ਦੀਵਾਲੀ ਰੁੱਤ ਪਰਿਵਰਤਨ ਦਾ ਮੌਸਮੀ ਤਿਉਹਾਰ ਹੈ। ਇਹ ਕੱਤਕ ਮਹੀਨੇ ਦੀ ਮੱਸਿਆ ਵਾਲੇ ਦਿਨ ਮਨਾਇਆ ਜਾਂਦਾ ਹੈ। ਚਾਨਣ ਦੀ ਹਨੇਰੇ ’ਤੇ, ਭਲੇ ਦੀ ਬੁਰਾਈ ’ਤੇ, ਗਿਆਨਤਾ ਦੀ ਅਗਿਆਨਤਾ ’ਤੇ ਫ਼ਤਿਹ ਦਾ ਪ੍ਰਤੀਕ ਇਹ ਤਿਉਹਾਰ ਸਮਾਜ ’ਚ ਖ਼ੁਸ਼ੀ, ਭਾਈਚਾਰੇ ਤੇ ਪਿਆਰ ਦਾ ਸੰਦੇਸ਼ ਫੈਲਾਉਂਦਾ ਹੈ।
ਸਾਨੂੰ ‘ਹਰੀ ਦੀਵਾਲੀ’ ਮਨਾਉਣ ਦੇ ਸੰਕਲਪ ਨੂੰ ਲਾਗੂ ਕਰਨਾ ਚਾਹੀਦਾ ਹੈ ਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਚਾਹੀਦਾ ਹੈ। ਵੱਧ ਤੋਂ ਵੱਧ ਹਰੇ ਪੌਦੇ ਲਾਉਣੇ ਚਾਹੀਦੇ ਹਨ ਤਾਂ ਜੋ ਸਹੀ ਅਰਥਾਂ ’ਚ ਹਰੀ ਦੀਵਾਲੀ ਮਨਾਈ ਜਾ ਸਕੇ। ਦੀਵਾਲੀ ਦੀਆਂ ਖ਼ੁਸ਼ੀਆਂ ’ਚ ਅਕਸਰ ਅਸੀਂ ਆਪਣੇ ਵਾਤਾਵਰਨ ਨੂੰ ਭੱਲ ਜਾਂਦੇ ਹਾਂ। ਪਟਾਕਿਆਂ ਕਾਰਨ ਇਸ ਦਿਨ ਬਹੁਤ ਪ੍ਰਦੂਸ਼ਣ ਹੁੰਦਾ ਹੈ, ਜਿਸ ਨਾਲ ਵਾਤਾਵਰਨ ਨੂੰ ਨੁਕਸਾਨ ਪਹੁੰਚਦਾ ਹੈ, ਜਦੋਂ ਕਿ ਬਾਜ਼ਾਰ ’ਚ ’ਚ ਈਕੋ ਫਰੈਂਡਲੀ ਪਟਾਕੇ ਵੀ ਮਿਲਦੇ ਹਨ। ਇਨ੍ਹਾਂ ਨਾਲ ਪ੍ਰਦੂਸ਼ਣ ਘੱਟ ਹੁੰਦਾ ਹੈ।
ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ, ਰੌਸ਼ਨੀ ਕੀਤੇ ਬਿਨਾਂ ਇਸ ਤਿਉਹਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਬਿਜਲੀ ਦੀਆਂ ਰੰਗ-ਬਰੰਗੀਆਂ ਲੜੀਆਂ ਦੀ ਥਾਂ ਮਿੱਟੀ ਦੇ ਦੀਵੇ ਜਗਾਉਣੇ ਚਾਹੀਦੇ ਹਨ, ਤਾਂ ਜੋ ਨਜ਼ਰ ਆਵੇ ਕਿ ਦੀਵਾਲੀ ਦੀਵਿਆਂ ਦਾ ਤਿਉਹਾਰ ਹੈ। ਰਵਾਇਤੀ ਸਰ੍ਹੋਂ ਦੇ ਤੇਲ ਦੀ ਦੀਪਮਾਲਾ ਨਾ ਸਿਰਫ਼ ਰੋਸ਼ਨੀ ਤੇ ਉਤਸ਼ਾਹ ਦਾ ਪ੍ਰਤੀਕ ਹੈ ਸਗੋਂ ਉਨ੍ਹਾਂ ਦੀ ਰੋਸ਼ਨੀ ਤੋਂ ਆਕਰਸ਼ਿਤ ਹੋ ਕੇ ਕੀਟ-ਪਤੰਗੇ ਵੀ ਮਰ ਜਾਂਦੇ ਹਨ। ਪਿਛਲੇ ਕੁਝ ਸਾਲਾਂ ਤੋਂ ਜਗਮਗਾਉਂਦੀਆਂ ਲਾਈਟਾਂ ਤੇ ਬਿਜਲੀ ਦੇ ਦੀਵਿਆਂ ਨੂੰ ਜਲਾਉਣ ਦਾ ਰੁਝਾਨ ਵਧਿਆ ਹੈ। ਇਸ ਨਾਲ ਬਿਜਲੀ ਦੀ ਖਪਤ ਵੱਧ ਜਾਂਦੀ ਹੈ। ਦੀਵਾਲੀ ਮੌਕੇ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਹਰਬਲ ਗਿਫਟ ਦੇਣੇ ਚਾਹੀਦੇ ਹਨ, ਜੋ ਹੱਥਾਂ ਨਾਲ ਬਣੀਆਂ ਮੋਮਬੱਤੀਆਂ ਜਾਂ ਖ਼ਾਸ ਪੌਦੇ ਹੋ ਸਕਦੇ ਹਨ।
ਦੀਵਾਲੀ ਦਾ ਤਿਉਹਾਰ ਆਉਣ ’ਤੇ ਸਾਰੇ ਲੋਕ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੰਦੇ ਹਨ। ਲੋਕ ਆਪਣੇ ਘਰਾਂ, ਦੁਕਾਨਾਂ, ਦਫ਼ਤਰਾਂ ਦੀਆਂ ਸਫ਼ਾਈਆਂ ਕਰਦੇ ਹਨ। ਕਈ ਘਰਾਂ ’ਚ ਰੰਗ-ਰੋਗਨ ਹੁੰਦਾ ਹੈ ਤਾਂ ਜੋ ਦੀਵਾਲੀ ’ਤੇ ਘਰ ਸੁੰਦਰ ਤੇ ਸਾਫ਼ ਦਿਸਣ। ਇਸ ਪਿੱਛੇ ਆਮ ਹੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਜਿੱਥੇ ਸਾਫ਼-ਸਫ਼ਾਈ ਹੁੰਦੀ ਹੈ, ਉੱਥੇ ਬਰਕਤ ਹੁੰਦੀ ਹੈ, ਖ਼ੁਸ਼ੀਆਂ ਆਉਂਦੀਆਂ ਹਨ। ਦੂੁਸਰੇ ਪਾਸੇ ਅਸੀਂ ਮਨਾਂ ਦੀ ਗੱਲ ਕਰੀਏ ਤਾਂ ਅੱਜ ਦਾ ਇਨਸਾਨ ਵੈਰ, ਵਿਰੋਧ, ਈਰਖਾ, ਨਫ਼ਰਤ, ਬੁਰੀਆਂ ਸੋਚਾਂ ਸਮੇਤ ਕਈ ਇਹੋ ਜਿਹੀਆਂ ਭਾਵਨਾਵਾਂ ਮਨਾਂ ’ਚ ਰੱਖ ਕੇ ਬੈਠਾ ਹੈ, ਜਿਸ ਨਾਲ ਲੋਕਾਂ ਦੇ ਘਰਾਂ ਦੇ ਨਾਲ-ਨਾਲ ਸਮਾਜ ’ਚ ਗੰਦਗੀ ਫੈਲ ਰਹੀ ਹੈ, ਇਸ ਨੂੰ ਮਨਾਂ ਵਿੱਚੋਂ ਇਨ੍ਹਾਂ ਸਮਾਜਿਕ ਬੁਰਾਈਆਂ ਨੂੰ ਕੱਢਣਾ ਬਹੁਤ ਜ਼ਰੂਰੀ ਹੈ। ਸਾਨੂੰ ਗਰੀਨ ਦੀਵਾਲੀ ਦੇ ਨਾਲ-ਨਾਲ ਕਲੀਨ ਦੀਵਾਲੀ ਵੀ ਮਨਾਉਣੀ ਚਾਹੀਦੀ ਹੈ, ਯਾਨੀ ਦੀਵਾਲੀ ਤੋਂ ਪਹਿਲਾਂ ਜਾਂ ਬਾਅਦ ’ਚ ਕੂੜੇ ਨੂੰ ਸਹੀ ਥਾਂ ’ਤੇ ਸੁੱਟਿਆ ਜਾਵੇ। ਦੀਵਾਲੀ ਦੀ ਰਾਤ ਵਰਤੋਂ ’ਚ ਲਿਆਂਦੇ ਦੀਵਿਆਂ ਨੂੰ ਕੂੜੇ ’ਚ ਨਾ ਸੁੱਟੋ। ਇਨ੍ਹਾਂ ਨੂੰ ਅਗਲੇ ਸਾਲ ਫਿਰ ਵਰਤਿਆ ਜਾ ਸਕਦਾ ਹੈ। ਇਸ ਨਾਲ ਪੈਸੇ ਦੀ ਬੱਚਤ ਹੁੰਦੀ ਹੈ। ਘਰ ਨੂੰ ਸਜਾਉਣ ਲਈ ਤੁਸੀਂ ਆਪਣੀਆਂ ਪੁਰਾਣੀਆਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਦੀਵਾਲੀ ਮੌਕੇ ਬੱਚਿਆਂ ਦੀ ਸਿਹਤ ਤੇ ਸੁਰੱਖਿਆ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ।
ਆਓ ਨਵੇਂ ਢੰਗ ਨਾਲ ਦੀਵਾਲੀ ਮਨਾਈਏ,
ਸਾਰੇ ਮਿਲ ਕੇ ਇਕ-ਇਕ ਰੁੱਖ ਲਗਾਈਏ।
ਰੁੱਖ ਲਗਾ ਕੇ ਜਗ ਦੀਆਂ ਅਸੀਸਾਂ ਝੋਲੀ ਪਾਈਏ,
ਆਓ! ਨਵੇਂ ਢੰਗ ਨਾਲ ਦੀਵਾਲੀ ਮਨਾਈਏ।
ਰਾਜਿੰਦਰ ਰਾਣੀ
ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ