ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ ।
ਥੁੜਾਂ ਮਾਰੀ ਓਦਰੀ ਬਹਾਰ ਵੇਖ ਲੈ ।
ਗੱਭਰੂ ਸੀ ਜਿੱਥੇ ਖੇਡਦੇ ਕਬੱਡੀਆਂ ।
ਜ਼ਾਤਾਂ ਗੋਤਾਂ ਸਾਰਿਆਂ ਸੀ ਪਿੱਛੇ ਛੱਡੀਆਂ ।
ਉੱਡ ਗਿਆ ਓਥੋਂ ਤੂੰ ਪਿਆਰ ਵੇਖ ਲੈ ।
ਕਿੱਕਲੀ ਤੇ ਗਿੱਧਾ ਮੁਟਿਆਰਾਂ ਪਾਉਂਦੀਆਂ ।
ਪੀਂਘ ਦੇ ਹੁਲਾਰੇ ਸੀ ਆਕਾਸ਼ ਗਾਹੁੰਦੀਆਂ ।
ਖ਼ਤਰੇ ‘ਚ ਕੂੰਜਾਂ ਵਾਲ਼ੀ ਡਾਰ ਵੇਖ ਲੈ ।
ਸਤਿਨਾਮ ਨਾਲ ਚੜ੍ਹਦੀ ਸਵੇਰ ਸੀ ।
ਰਹਿ ਰਾਸ ਮਨ ‘ਚੋਂ ਮਿਟਾਉਂਦੀ ‘ਨ੍ਹੇਰ ਸੀ ।
ਬਾਝ ਗੁਰੂ ਡੁੱਬਾ ਸੰਸਾਰ ਵੇਖ ਲੈ ।
ਬਲ਼ਦਾਂ ਦੇ ਗਲ਼ਾਂ ਵਿੱਚ ਗੁੰਮ
ਟੱਲੀਆਂ ।
ਲੱਗਦੈ ਬਹਾਰਾਂ ਏਥੋਂ ਉੱਡ ਚੱਲੀਆਂ ।
ਫ਼ਸਲਾਂ ਤੇ ਕਰਜ਼ੇ ਦਾ ਭਾਰ ਵੇਖ ਲੈ ।
ਮੰਜੀ ਡਾਹ ਕੇ ਬਾਬੇ ਬੈਠੇ ਪੋਤਿਆਂ ਸਣੇ ।
ਪੋਤਰੀ ਇਕੱਲ੍ਹੀ ਬੈਠੀ ਬਾਤ ਨਾ ਬਣੇ ।
ਇੱਕੋ ਵਿਹੜੇ ਵੱਖਰਾ ਵਿਹਾਰ ਵੇਖ ਲੈ ।
ਵਿਹਲੀਆਂ ਲਿਆਕਤਾਂ ਨੇ, ਕੰਮ ਕਾਰ ਨਾ ।
ਏਦਾਂ ਜਾਪੇ ਏਥੇ ਕੋਈ ਸਰਕਾਰ ਨਾ ।
ਗੱਡੇ ਜਿੰਨਾ ਮਨਾਂ ਉੱਤੇ ਭਾਰ ਵੇਖ ਲੈ ।
ਨਸ਼ਿਆਂ ਨੇ ਰੋਲ਼ ਦਿੱਤੀਆਂ ਜਵਾਨੀਆਂ ।
ਸੋਚਦੇ ਨਾ ਪੁੱਤ ਮੇਰੇ ਲਾਭ ਹਾਨੀਆਂ ।
ਰੂਹਾਂ ਵਿੱਚ ਆ ਗਿਆ ਨਿਘਾਰ ਵੇਖ ਲੈ ।
ਧੀ ਭੈਣ ਪਿੰਡ ਦੀ ਰਿਵਾਜ ਨਾ ਰਿਹਾ ।
ਸਹੁੰ ਤੇਰੀ ਪਹਿਲਾਂ ਜਿਹਾ ਸਮਾਜ ਨਾ ਰਿਹਾ ।
ਡੋਲੀਆਂ ਨੂੰ ਲੁੱਟਦੇ ਕਹਾਰ ਵੇਖ ਲੈ ।
ਮਹਿੰਗੇ ਅਸੀਂ ਕਰ ਲਏ ਵਿਆਹ ਤੇ ਸ਼ਾਦੀਆਂ ।
ਰੋਕੇ ਕੌਣ ਦੱਸੋ ਏਥੇ ਬਰਬਾਦੀਆਂ ।
ਖ਼ਰਚੇ ਫ਼ਜ਼ੂਲ ਬੇਸ਼ੁਮਾਰ ਵੇਖ ਲੈ ।
ਜਣਾ ਖਣਾ ਆਖੇ ਮੈਂ ਤਾਂ ਬਾਹਰ ਚੱਲਿਆ ।
ਵੱਖਰੀ ਬੇਗਾਨਗੀ ਬਨੇਰਾ ਮੱਲਿਆ ।
ਦਿੱਲੀ ਵਿੱਚ ਲੱਗੀ ਤੂੰ ਕਤਾਰ ਵੇਖ ਲੈ ।
ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ ।
ਥੁੜਾਂ ਮਾਰੀ ਓਦਰੀ ਬਹਾਰ ਵੇਖ ਲੈ ।
️ਗੁਰਭਜਨ ਗਿੱਲ
