ਦੇਸ਼ ਮੇਰੇ ਦੇ ਲੋਕਾਂ ਦਾ ਹੁਣ, ਡਿੱਗ ਚੁੱਕਾ ਇਖ਼ਲਾਕ।
ਬੇਗਾਨੇ ਬੇਗਾਨਿਆਂ ਦੇ ਵੱਲ, ਕਿੱਦਾਂ ਰਹੇ ਨੇ ਝਾਕ।
ਭਾਈ, ਭੈਣਾਂ, ਰਿਸ਼ਤੇਦਾਰਾਂ, ਦੇ ਨੇ ਅਪਣੇ ਰਸਤੇ
ਅੱਜਕੱਲ੍ਹ ਪਹਿਲਾਂ ਵਰਗਾ ਕਿਧਰੇ, ਮਿਲਦਾ ਨਹੀਂ ਹੈ ਸਾਕ।
ਦੇਸ਼ਾਂ ਤੇ ਸ਼ਹਿਰਾਂ ਦੇ ਲੋਕਾਂ, ਦੀ ਗੱਲ ਛੱਡੋ ਭਾਈ
ਪਿਓ-ਪੁੱਤਰ ਤੇ ਮਾਂ-ਬੇਟੀ ਦਾ, ਰਿਹਾ ਨਾ ਹਿਰਦਾ ਪਾਕ।
ਤਕਨਾਲੋਜੀ ਦੇ ਯੁੱਗ ਵਿੱਚ ਹਾਏ, ਸਾਰੇ ਹੋਏ ਪਰਾਏ
ਪਿਆਰ ਦੇ ਨਾਲ਼ ਬੁਲਾਉਣਾ ਭੁੱਲੇ, ਕੋਈ ਨਾ ਮਾਰੇ ਹਾਕ।
ਵੇਖਣ ਨੂੰ ਸਭ ਚੰਗੇ-ਭਲੇ ਨੇ, ਸੋਹਣੀਆਂ ਦਿੱਸਣ ਸ਼ਕਲਾਂ
ਪਰ ਜਦ ਬੋਲ ਨਿਕਲਦੇ ਮੂੰਹੋਂ, ਹਿਰਦਾ ਹੁੰਦਾ ਚਾਕ।
ਸਭ ਦੀ ਰਹਿਣੀ-ਬਹਿਣੀ ਵੱਖਰੀ, ਆਇਆ ਕੌਣ ਜ਼ਮਾਨਾ
ਧਰਮ-ਸਥਾਨੀਂ ਰੁਲ਼ਦੀਆਂ ਪੱਗਾਂ, ਸੁਣਦਾ ਨਾ ਗੁਰ-ਵਾਕ।
ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਦਾ, ਹਰ ਥਾਂ ਸ਼ੋਰ ਸੁਣੀਂਦਾ
ਔਰਤ ਦੀ ਪੱਤ ਲੁੱਟਣ ਵਾਲ਼ੇ, ਰੁਲ਼ਦੇ ਵੇਖੇ ਖ਼ਾਕ।
ਸਭ ਦਾ ਮਾਲਕ ਸਭ ਕੁਝ ਜਾਣੇ, ਛਲ ਕਰਦੀ ਹੈ ਦੁਨੀਆਂ
ਚੋਰੀ-ਠੱਗੀ ਕਰਦੇ ਲੋਕੀਂ, ਬਣ ਕੇ ਬਹਿਣ ਚਲਾਕ।
ਦੋ ਬੇੜੀਆਂ ਵਿੱਚ ਪੈਰ ਜੋ ਰੱਖਣ, ਮੈਂ ਹਨ ਡੁੱਬਦੇ ਵੇਖੇ
ਪੁਜਦੇ ਨਾ ਉਹ ਕਿਸੇ ਕਿਨਾਰੇ, ਖ਼ੁਦ ਨੂੰ ਕਹਿਣ ਤੈਰਾਕ।
ਬੁਰੇ ਚਰਿੱਤਰ ਵਾਲ਼ਿਆਂ ਨੂੰ ਫਿਰ, ਰੱਬ ਹੀ ਕਰਦਾ ਸਿੱਧਾ
ਉਹਦੀ ਲਾਠੀ ਵੱਜਦੀ ਹੈ ਜਦ, ਮੂਲ ਨਾ ਕਰੇ ਖੜਾਕ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
9417692015