ਦਲਜੀਤ ਸਿੰਘ ਅਰੋੜਾ ਨੇ ਜ਼ਿਆਦਾਤਰ ਗੀਤ ਪੰਜਾਬੀ ਫ਼ਿਲਮਾਂ ਲਈ ਹੀ ਲਿਖੇ ਹਨ,ਜਿਹਨਾਂ ਨੂੰ ਪ੍ਰਸਿੱਧ ਗਾਇਕਾਂ ਨੇ ਅਲਕਰਿਤ ਕੀਤਾ ਹੈ। ਉਹਨਾਂ ਨੇ ਸਮਾਜਿਕ,ਧਾਰਮਿਕ, ਵੀਰਰਸ,ਕਰੁਨਾਰਸ ਅਤੇ ਰੋਮਾਂਟਿਕ ਗੀਤਾਂ ਨੂੰ ਫਿਲਮੀ ਪਟਕਥਾ ਅਨੁਸਾਰ ਲਿਖਿਆ ਹੈ। ਗੀਤਕਾਰੀ ਦੇ ਜਗਤ ਵਿਚ ਇਕ ਵਜ਼ਨਦਾਰ ਗੀਤਾਂ ਦੇ ਸੰਕੇਤ ਉਭਰਦੇ ਸੁਣਾਈ ਦਿੰਦੇ ਹਨ। ਭਾਸ਼ਾ ਦਾ ਪ੍ਰਯੋਗ ਦਰਪਣ ਉਪਰ ਪਾਰੇ ਦੀ ਪਰਤ ਵਰਗਾ ਹੁੰਦਾ ਹੈ।ਗੀਤ ਯੁਕਤੀ, ਵਿਚਾਰ, ਤਕਦੀਦ ਅਤੇ ਲੈਅ ਦੇ ਏਵਜ ਵਿਚ ਬਿੰਬਾਂ ਦੀ ਸਿਰਜਨਾ ਉਪਰ ਪੂਰੇ ਉਤਰਦੇ ਹਨ।ਗੀਤ ਸ਼ਬਦਾਂ ਦੀ ਰਚਨਾ ਅਤੇ ਸ਼ਬਦ ਸਮਾਜਿਕ ਸਮਰਿਤੀ ਚਿੰਨ ਹੁੰਦੇ ਹਨ,ਨਾਲ ਨਾਲ ਹੀ ਓਥੇ ਸਮਰਿਤੀ ਅਤੇ ਕਲਪਨਾ ਇਕ ਉੱਦਮ ਗੀਤਾਂ ਦੇ ਹਰ ਏਕ ਸ਼ਬਦ ਵਿਚ ਬੋਲਦਾ ਸੁਣਾਈ ਦਿੰਦਾ ਹੈ।ਉਸ ਦੇ ਗੀਤ ਮੁਗਧਕਾਰੀ ਅਤੇ ਊਰਜਾ ਨਾਲ ਅਲਕਰਿਤ ਹਨ। ਵੈਸੇ ਤਾਂ ਦਲਜੀਤ ਸਿੰਘ ਅਰੋੜਾ ਨੂੰ ਸਾਰਾ ਪੰਜਾਬੀ ਫ਼ਿਲਮ ਜਗਤ ਫਿਲਮੀ ਰਸਾਲੇ ਪੰਜਾਬੀ ਸਕਰੀਨ ਦੇ ਸੰਪਾਦਕ ਵਜੋਂ ਜਾਣਦਾ ਹੀ ਹੈ ਅਤੇ ਉਹ ਕਦੇ ਕਦੇ ਪੰਜਾਬੀ ਤੇ ਬਾਲੀਵੁੱਡ ਫ਼ਿਲਮਾਂ ਵਿਚ ਬਤੌਰ ਕਲਾਕਾਰ ਵੀ ਹਾਜ਼ਰੀ ਭਰਦਾ ਦਿਸਦਾ ਹੈ। ਇਸ ਤੋਂ ਪਹਿਲਾਂ ਉਹ ਪੰਜਾਬ ਵਿਚ ਪਦਮਨੀ ਕੋਹਲਾਪੁਰੇ ਐਕਟਿੰਗ ਸਕੂਲ ਦੇ ਡਾਇਰੈਕਟਰ ਵਜੋਂ ਕਈ ਕਲਾਕਾਰ ਨੂੰ ਵੀ ਅੱਗੇ ਲਿਆ ਚੁੱਕਿਆ ਹੈ। ਪਰ ਅੱਜ ਮੈਂ ਤੁਹਾਨੂੰ ਉਹਨਾਂ ਵਿਚਲੇ ਵਿਲੱਖਣ ਗੀਤਕਾਰੀ ਦੇ ਹੁਨਰ ਤੋਂ ਜਾਣੂ ਕਰਵਾ ਰਿਹਾ ਹਾਂ। ਹੁਣ ਤੱਕ ਉਸ ਦੀ ਕਲਮ ਚੋਂ ਨਿਕਲੇ ਕਈ ਫਿਲਮੀ ਗੀਤ ਪੰਜਾਬੀ ਤੇ ਬਾਲੀਵੁੱਡ ਗਾਇਕਾਂ ਦੀ ਜ਼ੁਬਾਨ ਦਾ ਸ਼ਿੰਗਾਰ ਬਣ ਚੁੱਕੇ ਹਨ। ਜਦੋਂ ਗੱਲ ਦੇਸ਼ ਭਗਤੀ ਤੇ ਵੀਰਤਾ ਭਰਪੂਰ ਗੀਤ ਲਿਖਣ ਦੀ ਹੋਵੇ ਤਾਂ ਦਲਜੀਤ ਸਿੰਘ ਅਰੋੜਾ ਦੀ ਕਲਮ ਚੋਂ ਜਨਮੇ ਗੀਤ ‘ਦੁਨੀਆਂ ਦੇ ਹਰ ਇਕ ਝੰਡੇ ਤੇ ਸਾਡਾ ਇਕ ਤਿੰਰਗਾ ਭਾਰੀ” (ਗਾਇਕ ਨਛੱਤਰ ਗਿੱਲ ਅਤੇ ਫਿਰੋਜ਼ ਖਾਨ) ਫ਼ਿਲਮ ‘ਸਲਿਊਟ’ ਤੇ ਗੀਤ ਦੂਜਾ ਗੀਤ “ਡੌਲੇ” (ਦਲੇਰ ਮਹਿੰਦੀ)ਫ਼ਿਲਮ ‘ਨਿਡਰ’ ਵਿਚ ਕੋਈ ਕਸਰ ਬਾਕੀ ਨਜ਼ਰ ਨਹੀਂ ਆਉਂਦੀ ਅਤੇ ਅਕਸਰ ਇਹ ਗੀਤ ਫੌਜੀ ਕੈਂਪਾਂ ਅਤੇ ਸਰਕਾਰੀ ਪ੍ਰੋਗਰਾਮਾਂ ਵਿਚ ਕੋਰੀਓਗ੍ਰਾਫ ਕੀਤੇ ਜਾਂਦੇ ਹਨ। ਜੇ ਗੱਲ ਵੈਰਾਗ ਮਈ ਗੀਤਾਂ ਦੀ ਕਰੀਏ ਤਾਂ ਗੱਲ ‘ਬੇਵੱਸ ਹੋਈ’ (ਫਿਲਮ ਪਾਵਰਕੱਟ) ਅਤੇ ‘ਦਰਦ ਵਿਛੋੜੇ ਦੇ’ ( ਦੋਨੋ ਗੀਤ ਮਾਸਟਰ ਸਲੀਮ), ‘ਕੀ ਮਿਲਿਆ ਤੇਰੀ ਹੋ ਕੇ’ (ਜਾਵੇਦ ਬਾਸ਼ੀਰ-ਅਕਬਰ ਅਲੀ-ਪਾਕਿਸਤਾਨੀ ਗਾਇਕ) , ‘ਸਾਰੀ ਉਮਰਾਂ ਦੇ ਪੈ ਗਏ ਵਿਛੋੜੇ’ (ਤਰਲੋਚਨ ਸਿੰਘ-ਜੋਤੀਕਾ ਟਾਂਗਰੀ) ਤੋਂ ਇਉਂ ਲੱਗਦਾ ਹੈ ਕਿ ਇਹਨਾਂ ਵਿਚ ਹਰ ਨਾਕਾਮ ਆਸ਼ਕ ਦੀ ਗਾਥਾ ਲੁਕੀ ਹੈ। ਇਸ ਦੇ ਉਲਟ ਜੇ ਉਸ ਨੂੰ ਰੋਮਾਂਟਿਕ ਗੀਤ ਲਿਖਣ ਲਈ ਕਿਹਾ ਜਾਂਦਾ ਹੈ ਤਾਂ “ਲਵ ਯੂ ਮੇਰੀ ਸਰਕਾਰ”(ਮੰਨਤ ਨੂਰ- ਗੁਰਮੀਤ ਸਿੰਘ) ਦੇ ਬੋਲਾਂ ਵਿੱਚ ਪਿਆਰ ਦਾ ਹਰ ਰੰਗ ਮੌਜੂਦ ਹੈ। ਹੁਣ ਜੇ ਨੌਜਵਾਨਾਂ ਦਾ ਧਿਆਨ ਖਿੱਚਦੇ ਬੀਟ ਗੀਤਾਂ ਦੀ ਗੱਲ ਕਰੀਏ ਤਾਂ ਇੱਥੇ ਵੀ ਉਸ ਦੇ ਬੋਲਾਂ ਦੇ ਨਵਾਂ ਰੂਪ ਸਾਹਮਣੇ ਆਉਂਦਾ ਹੈ।ਜਿਹਨਾਂ ਵਿੱਚ ਬਾਲੀਵੁੱਡ ਗਾਇਕ ਮੀਕਾ ਸਿੰਘ ਦਾ ਗਾਇਆ ਗੀਤ “ਯੰਗ ਮਲੰਗ”, “ਬੁਲਟ ਦੀ ਗੇੜੀ” (ਸਿਮਰਨ ਭਾਰਦਵਾਜ), ਲਾਹਿੰਬਰ ਹੁਸੈਨ ਪੂਰੀ ਦਾ ਗਾਇਆ ਗੀਤ “ਯਾਰਾ ਦੇ ਯਾਰ” ਅਤੇ ਫ਼ਿਲਮ ਯਾਰ ਅਣਮੁੱਲੇ 2 ਦਾ ਗੀਤ “ਮਨ ਡੋਲੇ ਤਨ ਡੋਲੇ” ਲੇਖਕ ਦੇ ਜਵਾਨ ਦਿਲ ਦੀ ਗਵਾਹੀ ਭਰਦੇ ਹਨ।ਗੱਲ ਇੱਥੇ ਹੀ ਨਹੀ ਮੁਕਦੀ ਦਲਜੀਤ ਅਰੋੜਾ ਦੀ ਕਲਮ ਧਾਰਮਿਕ/ਸਮਾਜਿਕ ਗੀਤਾਂ ਵੱਲ ਵੀ ਕਾਮਯਾਬੀ ਦੇ ਝੰਡੇ ਬੁਲੰਦ ਕਰਦੀ ਹੈ। ਫ਼ਿਲਮ “ਆਸਰਾ” ਦਾ ਜਸਪਿੰਦਰ ਨਰੂਲਾ ਵੱਲੋਂ ਗਾਇਆ ਗੀਤ “ਸ਼ੁਕਰਾਨਾ” , ‘ਤੇਰਾ ਤੇਰਾ ਬੋਲ ਗਿਆ’ (ਮੀਤ ਕੌਰ) ਦੇ ਅਲਫਾਜ਼ ਵੀ ਬਾਕਮਾਲ ਹਨ ਅਤੇ ਬੇਜ਼ੁਬਾਨ ਜਾਨਵਰਾਂ ਦੀ ਦਾਸਤਾਨ ਬਿਆਨ ਕਰਦੇ ਦੋ ਹਿੰਦੀ ਗੀਤ ‘ਬੇਜ਼ੁਬਾਨ’ ਅਤੇ ‘ਬੇਜ਼ੁਬਾਨ 2’ (ਗਾਇਕ ਯਾਕੂਬ) ਸਰੋਤਿਆਂ ਦੇ ਕਰੋੜਾ ਵਿਊਜ਼ ਹਾਸਲ ਕਰ ਚੁੱਕੇ ਹਨ ਅਤੇ ਇਹਨਾਂ ਗੀਤਾਂ ਦੇ ਲੱਖਾਂ ਦੀ ਗਿਣਤੀ ਵਿਚ ਇੰਸਟਾਗਰਾਮ ਅਤੇ ਯੂਟਿਊਬ ਸ਼ੋਰਟਸ ਵੇਖੇ ਜਾ ਸਕਦੇ ਹਨ। ਜੇ ਸਿੱਖ ਨੌਜਵਾਨ ਵਿਚ ਸਿੱਖੀ ਦਾ ਜਜ਼ਬਾ ਭਰਨ ਲਈ ਗੀਤ ਘੜਣ ਦੀ ਗੱਲ ਹੋਵੇ ਤਾਂ ਫ਼ਿਲਮ “ਗੁਰਮੁਖ” ਦਾ ਨਛੱਤਰ ਗਿੱਲ ਵੱਲੋਂ ਗਾਇਆ ਗੀਤ “ਦੁੱਕੀ ਤਿੱਕੀ” ਆਪਣੇ ਆਪ ਵਿਚ ਉਦਹਾਰਣ ਹੈ। ਕਿਸੇ ਲੇਖਕ ਦੀ ਕਲਮ ਨੂੰ ਚੈਲੰਜ ਦਾ ਉਸ ਵੇਲੇ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਦੇਸ਼ ਭਗਤੀ ਤੇ ਵੀਰਤਾ ਦੇ ਗੀਤ ਲਿਖਣ ਵਾਲੀ ਕਲਮ ਨੂੰ ਆਪਣੇ ਹੀ ਦੇਸ਼ ਪ੍ਰਤੀ ਰੋਸ ਜਾਹਰ ਕਰਨ ਦੇ ਲਫਜ਼ ਘੜਣੇ ਪੈਂਦੇ ਹਨ ਤਾ ਫ਼ਿਲਮ 47 ਤੋਂ 84 ਦੀ ਗੀਤ “ਘਰ ਵਿਚ ਬੇ ਘਰ ਹੋਏ ਇਸ ਮੁਲਕ ਦੇ ਵਾਸੀ ਦੀ, ਏ ਲੰਬੀ ਕਹਾਣੀ ਏ 47 ਤੋਂ 84 ਦੀ” ਸਰੋਤਿਆਂ ਦੇ ਰੋਂਗਟੇ ਖੜੇ ਕਰਦਾ ਹੈ। ਦਲਜੀਤ ਅਰੋੜਾ ਦੀ ਕਲਮ ਨੇ ਅਨੇਕਾਂ ਗੀਤਾਂ ਦੀ ਰਚਨਾ ਕੀਤੀ ਹੈ ਅਤੇ ਇਸ ਤਰਾਂ ਹੀ ਉਸ ਦੀ ਕਲਮ ਕੋਲ ਹਰ ਵਿਸ਼ੇ ਤੇ ਗੀਤ ਲਿਖਣ ਲਈ ਅਲਫਾਜ਼ਾਂ ਦਾ ਗਹਿਰਾਂ ਸਮੁੰਦਰ ਹੈ। ਆਉਣ ਵਾਲੇ ਦਿਨਾਂ ਵਿਚ ਇਸੇ ਤਰਾਂ ਦੇ ਵਰਸਟਾਈਲ ਬਾਲੀਵੁੱਡ ਫ਼ਿਲਮੀ ਅਤੇ ਪੰਜਾਬੀ ਗੀਤ ਤੁਹਾਨੂੰ ਵੇਖਣ-ਸੁਣਨ ਨੂੰ ਮਿਲਣਗੇ, ਜਿਹਨਾਂ ਵਿਚ ਕਨਿਕਾ ਕਪੂਰ, ਫਿਰੋਜ਼ ਖਾਨ ਅਤੇ ਕੰਵਰ ਗਰੇਵਾਲ ਸਮੇਤ ਹੋਰ ਵੀ ਵੱਡੇ ਗਾਇਕਾਂ ਦੀਆਂ ਆਵਾਜ਼ਾਂ ਸ਼ਾਮਲ ਹਨ।
ਬਲਵਿੰਦਰ ਬਾਲਮ ਗੁਰਦਾਸਪੁਰ
9815625409