ਉਸ ਦਿਨ ਕਾਵਿ ਉਚਾਰਣ ਮੁਕਾਬਲਿਆਂ ਦੀ ਜਜਮੈਂਟ ਵਿੱਚ ਮੇਰੀ ਵੀ ਡਿਉਟੀ ਲੱਗੀ ਸੀ। ਸਾਡੇ ਹੀ ਕਾਲਜ ਦੇ ਵਿਦਿਆਰਥੀ ਇਸ ਪ੍ਰਤੀਯੋਗਤਾ ਵਿੱਚ ਭਾਗ ਲੈ ਰਹੇ ਸਨ। ਪ੍ਰਤੀਯੋਗੀਆਂ ਨੂੰ ਕਿਹਾ ਗਿਆ ਸੀ ਕਿ ਕਵਿਤਾ ਉਚਾਰਣ ਤੋਂ ਪਹਿਲਾਂ ਇਹ ਜ਼ਰੂਰ ਦੱਸਣ ਕਿ ਕਵਿਤਾ ਉਨ੍ਹਾਂ ਦੀ ਆਪਣੀ ਲਿਖੀ ਹੈ ਜਾਂ ਕਿਸੇ ਹੋਰ ਕਵੀ ਦੀ ਹੈ? ਜੇ ਹੋਰ ਕਵੀ ਦੀ ਹੈ ਤਾਂ ਉਹਦਾ ਨਾਂ ਵੀ ਦੱਸਣ। ਇੱਕ ਲੜਕੀ ਨੇ ਕਾਫ਼ੀ ਚੰਗੀ ਪੇਸ਼ਕਾਰੀ ਨਾਲ ਵਧੀਆ ਕਵਿਤਾ ਸੁਣਾਈ ਤੇ ਨਾਲ਼ ਇਹ ਵੀ ਦੱਸਿਆ ਕਿ “ਕਵਿਤਾ ਮੇਰੀ ਆਪਣੀ ਲਿਖੀ ਹੈ।” ਮੈਨੂੰ ਸ਼ੱਕ ਹੋਇਆ ਕਿ ਬੀਏ ਵਿੱਚ ਪੜ੍ਹਦੀ ਕੁੜੀ ਇੰਨੀ ਵਧੀਆ ਕਵਿਤਾ ਨਹੀਂ ਲਿਖ ਸਕਦੀ। ਉਹ ਮੰਚ ਤੋਂ ਉੱਤਰ ਕੇ ਆਪਣੀ ਸੀਟ ਤੇ ਜਾਣ ਲੱਗੀ ਤਾਂ ਮੈਂ ਉਹਨੂੰ ਰੋਕ ਕੇ ਪੁੱਛਿਆ, “ਬੇਟਾ, ਇਹ ਕਵਿਤਾ ਤੂੰ ਆਪ ਲਿਖੀ ਹੈ?” ਉਹਨੇ ਬੇਝਿਜਕ ਹੋ ਕੇ ਕਿਹਾ, “ਜੀ ਸਰ।” ਨਤੀਜੇ ਦਾ ਐਲਾਨ ਹੋਇਆ ਤਾਂ ਉਹਨੂੰ ਪਹਿਲਾ ਸਥਾਨ ਮਿਲਿਆ ਸੀ। ਅਗਲੇ ਦਿਨ ਕਲਾਸ ‘ਚ ਪੜ੍ਹਾਉਂਦਿਆਂ ਮੈਂ ਉਸ ਲੜਕੀ ਨੂੰ ਫਿਰ ਪੁੱਛਿਆ, “ਤੂੰ ਕੱਲ੍ਹ ਜੋ ਕਵਿਤਾ ਸੁਣਾਈ ਸੀ, ਉਹ ਤੇਰੀ ਮੌਲਿਕ ਸੀ?” ਉਹਨੇ ਪੁੱਛਿਆ, “ਮੌਲਿਕ ਕੀ ਹੁੰਦਾ ਹੈ, ਸਰ?” ਮੈਂ ਦੱਸਿਆ, “ਯਾਨੀ ਤੇਰੀ ਆਪਣੀ ਲਿਖੀ ਹੋਈ ਸੀ?” ਉਹਨੇ ਫਿਰ ਪੂਰੇ ਸਵੈਵਿਸ਼ਵਾਸ ਨਾਲ ਜਵਾਬ ਦਿੱਤਾ, “ਜੀ ਸਰ, ਮੈਂ ਹੀ ਲਿਖੀ ਹੈ।” ਉਹ ਆਪਣੀ ਸੀਟ ਤੇ ਗਈ ਤੇ ਬੈਗ ‘ਚੋਂ ਨੋਟਬੁੱਕ ਲੈ ਕੇ ਆਈ ਤੇ ਮੈਨੂੰ ਵਿਖਾਉਂਦੀ ਹੋਈ ਬੋਲੀ, “ਆਹ ਵੇਖੋ ਸਰ, ਇਹ ਮੇਰੀ ਆਪਣੀ ਲਿਖੀ ਹੈ। ਇਹ ਮੇਰੀ ਹੀ ਲਿਖਾਈ ਹੈ।” ਮੈਂ ਡੌਰ-ਭੌਰ ਹੋਇਆ ਕਦੇ ਉਹਦੇ ਵੱਲ ਤੇ ਕਦੇ ਉਹਦੀ ਨੋਟਬੁੱਕ ਵੱਲ ਵੇਖ ਰਿਹਾ ਸਾਂ।”

* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.