ਸਮਰ ਕੈਂਪ ਅਤੇ ਯਾਤਰਾ ਹੁਨਰ ਨਿਖਾਰਨ ਦਾ ਸੁਨਹਿਰੀ ਮੌਕਾ : ਡਾ ਅਵੀਨਿੰਦਰਪਾਲ
ਕੋਟਕਪੂਰਾ, 23 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ’ 15 ਰੋਜਾ ‘ਗਿਆਨ ਅੰਜਨੁ ਸਮਰ’ ਕੈਂਪ ਦੀ ਸਮਾਪਤੀ ਤੋਂ ਬਾਅਦ ਬੱਚਿਆਂ ਦਾ ਵੱਖ ਵੱਖ ਧਾਰਮਿਕ ਅਤੇ ਇਤਿਹਾਸਕ ਸਥਾਨਾ ਦਾ ਟੂਰ ਲਿਜਾਇਆ ਗਿਆ। ਗੁਰਦਵਾਰਾ ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਵਿਖੇ ਗੁਰੂ ਜੀ ਦੀ ਚਰਨਛੋਹ ਪ੍ਰਾਪਤ ਬਣੇ ਵੱਖ ਵੱਖ ਗੁਰਦਵਾਰਿਆਂ ਦੇ ਦਰਸ਼ਨ ਕਰਵਾ ਕੇ ਬੱਚਿਆਂ, ਨੌਜਵਾਨਾ ਅਤੇ ਉਹਨਾਂ ਦੇ ਮਾਪਿਆਂ ਨੂੰ ਗੁਰਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਡਾ. ਅਵੀਨਿੰਦਰਪਾਲ ਸਿੰਘ, ਨਵਨੀਤ ਸਿੰਘ, ਸਤਨਾਮ ਸਿੰਘ, ਚਮਕੌਰ ਸਿੰਘ, ਅਵਤਾਰ ਸਿੰਘ ਆਦਿ ਨੇ ਦੱਸਿਆ ਕਿ ਵਾਪਸੀ ਮੌਕੇ ਬੱਚਿਆਂ ਨੂੰ ਹਰੀਕੇ ਪੱਤਣ ਵਿਖੇ ਸਥਿੱਤ ‘ਹਰੀਕੇ ਵੈਟਲੈਂਡ’ (ਬਰਡ ਸੈਂਚੁਅਰੀ) ਵਿਖੇ ਲਿਜਾ ਕੇ ਮਨੋਰੰਜਨ ਵੀ ਕਰਵਾਇਆ ਗਿਆ। ਉਹਨਾਂ ਦੱਸਿਆ ਕਿ 15 ਰੋਜਾ ਕੈਂਪ ਦੌਰਾਨ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ ਕਿ ਉਹ ਗਰਮੀਆਂ ਦੀਆਂ ਛੁੱਟੀਆਂ ਲਈ ਸਕੂਲੋਂ ਮਿਲਿਆ ਕੰਮ ਨਿਬੇੜ ਕੇ ਪੜਾਈ ਤੋਂ ਵਿਹਲ ਦਾ ਸਮਾਂ ਕੱਢ ਕੇ ਜੋ ਮਰਜੀ ਨਵਾਂ ਚਾਹੁਣ ਤਾਂ ਆਸਾਨੀ ਨਾਲ ਸਿੱਖ ਸਕਦੇ ਹਨ, ਕਿਉਂਕਿ ਸਮਰ ਕੈਂਪ ਹੁਨਰ ਨਿਖਾਰਨ ਦਾ ਸੁਨਹਿਰੀ ਮੌਕਾ ਹੁੰਦਾ ਹੈ। ਡਾ. ਅਵੀਨਿੰਦਰਪਾਲ ਸਿੰਘ ਨੇ ਦੱਸਿਆ ਕਿ ਬੱਚਿਆਂ ਤੇ ਨੌਜਵਾਨਾ ਨੂੰ ਵੱਖ ਵੱਖ ਕੈਂਪਾਂ ਮੌਕੇ ਡਰਾਇੰਗ, ਪੇਂਟਿੰਗ, ਸੁੰਦਰ ਲਿਖਾਈ, ਕਲੋਅ ਮਾਡਲਿੰਗ, ਕਲਾਜ ਮੇਕਿੰਗ ਆਦਿ ਦਾ ਬਹੁਤ ਸ਼ੌਂਕ ਹੁੰਦਾ ਹੈ, ਅਜਿਹੇ ਕੈਂਪਾਂ ਵਿੱਚ ਬੱਚੇ ਉਪਰੋਕਤ ਸਾਰੇ ਕਾਰਜ ਵਧੀਆ ਤੇ ਰੌਚਕ ਤਰੀਕੇ ਨਾਲ ਸਿੱਖ ਸਕਦੇ ਹਨ। ਉਹਨਾਂ ਦੱਸਿਆ ਕਿ ਬੱਚਿਆਂ ਦੀ ਮੰਚ ਤੋਂ ਹਿਚਕਚਾਹਟ ਦੂਰ ਕਰਨ ਲਈ ਗੀਤ, ਗਜ਼ਲ, ਕਵਿਤਾ, ਕੋਰੀਓਗ੍ਰਾਫੀ, ਗਿੱਧਾ, ਭੰਗੜਾ ਆਦਿ ਦੇ ਤਰੀਕੇ ਸਿਖਾਏ ਜਾਂਦੇ ਹਨ। ਉਹਨਾ ਦੱਸਿਆ ਕਿ ਕੈਂਪ ਦੌਰਾਨ ਬੱਚਿਆਂ ਨਾਲ ਨੈਤਿਕ ਕਦਰਾਂ-ਕੀਮਤਾਂ, ਸ਼ੋਸ਼ਲ ਮੀਡੀਏ ਦੀ ਸਹੀ ਵਰਤੋਂ, ਗਰਮੀ ਤੋਂ ਬਚਾਅ, ਮਿਲਵਰਤਣ, ਸਹਿਯੋਗ, ਅਨੁਸ਼ਾਸ਼ਨ ਦੀ ਪਾਲਣਾ, ਸਮੇਂ ਦੀ ਕਦਰ, ਵੱਡਿਆਂ ਦਾ ਸਤਿਕਾਰ, ਸਕੂਲ ਸੰਪਤੀ ਦੀ ਸਹੀ ਸੰਭਾਲ, ਖੇਡਾਂ ਵਿੱਚ ਹਿੱਸਾ ਲੈਣ, ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ, ਰੁੱਖਾਂ ਦੀ ਸੰਭਾਲ ਅਤੇ ਪਾਣੀ ਦੀ ਬੱਚਤ ਵਰਗੇ ਉਸਾਰੂ ਗੁਣ ਸਮਝਾਏ ਜਾਂਦੇ ਹਨ। ਕਈ ਬੱਚਿਆਂ ਦੀ ਆਵਾਜ ਬੜੀ ਸੋਹਣੀ ਹੁੰਦੀ ਹੈ, ਜਿਸ ਕਰਕੇ ਉਹ ਗੀਤ, ਗਜ਼ਲ ਅਤੇ ਕਵਿਤਾ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰ ਸਕਦੇ ਹਨ ਪਰ ਮੰਚ ਉੱਪਰ ਮਾਈਕ ’ਤੇ ਬੋਲਣਾ ਉਹਨਾਂ ਨੂੰ ਮੁਸ਼ਕਿਲ ਜਾਪਦਾ ਹੈ, ਅਜਿਹੇ ਕੈਂਪਾਂ ਵਿੱਚ ਉਹਨਾਂ ਦੀ ਸੰਗ ਤੇ ਹੀਣਭਾਵਨਾ ਖਤਮ ਹੋ ਜਾਂਦੀ ਹੈ। ਸਮਰ ਕੈਂਪ ਦੌਰਾਨ ਜਿੱਥੇ ਬੱਚੇ ਗਿੱਧਾ ਤੇ ਭੰਗੜਾ ਆਦਿ ਨਾਲ ਮਨੋਰੰਜਨ ਕਰਦੇ ਹਨ, ਉੱਥੇ ਨਵੀਂ ਉਮਰ ਦੇ ਬੱਚੇ ਗਿੱਧਾ ਅਤੇ ਭੰਗੜਾ ਆਸਾਨੀ ਨਾਲ ਸਿੱਖ ਜਾਂਦੇ ਹਨ।

