ਜ਼ਿੰਦਗੀ ਵਿਚ ਆਇਆ ਹਰ ਮਾੜਾ ਪਲ ਬਹੁਤ ਕੁਝ ਸਿਖਾ ਜਾਂਦੈ। ਸੰਕਟ ਤੋਂ ਸਿੱਖਣਾ ਜ਼ਰੂਰ ਚਾਹੀਦੈ। ਜਿੱਥੋਂ ਤੱਕ ਪੰਜਾਬ ਵਿੱਚ ਆਏ ਹੜ੍ਹਾ ਦੀ ਗੱਲ ਹੈ ਕਿ ਇਸ ਕਰੋਪੀ ਦਾ ਸ਼ਿਕਾਰ ਹੋਏ ਆਪਣੇ ਭੈਣ ਭਰਾਵਾਂ ਨੂੰ ਆਪਣਿਆਂ ਨੇ ਹੀ ਗਲ ਲਾਇਐ। ਜਿਵੇਂ ਆਂਹਦੇ ਹੁੰਦੇ ਆ ਬਈ ਭੱਜੀਆਂ ਬਾਹੀਂ ਗਲ ਨੂੰ ਆਉਂਦੀਆਂ ਨੇ ਸੋ ਓਹ ਗੱਲ ਹੜ੍ਹ ਪੀੜਤਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਨ ਵਾਲਿਆਂ ਸੱਚ ਸਾਬਤ ਕਰਤੀ। ਇਸ ਸਮੇਂ ਹਰ ਇਕ ਇਨਸਾਨ ਨੇ ਆਪਣੀ ਸਮਰੱਥਾ ਅਨੁਸਾਰ ਆਪਣਾ ਯੋਗਦਾਨ ਪਾਇਆ। ਬੇਸ਼ੱਕ ਓਹਨਾਂ ਦੇ ਘਰ ਫਸਲਾਂ ਦੀ ਭਰਪਾਈ ਨਹੀਂ ਕਰ ਸਕੇ ਪਰ ਔਖੇ ਵੇਲੇ ਓਹਨਾਂ ਦਾ ਢਾਰਸ ਹੀ ਨਹੀਂ ਬਣੇ ਅਤੇ ਭਵਿੱਖ ਵਿੱਚ ਵੀ ਨਾਲ ਨਿਭਣ ਦਾ ਅਹਿਦ ਲਿਐ। ਜਿੰਨਾਂ ਨੇ ਵੀ ਇਸ ਔਖੇ ਸਮੇਂ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਮੋਢੇ ਨਾਲ ਮੋਢਾ ਲਾਇਆ ਉਹਨਾਂ ਨੂੰ ਸਿਜਦਾ।
ਜੋ ਇਕ ਦੋ ਰਾਸ਼ਨ ਵੰਡਣ ਸਮੇਂ ਲੁੱਟ ਖਸੁੱਟ ਕਰਨ ਵਾਲੀਆਂ ਘਟਨਾਵਾਂ ਵਾਪਰੀਆਂ ਉਹ ਵਰਤਾਰਾ ਮੰਦਭਾਗਾ।
ਖ਼ੈਰ ਏਥੇ ਮੇਰਾ ਲਿਖਣ ਦਾ ਮਕਸਦ ਇਹ ਆ ਕਿ ਬਿਨਾਂ ਕਿਸੇ ਭੇਦ ਭਾਵ ਦੇ ਭਾਈ ਕਨ੍ਹਈਆ ਜੀ ਵਾਂਗ ਸਹਾਇਤਾ ਕੀਤੀ। ਕਿਸੇ ਨੇ ਇਹ ਨਹੀਂ ਪੁੱਛਿਆ ਕਿ ਇਹ ਕਿਸਨੇ ਬਣਾਇਆ ਕਿੱਥੋਂ ਸਮਾਨ ਆਇਆ ਕੀਹਦੇ ਹੱਥ ਲੱਗੇ ਕਿਉਂ ਕਿ ਭੁੱਖ ਦਾ ਕੋਈ ਧਰਮ ਨਹੀਂ ਹੁੰਦਾ ਨਾ ਹੀ ਕੋਈ ਜਾਤ ਹੁੰਦੀ ਆ। ਕਿਸੇ ਦੀ ਕੋਈ ਜਾਤ ਧਰਮ ਰੰਗ ਨਹੀਂ ਦੇਖਿਆ। ਹਰ ਲੋੜਵੰਦ ਤੱਕ ਜਿੰਨਾ ਹੋ ਸਕਦਾ ਸੀ ਲੋੜੀਂਦਾ ਸਮਾਨ ਪੁੱਜਦਾ ਕੀਤਾ।
ਸੋ ਇਸ ਸੰਕਟ ਤੋਂ ਸਿੱਖਣ ਵਾਲੀ ਗੱਲ ਇਹ ਹੈ ਕਿ ਗੁਰੂ ਪੀਰਾਂ ਫ਼ਕੀਰਾਂ ਦੀ ਇਸ ਖ਼ੂਬਸੂਰਤ ਭੋਂਇ 'ਤੇ ਆਓ ਸੱਭਿਅਕ ਸਮਾਜ ਸਿਰਜੀਏ। ਆਓ ਜਾਤੀ ਧਰਮ ਦੀ ਫੈਲੀ ਹੋਈ ਨਫ਼ਰਤ ਨੂੰ ਖਤਮ ਕਰਕੇ ਆਪਸੀ ਭਾਈਚਾਰਕ ਸਾਂਝ ਦੀ ਗੰਢ ਮਜ਼ਬੂਤ ਕਰੀਏ। ਪਾੜੋ ਅਤੇ ਰਾਜ ਕਰੋ ਦੀ ਨੀਤੀ ਨੇ ਸਾਡਾ ਬਹੁਤ ਕੁਝ ਖੋਹ ਲਿਐ, ਕਦੇ ਸੋਚ ਕਿ ਦੇਖਿਓ ਕਿ ਅਸੀਂ ਇਹਨਾਂ ਲੂੰਬੜਚਾਲਾਂ ਵਿੱਚ ਅਸੀਂ ਕੀ ਖੱਟਿਆ ਅਤੇ ਕੀ ਗਵਾਇਐ। ਰਾਜਸੀ ਹਿੱਤਾਂ ਨੂੰ ਸਮਾਜਿਕ ਤਾਣੇ ਬਾਣੇ ਤੋਂ ਦੂਰ ਰੱਖਿਆ ਜਾਵੇ, ਕਿਉਂਕਿ ਸਿਆਸਤ ਦਾ ਧਰਮ ਅਤੇ ਨੈਤਿਕਤਾ ਨਾਲ ਕੋਈ ਸਬੰਧ ਨਹੀਂ।ਲੋੜ ਹੈ ਨਿੱਕੀਆਂ ਮੋਟੀਆਂ ਰੰਜਸ਼ਾਂ ਖਤਮ ਕਰੀਏ।ਮਨ ਮੈਦਾਨ ਹੀ ਨਹੀਂ ਵਿਸ਼ਾਲ ਕੀਤੇ ਜਾਣ। ਸੌੜੀ ਸੋਚ ਨੂੰ ਦਰ ਕਿਨਾਰ ਕੀਤਾ ਜਾਵੇ। ਸਾਰੇ ਲੋਕ ਆਪਸ ਵਿੱਚ ਰਲ ਮਿਲਕੇ ਹੱਸਦੇ ਵੱਸਦੇ ਰਹਿਣ ਲਈ ਰੰਗਲੇ ਪੰਜਾਬ ਦੀ ਮੁੜ ਸੁਰਜੀਤੀ ਵੱਲ ਵਧੀਏ।

ਰਵਿੰਦਰ ਸਿੰਘ ਸ.ਸ. ਮਾਸਟਰ ਪੀ.ਐਮ.ਸ੍ਰੀ ਸ.ਹ.ਸ. ਸੁਰਗਾਪੁਰੀ ਕੋਟਕਪੂਰਾ।
ਮੋਬਾਈਲ ਨੰਬਰ 9876299033