ਚੋਣਾਂ ਦੌਰਾਨ ਵਰਤੀ ਜਾਣ ਵਾਲੀ ਅਮਿੱਟ ਸਿਆਹੀ ਕਿੱਥੇ ਤਿਆਰ ਕੀਤੀ ਜਾਂਦੀ ਹੈ?
ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ। ਪੰਜਾਬ ਵਿੱਚ ਵੀ 1 ਜੂਨ ਨੂੰ ਲੋਕ ਸਭਾ ਦੀਆਂ 13 ਸੀਟਾਂ ਉੱਤੇ ਵੋਟਿੰਗ ਹੋਣੀ ਹੈ। ਜਦੋਂ ਤੁਸੀਂ ਵੋਟ ਪਾਉਣ ਜਾਂਦੇ ਹੋ ਤਾਂ ਤੁਹਾਡੇ ਹੱਥ ‘ਤੇ ਸਿਆਹੀ ਦਾ ਨਿਸ਼ਾਨ ਲਗਾਇਆ ਜਾਂਦਾ ਹੈ। ਵੋਟ ਪਾਉਣ ਵਾਲੇ ਹਰ ਵਿਅਕਤੀ ਨੂੰ ਉਂਗਲੀ ‘ਤੇ ਲਗਾਈ ਗਈ ਨੀਲੀ ਸਿਆਹੀ ਨੂੰ ਵੋਟ ਪਾਉਣ ਦੇ ਸਬੂਤ ਵਜੋਂ ਵਰਤਿਆ ਜਾਂਦਾ ਹੈ। ਬਹੁਤ ਸਾਰੇ ਲੋਕ ਆਪਣੀਆਂ ਸਿਆਹੀ ਵਾਲੀਆਂ ਉਂਗਲਾਂ ਦੀਆਂ ਸਪਸ਼ਟ ਸੈਲਫੀ ਲੈ ਕੇ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਸ ਨੂੰ ਯਾਦਗਾਰ ਬਣਾਉਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇਹ ਸਿਆਹੀ ਕਿੱਥੇ ਬਣਦੀ ਹੈ ਅਤੇ ਇਸਦਾ ਇਤਿਹਾਸ ਕੀ ਹੈ ਅਤੇ ਸਿਆਹੀ ਕਿਉਂ ਲਗਾਈ ਜਾਂਦੀ ਹੈ?
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਵੋਟਿੰਗ ਦੌਰਾਨ ਉਂਗਲੀ ‘ਤੇ ਸਿਆਹੀ ਲਗਾਈ ਜਾਂਦੀ ਹੈ ਤਾਂ ਜੋ ਵੋਟਰ ਦੁਬਾਰਾ ਵੋਟ ਨਾ ਪਾ ਸਕੇ। ਇਸਦੀ ਵਰਤੋਂ ਜਾਅਲੀ ਵੋਟਿੰਗ ਨੂੰ ਰੋਕਣ ਲਈ ਵੀ ਕੀਤੀ ਜਾਂਦੀ ਹੈ। ਇਹ ਸਿਆਹੀ ਉਂਗਲੀ ਤੋਂ ਜਲਦੀ ਨਹੀਂ ਉਤਰਦੀ। ਇਸ ਦੇ ਨਿਸ਼ਾਨ ਲੰਬੇ ਸਮੇਂ ਤੱਕ ਉਂਗਲੀ ‘ਤੇ ਮੌਜੂਦ ਰਹਿੰਦੇ ਹਨ। ਖਾਸ ਗੱਲ ਇਹ ਹੈ ਕਿ ਇਹ ਸਿਆਹੀ ਉਂਗਲੀ ‘ਤੇ ਲਗਾਉਣ ਤੋਂ ਬਾਅਦ ਸਿਰਫ 30 ਤੋਂ 40 ਸਕਿੰਟਾਂ ‘ਚ ਪੂਰੀ ਤਰ੍ਹਾਂ ਸੁੱਕ ਜਾਂਦੀ ਹੈ।
ਲੋਕ ਇਸਨੂੰ ਚੋਣ ਸਿਆਹੀ ਜਾਂ ਇਨਡੈਲੀਬਲ ਅਮਿਟ ਸਿਆਹੀ ਵਜੋਂ ਜਾਣਦੇ ਹਨ। ਭਾਰਤ ਵਿੱਚ ਸਿਰਫ਼ ਇੱਕ ਕੰਪਨੀ ਇਸ ਸਿਆਹੀ ਨੂੰ ਬਣਾਉਂਦੀ ਹੈ। ਦੱਖਣੀ ਭਾਰਤ ਵਿੱਚ ਸਥਿਤ ਮੈਸੂਰ ਪੇਂਟ ਐਂਡ ਵਾਰਨਿਸ਼ ਲਿਮਿਟੇਡ ਨਾਮ ਦੀ ਇੱਕ ਕੰਪਨੀ ਇਸ ਸਿਆਹੀ ਦਾ ਨਿਰਮਾਣ ਕਰਦੀ ਹੈ। ਇਸ ਕੰਪਨੀ ਦੀ ਸਥਾਪਨਾ 1937 ਵਿੱਚ ਮੈਸੂਰ ਪ੍ਰਾਂਤ ਦੇ ਤਤਕਾਲੀ ਮਹਾਰਾਜਾ ਨਲਵਾੜੀ ਕ੍ਰਿਸ਼ਨਾਰਾਜਾ ਵਾਡਿਆਰ ਦੁਆਰਾ ਕੀਤੀ ਗਈ ਸੀ। ਕੰਪਨੀ ਇਹ ਸਿਆਹੀ ਸਰਕਾਰ ਅਤੇ ਚੋਣ ਨਾਲ ਸਬੰਧਤ ਏਜੰਸੀਆਂ ਨੂੰ ਹੀ ਮੁਹੱਈਆ ਕਰਵਾਉਂਦੀ ਹੈ। ਇਹ ਸਿਆਹੀ ਬਾਜ਼ਾਰ ਵਿੱਚ ਵਿਕਰੀ ਲਈ ਉਪਲਬਧ ਨਹੀਂ। ਇਸ ਕੰਪਨੀ ਦੀ ਪਛਾਣ ਇਸ ਸਿਆਹੀ ਨਾਲ ਹੀ ਹੈ। ਇਸ ਕੰਪਨੀ ਦਾ ਇਤਿਹਾਸ ਮੈਸੂਰ ਕਰਨਾਟਕ ਵਿੱਚ ਵਾਡਿਆਰ ਰਾਜਵੰਸ਼ ਨਾਲ ਜੁੜਿਆ ਹੋਇਆ ਹੈ। ਇਹ ਖ਼ਾਨਦਾਨ ਦੁਨੀਆਂ ਦੇ ਸਭ ਤੋਂ ਅਮੀਰ ਸ਼ਾਹੀ ਪਰਿਵਾਰਾਂ ਵਿੱਚ ਗਿਣਿਆ ਜਾਂਦਾ ਸੀ। ਆਜ਼ਾਦੀ ਤੋਂ ਪਹਿਲਾਂ ਇੱਥੇ ਮਹਾਰਾਜਾ ਕ੍ਰਿਸ਼ਨਰਾਜਾ ਵਡਿਆਰ ਰਾਜ ਕਰਦੇ ਸਨ। ਵਡਿਆਰ ਨੇ ਸਾਲ 1937 ਵਿੱਚ ਮੈਸੂਰ ਲੈਕ ਐਂਡ ਪੇਂਟਸ ਦੇ ਨਾਮ ਨਾਲ ਪੇਂਟ ਅਤੇ ਵਾਰਨਿਸ਼ ਫੈਕਟਰੀ ਖੋਲ੍ਹੀ। ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਤਾਂ ਇਹ ਕੰਪਨੀ ਕਰਨਾਟਕ ਸਰਕਾਰ ਕੋਲ ਚਲੀ ਗਈ।
ਇਸ ਸਿਆਹੀ ਦੀ ਲੋੜ ਕਿਉਂ ਪਈ?
ਅੰਕੜਿਆਂ ਅਨੁਸਾਰ ਦੇਸ਼ ਵਿੱਚ ਪਹਿਲੀ ਵਾਰ 1951-52 ਵਿੱਚ ਚੋਣਾਂ ਹੋਈਆਂ ਸਨ। ਉਸ ਸਮੇਂ ਬਹੁਤ ਸਾਰੇ ਲੋਕਾਂ ਨੇ ਇੱਕ ਤੋਂ ਵੱਧ ਵੋਟਾਂ ਪਾਈਆਂ। ਲੋਕਾਂ ਦੀ ਪਛਾਣ ਕਰਨੀ ਵੀ ਔਖੀ ਹੋ ਰਹੀ ਸੀ। ਇਸ ਸਬੰਧੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਸੀ। ਚੋਣ ਕਮਿਸ਼ਨ ਇਸ ਸਮੱਸਿਆ ਦਾ ਹੱਲ ਚਾਹੁੰਦਾ ਸੀ। ਚੋਣ ਕਮਿਸ਼ਨ ਅਜਿਹੀ ਸਿਆਹੀ ਲੱਭ ਰਿਹਾ ਸੀ ਜਿਸ ਨੂੰ ਆਸਾਨੀ ਨਾਲ ਮਿਟਾਇਆ ਨਾ ਜਾ ਸਕੇ। ਚੋਣ ਕਮਿਸ਼ਨ ਨੇ ਇਸ ਦੇ ਲਈ ਨੈਸ਼ਨਲ ਫਿਜ਼ੀਕਲ ਲੈਬਾਰਟਰੀ ਆਫ ਇੰਡੀਆ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਅਜਿਹੀ ਅਮਿਟ ਸਿਆਹੀ ਤਿਆਰ ਕੀਤੀ, ਜਿਸ ਨੂੰ ਨਾ ਤਾਂ ਪਾਣੀ ਨਾਲ ਅਤੇ ਨਾ ਹੀ ਕਿਸੇ ਕੈਮੀਕਲ ਨਾਲ ਹਟਾਇਆ ਜਾ ਸਕਦਾ ਸੀ। ਇਹ ਸਿਆਹੀ 1962 ਦੀਆਂ ਚੋਣਾਂ ਤੋਂ ਹੀ ਵਰਤੀ ਜਾ ਰਹੀ ਹੈ।
ਇਹ ਸਿਆਹੀ ਕਿਉਂ ਨਹੀਂ ਮਿਟਦੀ?
ਇਸ ਸਿਆਹੀ ਨੂੰ ਬਣਾਉਣ ਦਾ ਫਾਰਮੂਲਾ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਹੈ। ਹਾਲਾਂਕਿ ਇਸ ‘ਚ ਸਿਲਵਰ ਨਾਈਟ੍ਰੇਟ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਜਿਵੇਂ ਹੀ ਇਹ ਕੈਮੀਕਲ ਹਵਾ ਦੇ ਸੰਪਰਕ ‘ਚ ਆਉਂਦਾ ਹੈ ਤਾਂ ਇਹ ਸਿਰਫ 40 ਸਕਿੰਟਾਂ ‘ਚ ਸੁੱਕ ਜਾਂਦਾ ਹੈ। ਇੱਕ ਵਾਰ ਚਮੜੀ ‘ਤੇ ਲਾਗੂ ਹੋਣ ਤੋਂ ਬਾਅਦ ਇਸਨੂੰ ਘੱਟੋ-ਘੱਟ 72 ਘੰਟਿਆਂ ਤੱਕ ਮਿਟਾਇਆ ਨਹੀਂ ਜਾ ਸਕਦਾ। ਸਿਲਵਰ ਨਾਈਟ੍ਰੇਟ ਸਾਡੇ ਸਰੀਰ ਵਿੱਚ ਮੌਜੂਦ ਲੂਣ ਨਾਲ ਮਿਲ ਕੇ ਸਿਲਵਰ ਕਲੋਰਾਈਡ ਬਣਾਉਂਦਾ ਹੈ। ਇਸ ‘ਤੇ ਨਾ ਤਾਂ ਪਾਣੀ ਦਾ ਕੋਈ ਅਸਰ ਹੁੰਦਾ ਹੈ ਅਤੇ ਨਾ ਹੀ ਇਸ ਨੂੰ ਸਾਬਣ ਨਾਲ ਮਿਟਾਇਆ ਜਾ ਸਕਦਾ ਹੈ।

ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ੍ਹ
9781590500