ਦਿੱਲੀ ਦੇ ਦਿਲ ‘ਚ ਖੜਕੀ ਹੈ—
ਆਨੰਦਪੁਰ ਬਹੁਤ ਅੱਥਰਾ ਹੈ
ਇਹਦੇ ਗੁਸਤਾਖ਼ ਬੋਲਾਂ ਨੇ
ਤਖ਼ਤ ਦਾ ਚੈਨ ਖੋਇਆ ਹੈ।
ਮੁਲਕ ਤਾਂ ਘੂਕ ਸੁੱਤਾ ਸੀ
ਹਨੇਰੀ ਰਾਤ ਦੇ ਵਾਂਗੂੰ ।
ਸ਼ਾਹੀ ਫ਼ੁਰਮਾਨ ਸੁਣਦਾ ਸੀ
ਇਲਾਹੀ ਬਾਤ ਦੇ ਵਾਂਗੂੰ:—
“ਦਿੱਲੀ ਦੇ ਤਖਤ ਦੇ ਬਾਝੋਂ,
ਕਿਸੇ ਸਿਰ ਤਾਜ ਨਾ ਹੋਵੇ।
ਜੇ ਆਲਮਗੀਰ ਨਹੀਂ ਦੂਜਾ
ਤਾਂ ਦੂਜਾ ਰਾਜ ਨਾ ਹੋਵੇ।
ਰਾਗ ਨੂੰ ਦਫ਼ਨ ਕਰ ਦੇਵੋ,
ਕਿਤੇ ਕੋਈ ਸਾਜ਼ ਨਾ ਹੋਵੇ।
ਧਰਮ ਇਸਲਾਮ ਹੈ ਇੱਕੋ,
ਦੂਜੀ ਆਵਾਜ਼ ਨਾ ਹੋਵੇ।
ਇਹ ਸਾਰੀ ਖਲਕ ਹੈ ਉਸਦੀ
ਖ਼ੁਦਾ ਦਾ ਮੁਲਕ ਇਹ ਸਮਝੋ।
ਜੀਹਦੇ ਤੇ ਕਰਮ ਹੈ ਉਸਦਾ,
ਉਸੇ ਨੂੰ ਹੀ ਮਲਕ ਸਮਝੋ।”
ਸ਼ਾਹੀ ਫ਼ੁਰਮਾਨ ਦੇ ਸਾਹਵੇਂ
ਮੁਲਕ ਜੇ ਸਿਰ ਝੁਕਾਉਂਦਾ ਹੈ।
ਆਨੰਦਪੁਰ ਕੌਣ ਹੁੰਦਾ ਹੈ,
ਜੋ ਇਸ ਤੋਂ ਹਿਚਕਚਾਉਂਦਾ ਹੈ ?
ਜਾਵੋ ਪੈਗਾਮ ਦੇ ਦੇਵੋ
ਦਿੱਲੀ ਦਾ ਤਾਜ ਕਹਿੰਦਾ ਹੈ:—
“ਅਜੇ ਵੀ ਸਮਝ ਜਾ ਕਾਫ਼ਿਰ
ਇਹ ਸੌਦਾ ਬਹੁਤ ਮਹਿੰਗਾ ਹੈ!
ਤੂੰ ਦਿੱਲੀ ਤਖ਼ਤ ਹੱਥ ਵਿਚਲੀ
ਅਜੇ ਤਲਵਾਰ ਨਹੀਂ ਦੇਖੀ ।
ਉਹ ਕਰੜੇ ਹੱਥ ਨਹੀਂ ਦੇਖੇ
ਤੇ ਕਰੜੀ ਮਾਰ ਨਹੀਂ ਦੇਖੀ ।
ਆਨੰਦਪੁਰ ਬਹੁਤ ਬੱਚਾ ਹੈਂ !
ਤੂੰ ਉਮਰੋਂ ਬਹੁਤ ਕੱਚਾ ਹੈਂ !!
ਤਦੇ ਹੀ ਤੇਜ—ਤੱਤਾ ਹੈਂ
ਤੇ ਏਨਾ ਮਾਣਾ—ਮੱਤਾ ਹੈਂ !!!”
ਸ਼ਾਹੀ ਫੁਰਮਾਨ ਨੂੰ ਸੁਣਕੇ
ਆਨੰਦਪੁਰ ਬਹੁਤ ਹੱਸਦਾ ਹੈ।
ਹਰਫ਼ ਦਾ ਨਾਗ਼ ਬਣ ਖ਼ਤ ਦਾ
ਉਹਨੂੰ ਪਰ ਬਹੁਤ ਡੱਸਦਾ ਹੈ।
ਇਵੇਂ ਹੀ ਵਕਤ ਤੁਰਦਾ ਹੈ!
ਦਿੱਲੀ ਦਾ ਤਖ਼ਤ ਤੁਰਦਾ ਹੈ !!
ਮੁਲਕ ਦਾ ਦਰਦ ਤੁਰਦਾ ਹੈ !!!
ਆਨੰਦਪੁਰ ਨਗਰ ਹੈ ਕੈਸਾ
ਜਿੱਥੇ ਹਰ ਰੋਜ਼ ਰਾਤਾਂ ਨੂੰ
ਪੁਨਮ ਦਾ ਚੰਨ ਚੜ੍ਹਦਾ ਹੈ !
ਸ਼ਹਿਰ ਦੀ ਕੁੱਖ ਦੇ ਅੰਦਰ
ਸੂਰਜ ਇੱਕ ਤੇਜ਼ ਤੇ ਤੱਤਾ
ਕਿਰਨਾਂ ਦੇ ਬਾਣ ਘੜਦਾ ਹੈ !!
ਤੂਫ਼ਾਨੀ ਰਾਤ ਹੈ ਕਾਲੀ
ਨਿਤਾਣੇ ਰੁੱਖ ਡਰਦੇ ਨੇ ।
ਬੜਾ ਹੀ ਕਸ਼ਟ ਜਰਦੇ ਨੇ !
ਬੜਾ ਹੀ ਰੁਦਨ ਕਰਦੇ ਨੇ !!
ਦਿੱਲੀ ਦਾ ਦਿਲ ਦਰਿੰਦਾ ਹੈ
ਦਿੱਲੀ ਦਾ ਤਖ਼ਤ ਜ਼ਾਲਮ ਹੈ
ਬੜਾ ਹੀ ਸਿਤਮ ਢਾਂਦਾ ਹੈ।
ਸਵਾ ਮਣ ਮਹਿਕ ਸੁੱਚੀ ਨੂੰ
ਸਿਤਮਗਰ ਕਤਲ ਕਰਦਾ ਹੈ
ਤੇ ਰੋਟੀ ਫੇਰ ਖਾਂਦਾ ਹੈ।
ਹਨੇਰਾ ਸ਼ੂਕਦਾ ਜੰਗਲ
ਅਮੌਤੀ ਮੌਤ ਵਰਦਾ ਹੈ।
ਚਾਨਣ ਦੀ ਕਿਰਨ ਦੇ ਬਾਝੋਂ
ਵਿਚਾਰਾ ਰੋਜ਼ ਮਰਦਾ ਹੈ।
ਤੇ ਫਿਰ ਇਕ ਰੋਜ਼ ਆਉਂਦਾ ਹੈ
ਦਿੱਲੀ ਦੇ ਤਖ਼ਤ ਤੋਂ ਸਤ ਕੇ
ਨਿਤਾਣੇ ਰੁੱਖ ਕੰਬਦੇ ਨੇ ।
ਸੋਚ ਦਾ ਸਫ਼ਰ ਕਰ ਕਰ ਕੇ
ਨਿਕਰਮੇ ਅੰਤ ਹੰਭਦੇ ਨੇ।
ਤੇ ਫਿਰ ਇਕ ਸੋਚ ਦੇ ਅੰਦਰ
ਆਨੰਦਪੁਰ ਸ਼ਹਿਰ ਖੜ੍ਹਦਾ ਹੈ!
ਜਿੱਥੇ ਇੱਕ ਚੰਨ ਪੁਨਮ ਦਾ
ਰਾਤਾਂ ਨੂੰ ਰੋਜ਼ ਚੜ੍ਹਦਾ ਹੈ!
ਸੂਰਜ ਇਕ ਤੇਜ਼ ਤੇ ਤੱਤਾ
ਕਿਰਨਾਂ ਦੇ ਬਾਣ ਘੜਦਾ ਹੈ!!
ਰੁੱਖਾਂ ਦੇ ਸਹਿਮਦੇ ਸਾਏ
ਆਨੰਦਪੁਰ ਫੇਰ ਆਉਂਦੇ ਨੇ।
ਪੂਨਮ ਦੇ ਚੰਨ ਦੇ ਸਾਹਵੇਂ
ਉਹ ਆਪਣੀ ਬਾਤ ਪਾਉਂਦੇ ਨੇ।
ਹੰਝੂਆਂ ਦੇ ਹੜ੍ਹ’ਚ ਹੜ੍ਹਦੇ ਉਹ
ਬੜਾ ਹੀ ਤਿਲਮਿਲਾਉਂਦੇ ਨੇ।
ਜ਼ਖ਼ਮਾਂ ਦੀ ਪੀੜ ਨੂੰ ਦੱਸਦੇ
ਕਿੰਨਾ ਹੀ ਸਟਪਟਾਉਂਦੇ ਨੇ!!!
ਰੁੱਖਾਂ ਦੀ ਬਾਤ ਸੁਣਕੇ ਚੰਨ ਕੋਈ ਸੋਚ ਘੜਦਾ ਹੈ।
ਏਨੇ ਵਿੱਚ ਸੁਹਲ ਸੂਰਜ ਵੀ
ਉਹਦੇ ਆ ਕੋਲ ਖੜਦਾ ਹੈ।
ਜਦੋਂ ਉਹ ਬਾਲ ਸੂਰਜ ਨੂੰ
ਦਸਦਾ ਹੈ ਦਾਸਤਾਂ ਸਾਰੀ।
(ਕਿ) ਪੀੜ ਇਹ ਦੂਰ ਕਰਦੇਗਾ
ਕੋਈ ਵੀ ਪਾਸਬਾਂ ਸਾਰੀ।
ਸੂਰਜ ਦੀ ਜੀਭ ਨਿੱਕੀ ਤੋਂ
ਵੱਡੇ ਤਦ ਬੋਲ ਸੁਣਦੇ ਨੇ।
ਸੂਰਜ ਚੰਨ ਬੈਠ ਕੇ ਦੋਵੇਂ
ਮੁਲਕ ਦੀ ਪੀੜ ਪੁਣਦੇ ਨੇ।
ਫੇਰ ਜਦ ਚੰਦ ਸੂਰਜ ਦੇ
ਨਿੱਕੇ ਜਿਹੇ ਸੁਹਲ ਮੱਥੇ ਤੇ
ਚੁੰਮਣ ਦਾ ਫੁੱਲ ਧਰਦਾ ਹੈ।
ਅਲਵਿਦਾ ਆਖ ਕੇ ਉਸਨੂੰ
ਜੰਗਲ ਦਾ ਸਫ਼ਰ ਕਰਦਾ ਹੈ।
ਰੁੱਖਾਂ ਦੇ ਪਾਸ ਜਾ ਜਾ ਕੇ
ਜਦੋਂ ਉਹ ਬਾਤ ਪਾਂਦਾ ਹੈ।
ਚਾਨਣ ਦੇ ਬੀਜ ਬੋਂਦਾ ਹੈ
ਕਿਰਨਾਂ ਦਾ ਮੀਂਹ ਵਰ੍ਹਾਂਦਾ ਹੈ।
ਦਿੱਲੀ ਦਾ ਤਖ਼ਤ ਵਾਕਿਫ਼ ਹੈ
ਤੇ ਜ਼ਾਲਮ ਬਹੁਤ ਸੜਦਾ ਹੈ।
ਚੰਨ ਦੀ ਗੱਲ ਨੂੰ ਸੁਣ ਕੇ
ਉਹਨੂੰ ਕੋਈ ਨਾਗ ਲੜਦਾ ਹੈ!
ਅਤੇ ਕੋਈ ਤਾਪ ਚੜ੍ਹਦਾ ਹੈ!!
ਤਖ਼ਤ ਦੇ ਹੁਕਮ ਦੇ ਬੱਧੇ
ਤਖ਼ਤ ਦੇ ਪਾਲਤੂ ਕੁੱਤੇ
ਉਹਦੀ ਹਰ ਪੈੜ ਸੁੰਘਦੇ ਨੇ।
ਉਹਦੇ ਹਰ ਬੋਲ ਨੂੰ ਚੁਣ ਕੇ
ਤਾਜ ਦੇ ਕੰਨ ਟੁੰਗਦੇ ਨੇ।
ਚੰਨ ਦੇ ਬੋਲ ਨੂੰ ਸੁਣ ਕੇ
ਤਖ਼ਤ ਦਾ ਦਿਲ ਦਹਿਲਦਾ ਹੈ!
ਤਖ਼ਤ ਬੇਚੈਨ ਟਹਿਲਦਾ ਹੈ!!
ਉਹਦੀ ਅੱਖ ਨੀਂਦ ਤੋਂ ਊਣੀ
ਹਨੇਰਾ ਝਾਗਦੀ ਰਹਿੰਦੀ।
ਚੰਨ ਦੇ ਸੁਪਨ ਤੋਂ ਡਰਦੀ
ਰਾਤਾਂ ਨੂੰ ਜਾਗਦੀ ਰਹਿੰਦੀ ।
ਕਦੇ ਪਰ ਜਾਗਦੇ ਉਸਨੂੰ
ਖ਼ੌਫ਼ ਦਾ ਖ਼ਾਬ ਆਉਂਦਾ ਹੈ।
ਜੀਹਦੇ ਵਿੱਚ ਚੰਨ ਪੁਨਮ ਦਾ
ਗਗਨ ਵਿੱਚ ਪੈਲ ਪਾਉਂਦਾ ਹੈ।
ਜੀਹਦੇ ਵਿੱਚ ਜੂਝਦਾ ਚਾਨਣ
ਹਨੇਰਾ ਕਤਲ ਕਰਦਾ ਹੈ।
ਦਿੱਲੀ ਦੇ ਤਖ਼ਤ ਦਾ ਸਾਇਆ
ਜੀਹਦੇ ਵਿੱਚ ਰੋਜ਼ ਮਰਦਾ ਹੈ।
ਤਖ਼ਤ ਇਸ ਖ਼ਾਬ ਨੂੰ ਤੱਕ ਕੇ
ਜਾਣੀਦੀ ਬਹੁਤ ਡਰਦਾ ਹੈ।
ਜੀਂਦੇ—ਜੀਅ ਤਾਜ ਹੈ ਕਿਹੜਾ
ਜੁ ਆਪਣੀ ਮੌਤ ਵਰਦਾ ਹੈ ?
ਗੁੱਸੇ ਵਿੱਚ ਤਖ਼ਤ ਕੰਬਦਾ ਤਦ
ਅੱਖਾਂ ਵਿੱਚ ਰੱਤ ਭਰਦਾ ਹੈ।
“ਚੰਨ ਨੂੰ ਪਕੜ ਲੈ ਆਵੋ”
ਤਖ਼ਤ ਇਹ ਹੁਕਮ ਕਰਦਾ ਹੈ।
ਇਵੇਂ ਫਿਰ ਬਾਤ ਚਲਦੀ ਹੈ!
ਇਹ ਕਾਲੀ ਰਾਤ ਚਲਦੀ ਹੈ !!
ਜੰਗਲ ਵਿੱਚ ਚੰਨ ਦੇ ਮੱਥੇ
ਕੋਈ ਪ੍ਰਭਾਤ ਪਲਦੀ ਹੈ!!
ਤਖ਼ਤ ਦੇ ਹੁਕਮ ਦੇ ਬੱਧੇ
ਤਖ਼ਤ ਦੇ ਪਾਲਤੂ ਕੁੱਤੇ
ਕਿਸੇ ਇਕ ਸ਼ਹਿਰ ਦੇ ਅੰਦਰ
ਉਹ ਚੰਨ ਨੂੰ ਘੇਰ ਖੜਦੇ ਹਨ।
ਜਿੱਥੇ ਚੰਨ ਨਾਲ ਕੁਝ ਤਾਰੇ
ਗਗਨ ਵਿੱਚ ਰੋਜ਼ ਚੜ੍ਹਦੇ ਹਨ।
ਉਹ ਸਾਰੇ ਚੰਨ ਤੇ ਤਾਰੇ
ਇਸੇ ਥਾਂ ਪਕੜ ਨੇ ਲੈਂਦੇ।
ਜੰਜ਼ੀਰੀਂ ਜਕੜ ਨੇ ਲੈਂਦੇ।
ਤੇ ਫ਼ਿਰ ਇਕ ਰੋਜ਼ ਜ਼ਾਲਮ ਨੂੰ
ਤਖ਼ਤ ਦਰਬਾਰ ਲਾਉਂਦਾ ਹੈ।
ਭਰੇ ਦਰਬਾਰ ਦੇ ਅੰਦਰ
ਪੂਨਮ ਦੇ ਚੰਨ ਦੇ ਸਾਹਵੇਂ
ਉਹ ਆਪਣੀ ਬਾਤ ਪਾਉਂਦਾ ਹੈ:—
“ਚੰਨ ਤੂੰ ਬਹੁਤ ਚੰਗਾ ਹੈਂ
ਤੇਰਾ ਸਤਿਕਾਰ ਕਰਦਾ ਹਾਂ।
ਤੈਨੂੰ ਇਤਬਾਰ ਨਹੀਂ ਆਉਣਾ
ਮੈਂ ਤੈਨੂੰ ਪਿਆਰ ਕਰਦਾ ਹਾਂ।
ਪ੍ਰਸ਼ਨ ਪਰ ਇਕ ਇਹ ਕੇਹਾ
ਮੇਰੇ ਮਨ ਰੋਜ਼ ਰਹਿੰਦਾ ਹੈ।
ਖ਼ੁਦਾ ਨੂੰ ਇਕ ਤੂੰ ਆਖੇਂ
ਇਹੀਓ ਇਸਲਾਮ ਕਹਿੰਦਾ ਹੈ।
ਭਲਾ ਇਸਲਾਮ ਤੋਂ ਵੱਖਰੀ
ਫੇਰ ਤੂੰ ਗੱਲ ਕਿਉਂ ਕਰਦੈਂ ?
ਨਿਗੂਣੀ ਗੱਲ ਦੇ ਪਿੱਛੇ
ਤੂੰ ਏਨਾ ਕਸ਼ਟ ਕਿਉਂ ਜਰਦੈਂ ?
ਕਿਉਂ ਮੇਰੀ ਦੁਸ਼ਮਣੀ ਵਰਦੈਂ
ਅਮੌਤੀ ਮੌਤ ਕਿਉਂ ਮਰਦੈਂ ?
ਆ ਜਾ ਇਸਲਾਮ ਦੇ ਅੰਦਰ
ਇਹ ਸਾਰਾ ਕੁਫ਼ਰ ਤੂੰ ਤਜ ਦੇ ।
ਕ੍ਰਿਸ਼ਮਾ ਜਾਂ ਵਿਖਾ ਕੋਈ
ਜਾਂ ਅੱਜ ਤੋਂ ਜ਼ਿੰਦਗੀ ਛੱਡ ਦੇ।”
ਤਖ਼ਤ ਦੇ ਪ੍ਰਸ਼ਨ ਨੂੰ ਸੁਣਕੇ
ਚੰਨ ਫਿਰ ਮੁਸਕਰਾਉਂਦਾ ਹੈ।
“ਤੂੰ ਸਿਰ ਨੂੰ ਹੀ ਕਲਮ ਕਰ ਲੈ”
ਚੰਨ ਫਿਰ ਕਹਿ ਸੁਣਾਉਂਦਾ ਹੈ।
ਚੰਨ ਦਾ ਬੋਲ ਸੁਣਦੇ ਹੀ
ਤਖ਼ਤ ਦੀ ਅੱਖ ਮੱਘਦੀ ਹੈ।
ਨਫ਼ਰਤ ਦਾ ਨਾਗ ਲੜ ਉਸਨੂੰ,
ਜਾਣੀਂ ਕੋਈ ਅੱਗ ਲੱਗਦੀ ਹੈ।
ਤਾਜ ਫਿਰ ਜ਼ਹਿਰ ਦੇ ਪਿੰਜਰੇ
ਚੰਨ ਨੂੰ ਬੰਦ ਹੈ ਕਰਦਾ।
ਤੇ ਇਸ ਵਿੰਚ ਚੰਨ ਇਹ ਸੋਹਣਾ
ਬੜਾ ਹੀ ਕਸ਼ਟ ਹੈ ਜਰਦਾ।
ਚੰਨ ਦੇ ਨਾਲ ਦੇ ਤਾਰੇ
ਤਖ਼ਤ ਜਾਂ ਜ਼ਬਰ ਜਰਦੇ ਨੇ।
ਉਹ ਉਸਦੀ ਅੱਖ ਦੇ ਸਾਹਵੇਂ ਮੌਤ ਨਾਲ ਜੂਝ ਮਰਦੇ ਨੇ!
ਤੇ ਉਸਦਾ ਸ਼ੁਕਰ ਕਰਦੇ ਨੇ !!
ਤੇ ਫਿਰ ਉਹ ਰੋਜ਼ ਆਉਂਦਾ ਹੈ
ਜਦੋਂ ਇਕ ਚੌਂਕ ਦੇ ਅੰਦਰ
ਚੰਨ ਦਾ ਫੁੱਲ ਖਿੜਦਾ ਹੈ!
ਜ਼ਬਰ ਤੇ ਸਬਰ ਦਾ ਮੱਘਦਾ
ਜਦੋਂ ਇੱਕ ਯੁੱਧ ਛਿੜਦਾ ਹੈ!!
ਦਿੱਲੀ ਦੇ ਸ਼ਹਿਰ ਸੰਗ ਸਿੱਧਾ
ਆਨੰਦਪੁਰ ਸ਼ਹਿਰ ਭਿੜਦਾ ਹੈ!!!
ਤਖ਼ਤ ਦੇ ਹੁਕਮ ਦੇ ਬੱਧੇ
ਜ਼ਾਲਮ ਜੱਲਾਦ ਦੇ ਹੱਥੋਂ
ਜਦੋਂ ਤਲਵਾਰ ਵਰ੍ਹਦੀ ਹੈ।
ਸੁਨਹਿਰੀ ਚੰਨ ਦੇ ਟੁਕੜੇ
ਉਹ ਚੰਦਰੀ ਕਰ ਗੁਜ਼ਰਦੀ ਹੈ।
ਚਾਂਦਨੀ ਚੌਂਕ ਦੇ ਅੰਦਰ
ਚੰਨ ਦੇ ਸੁਹਲ ਪਿੰਡੇ ਦਾ
ਖੂਨ ਜੇ ਡੁੱਲ੍ਹ ਸਕਦਾ ਹੈ।
ਤਾਂ ਕੋਈ ਇਤਿਹਾਸ ਦਾ ਵਰਕਾ
ਸ਼ਹਾਦਤ ਦੀ ਕਹਾਣੀ ਨੂੰ
ਭਲਾ ਕਿੰਝ ਭੁੱਲ ਸਕਦਾ ਹੈ ?
ਕਹਿਰ ਦੀ ਰਾਤ ਕਾਲੀ ਵਿੱਚ
ਜਦੋਂ ਇਹ ਕਹਿਰ ਟੁੱਟਦਾ ਹੈ।
ਤਦੋਂ ਅਸਮਾਨ ਦੇ ਵਿੱਚੋਂ
ਕੋਈ ਤੂਫ਼ਾਨ ਛੁੱਟਦਾ ਹੈ।
ਕਹਿਰ—ਤੂਫ਼ਾਨ ਵਿੱਚ ਡੁੱਬਾ
ਦਿੱਲੀ ਦਾ ਸ਼ਹਿਰ ਡਰਦਾ ਹੈ।
ਤਾਰਾ ਇਕ ਚੰਨ ਦਾ ਪਿਆਰਾ
ਚੁੱਕ ਇਕ ਚੰਨ—ਟੁਕੜੇ ਨੂੰ
ਫਿਰ ਆਪਣੇ ਘਰ*ਚ ਧਰਦਾ ਹੈ।
ਹੱਥੀਂ ਘਰ ਫੂਕ ਕੇ ਆਪਣਾ
ਉਹਦਾ ਸਸਕਾਰ ਕਰਦਾ ਹੈ।
ਤਾਰਾ ਇਕ ਹੋਰ ਐਸਾ ਹੀ
ਰਹਿੰਦੇ ਚੁੱਕ ਚੰਨ—ਟੁਕੜੇ ਨੂੰ
ਆਨੰਦਪੁਰ ਪਹੁੰਚ ਜਾਂਦਾ ਹੈ।
ਅੱਖਾਂ ਵਿੱਚ ਹੰਝੂ ਭਰ ਕੇ ਉਹ
ਸਾਰੀ ਹੀ ਦਾਸਤਾਂ ਬੀਤੀ
ਸੂਰਜ ਦੀ ਝੋਲ ਪਾਂਦਾ ਹੈ।
ਆਨੰਦਪੁਰ ਸ਼ਹਿਰ ਦੇ ਅੱਖੀਂ
ਬੜਾ ਹੀ ਮੋਹ ਉਮਡਦਾ ਹੈ
ਤੇ ਅੱਥਰੂ ਟਪਕ ਪੈਂਦੇ ਨੇ।
ਆਨੰਦਪੁਰ ਸ਼ਹਿਰ ਦੇ ਮੱਥੇ,
ਬੜਾ ਹੀ ਰੋਹ ਉਮੱਡਦਾ ਹੈ
ਅੰਗਾਰੇ ਭਬਕ ਪੈਂਦੇ ਨੇ।
ਤੇ ਫਿਰ ਇਤਿਹਾਸ ਤੁਰਦਾ ਹੈ!
ਵਕਤ ਦਾ ਮੋੜ ਮੁੜਦਾ ਹੈ!!
ਤੇ ਜਦ ਇਸ ਸ਼ਹਿਰ ਦਾ ਵਾਰਸ
ਸੂਰਜ ਉਹ ਤੇਜ਼ ਤੇ ਤੱਤਾ
ਅੱਗ ਦਾ ਗੀਤ ਗਾਂਦਾ ਹੈ।
ਦਿੱਲੀ ਵੱਲ ਮੂੰਹ ਕਰਕੇ ਤੇ
ਉਹ ਆਪਣੀ ਤੇਗ਼ ਚੁੰਮਦਾ ਹੈ
ਅਤੇ ਇਕ ਕਸਮ ਖਾਂਦਾ ਹੈ:—
“ਆਨੰਦਪੁਰ ਜਾਗਦਾ ਦਿੱਲੀਏ
ਆਨੰਦਪੁਰ ਜਾਗਦੇ ਰਹਿਣਾ!
ਜ਼ੁਲਮ ਨੂੰ ਮਾਰਦਾ ਦਿੱਲੀਏ
ਜ਼ੁਲਮ ਇਸ ਮਾਰਦੇ ਰਹਿਣਾ !!
ਨੀਚ ਸਤਿਕਾਰਦਾ ਦਿੱਲੀਏ
ਇਹਨੇ ਸਤਿਕਾਰਦੇ ਰਹਿਣਾ !!!
ਸੱਚ ਲਈ ਵਾਰਦਾ ਜਿੰਦੜੀ,
ਇਹਨੇ ਸਦ ਵਾਰਦੇ ਰਹਿਣਾ !!!!”
“ਦਿੱਲੀਏ ਜ਼ੁਲਮ ਦੇ ਕਿੰਗਰੇ
ਆਨੰਦਪੁਰ ਤੋੜਦਾ ਰਹਿਸੀ !
ਜ਼ੁਲਮ ਦੀ ਧਾਰ ਨੂੰ ਦਿੱਲੀਏ,
ਆਨੰਦਪੁਰ ਮੋੜਦਾ ਰਹਿਸੀ !!
—ਪ੍ਰੋ. ਸ਼ੇਰ ਸਿੰਘ ਕੰਵਲ USA
