ਤੀਆਂ ਆਪਸੀ ਮਿਲਣੀ ਤੇ ਆਪਸੀ ਸਾਂਝ ਦਾ ਤਿਉਹਾਰ ਹੈ, ਜਿਸ ਦਾ ਦਿਨ ਬ ਦਿਨ ਰੂਪ ਬਦਲ ਰਿਹਾ ਹੈ। ਤੀਆਂ ਦਾ ਆਪਣਾ ਹੀ ਚਾਅ ਹੁੰਦਾ
ਆਇਆ ਸਾਉਣ ਦਾ ਮਹੀਨਾ, ਮੈਨੂੰ ਚਾਅ ਕੁੜੀਓ।
ਲੈਣ ਆਇਆ ਮੈਨੂੰ, ਮੇਰਾ ਨੀ ਭਰਾ ਕੁੜੀਓ।
ਤੀਆਂ ਸਾਉਣ ਦੇ ਮਹੀਨੇ ਦੇ ਚਾਨਣ ਪੱਖ ਦੀ ਤੀਜ ਵਾਲੇ ਦਿਨ ਸ਼ੁਰੂ ਹੁੰਦੀਆਂ ਹਨ । ਪੁੰਨਿਆਂ ਨੂੰ ਖਤਮ ਹੋ ਜਾਂਦੀਆਂ ਹਨ। ਰੀਤ ਮੁਤਾਬਕ ਮਾਪੇ ਆਪਣੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਦੇ ਹਨ। ਕੁੜੀਆਂ ਹੱਥਾਂ ਤੇ ਮਹਿੰਦੀ ਲਾਉਦੀਆਂ ਹਨ ਤੇ ਨਾਲੇ ਰੰਗ ਬਰੰਗੀਆਂ ਚੂੜੀਆਂ ਵੀ ਚੜ੍ਹਾਉਂਦੀਆਂ ਹਨ। ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ ਤੇ ਜਾਂਦੀਆਂ ਹਨ ।ਪਿੱਪਲਾਂ, ਟਾਹਲੀਆਂ. ਬੋਹੜਾਂ (ਬਰੋਟਿਆਂ) ‘ਤੇ ਪੀਘਾਂ ਪਾਉਂਦੀਆਂ ਹਨ, ਗੋਲ ਘੇਰਾ ਬਣਾ ਕੇ ਗਿੱਧਾ ਪਾਉਦੀਆਂ ਹਨ । ਇੱਕ ਕੁੜੀ ਬੋਲੀ ਪਾਉਂਦੀ ਹੈ ਤੇ ਬਾਕੀ ਸਾਰੀਆਂ ਆਖਰੀ ਟੱਪੇ ਨੂੰ ਬਾਰ ਬਾਰ ਦੁਹਰਾ ਕੇ ਬੋਲਦੀਆਂ ਹਨ ਤੇ ਦੋ ਜਾਂ ਵੱਧ ਕੁੜੀਆਂ ਘੇਰੇ ਅੰਦਰ ਨੱਚਦੀਆਂ ਹਨ ।
ਤੀਆਂ ਤੋਂ ਪਹਿਲਾਂ ਦੂਜ ਦੀ ਰਾਤ ‘ਮਹਿੰਦੀ ਵਾਲੀ ਰਾਤ’ ਹੁੰਦੀ ਹੈ। ਸਭ ਬੁੱਢੀਆਂ, ਅੱਧਖੜ, ਜੁਆਨ ਔਰਤਾਂ, ਮੁਟਿਆਰਾਂ ਕੁੜੀਆਂ ਆਪਣੇ ਹੱਥ ਅਤੇ ਪੈਰਾਂ ‘ਤੇ ਮਹਿੰਦੀ ਲਗਾਉਂਦੀਆਂ ਹਨ। ਵਣਜਾਰਿਆਂ ਤੋਂ ਰੰਗ-ਬਰੰਗੀਆਂ ਚੂੜੀਆਂ ਚੜ੍ਹਾਉਂਦੀਆਂ ਨੇ। ਦੂਜੀ ਸਵੇਰ, ਆਪਣੀਆਂ ਤਲੀਆਂ ‘ਤੇ ਖਿੜੇ ਮਹਿੰਦੀ ਦੇ ਰੱਤੇ ਫੁੱਲਾਂ ਨੂੰ ਤੱਕ ਤੱਕ ਫੁੱਲੀਆਂ ਨਹੀਂ ਸਮਾਉਂਦੀਆਂ। ਮਹਿੰਦੀ ਦੇ ਉਘੜਨ ਬਾਰੇ ਕਹਿੰਦੇ ਨੇ ਕਿ ਜਿਸ ਕੁੜੀ ਦੇ ਹੱਥਾਂ ਉੱਤੇ ਮਹਿੰਦੀ ਵੱਧ ਉਘੜੇ, ਉਹ ਕੁੜੀ ਓਨੀ ਹੀ ਆਪਣੀ ਸੱਸ ਨੂੰ ਵੱਧ ਪਿਆਰੀ ਹੁੰਦੀ ਹੈ।
ਤੀਆਂ ਪੰਜਾਬ ਦੀਆਂ ਮੁਟਿਆਰਾਂ ਦਾ ਮਨ ਭਾਉਂਦਾ ਤਿਉਹਾਰ ਹੈ। ਪਿੰਡ ਦੀਆਂ ਕੁੜੀਆਂ, ਖ਼ਾਸ ਤੌਰ ‘ਤੇ ਵਿਆਹੀਆਂ ਵਰ੍ਹੀਆਂ, ਜਦੋਂ ਸਾਉਣ ਦੇ ਮਹੀਨੇ ਤੀਆਂ ਦੇ ਬਹਾਨੇ ਪੇਕੇ ਆਉਂਦੀਆਂ ਤਾਂ ਸਭ ਇੱਕਠੀਆਂ ਹੋ ਚਿੜੀਆਂ ਬਣ ਜਾਂਦੀਆਂ ਹਨ। ਇਸੇ ਕਰਕੇ ‘ਤੀਆਂ ਤੀਜ ਦੀਆਂ’ ਬਣੀਆਂ। ਕਈ ਥਾਂਈਂ ਇਹ ਤਿਉਹਾਰ ਤੀਜ ਨੂੰ ਸ਼ੁਰੂ ਹੋ ਕੇ ਪੂਰਨਮਾਸ਼ੀ ਤੱਕ ਮਨਾਇਆ ਜਾਂਦਾ ਹੈ। ਪਿੰਡ ਦੀ ਕੋਈ ਸਾਂਝੀ, ਪਿੰਡੋਂ ਬਾਹਰ ਦੀ ਜਗ੍ਹਾ ਵਿੱਚ, ਪਿੱਪਲਾਂ ਬੋਹੜਾਂ, ਟਾਹਲੀਆਂ ਵਰਗੇ ਦਰਖਤਾਂ ਦੀ ਛਾਂ ਹੇਠ ਕਈ ਕਈ ਦਿਨ ਰੰਗਲਾ ਮਹੌਲ ਬਣਿਆ ਰਹਿੰਦਾ। ਤੀਆਂ ਦੀਆਂ ਬੋਲੀਆਂ…
ਸਾਉਣ ਮਹੀਨਾ ਦਿਨ ਤੀਆਂ ਦੇ,
ਸਭੇ ਸਹੇਲੀਆਂ ਆਈਆਂ।
ਸਾਉਣ ਮਹੀਨਾ ਦਿਨ ਗਿੱਧੇ ਦੇ
ਕੁੜੀਆਂ ਰਲ ਕੇ ਆਈਆਂ
ਨੱਚਣ-ਕੁੱਦਣ ਝੂਟਣ ਪੀਂਘਾਂ
ਵੱਡਿਆਂ ਘਰਾਂ ਦੀਆਂ ਜਾਈਆਂ
ਆਹ ਲੈ ਮਿੱਤਰਾ ਕਰ ਲੈ ਖਰੀਆਂ
ਬਾਂਕਾਂ ਮੇਚ ਨਾ ਆਈਆਂ
ਗਿੱਧਾ ਪਾ ਰਹੀਆਂ-
ਨਣਦਾਂ ਤੇ ਭਰਜਾਈਆਂ
ਤੀਆਂ ਦੇ ਦਿਨਾਂ ਵਿੱਚ ਲੋਕ ਆਪਣੇ ਘਰਾਂ ਵਿੱਚ ਖੀਰ-ਕੜਾਹ, ਪੂੜੇ, ਗੁਲਗਲੇ ਆਦਿ ਪਕਾਉਂਦੇ ਸਨ। ਇੱਕ ਪਰਿਵਾਰ ਦੀ ਤਰ੍ਹਾਂ ਕੁੜੀਆਂ ਵੱਲੋਂ ਇੱਕ ਜਗ੍ਹਾ ਇਕੱਠੀਆਂ ਹੋ ਕੇ ਸਰ੍ਹੋਂ ਦੇ ਤੇਲ ਵਿੱਚ ਪੂੜੇ ਅਤੇ ਗੁਲਗਲੇ ਪਕਾਏ ਜਾਂਦੇ ਸਨ, ਜਿਸ ਨੂੰ ਸਭ ਰਲਮਿਲ ਕੇ ਇਕੱਠੇ ਬੈਠ ਕੇ ਖਾਂਦੇ ਸਨ, ਪਰ ਹੁਣ ਇਹ ਘਰੇ ਬਣਨ ਵਾਲੇ ਪਕਵਾਨ ਜ਼ਿਆਦਾਤਰ ਦੁਕਾਨਾਂ ਉੱਪਰ ਮਿਲਣੇ ਸ਼ੁਰੂ ਹੋ ਗਏ ਹਨ।
ਸਾਉਣ ਦੇ ਮਹੀਨੇ ਇਕੱਠੀਆਂ ਹੋਈਆਂ ਕੁੜੀਆਂ ਭਾਦੋਂ ਚੜ੍ਹਦਿਆਂ ਹੀ ਤੀਆਂ ਦੀ ‘ਬੱਲੋ’ ਪਾਕੇ ਸਹੁਰਿਆਂ ਦੀ ਤਿਆਰੀ ਕਰਦੀਆਂ । ਬੱਲੋ ਦਾ ਤੋਂ ਭਾਵ, ਤੀਆਂ ਦੀ ਸਮਾਪਤੀ, ਆਪਣੇ ਪੇਕੇ ਪਿੰਡ, ਬਾਬਲ ਦੇ ਘਰ, ਭੈਣਾਂ ਭਰਾਵਾਂ ਭਤੀਜਿਆਂ ਦੀ ਸੁੱਖ ਮੰਗਦੀਆਂ ਕੁੜੀਆਂ ਗਿੱਧੇ ਦੇ ਸਿਖਰ ‘ਤੇ ਪਹੁੰਚ ਕੇ ਤੀਆਂ ਦੀ ਸਮਾਪਤੀ ਕਰਦੀਆਂ ਹਨ। ਪੁੰਨਿਆਂ ਵਾਲੇ ਦਿਨ ਬੱਲੋ ਪਾਈ ਜਾਂਦੀ ਹੈ । ਕੁੜੀਆਂ ਘਰ ਨੂੰ ਵਾਪਸ ਜਾਂਦੀਆਂ ਵਾਰ ਵਾਰ ਰੁਕ ਰੁਕ ਕੇ ਗਿੱਧਾ ਪਾਉਂਦੀਆਂ ਤੇ ਨਾਲੇ ਗੀਤ ਗਾਉਂਦੀਆਂ ਘਰਾਂ ਨੂੰ ਜਾਂਦੀਆਂ ਹਨ ਅਤੇ ਦੁੱਬ (ਹਰਾ ਘਾਹ) ਪੁੱਟ ਕੇ ਲਿਆਉਂਦੀਆਂ ਹਨ ਤਾਂ ਜੋ ਵੀਰ ਦਾ ਘਰ ਸਾਉਣ ਦੇ ਮਹੀਨੇ ਦੇ ਘਾਹ ਵਾਂਗੂੰ ਹਰਿਆ-ਭਰਿਆ ਰਹੇ। ਗਿੱਧੇ ਦਾ ਅੰਤ ਕਰਦੀਆਂ ਹੋਈਆਂ ਉਹ ਕਹਿੰਦੀਆਂ ਹਨ:
ਸਾਉਣ ਵੀਰ ਕੱਠੀਆ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ।
ਤੀਆਂ ਦੇ ਸਮਾਪਤ ਹੁੰਦਿਆਂ ਘਰੋ ਘਰੀਂ ਜਾਣ ‘ਤੇ ਅੱਗੋਂ ਪੇਕਿਆਂ ਤੋਂ ਆਪਣੇ ਸਹੁਰੇ ਜਾਣ ਦਾ ਡੋਬਾ ਤਾਂ ਪੈਂਦਾ ਹੈ ਪਰ ਆਖ਼ਰੀ ਦਿਨ ਬੱਲੋ ਪੈਂਦਿਆਂ ਹੀ ਆਖ਼ਰੀ ਬੋਲੀ ਬੜੀ ਆਸ ਨਾਲ ਪਾਈ ਜਾਂਦੀ ਹੈ ਤਾਂ ਕਿ ਇਸ ਤਿਉਹਾਰ ਦੇ ਬਹਾਨੇ ਮਿਲਣ-ਗਿਲਣ, ਹੱਸਣ-ਖੇਡਣ, ਨੱਚਣ-ਟੱਪਣ ਦਾ ਸਿਲਸਿਲਾ ਚਲਦਾ ਰਹੇ
ਤੀਆਂ ਤੀਜ ਦੀਆਂ – ਵਰ੍ਹੇ ਦਿਨਾਂ ਨੂੰ ਫੇਰ ………..
ਅੱਜਕੱਲ ਇਹ ਤਿੱਥ-ਤਿਉਹਾਰ ਅਲੋਪ ਹੁੰਦੇ ਜਾ ਰਹੇ ਹਨ।
ਪਰ ਹੁਣ ਤੀਆਂ ਪਹਿਲਾਂ ਵਾਂਗ ਨਹੀਂ ਮਨਾਈਆਂ ਜਾਂਦੀਆਂ। ਨਾ ਹੀ ਮੁਟਿਆਰਾਂ ਨੂੰ ਤੀਆਂ ਦੀ ਪਹਿਲਾਂ ਵਾਂਗ ਬੇਸਬਰੀ ਨਾਲ ਉਡੀਕ ਹੁੰਦੀ ਹੈ। ਬੇਸ਼ੱਕ ਕੁਝ ਕੁ ਮੁਟਿਆਰਾਂ ਹੁਣ ਵੀ ਸਾਉਣ ਮਹੀਨੇ ਪੇਕੇ ਪਿੰਡ ਆਉਂਦੀਆਂ ਹਨ, ਪਰ ਪਹਿਲਾਂ ਵਾਂਗ ਤੀਆਂ ਵਿੱਚ ਨਹੀਂ ਜਾਂਦੀਆਂ। ਨਾ ਹੀ ਪਿੱਪਲਾਂ ਬੋਹੜਾਂ ਹੇਠ ਮੁਟਿਆਰਾਂ ਵੱਲੋਂ ਤੀਆਂ ਦੀਆਂ ਰੌਣਕਾਂ ਲੱਗਦੀਆਂ ਹਨ।
ਸਮੇਂ ਦੀ ਬਦਲਦੀ ਚਾਲ ਅਤੇ ਢਾਲ ਨੇ ਮਨੁੱਖੀ ਜ਼ਿੰਦਗੀ ਦੀ ਰਵਾਨੀ ਉੱਪਰ ਗਹਿਰਾ ਪਰਛਾਵਾਂ ਪਾਇਆ ਹੈ। ਠੁਮਕਦੀ, ਰੁਮਕਦੀ ਤੌਰ ਤੁਰਦੀ ਜ਼ਿੰਦਗੀ ਹੁਣ ਮਸ਼ੀਨ ਬਣ ਗਈ ਹੈ। ਜ਼ਿੰਦਗੀ ਵਿਚੋਂ ਮੜਕ, ਖੁੱਲ੍ਹਾਪਣ ਅਤੇ ਬੇਪਰਵਾਹੀ ਦੂਰ ਹੋ ਗਏ। ਨਿੱਤ ਦੀ ਭੱਜ ਦੌੜ ਨੇ ਜੀਵਨ ਦੇ ਬਹੁਤ ਸਾਰੇ ਰਸ ਖ਼ਤਮ ਕਰ ਦਿੱਤੇ ਹਨ। ਬਦਲ ਰਹੇ ਵਰਤਾਰੇ ਨੇ ਸਾਡੇ ਮੇਲਿਆਂ ਤਿਉਹਾਰਾਂ ‘ਤੇ ਵੀ ਬਹੁਤ ਅਸਰ ਕੀਤਾ ਹੈ। ਸ਼ਾਇਦ ਇਸੇ ਕਰਕੇ ਤੀਆਂ ਵਰਗੇ ਤਿਉਹਾਰ ਖੁੱਲ੍ਹੇ ਡੁੱਲ੍ਹੇ ਪਿੜਾਂ ਵਿਚੋਂ ਸਿਮਟ ਕੇ ਸਟੇਜ ਜਾਂ ਸਕਰੀਨ ਤੱਕ ਸੀਮਤ ਹੋ ਗਏ ਹਨ, ਪਰ ਖ਼ੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਕਸਬਿਆਂ ਵਿੱਚ ਤੀਆਂ ਵਰਗੇ ਮਹਿਕਦੇ ਤਿਉਹਾਰ ਜਿਉਂਦੇ ਜਾਗਦੇ ਹਨ।
ਜਿਹੜੀਆਂ ਕੁੜੀਆਂ ਤੀਆਂ ਦੇ ਦਿਨਾਂ ‘ਚ ਪੇਕੇ ਨਹੀਂ ਆਉਂਦੀਆਂ, ਉਨ੍ਹਾਂ ਨੂੰ ਮਾਪੇ ਤੀਆਂ ਦਾ ਸੰਧਾਰਾ ਭੇਜਦੇ ਹਨ। ਸੰਧਾਰੇ ਵਿੱਚ ਕੁੜੀ ਦਾ ਸੂਟ, ਚੂੜੀਆਂ, ਮਹਿੰਦੀ, ਮਠਿਆਈ, ਸ਼ਗਨ ਵਜੋਂ ਪੈਸੇ, ਸੱਸ, ਨਣਦ ਅਤੇ ਜੁਆਈ ਦੇ ਕੱਪੜੇ ਹੁੰਦੇ ਹਨ। ਜਿਨ੍ਹਾਂ ਕੁੜੀਆਂ ਦੀ ਮੰਗਣੀ ਹੋਈ ਹੁੰਦੀ ਹੈ, ਉਨ੍ਹਾਂ ਨੂੰ ਤੀਆਂ ਦਾ ਸੰਧਾਰਾ ਸਹੁਰੇ ਘਰੋਂ ਆਉਂਦਾ ਹੈ।
ਕੁੱਝ ਸਾਲਾਂ ਵਿੱਚ ਆਈ ਸਾਇੰਸ ਦੀ ਤਰੱਕੀ ਨਾਲ ਕੰਪਿਊਟਰ ਦਾ ਯੁੱਗ ਆਇਆ ਹੈ ਅਤੇ ਕੰਪਿਊਟਰ ਨੇ ਕਈ ਅਣਹੋਣੇ ਕੰਮ ਕਰਕੇ ਮਿੰਟਾਂ ਵਿੱਚ ਦਿਖਾ ਦਿੱਤੇ ਹਨ। ਇੰਟਰਨੈਟ ਦੀ ਕਾਢ ਨੇ ਦੁਨੀਆਂ ਨੂੰ ਸੁੰਗੇੜ ਕੇ ਇਕ ਘਰ ਦਾ ਰੂਪ ਦੇ ਦਿੱਤਾ ਹੈ। ਹੁਣ ਇਹ ਤੀਆਂ ਕਲੱਬਾਂ, ਸਟੇਜਾਂ ਜਾਂ ਕੁਝ ਥਾਵਾਂ ਤੇ ਪਾਰਕਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ ।
ਅਸੀਂ ਸੱਤ ਸਮੁੰਦਰੋਂ ਪਾਰ ਬੈਠੇ ਸੱਜਣਾ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਆਹਮਣੇ ਸਾਹਮਣੇ ਬੈਠੇ ਗੱਲ ਕਰ ਸਕਦੇ ਹਾਂ। ਇਸ ਵਿਗਿਆਨਕ ਤਰੱਕੀ ਨੇ ਸਾਡੇ ਪੁਰਾਣੇ ਸੱਭਿਆਚਾਰ ਦੀ ਹੋਂਦ ਵੀ ਖ਼ਤਰੇ ਵਿੱਚ ਪਾ ਦਿੱਤੀ ਹੈ। ਪਿੰਡਾਂ ਵਿਚ ਪਿੱਪਲ, ਬੋਹੜ ਜਾਂ ਨਿੰਮ ਦੇ ਦਰੱਖ਼ਤ ਥੱਲੇ ਤੀਆਂ ਦੇ ਗਿੱਧੇ ਪੈਣ ਦੀ ਥਾਂ ਹੁਣ ਤੀਆਂ ਨੂੰ ਸੱਭਿਆਚਾਰਕ ਪ੍ਰੋਗਰਾਮ ਦਾ ਨਾਂ ਦੇ ਕੇ ਕਲੱਬਾਂ ਆਦਿ ਦੀਆਂ ਸਟੇਜਾਂ ਅਤੇ ਸਕੂਲਾਂ, ਕਾਲਜਾਂ ਦੇ ਵਿਹੜਿਆਂ ਵਿੱਚ ਕੁਝ ਕੁ ਘੰਟਿਆਂ ਦਾ ਸ਼ਿੰਗਾਰ ਬਣਾ ਕੇ ਰੱਖ ਦਿੱਤਾ ਹੈ।ਨੌਜਵਾਨ ਪੀੜੀ ਨੂੰ ਪੂਰੇ ਪੰਜਾਬੀ ਰਹਿਣ ਸਹਿਣ ਅਤੇ ਸੱਭਿਆਚਾਰ ਦੀ ਜਾਣਕਾਰੀ ਵੀ ਨਹੀਂ। ਸਾਵਣ ਦੇ ਮਹੀਨੇ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ (ਤੀਆਂ) ਵੀ ਵਿਸਰਦਾ ਜਾ ਰਿਹਾ ਹੈ।
ਰਾਜਿੰਦਰ ਰਾਣੀ ਪਿੰਡ ਗੰਢੂਆਂ (ਸੰਗਰੂਰ)