅਲ ਮਸੀਹ ਨੂੰ ਇਕ ਪਾਦਰੀ ਅਤੇ ਉਸਦੇ ਸਾਥੀਆਂ ਵੱਲੋਂ ਅਖੌਤੀ ਭੂਤ ਪ੍ਰੇਤ, ਬੁਰੀ ਆਤਮਾ ਕੱਢਣ ਦੇ ਬਹਾਨੇ ਹੇਠ ਉਸਦੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਕੁੱਟ ਕੁੱਟ ਕੇ ਜਾਨੋਂ ਮਾਰ ਦਿੱਤਾ। ਇਸੇ ਤਰ੍ਹਾਂ ਪਿਛਲੇ ਸਮੇਂ ਵਿਚ ਪਾਖੰਡੀ ਬਾਬਿਆਂ, ਤਾਂਤਰਿਕਾਂ ਵੱਲੋਂ ਪਿੰਡ ਭਿੰਡਰ ਕਲਾਂ (ਮੋਗਾ), ਪਿੰਡ ਕੋਟ ਫੱਤਾ (ਬਠਿੰਡਾ),ਪਿੰਡ ਮੂਧਲ (ਅੰਮ੍ਰਿਤਸਰ) ਅਤੇ ਖੰਨਾ (ਲੁਧਿਆਣਾ) ਵਿਖੇ ਮਾਸੂਮ ਬੱਚਿਆਂ ਦੀ ਬਲੀ ਦੇਣ ਦੀਆਂ ਦਿਲ ਕੰਬਾਊ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਕਿਸੇ ਵੀ ਸਰਕਾਰ ਨੇ ਅਜਿਹੇ ਅਣਮਨੁੱਖੀ ਅਤੇ ਗੈਰ ਕਾਨੂੰਨੀ ਧੰਦੇ ਨੂੰ ਬੰਦ ਕਰਵਾਉਣ ਲਈ ਕੋਈ ਠੋਸ ਅੰਧ ਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਨ ਦੀ ਸੰਵਿਧਾਨਕ ਜ਼ਿੰਮੇਵਾਰੀ ਨਹੀਂ ਨਿਭਾਈ।
ਸਿਰਫ ਵਿਗਿਆਨਕ ਸੋਚ ਅਪਣਾ ਕੇ ਅਤੇ ਡਾਕਟਰੀ ਇਲਾਜ ਪ੍ਰਣਾਲੀ ਉਤੇ ਭਰੋਸਾ ਕਰਕੇ ਹੀ ਅਜਿਹੇ ਪਾਖੰਡੀਆਂ ਦੀ ਲੁੱਟ ਤੋਂ ਬਚਿਆ ਜਾ ਸਕਦਾ ਹੈ। ਅਜਿਹੇ ਪਾਖੰਡੀਆਂ ਨੂੰ ਕੋਈ ਵੀ ਚਮਤਕਾਰ ਵਿਖਾਉਣ ਤੇ ਤਰਕਸ਼ੀਲ ਸੁਸਾਇਟੀ ਵੱਲੋਂ ਸ਼ਰਤਾਂ ਅਧੀਨ ਰੱਖੇ ਪੰਜ ਲੱਖ ਰੁਪਏ ਦਾ ਇਨਾਮ ਜਿੱਤਣ ਦੀ ਚੁਣੌਤੀ ਵੀ ਦਿੱਤੀ ਹੋਈ ਹੈ।ਕੋਈ ਵੀ ਚਮਤਕਾਰੀ ਸ਼ਕਤੀਆਂ ਦਾ ਦਾਅਵੇਦਾਰ ਸਿਰਫ਼ ਸੀਲਬੰਦ ਕਰੰਸੀ ਨੋਟ ਦਾ ਨੰਬਰ ਪੜ੍ਹ ਕੇ ਇਹ ਨਕਦ ਇਨਾਮ ਜਿੱਤ ਸਕਦਾ ਹੈ।
ਮਾਸਟਰ ਪਰਮ ਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
ਅਫ਼ਸਰ ਕਲੋਨੀ ਸੰਗਰੂਰ
9417422349