ਲਾਹੌਰ ਦੇ ਵਸਨੀਕ “ਅੱਲਾ ਯਾਰ ਖਾਨ ਯੋਗੀ” ਇੱਕ ਪ੍ਰਸਿੱਧ ਉਰਦੂ ਕਵੀ ਸਨ ਜਿਹਨਾਂ ਨੇ 1913 ਈ. ਵਿੱਚ ਸਿੱਖ ਪੰਥ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ “ਸ਼ਹੀਦਾਂ-ਏ-ਵਫਾ” ਅਤੇ 1915 ਈ. ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ “ਗੰਜ-ਏ-ਸ਼ਹੀਦਾਂ” ਨਾਮਕ ਦਿਲ ਨੂੰ ਛੂਹ ਲੈਣ ਵਾਲੇ ਦੋ “ਮਰਸੀਏ” ਲਿਖ ਕੇ ਸਨਸਨੀ ਪੈਦਾ ਕਰ ਦਿੱਤੀ ਸੀ।
22 ਦਸੰਬਰ 1704 ਈ. ਨੂੰ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਬਾਰੇ ਲਿਖੀਆਂ ਉਹਨਾਂ ਦੀਆਂ ਇਹ ਦੋ ਸਤਰਾਂ ਅੱਜ ਵੀ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰ ਤੇ ਵਿਸ਼ੇਸ਼ ਤੌਰ ਤੇ ਲਿਖੀਆਂ ਹੋਈਆਂ ਮਿਲਦੀਆਂ ਹਨ :
ਬਸ ਏਕ ਹਿੰਦ ਮੇਂ ਤੀਰਥ ਹੈ, ਯਾਤਰਾ ਕੇ ਲੀਏ
ਕਟਾਏ ਬਾਪ ਨੇ ਬੇਟੇ ਯਹਾਂ, ਖੁਦਾ ਕੇ ਲੀਏ
ਉਪਰੋਕਤ ਲਿਖਤਾਂ ਤੋਂ ਬਾਅਦ ਅੱਲ੍ਹਾ ਯਾਰ ਖਾਨ ਯੋਗੀ ਨੂੰ “ਕਾਫਿਰ” ਘੋਸ਼ਿਤ ਕਰਕੇ ਇਸਲਾਮ ਵਿੱਚੋਂ ਛੇਕ ਦਿੱਤਾ ਗਿਆ ਸੀ। ਪਰ ਉਹਨਾਂ ਦੀ ਜ਼ਿੰਦਗੀ ਦੇ ਆਖਰੀ ਪਲਾਂ ਵਿੱਚ ਮੌਲਵੀ ਨੇ ਉਹਨਾਂ ਦੇ ਕੋਲ ਆ ਕੇ ਕਿਹਾ ਕਿ, “ਕਾਫ਼ਰਾਂ ਦੀ ਪ੍ਰਸੰਸਾ ਵਿੱਚ ਲਿਖੀਆਂ ਆਪਣੀਆਂ ਲਿਖਤਾਂ ਲਈ ਗਲਤੀ ਮੰਨ ਕੇ ਮੁਆਫ਼ੀਨਾਮੇ ਤੇ ਦਸਤਖਤ ਕਰ ਦਿਉ ਤਾਂ ਕਿ ਤੁਹਾਡਾ ਇਸਲਾਮੀ ਸ਼ਰਹਾ ਦੇ ਅਨੁਸਾਰ ਕਫਨ ਦਫ਼ਨ ਹੋ ਸਕੇ ਅਤੇ ਤੁਹਾਨੂੰ ਜੰਨਤ ਵਿੱਚ ਜਗ੍ਹਾ ਮਿਲ ਸਕੇ।”
ਇਹ ਸੁਣ ਕੇ ਯੋਗੀ ਜੀ ਨੇ ਸਪੱਸ਼ਟ ਕਿਹਾ ਕਿ, “ਮੈਂ ਸਿਰਫ਼ ਤੰਗ ਦਿਲ ਵਾਲੇ ਕੱਟੜਪੰਥੀ ਮੁਸਲਮਾਨਾਂ ਲਈ ਹੀ ‘ਕਾਫ਼ਿਰ’ ਹਾਂ। ਪਰ ਇਹਨਾਂ ਲਿਖਤਾਂ ਦੇ ਕਾਰਨ ਮੈਂ ਸ੍ਰੀ ਗੁਰੂ ਗੋਬਿੰਦ ਜੀ ਦੇ ਗਲ ਲੱਗ ਕੇ ਜੰਨਤ ਵਿੱਚ ਹੀ ਵਸਾਂਗਾ। ਇਸ ਲਈ ਮੈਨੂੰ ਇਸਲਾਮੀ ਕਫਨ ਦਫ਼ਨ ਦੀ ਕੋਈ ਜ਼ਰੂਰਤ ਨਹੀਂ ਹੈ।”
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਵੀ ਆਪਣੀਆਂ ਤੀਬਰ ਪ੍ਰੇਮ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹੋਏ ਯੋਗੀ ਜੀ ਨੇ ਲਿਖਿਆ ਸੀ ਕਿ :
ਇਨਸਾਫ ਕਰੇ ਜੀਅ ਮੇਂ ਜਮਾਨਾ ਤੋ ਯਕੀਂ ਹੈ
ਕਹਿ ਦੋ ਕਿ ਗੁਰੂ ਗੋਬਿੰਦ ਕਾ ਸਾਨੀ ਕੋਈ ਨਹੀਂ ਹੈ
ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ, ਤਾਰੀਫ ਵੋ ਕਮ ਹੈ
ਅੱਲ੍ਹਾ ਯਾਰ ਖਾਨ ਯੋਗੀ ਜੀ ਦੇ ਮਹਾਨ ਜਜ਼ਬੇ ਨੂੰ ਲੱਖ ਲੱਖ ਵਾਰ ਨਮਸਕਾਰ।

