ਭਾਸ਼ਾਈ ਤੇ ਸੱਭਿਆਚਾਰਕ ਵੰਨ-ਸੁਵੰਨਤਾ ਨੂੰ ਬਰਕਰਾਰ ਰੱਖਣ ਅਤੇ ਬਹੁ-ਭਾਸ਼ਾਈਵਾਦ ਨੂੰ ਉਤਸ਼ਾਹਿਤ ਕਰਨ ਹਿੱਤ ਹਰ ਸਾਲ 21 ਫਰਵਰੀ ਨੂੰ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਪੂਰੀ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਅੰਤਰ-ਰਾਸ਼ਟਰੀ ਸੰਸਥਾ ਯੂਨੈਸਕੋ ਦੁਆਰਾ 17 ਨਵੰਬਰ 1999 ਨੂੰ ਇਹ ਦਿਹਾੜਾ ਮਨਾਉਣ ਬਾਰੇ ਫੈਸਲਾ ਕੀਤਾ ਗਿਆ ਸੀ ਇਸ ਦਿਹਾੜੇ ਦੇ ਪਿਛੋਕੜ ਬਾਰੇ ਥੋੜੀ ਘੋਖ ਪੜਤਾਲ ਕਰਨ ਤੇ ਪਤਾ ਚੱਲਦਾ ਹੈ ਕਿ ਇਸ ਦਾ ਇਤਿਹਾਸ ਕਿਤੇ ਨਾ ਕਿਤੇ 1952 ਦੀ 21 ਫਰਵਰੀ ਨੂੰ ਢਾਕਾ ਵਿੱਚ ਹੋਏ ਵਿਦਿਆਰਥੀ ਸੰਘਰਸ਼ ਨਾਲ ਵੀ ਜੁੜਿਆ ਹੋਇਆ ਹੈ, ਜਿਸ ਵਿੱਚ ਬੰਗਾਲੀ ਭਾਸ਼ਾ ਨੂੰ ਇੱਕ ਰਾਸ਼ਟਰੀ ਭਾਸ਼ਾ ਵਜੋਂ ਮਾਨਤਾ ਦਿਵਾਉਣ ਲਈ ਮੁਜਾਹਰਾ ਕੀਤਾ ਗਿਆ ਸੀ, ਜਿਸ ਵਿੱਚ ਕਾਫੀ ਵਿਦਿਆਰਥੀਆਂ ਦੀ ਪੁਲਸ ਗੋਲ਼ੀ ਨਾਲ ਮੌਤ ਹੋ ਗਈ ਸੀ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਇਸ ਦਿਹਾੜੇ ਪਿੱਛੇ ਇੱਕ ਵੱਡਾ ਕੁਰਬਾਨੀ ਵਾਲਾ ਇਤਿਹਾਸ ਵੀ ਖੜਾ ਹੈ ਕਿ ਆਪਣੀ ਮਾਂ- ਬੋਲੀ ਨੂੰ ਜਿੰਦਾ ਰੱਖਣ ਖਾਤਰ ਲੋਕ ਸ਼ਹੀਦ ਵੀ ਹੁੰਦੇ ਹਨ। ਤਾਂ ਹੀ ਕਿਹਾ ਜਾਂਦਾ ਹੈ ਕਿ ਮਾਂ ਬੋਲੀ ਸਾਡੇ ਵਜੂਦ ਦਾ, ਸਾਡੀ ਸਖਸ਼ੀਅਤ ਦਾ ਇੱਕ ਅਟੁੱਟ ਅੰਗ ਹੈ
ਮਾਂ ਬੋਲੀ ਨੂੰ ਭੁੱਲ ਜਾਓਗੇ
ਕੱਖਾਂ ਵਾਂਗੂੰ ਰੁਲ ਜਾਓਗੇ।
ਜਿੱਥੇ ਧਰਮ ਦਾ ਵਿਸ਼ਵਾਸ ਹਰ ਇੱਕ ਦਾ ਨਿੱਜੀ ਮਸਲਾ ਹੋ ਸਕਦਾ ਹੈ, ਉੱਥੇ ਮਾਂ ਬੋਲੀ ਉਸ ਇਲਾਕੇ ਦੇ ਲੋਕਾਂ ਨੂੰ ਆਪਸ ਵਿੱਚ ਜੋੜਦੀ ਹੈ, ਉਹਨਾਂ ਦੀ ਸਾਂਝ ਬਣਦੀ ਹੈ, ਪਛਾਣ ਬਣਦੀ ਹੈ, ਕੌਮੀਅਤ ਬਣਦੀ ਹੈ। ਡਾ ਅਮਨਦੀਪ ਸਿੰਘ ਦੇ ਸ਼ਬਦ
ਮਾਂ ਬੋਲੀ ਦੀਆਂ ਟਾਹਣੀਆਂ ਉੱਤੇ
ਨਿੱਤ ਹੀ ਕੋਇਲਾਂ ਕੂਕਦੀਆਂ।
ਜੜ੍ਹਾਂ ਨੂੰ ਪੈ ਗੀ ਵਲੈਤੀ ਸੁੰਡੀ
ਦਵਾ-ਦਾਰੂ ਕੋਈ ਉਡੀਕਦੀਆਂ।
ਉਪਰੋਕਤ ਸ਼ਬਦ ਕਿਤੇ ਨਾਂ ਕਿਤੇ ਸਾਡੇ ਅਜੋਕੇ ਸਮੇਂ ਵਿੱਚ ਪੂਰੇ ਢੁਕਦੇ ਜਾਪ ਰਹੇ ਹਨ। ਅੱਜ ਸਾਡੇ ਪੰਜਾਬੀ ਲਾਣੇ ਦੀ ਬੋਲ- ਬਾਣੀ ਚ ਵੀ ਹਿੰਦੀ- ਅੰਗਰੇਜੀ ਟੱਚ ਜਿਆਦਾ ਹੀ ਵਧਦਾ ਜਾ ਰਿਹਾ ਹੈ।ਇੱਥੇ ਮੈਂ ਕਿਸੇ ਭਾਸ਼ਾ ਨੂੰ ਸਿੱਖਣ ਦਾ ਵਿਰੋਧ ਨਹੀਂ ਕਰ ਰਿਹਾ, ਹਰ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ, ਸਿੱਖਣੀ ਚਾਹੀਦੀ ਹੈ, ਪਰ ਆਪਣੀ ਮਾਤ ਭਾਸ਼ਾ ਨੂੰ ਭੁੱਲਣਾ ਵੀ ਨਹੀਂ ਚਾਹੀਦਾ। ਇਤਿਹਾਸ ਗਵਾਹ ਹੈ ਕਿ ਜਿਹੜੀਆਂ ਕੌਮਾਂ ਆਪਣਾ ਸੱਭਿਆਚਾਰ ਵਿਰਸਾ- ਬੋਲੀ ਭੁੱਲ ਜਾਂਦੀਆਂ ਹਨ, ਉਹ ਕੌਮਾਂ ਨੂੰ ਖਤਮ ਹੋਣ ਲੱਗਿਆਂ ਦੇਰ ਨਹੀਂ ਲੱਗਦੀ।
ਅੱਜ ਅਸੀਂ ਦੂਜਿਆਂ ਸਾਹਮਣੇ ਆਪਣੇ ਆਪ ਨੂੰ ਬਹੁਤਾ ਪੜਿਆ-ਲਿਖਿਆ ਦਿਸਣ ਖਾਤਰ ਅੰਗਰੇਜੀ ਨੂੰ ਮੂੰਹ ਮਾਰਦੇ ਹਾਂ। ਆਪਣੀ ਠੇਠ ਬੋਲੀ ਵਿੱਚ ਗੱਲਬਾਤ ਕਰਨ ਵਾਲੇ ਨੂੰ ਦਿਹਾਤੀ/ ਅਨਪੜ੍ਹ ਸਮਝਿਆ ਜਾਂਦਾ ਹੈ । ਮੇਰੇ ਵਰਗਾ ‘ਕਮੀਜ’ ਨੂੰ ‘ਝੱਗਾ’ ਕਹਿ ਦੇਵੇ ਤਾਂ ਦੂਜੇ ਦੇ ਗੋਲ਼ੀ ਵਾਂਗ ਲੱਗਦਾ ਹੈ। ਅੱਜ ਕੱਲ੍ਹ ਰਿਸ਼ਤੇ-ਨਾਤਿਆਂ ਚ ਵੀ ਅਸੀਂ ਪੁਰਾਣੇ ਸ਼ਬਦਾਂ ਨੂੰ ਅਲੋਪ ਕਰ ਰਹੇ ਹਾਂ। ਮਾਮੇ ਨੂੰ ਮਾਮੂੰ, ਨਾਨੇ ਨੂੰ ਨਾਨੂੰ, ਚਾਚੇ ਨੂੰ ਚਾਚੂ, ਤਾਏ ਨੂੰ ਤਾਊ ਜਾਂ ਵੱਡਾ ਪਾਪਾ, ਭੂਆ ਨੂੰ ਭੂਈ, ਫੁੱਫੜ ( ਜਿਸ ਨੂੰ ਆਖਣ ਨਾਲ ਮੂੰਹ ਭਰ ਜਾਂਦਾ ਹੈ) ਨੂੰ ਫੁੱਫੂ ਬਣਾ ਛੱਡਿਆ ਹੈ। ਇਸੇ ਤਰ੍ਹਾਂ ਦਾਦੀ ਨੂੰ ਵੱਡੀ ਮੰਮਾ, ਦਾਦੇ ਨੂੰ ਵੱਡੇ ਪਾਪਾ ਕਹਿਣ ਚ ਅਸੀਂ ਪੜੇ-ਲਿਖੇ ਸ਼ਹਿਰੀ ਹੋਣ ਦਾ ਮਾਣ ਸਮਝਦੇ ਹਾਂ। ਸੱਸ-ਸਹੁਰੇ ਨੂੰ ਵੀ ਅਸੀਂ ਇੱਧਰਲੇ-ਉਧਰਲੇ ਪਾਪਾ-ਮੰਮੀ ਹੀ ਬਣਾ ਲਿਆ ਹੈ। ਪਤਿਓਰੇ ਜਾਂ ਪਤੀਸ ਨੂੰ ਚਾਚਾ ਸਹੁਰਾ/ਚਾਚੀ ਸੱਸ, ਨਣਦ-ਨਣਦੋਈਏ ਨੂੰ ਅਸੀਂ ਦੀਦੀ/ ਭਾ ਜੀ ਤੱਕ ਸੀਮਤ ਕਰ ਲਿਆ ਹੈ। ਕਿਤੇ-ਕਿਤੇ ਚਾਚੇ,ਤਾਏ, ਮਾਸੜ, ਫੁੱਫੜ ਆਲੇ ਰਿਸ਼ਤਿਆਂ ਨੂੰ ਬੱਚਿਆਂ ਨੇ ਅੰਕਲ/ਆਂਟੀ ਤੱਕ ਸੀਮਤ ਕਰ ਲਿਆ ਹੈ। ਅਜੋਕੀ ਪੀੜੀ ਦੇ ਨਾਵਾਂ ਚ ਬਹੁਤਿਆਂ ਦੇ ਨਾਵਾਂ ਨਾਲੋਂ ਸਿੰਘ ਜਾਂ ਕੌਰ ਸ਼ਬਦ ਹਟਾ ਕੇ ਛੋਟੇ ਨਾਵਾਂ ਨਾਲ ਗੋਤ ਲਗਾ ਛੱਡਿਆ ਹੈ। ਬੰਤਾ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ, ਭੂਰਾ ਸਿੰਘ, ਕਿੱਕਰ ਸਿੰਘ, ਪਹਾੜ ਸਿੰਘ, ਗਰਜਾ ਸਿੰਘ, ਬੋਤਾ ਸਿੰਘ, ਜੰਗ ਸਿੰਘ, ਭੀਮਾ ਸਿੰਘ, ਕੇਹਰ ਸਿੰਘ, ਬਾਬੂ ਸਿੰਘ, ਕਪੂਰਾ ਸਿੰਘ, ਗਿੰਦਰ ਸਿੰਘ, ਮੀਤਾ ਸਿੰਘ ਵਰਗੇ ਪੰਜਾਬੀ ਨਾਂ ਕਿਧਰੇ ਦੇਖਣ-ਸੁਣਨ ਨੂੰ ਨਹੀਂ ਮਿਲਦੇ।
ਬਾਬਾ ਨਜ਼ਮੀ ਆਖਦੇ ਨੇ
ਆਪਣੀ ਬੋਲੀ ਬੋਲਣ ਵੇਲੇ
ਸਾਹ ਜਿੰਨ੍ਹਾ ਦਾ ਘੁਟਦਾ ਏ।
ਬਾਬਾ ਨਜ਼ਮੀ ਦੇ ਦੇ ਫਤਵਾ
ਉਹ ਗੱਦਾਰ ਪੰਜਾਬੀ ਨੇ।
ਪਹਿਲੇ ਜਮਾਨਿਆਂ ਚ ਜਦ ਕਿਸੇ ਘਰ ਚ ਮੌਤ ਹੋ ਜਾਂਦੀ ਸੀ ਤਾਂ ਔਰਤਾਂ ਘੁੰਢ ਕੱਢ ਕੇ ਰੋਂਦੀਆਂ/ਵੈਣ ਪਾਉਂਦੀਆਂ ਸਨ। ਰਸੂਲ ਹਮਜਾਤੋਵ ਦੀ ਰਚਨਾ ” ਮੇਰਾ ਦਾਗਿਸਤਾਨ ” ਚ ਜਦੋਂ ਇੱਕ ਪਾਤਰ ਆਪਣੀ ਰੋਜੀ-ਰੋਟੀ ਖਾਤਰ ਵਿਦੇਸ਼ ਚ ਜਾਂਦਾ ਹੈ ਤੇ ਲੰਮੇ ਸਮੇਂ ਬਾਅਦ ਆਪਣੀ ਬੋਲੀ ਭੁੱਲ ਕੇ ਘਰ ਆਉੰਦਾ ਹੈ ਤਾਂ ਅੱਗੋਂ ਮਾਂ ਘੁੰਢ ਕੱਢ ਕੇ ਆਪਣਾ ਰੋਸ ਇਜਹਾਰ ਕਰਦੀ ਹੈ ਕਿ ਮੇਰੇ ਵੱਲੋਂ ਤੂੰ ਮਰ ਚੁੱਕਿਐਂ। ਅਜਿਹੀਆਂ ਲਿਖਤਾਂ ਕਿਤੇ ਨਾਂ ਕਿਤੇ ਸਾਨੂੰ ਮਾਂ ਬੋਲੀ ਚ ਪਕੇਰਿਆਂ ਹੋਣ ਲਈ ਪ੍ਰੇਰਿਤ ਕਰਦੀਆਂ ਪ੍ਰਤੀਤ ਹੁੰਦੀਆਂ ਹਨ।
ਅੱਜ ਵੀ ਸਮੇਂ ਦੀ ਲੋੜ ਹੈ ਕਿ ਜਿੱਥੇ ਸਿਸਟਮ ਤੇ ਕਾਬਜ ਧਿਰਾਂ, ਨਿੱਜੀ ਸਕੂਲਾਂ ਦੀ ਧਿਰ ਨੂੰ ਵੱਡਿਆਂ ਕਰਨ ਵੱਲ ਲੱਗੀਆਂ ਹੋਈਆਂ ਹਨ ਤੇ ਉਹਨਾਂ ਸਕੂਲਾਂ ਵਿੱਚ ਕਿਤੇ ਨਾਂ ਕਿਤੇ ਮਾਂ ਬੋਲੀ ਪੰਜਾਬੀ ਬੋਲਣ ਤੇ ਅਛੋਪਲੀ ਪਾਬੰਦੀ ਵੀ ਲਗਾ ਰਹੀਆਂ ਹਨ। ਸਾਨੂੰ ਆਪਣੇ ਘਰਾਂ ਵਿੱਚ ਵੀ ਲੋਕਾਚਾਰੀ ਦੀ ਫੋਕੀ ਟੌਹਰ ਤੋਂ ਉਤਾਂਹ ਉੱਠ ਬੱਚਿਆਂ ਨੂੰ ਜਿੱਥੇ ਨੇੜਲੇ ਰਿਸ਼ਤੇ-ਨਾਤਿਆਂ ਬਾਰੇ ਠੇਠ ਬੋਲੀ ਚ ਜਾਣਕਾਰ ਬਣਾਉਣ ਦੀ ਲੋੜ ਹੈ, ਉੱਥੇ ਪੰਜਾਬੀ ਸਾਹਿਤ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰਨ ਦੀ ਵੀ ਲੋੜ ਹੈ ਤਾਂ ਹੀ ਸਾਡੇ ਮੂੰਹੋਂ ਬਾਬਾ ਨਜ਼ਮੀ ਦੇ ਹੇਠ ਲਿਖੇ ਸ਼ਬਦਾਂ ਵਾਂਗ ਮਾਂ ਬੋਲੀ ਦਿਵਸ ਨੂੰ ਮੁਬਾਰਕਬਾਦ ਕਹਿਣਾ ਸੋਭਦੈ, ਜਿਵੇਂ
ਅੱਖਰਾਂ ਵਿਚ ਸਮੁੰਦਰ ਰੱਖਾਂ
ਮੈਂ ਇਕਬਾਲ ਪੰਜਾਬੀ ਦਾ।
ਝੱਖੜਾਂ ਦੇ ਵਿੱਚ ਰੱਖ ਦਿੱਤਾ ਏ
ਦੀਵਾ ਬਾਲ ਪੰਜਾਬੀ ਦਾ।
ਆਓ ਸਾਰੇ ਪੰਜਾਬੀ ਮਾਂ ਬੋਲੀ ਦੇ ਦੀਵੇ ਬਲ਼ਦੇ ਰੱਖੀਏ।
ਜਿੰਦਗੀ ਜਿੰਦਾਬਾਦ।
ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ( ਲੁਧਿ:)
8437600371

