ਜਦ ਵੀ ਤੇਰੇ ਨਾਲ ਗੱਲ ਕਰਨ ਨੂੰ ਦਿਲ ਜਾ ਕਰਦੈ
ਗੱਲਾਂ ਕਰਾਂ ਤੇਰੇ ਸ਼ਹਿਰੋਂ ਆਈਆਂ ਹਵਾਵਾਂ ਦੇ ਸੰਗ।
ਤੇਰੇ ਖ਼ਿਆਲ ਤਸੱਵਰ ਘੇਰਾ ਪਾ ਬਹਿ ਜਾਂਦੇ ਨੇ
ਇਕੱਲਾ ਬੈਠਾ ਜਦ ਕਦੇ ਚਾਹਵਾਂ ਦੇ ਸੰਗ।
ਤੂੰ ਨਹੀਂ ਤੇਰੀ ਯਾਦ ਸਹੀ , ਤਾਂ ਹੀ
ਦੋ ਕੱਪ ਰੱਖਦਾ ਹਾਂ,ਮੈਂ ਉਹਨਾਂ ਥਾਵਾਂ ਦੇ ਸੰਗ।
ਕਦੇ ਗਲ਼ੇ ਨਹੀਂ ਸੀ ਉਤਰਦੀ ਤੇਰੇ ਸਾਥ ਬਿਨਾਂ
ਅੱਜ ਕੱਲ੍ਹ ਪੀਵਾਂ ਕਾਸਦ ਕਾਵਾਂ ਦੇ ਸੰਗ।
ਅੱਜ ਵੀ ਇਸ ਦਿਲ ਨੂੰ ਉਡੀਕਾਂ ਤੇਰੀਆਂ
ਨਿਤ ਪਾਵਾਂ ਔਂਸੀਆਂ ਬੈਠ ਤੇਰੇ ਰਾਵਾਂ ਦੇ ਸੰਗ।
ਜਦ ਵੀ ਖੁਦਾ ਦੇ ਦਰ ਮੈਂ ਜਾਵਾਂ ‘ਦੀਪ’
‘ਆਪ ਮੁਹਾਰੇ’ ਆ ਜਾਂਦਾ ਨਾਮ ਤੇਰਾ ਦੁਆਵਾਂ ਦੇ ਸੰਗ।
ਜਿੱਥੇ-ਜਿੱਥੇ ਵੀ ਬਹਿੰਦੀ ਸੀ ਤੂੰ ਨਾਲ ਮੇਰੇ
ਯਾਦ ਤੇਰੀ ਆ ਬਹਿੰਦੀ ਜਦ ਬੈਠਾਂ ਉਨ੍ਹਾਂ ਥਾਵਾਂ ਦੇ ਸੰਗ।
ਪੂਰੇ ਦਾ ਪੂਰਾ ਤੇਰਾ ਹੋਣਾ ਚਾਹੁੰਦਾ ਸਾਂ
ਕਾਸ਼! ਜਨਮ ਜਨਮ ਲਈ ਤੇਰਾ ਹੋ ਜਾਂਦਾ ਲਾਵਾਂ ਦੇ ਸੰਗ।
ਮੇਰੀ ਰੂਹ ਵਿੱਚ ਵਸੀ ਹੈ ਇੱਕ-ਇੱਕ ਯਾਦ ਤੇਰੀ
ਤੈਨੂੰ ਨਿੱਤ ਯਾਦ ਕਰਾਂ ਆਉਂਦੇ ਜਾਂਦੇ ਸਾਹਵਾਂ ਦੇ ਸੰਗ।
ਸੱਚੀ ਗੂੜਾ ਹੋਰ ਇਸ਼ਕ ਹੋ ਜਾਂਦਾ
ਜਦ ਇਕੋ ਸਿਰਨੇਮ ਜੋੜ ਦੇਖਾਂ ਸਾਡੇ ਨਾਵਾਂ ਦੇ ਸੰਗ।
ਪਤਾ ਨਹੀਂ ਹਿਜ਼ਰ ਧੁੱਪਾਂ ਨੂੰ ਕਿਉਂ ਸਾੜਾ ਹੁੰਦੈ
ਬਹਿ ਜਾਈਏ ਯਾਦਾਂ ਦੀ ਲੈ ਪਟਾਰੀ ਜਦ ਛਾਵਾਂ ਦੇ ਸੰਗ।
‘ਦੀਪ’ ਨਿੱਤ ਗਮਾਂ ਦੀ ਮਹਿਫ਼ਲ ਲਾਵਾਂ
ਲਿਖਾਂ ਪੱਤਝੜ ਵਰਗੇ ਗੀਤ ਗਮਾਂ ਦੇ ਹਾਉਂਕੇ ਹਾਵਾਂ ਦੇ ਸੰਗ।
ਜ..ਦੀਪ ਸਿੰਘ ‘ਦੀਪ’
ਪਿੰਡ- ਕੋਟੜਾ ਲਹਿਲ
ਜ਼ਿਲਾ- ਸੰਗਰੂਰ
ਮੋਬਾ: 98760-04714