ਪੰਜਾਬ ਪਾਣੀਆਂ ਦੇ ਨਾਲ ਨਾਲ ਪੀਰਾਂ, ਫਕੀਰਾਂ ਦੀ ਵੀ ਧਰਤੀ ਹੈ। ਪੰਜਾਬ ਦੀ ਧਰਤੀ ਤੇ ਅਜਿਹੇ ਮਹਾਨ ਪੀਰ ਪੈਗੰਬਰ ਅਤੇ ਯੋਧੇ ਪੈਦਾ ਹੋਏ ਹਨ ਜਿਨ੍ਹਾਂ ਨੇ ਸਮਾਜ਼ ਦੀਆਂ ਸਦੀਆਂ ਪੁਰਾਣੀਆਂ ਰਵਾਇਤਾਂ,ਜਾਤ ਪਾਤ ਅਤੇ ਅੰਧਵਿਸ਼ਵਾਸਾਂ ਵਿਰੁੱਧ ਆਵਾਜ਼ ਬੁਲੰਦ ਕਰਕੇ ਸਾਂਝੀਵਾਲਤਾ ਦਾ ਹੋਕਾ ਦਿੱਤਾ। ਗੁਰੂਆਂ ਦੀ ਬਾਣੀ ਸਾਨੂੰ ਕਿਰਤ ਕਰਨ,ਨਾਮ ਜਪਣ ਅਤੇ ਵੰਡ ਕੇ ਛਕਣ ਦੇ ਨਾਲ ਨਾਲ ਬੇਸਹਾਰਿਆਂ ਦੀ ਮਦਦ ਕਰਨ ਦਾ ਵੀ ਹੋਕਾ ਦਿੰਦੀ ਹੈ। ਆਪਣੇ ਲਈ ਜਿਉਣਾ ਕੋਈ ਵੱਡੀ ਗੱਲ ਨਹੀਂ ਪ੍ਰੰਤੂ ਦੂਜਿਆਂ ਦੀ ਸਰੁੱਖਿਆ ਅਤੇ ਮਦਦ ਕਰਦੇ ਹੋਏ ਸ਼ਹੀਦੀ ਜਾਮ ਪੀ ਜਾਣ ਵਾਲਾ ਹੀ ਗੁਰਾਂ ਦੀ ਬਾਣੀ ਤੇ ਖਰ੍ਹਾ ਉਤਰਦਾ ਹੈ।ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਮੁਗਲ ਹਕੂਮਤ ਦੇ ਤਖ਼ਤ ਨੂੰ ਹਿਲਾਉਣ ਵਿੱਚ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੇ ਮਹੱਤਵਪੂਰਨ ਯੋਗਦਾਨ ਪਾਇਆ। ਨੌਵੇਂ ਗੁਰੂ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਵਿੱਚ ਗੁੱਸਾ ਅਤੇ ਰੋਸ ਭਰਿਆ ਜਿਸਨੇ ਆਉਣ ਵਾਲੇ ਸਮੇਂ ਵਿੱਚ ਮੁਗਲਾਂ ਦੀ ਇੱਟ ਨਾਲ ਇੱਟ ਖੜਕਾ ਦਿੱਤੀ।
ਸਿੱਖ ਧਰਮ ਵਿੱਚ ਅਜਿਹੇ ਮਹੱਤਵਪੂਰਨ ਤੀਰਥ ਸਥਾਨ ਹਨ ਜੋ ਗੁਰੂਆਂ ਦੀ ਯਾਦ ਵਿੱਚ ਬਣਾਏ ਪ੍ਰੰਤੂ ਜ਼ੇਕਰ ਕੁੱਝ ਗਿਣਵੇਂ ਚੁਣਵੇਂ ਤੀਰਥ ਸਥਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਵਿੱਚ ਪੰਜ ਤਖਤਾਂ ਵਿੱਚੋਂ ਤੀਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦਾ ਨਾਮ ਜ਼ਰੂਰ ਚੇਤੇ ਆਉਂਦਾ ਹੈ।ਇਹ ਤਖ਼ਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਿਤ ਹੈ ਜਿਸ ਨੂੰ ਪਹਿਲਾਂ ਚੱਕ ਨਾਨਕੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।
ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਿਲਾਸਪੁਰ ਦੇ ਸ਼ਾਸਕ ਤੋਂ 1665 ਵਿੱਚ ਸ਼ਿਵਾਲਿਕ ਅਤੇ ਸਤਲੁਜ ਨਾਲ ਘਿਰੇ ਦਰਿਆ ਨਾਲ ਇੱਕ ਜਗ੍ਹਾ ਖਰੀਦੀ ਅਤੇ 30 ਮਾਰਚ 1689 ਨੂੰ ਆਪਣੀ ਮਾਤਾ ਜੀ ਦੇ ਨਾਮ ਤੇ ਇਸਦਾ ਨਾਂ ਚੱਕ ਨਾਨਕੀ ਰੱਖਿਆ। ਚੱਕ ਨਾਨਕੀ ਨੂੰ ਹੀ ਬਾਅਦ ਵਿੱਚ ਆਨੰਦਪੁਰ ਸਾਹਿਬ ਦਾ ਨਾਂ ਦਿੱਤਾ ਗਿਆ। ਆਨੰਦਪੁਰ ਸਾਹਿਬ ਦੀ ਧਰਤੀ ਆਪਣੇ ਅੰਦਰ ਸਿੱਖ ਧਰਮ ਦੀ ਮਹੱਤਵਪੂਰਨ ਤਵਾਰੀਖ ਸਮੋਈ ਬੈਠੀ ਹੈ।ਆਨੰਦਪੁਰ ਸਾਹਿਬ ਆਨੰਦਾਂ ਦੀ ਧਰਤੀ ਹੈ ਇਥੇ ਬਾਲ ਗੁਰੂ ਗੋਬਿੰਦ ਰਾਏ ਨੇ ਹੀ ਆਪਣੇ ਪਿਤਾ ਨੂੰ ਕਸ਼ਮੀਰੀ ਪੰਡਿਤਾਂ ਦੀ ਸਹਾਇਤਾ ਲਈ ਬਲੀਦਾਨ ਦੇਣ ਲਈ ਤੋਰਿਆ। ਆਨੰਦਪੁਰ ਸਾਹਿਬ ਹੀ ਉਹ ਪਵਿੱਤਰ ਧਰਤੀ ਹੈ ਜਿਥੇ ਬਾਬਾ ਜੀਵਨ ਸਿੰਘ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦਾ ਸੀਸ ਗੁਰੂ ਗੋਬਿੰਦ ਸਿੰਘ ਜੀ ਤੱਕ ਲੈ ਕੇ ਆਏ।ਇਸੇ ਧਰਤੀ ਤੇ ਹੀ ਬਾਬਾ ਜੀਵਨ ਸਿੰਘ ਜੀ ਨੂੰ ਰੰਘਰੇਟੇ ਗੁਰੂ ਕੇ ਬੇਟੇ ਦਾ ਨਾਂ ਮਿਲਿਆ।ਆਨੰਦਪੁਰ ਸਾਹਿਬ ਹੀ ਉਹ ਧਰਤੀ ਹੈ ਜਿਥੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਗਈ, ਪਹਿਲਾਂ ਗੁਰੂ ਨੇ ਪੰਜ ਪਿਆਰਿਆਂ ਨੂੰ ਸਾਜਿਆ, ਉਹਨਾਂ ਨੂੰ ਅਮ੍ਰਿਤ ਛਕਾਇਆ ਅਤੇ ਫ਼ਿਰ ਉਹਨਾਂ ਕੋਲੋਂ ਅਮ੍ਰਿਤ ਛਕ ਕੇ ਫ਼ੁਰਮਾਇਆ,
ਖ਼ਾਲਸਾ ਮੇਰੋ ਰੂਪ ਹੈ ਖ਼ਾਸ,
ਖ਼ਾਲਸੇ ਮੈਂ ਹੂੰ ਕਰੂ ਨਿਵਾਸ।
ਆਨੰਦਪੁਰ ਸਾਹਿਬ ਦੀ ਧਰਤੀ ਸ਼ਸਤਰ ਅਤੇ ਸ਼ਾਸਤਰਾਂ ਦੀ ਧਰਤੀ ਹੈ। ਇਥੇ ਬਾਲ ਗੁਰੂ ਗੋਬਿੰਦ ਰਾਏ ਅਤੇ ਚਾਰੇ ਸਾਹਿਬਜ਼ਾਦਿਆਂ ਦੇ ਨਾਲ ਨਾਲ ਲੱਖਾਂ ਸੰਗਤਾਂ ਇਲਾਹੀ ਬਾਣੀ ਨੂੰ ਮਾਣਿਆ। ਇਸੇ ਹੀ ਧਰਤੀ ਤੇ 1700 ਅਤੇ 1704 ਵਿੱਚ ਮੁਗਲਾਂ ਨਾਲ ਯੁੱਧ ਹੋਏ। ਆਨੰਦਪੁਰ ਸਾਹਿਬ ਹੀ ਉਹ ਧਰਤੀ ਹੈ ਜਿਥੇ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਤੁਰੇ ਅਤੇ ਬਾਅਦ ਵਿੱਚ ਇਹ ਸਿੰਘ ਜੋ ਬੇਦਾਵਾ ਲਿਖ ਕੇ ਗਏ ਸਨ ਮਾਈ ਭਾਗੋ ਦੇ ਨਾਲ ਖਿਦਰਾਣੇ ਦੀ ਜੰਗ ਵਿੱਚ ਸ਼ਹੀਦ ਹੋਏ ।
ਆਨੰਦਪੁਰ ਸਾਹਿਬ ਦੀ ਧਰਤੀ ਤੇ ਮੁੱਖ ਧਾਰਮਿਕ ਸੰਸਥਾਨ ਖ਼ਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੈ।ਇਸ ਦੇ ਨਾਲ ਨਾਲ ਗੁਰੂ ਸ਼ੀਸ ਗੰਜ (1675 ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਇਸ ਥਾਂ ਤੇ ਸੰਸਕਾਰ ਕੀਤਾ ਗਿਆ), ਗੁਰਦੁਆਰਾ ਭੋਰਾ ਸਾਹਿਬ (ਇਸ ਥਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਰਹਿੰਦੇ ਸਨ), ਗੁਰਦੁਆਰਾ ਥੜ੍ਹਾ ਸਾਹਿਬ, ਗੁਰਦੁਆਰਾ ਸ੍ਰੀ ਆਕਾਲ ਬੁੰਗਾ ਸਾਹਿਬ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅਤੇ ਗੁਰਦੁਆਰਾ ਸ਼ਹੀਦੀ ਬਾਗ ਮੁੱਖ ਤੌਰ ਤੇ ਸ਼ਾਮਿਲ ਹਨ।
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਣਾਏ ਪੰਜ ਕਿਲ੍ਹੇ ਵੀ ਆਨੰਦਪੁਰ ਸਾਹਿਬ ਵਿੱਚ ਹੀ ਸੁਸ਼ੋਭਿਤ ਹਨ ਜਿਹਨਾਂ ਵਿੱਚ ਕਿਲ੍ਹਾ ਆਨੰਦਗੜ੍ਹ ਸਾਹਿਬ (ਇਹ ਮੁੱਖ ਕਿਲ੍ਹਾ ਸੀ ਜਿਸਦੇ ਨਾਮ ਤੇ ਸ਼ਹਿਰ ਦਾ ਨਾਂ ਰੱਖਿਆ ਗਿਆ, ਕਿਲ੍ਹਾ ਹੋਲਗੜ੍ਹ ਸਾਹਿਬ (ਇਸ ਸਥਾਨ ਹੋਲੇ ਮਹੱਲੇ ਲਈ ਜਾਣਿਆ ਜਾਂਦਾ ਹੈ), ਕਿਲ੍ਹਾ ਲੋਹਗੜ੍ਹ ਸਾਹਿਬ (ਇਹ ਹਥਿਆਰ ਬਣਾਉਣ ਲਈ ਵਰਤਿਆ ਜਾਂਦਾ ਸੀ), ਕਿਲ੍ਹਾ ਫਤਿਹਗੜ੍ਹ ਸਾਹਿਬ (ਇਸ ਕਿਲ੍ਹੇ ਵਿੱਚ ਬਾਬਾ ਫ਼ਤਿਹ ਸਿੰਘ ਜੀ ਦਾ ਜ਼ਨਮ ਹੋਇਆ ਸੀ) ਅਤੇ ਪੰਜਵਾਂ ਕਿਲ੍ਹਾ ਹੈ ਕਿਲ੍ਹਾ ਤਾਰਾਗੜ੍ਹ ਸਾਹਿਬ ਇਸ ਸਥਾਨ ਨੂੰ ਪਹਾੜੀ ਫੌਜ ਨੂੰ ਰੋਕਣ ਲਈ ਵਰਤਿਆ ਜਾਂਦਾ ਸੀ।
ਆਨੰਦਪੁਰ ਸਾਹਿਬ ਦੀ ਧਰਤੀ ਅਮ੍ਰਿਤਸਰ ਤੋਂ ਬਾਅਦ ਦੂਜੇ ਨੰਬਰ ਤੇ ਮੁੱਖ ਤੀਰਥ ਸਥਾਨਾਂ ਵਿੱਚ ਸ਼ਾਮਿਲ ਹੈ। ਸਮੇਂ ਦੀਆਂ ਸਰਕਾਰਾਂ ਨੇ ਇਤਿਹਾਸ ਨੂੰ ਖ਼ੁਰਦ ਬੁਰਦ ਕਰਨ ਲਈ ਭਰਪੂਰ ਯਤਨ ਕੀਤੇ ਪ੍ਰੰਤੂ ਕਦੇ ਇਹ ਯਤਨ ਨਹੀਂ ਕੀਤਾ ਕਿ ਨੌਜਵਾਨੀ ਨੂੰ ਆਪਣੇ ਇਤਿਹਾਸ ਨਾਲ ਕਿਵੇਂ ਜੋੜਿਆ ਜਾਵੇ। ਦੁਨੀਆਂ ਨੂੰ ਸਿੱਖ ਧਰਮ ਦੇ ਵਿਸ਼ਾਲ ਇਤਿਹਾਸ ਨਾਲ ਰੂਬਰੂ ਕਰਵਾਉਣ ਦੇ ਨਾਲ ਨਾਲ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਟੂਰਿਜਮ ਪੱਖੋਂ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਇਆ ਜਾਣਾ ਬਹੁਤ ਜ਼ਰੂਰੀ ਅਤੇ ਸਮੇਂ ਦੀ ਲੋੜ ਹੈ ਇਸ ਨਾਲ ਜਿਥੇ ਸਿੱਖ ਧਰਮ ਦੇ ਇਤਿਹਾਸ ਦਾ ਪ੍ਰਸਾਰ ਹੋਵੇਗਾ ਉਥੇ ਪੰਜਾਬ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ। ਦੂਰੋਂ ਨੇੜਿਓਂ ਸੈਲਾਨੀਆਂ ਦੇ ਆਉਣ ਨਾਲ ਦਿਨੋਂ ਦਿਨ ਪੰਜਾਬ ਦੀ ਪਟੜੀ ਤੋਂ ਲਹਿ ਰਹੀ ਆਰਥਿਕਤਾ ਵਿੱਚ ਸੁਧਾਰ ਹੋਵੇਗਾ। ਬਹੁਤ ਜਲਦ ਹੁਣ ਜਦੋਂ ਅਸੀਂ ਆਨੰਦਪੁਰ ਸਾਹਿਬ ਦੇ ਸੰਸਥਾਪਕ ਅਤੇ ਹਿੰਦ ਦੀ ਚਾਦਰ ਵਜੋਂ ਜਾਣੇ ਜਾਂਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸ਼ਹੀਦੀ ਦਿਹਾੜਾ ਮਣਾ ਰਹੇ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਦੀ ਬਾਣੀਂ ਨੂੰ ਜਨ ਜਨ ਤੱਕ ਪਹੁੰਚਾਈਏ।ਪੂਰੀ ਦੁਨੀਆਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਦੀਨ ਕੋਈ ਵੀ ਮਾੜਾ ਨਹੀਂ,ਧਰਮ ਸਾਰੇ ਸਨਮਾਨ ਯੋਗ ਹਨ, ਕੁੜੱਤਣ ਹੈ ਤਾਂ ਉਹ ਸਾਡੀ ਸੋਚ ਵਿੱਚ ਹੈ। ਗੁਰੂਆਂ ਦੀ ਬਾਣੀ ਨੇ ਕਦੇ ਵੀ ਕਿਸੇ ਵੀ ਵਿਅਕਤੀ ਨਾਲ ਭੇਦਭਾਵ ਕਰਨਾ ਨਹੀਂ ਸਿਖਾਇਆ, ਹਮੇਸ਼ਾ ਸੰਗਤ ਅਤੇ ਪੰਗਤ ਨੂੰ ਪਹਿਲ ਦਿੱਤੀ।ਇਹ ਸਾਡੇ ਦੁਆਰਾ ਬਣਾਏ ਅਖੌਤੀ ਬੰਧਨ ਹੀ ਹਨ ਜਿਨ੍ਹਾਂ ਦੀ ਪੂਰਤੀ ਕਰਨ ਲਈ ਅਸੀਂ ਬਾਣੀ ਤੋਂ ਦੂਰ ਹੋ ਕੇ ਕੁਰਾਹੇ ਪੈ ਰਹੇ ਹਾਂ। ਅਜੋਕੇ ਸਮੇਂ ਵਿੱਚ ਜਦੋਂ ਸਹਿਣਸ਼ੀਲਤਾ ਵਿੱਚ ਦਿਨੋਂ ਦਿਨ ਨਿਘਾਰ ਆ ਰਿਹਾ ਹੈ,ਮਨ ਭਟਕ ਰਿਹਾ ਹੈ,ਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਧੱਸਦੀ ਜਾ ਰਹੀ ਤਾਂ ਰਾਹ ਦਸੇਰੇ ਦਾ ਹੋਣਾ ਬਹੁਤ ਜ਼ਰੂਰੀ ਹੈ ਜੋ ਭਟਕਿਆ ਨੂੰ ਸਹੀ ਦਿਸ਼ਾ ਪ੍ਰਦਾਨ ਕਰ ਸਕੇ।ਇਹ ਸਭ ਕੁੱਝ ਤਾਂ ਹੀ ਸੰਭਵ ਹੈ ਜ਼ੇਕਰ ਦੁਨਿਆਵੀ ਭਟਕਣ ਨੂੰ ਘਟਾਈਏ ਅਤੇ ਗੁਰਾਂ ਦੀ ਬਾਣੀ ਦਾ ਸਹਾਰਾ ਲਈਏ।
ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਉਣ ਲਈ ਪੂਰੇ ਜ਼ੋਰ ਸੋ਼ਰ ਨਾਲ ਤਿਆਰੀਆਂ ਕਰ ਰਹੀ ਹੈ। ਜਗ੍ਹਾ ਜਗ੍ਹਾ ਨਗਰਕੀਰਤਨ ਅਤੇ ਲਾਈਟ ਸ਼ੋਅਜ਼ ਹੋ ਰਹੇ ਹਨ।ਮੌਜੂਦਾ ਸਮੇਂ ਵਿੱਚ ਆਨੰਦਪੁਰ ਸਾਹਿਬ ਰੂਪਨਗਰ ਜ਼ਿਲ੍ਹੇ ਵਿੱਚ ਸਥਿਤ ਹੈ,ਇਸ ਨੂੰ ਜ਼ਿਲ੍ਹਾ ਬਣਾਉਣ ਦੀਆਂ ਅਫਵਾਹਾਂ ਵੀ ਚਲ ਰਹੀਆਂ ਸਨ ,ਇਹ ਜ਼ਿਲ੍ਹਾ ਬਣੇ ਜਾਂ ਨਾ ਬਣੇ ਪ੍ਰੰਤੂ ਖ਼ਾਲਸੇ ਦੀ ਜਨਮ ਭੂਮੀ ਨੂੰ ਦੁਨੀਆਂ ਦੇ ਨਕਸ਼ੇ ਤੇ ਲੈ ਕੇ ਆਉਣਾ ਚਾਹੀਦਾ ਹੈ। ਸਮਾਜ਼ ਵਿੱਚ ਦਹਿਸ਼ਤ ਅਤੇ ਨਫ਼ਰਤ ਫੈਲਾਉਣ ਵਾਲੇ ਭੀੜ ਭੜੱਕੇ ਦਾ ਸਹਾਰਾ ਤੱਕਦੇ ਰਹਿੰਦੇ ਹਨ। ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਵੱਡੇ ਪੱਧਰ ਤੇ ਮਨਾਉਣ ਵਿੱਚ ਸਰੁੱਖਿਆ ਦਾ ਮੁੱਦਾ ਵੀ ਬਹੁਤ ਜ਼ਰੂਰੀ ਅਤੇ ਸਮੇਂ ਦੀ ਲੋੜ ਹੈ। ਸਮਾਜ਼ ਵਿੱਚ ਜਿਵੇਂ ਦਿਨੋਂ ਦਿਨ ਲੁੱਟ ਖੋਹ ਦੀ ਵਾਰਦਾਤਾਂ ਵਾਪਰ ਰਹੀਆਂ ਹਨ ਤਾਂ ਆਉਣ ਵਾਲੀਆਂ ਸੰਗਤਾਂ ਦੀ ਸਰੁੱਖਿਆ ਵਿੱਚ ਕੁਤਾਹੀ ਪ੍ਰਸ਼ਾਸਨ ਦੇ ਪੱਲੇ ਨਮੋਸ਼ੀ ਪਾ ਸਕਦੀ ਹੈ।ਦੂਰੋਂ ਨੇੜਿਓਂ ਪਹੁੰਚਣ ਵਾਲੀ ਸੰਗਤ ਲਈ ਰਹਿਣ ਅਤੇ ਉਹਨਾਂ ਦੀ ਸਰੁੱਖਿਆ ਦੇ ਪ੍ਰਬੰਧ ਵੀ ਮਜ਼ਬੂਤ ਕਰਨੇ ਹੋਣਗੇ।ਆਨੰਦਾਂ ਦੀ ਧਰਤੀ ਇਸ ਪਵਿੱਤਰ ਧਰਤੀ ਨੂੰ ਇਤਿਹਾਸ ਦੇ ਨਾਲ ਨਾਲ ਸੈਰ ਸਪਾਟੇ ਵਜੋਂ ਉਭਾਰਨਾ ਬਹੁਤ ਜ਼ਰੂਰੀ ਹੈ। ਖ਼ਾਲਸਾ ਏ ਵਿਰਾਸਤ ਵਰਗੀਆਂ ਸੰਸਥਾਵਾਂ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਜ਼ਰੂਰ ਬਣਾਉਣਾ ਚਾਹੀਦਾ ਹੈ ਤਾਂ ਜ਼ੋ ਪੰਜਾਬ ਦੇ ਨਾਲ ਨਾਲ ਪੂਰੀ ਦੁਨੀਆਂ ਇਸ ਪਵਿੱਤਰ ਧਰਤੀ ਨੂੰ ਸਿਜਦਾ ਕਰਦੀ ਹੋਈ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਜੁੜ ਆਪਣਾ ਜੀਵਨ ਸਫ਼ਲ ਕਰ ਸਕੇ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ ਬਠਿੰਡਾ
7087367969
