ਅਵਤਾਰਜੀਤ ਪੰਜਾਬੀ ਕਵਿਤਾ ਦਾ ਇੱਕ ਨਾਮਵਰ ਸ਼ਾਇਰ ਹੈ ,ਹੁਣ ਤੱਕ ਉਸਨੇ ਮਿੱਟੀ ਕਰੇ ਸੰਵਾਦ ,ਚਿੱਤਰ ਲੀਲਾ, ਕਾਲ ਦ੍ਰਿਸ਼ ,ਮੋਹੇ ਰੰਗ ਦੇ ,ਤੇ ਤਰਸਰੇਣੁ ਜਿਹੀਆਂ ਕਾਵਿ ਪੁਸਤਕਾਂ ਨਾਲ ਪੰਜਾਬੀ ਕਾਵਿ ਦੇ ਵਿੱਚ ਆਪਣਾ ਜਿਕਰਯੋਗ ਤੇ ਵੱਡਮੁੱਲਾ ਯੋਗਦਾਨ ਪਾਇਆ ਹੈ, ਉਸ ਦੀ ਵਿਲੱਖਣਤਾ ਉਸ ਦੀ ਸਿਰਜਣਕਾਰੀ ਦੇ ਅਲੋਕਾਰੀ ਜਲੌਅ ਵਿੱਚ ਪਈ ਹੋਈ ਹੈ ,ਉਹ ਰੂਪਕਾਰ ਪੱਖੋਂ ਕਵਿਤਾ ਦੇ ਵਿਭਿੰਨ ਸਿਰਜਣ ਸਰੋਤਾਂ ਦੀ ਕਵਾਇਦ ਕਰਦਾ ਹੈ ,ਇਸੇ ਖਾਹਿਸ਼ ਤੇ ਨਿਰਮਾਣਕਾਰੀ ਦੇ ਜਜ਼ਬੇ ਵਿੱਚੋਂ ਉਸਨੇ ਕਾਵਿ ਰੇਖਾ ਚਿੱਤਰਾਂ ਦੀ ਬਹੁਤ ਚਰਚਿਤ ਪੁਸਤਕ ਚਿੱਤਰ ਲੀਲਾ ਰੱਚ ਕੇ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਉਸ ਦੀ ਕਵਿਤਾ ਇਤਿਹਾਸ ਅਤੇ ਮਿਥਿਹਾਸ ਦੇ ਅਨੋਖੇ ਸੰਵਾਦ ਵਿੱਚੋਂ ਆਪਣੀ ਗਤੀ ਗ੍ਰਹਿਣ ਕਰਦੀ ਹੈ, ਇਹੀ ਕਾਰਨ ਹੈ ਕਿ ਇਸ ਕਵਿਤਾ ਵਿੱਚ ਸਦੀਵਤਾ ਤੇ ਜੀਵੰਤਤਾ ਦਾ ਅੰਸ ਸਦਾ ਗਤੀਮਾਨ ਰਹਿੰਦਾ ਹੈ, ਉਸ ਦੀ ਹੱਥਲੀ ਕਾਵਿ ਪੁਸਤਕ “ਮੈਂ ਆਪਣੀ ਤਰੇੜ ਲੱਭ ਰਿਹਾਂ” ਵਿਸ਼ੇ ਅਤੇ ਵਿਚਾਰਧਾਰਾ ਪੱਖੋਂ ਵਿਸ਼ੇਸ਼ ਤੌਰ ਤੇ ਗੌਲਣ ਯੋਗ ਹੈ, ਇਹ ਕਵਿਤਾ ਸੂਚਨਾ ਤਕਨਾਲੋਜੀ ਦੀ ਅੰਨੀ ਵਾਛੜ ਵਿੱਚ ਦਿਨ ਬ ਦਿਨ ਖੁਰ ਰਹੇ ਬੰਦੇ ਦੀ ਖਲਬਲੀ ਅਤੇ ਬੇਚੈਨੀ ਦੇ ਮਨੋਪਸਾਰਾ ਨੂੰ ਬੜੀ ਸੂਖਮ ਅਤੇ ਸੰਜੀਵ ਭਾਸ਼ਾ ਵਿੱਚ ਚਿਤਰਣ ਲਈ ਯਤਨਸ਼ੀਲ ਹੈ, ਇਸ ਵਿੱਚ ਸਾਡਾ ਸਮਕਾਲ ਬੜੇ ਜਟਲ ਅਤੇ ਬਹੁਪਰਤੀ ਪ੍ਰਵਚਨ ਦੇ ਰੂਪ ਵਿੱਚ ਪੇਸ਼ ਹੁੰਦਾ ਹੈ ,ਸੰਵਾਦ ਦੀ ਸ਼ਕਤੀਸ਼ਾਲੀ ਜੁਗਤ ਨੂੰ ਹੋਰ ਵੀ ਬਲ ਪ੍ਰਦਾਨ ਕਰਦੀ ਹੈ, ਅਵਤਾਰਜੀਤ ਕਾਵਿ ਸਿਰਜਣਾ ਕਰਦਿਆ ਸੰਵਾਦ ਅਤੇ ਸਿ਼ਲਪ ਵਿਧਾਨ ਵਿੱਚ ਪੂਰਾ ਸੰਤੁਲਨ ਕਾਇਮ ਰੱਖਦਾ ਹੈ ਇਸ ਤਰ੍ਹਾਂ ਭਾਪਦਾ ਹੈ ਕਿ ਜਿਵੇਂ ਉਹ ਕਵਿਤਾ ਦਾ ਆਰਕੀਟੈਕਟ ਹੋਵੇ ,ਆਪਣੇ ਇਸੇ ਸਾਹਿਤਕ ਘਾਲਣਾ ਵਿੱਚੋਂ ਉਹ ਸਦਾ ਹੀ ਕਾਵਿ ਕੌਤਕ ਪੈਦਾ ਕਰਨ ਵਿੱਚ ਕਾਮਯਾਬ ਰਹਿੰਦਾ ਹੈ, ਇਹੀ ਕਾਰਨ ਹੈ ਕਿ ਉਸਦੀ ਕਵਿਤਾ ਆਪਣੇ ਕਾਵਿ ਪ੍ਰਵਚਨ ਨੂੰ ਸੰਚਾਰਨ ਹਿਤ ,ਦੂਰ ਦਿਸਹੱਦਿਆਂ ਤਕ ਫੈਲਦੀ ਨਜ਼ਰ ਆਉਂਦੀ ਹੈ!!!

ਡਾ ਮੋਹਨ ਤਿਆਗੀ
-ਪੰਜਾਬੀ ਯੂਨੀਵਰਸਿਟੀ ਪਟਿਆਲਾ