ਕੋਟਕਪੂਰਾ, 8 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿੱਥੇ ਪੰਜਾਬ ਅੰਦਰ ਸੱਤਾਧਾਰੀ ਸਰਕਾਰ ਦੇ ਨਾਸੀਂ ਧੂੰਆਂ ਲਿਆਂਦਾ ਜਾ ਰਿਹਾ ਹੈ, ਉੱਥੇ ਸਰਕਾਰ ਦੀ ਕਠਪੁਤਲੀ ਬਣ ਕੇ ਨੱਚ ਰਹੀ ਅਫ਼ਸਰਸ਼ਾਹੀ ਨੂੰ ਵੀ ਪੂਰੀ ਦੁਨੀਆਂ ਦੇ ਸਾਹਮਣੇ ਨੰਗਾ ਕੀਤਾ ਹੈ। ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪੁਲਸ ਅਮਲੇ ਫੈਲੇ ਵੱਲੋਂ ਸਰਕਾਰ ਦਾ ਸਾਥ ਦੇਣ ਲਈ ਪਟਿਆਲਾ ਦੇ ਪੁਲਸ ਮੁਖੀ ਵੱਲੋਂ ਆਪਣੇ ਹੇਠਲੇ ਅਧਿਕਾਰੀਆਂ ਨੂੰ ਹਦਾਇਤਾਂ ਦੇਣ ਦੀ ਆਡੀਓ ਮਾਮਲੇ ‘ਚ ਜਾਂਚ ਦੇ ਨਾਮ ‘ਤੇ ਪੰਜਾਬ ਪੁਲਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਯੋਧਿਆਂ ਨੂੰ ਦਬਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ ਤਾਂ ਜੋ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਨਾ ਹੋਵੇ। ਇਸੇ ਸੰਦਰਭ ‘ਚ ਪੰਜਾਬ ਪੁਲਸ ਵੱਲੋਂ ਕੈਨੇਡਾ ਬੈਠੇ ਯੂਥ ਅਕਾਲੀ ਆਗੂ ਹਰਵਿੰਦਰ ਸਿੰਘ ਸਿੱਧੂ ਨੂੰ ਸੰਮਣ ਭੇਜਣਾ ਸਰਕਾਰੀ ਜਬਰ ਅਤੇ ਪ੍ਰਵਾਸੀਆਂ ਨੂੰ ਦਬਾਉਣ ਦੀ ਕੋਝੀ ਚਾਲ ਹੈ, ਜਿਸਨੂੰ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂ ਅਤੇ ਵਰਕਰ ਕਦੇ ਬਰਦਾਸ਼ਤ ਨਹੀਂ ਕਰਨਗੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਵੈਸਟ ਕੈਨੇਡਾ ਦੇ ਸਰਗਰਮ ਆਗੂਆਂ ਪਵਨ ਗਰੋਵਰ ਅਜੀਤਵਾਲ ਅਤੇ ਕੁਲਦੀਪ ਗਿੱਲ ਦੌਲਤਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਬਰ-ਜ਼ੁਲਮ ਦੇ ਸਭ ਹੱਦਾਂ ਬੰਨ੍ਹੇਂ ਪਾਰ ਕਰ ਦਿੱਤੇ ਹਨ। ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਡਰਾਉਣ-ਧਮਕਾਉਣ ਦੇ ਨਾਲ-ਨਾਲ ਚੋਣਾਂ ਲੜ੍ਹਨ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਦੀ ਢਿੱਲ ਕਾਰਨ ‘ਆਪ’ ਪਾਰਟੀ ਦੇ ਕਾਰਕੁੰਨਾਂ ਵੱਲੋਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਖੋਹ ਕੇ ਭੱਜਣ ਦੀਆਂ ਵੀਡੀਓਜ ਨੇ ਸਰਕਾਰ ਵੱਲੋਂ ਲੋਕਤੰਤਰ ਦੀ ਕੀਤੀ ਜਾ ਰਹੀ ਹੱਤਿਆ ਨੂੰ ਪੂਰੀ ਦੁਨੀਆਂ ਦੇ ਸਾਹਮਣੇ ਲਿਆਂਦਾ ਹੈ ਪਰ ਅਫ਼ਸੋਸ ਪੰਜਾਬ ਅੰਦਰ ਪ੍ਰਸ਼ਾਸਨਿਕ ਅਤੇ ਪੁਲਸ ਦੇ ਕਈ ਉੱਚ ਅਧਿਕਾਰੀ ਸਰਕਾਰੀ ਜਬਰ ‘ਚ ਸਾਥ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਝੂਠੇ ਵਾਅਦਿਆਂ ਦੀ ਪੰਡ ਸਿਰ ‘ਤੇ ਰੱਖ ਕੇ ਸੱਤਾ ‘ਚ ਆਈ ਆਮ ਆਦਮੀ ਪਾਰਟੀ ਦੇ ਆਗੂ ਇਹ ਭੁੱਲ ਰਹੇ ਹਨ ਕਿ ਸਰਕਾਰ ਦਾ ਸਮਾਂ ਕੁਝ ਗਿਣਤੀ ਦਾ ਹੀ ਰਹਿ ਗਿਆ ਹੈ ਅਤੇ ਪੂਰੇ ਪੰਜਾਬ ਅੰਦਰ ਸਰਕਾਰੀ ਜਬਰ ਦੇ ਸਤਾਏ ਲੋਕ ਤਖਤਾ ਪਲਟਣ ਲਈ ਤਿਆਰ ਬੈਠੇ ਹਨ। ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਕਾਨੂੰਨੀ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਸਮੇਤ ਸਮੁੱਚੀ ਲੀਡਰਸ਼ਿਪ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਪਾਰਟੀ ਵਰਕਰਾਂ ਦਾ ਮੋਢੇ ਨਾਲ ਮੋਢਾ ਜੋੜਕੇ ਸਾਥ ਦੇ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸੁਰਿੰਦਰਪਾਲ ਸਿੰਘ ਔਲਖ, ਸਤਵੀਰ ਸਿੰਘ ਸੱਤਾ ਜੰਗ, ਸੰਤ ਸਿੰਘ ਢੀਂਡਸਾ, ਸੁਖਵਿੰਦਰ ਸਿੰਘ ਸ਼ਾਹਕੋਟ, ਰੁਪਿੰਦਰ ਭੁੱਲਰ, ਸੰਨੀ ਭੱਟੀ, ਗੁਰਜਿੰਦਰ ਸਿੰਘ ਧਰਮਕੋਟ, ਰਾਜਵਿੰਦਰ ਜੰਡੂ ਆਦਿ ਆਗੂ ਵੀ ਹਾਜ਼ਰ ਸਨ।

