ਇਸ ਰੁੱਖ ਦੇ ਹੇਠਾਂ ਪਹਿਲੀ ਵਾਰ,
ਇਕ ਸਤਰ ਮਿਲੀ ਸੀ ਗੀਤ ਜਹੀ।
ਜੱਗ ਭਰਿਆ ਮੇਲਾ ਵੇਖਦਿਆਂ,
ਜੋ ਭੀੜ ‘ਚੋਂ ਉਂਗਲੀ ਛੱਡ ਤੁਰੀ,
ਉਸ ਪਹਿਲ ਪਲੇਠੀ ਪ੍ਰੀਤ ਜਹੀ।
ਜਦ ਹੱਸਦੀ ਵੱਜਦਾ ਜਲ-ਤਰੰਗ।
ਅੱਖਾਂ ਵਿਚ ਕੰਜ ਕੁਆਰੀ ਸੰਗ।
ਚਿਹਰੇ ਤੇ ਕੁੰਡਲ ਇਉਂ ਜਾਪੇ,
ਜਿਉਂ ਨਾਗ ਦਾ ਬੱਚਾ ਰਿਹਾ ਡੰਗ।
ਦਿਨ ਚੜ੍ਹਦੇ ਦੀ ਲਿਸ਼ਕੋਰ ਜਹੀ।
ਵਗਦੇ ਪਾਣੀ ਦੀ ਤੋਰ ਜਹੀ।
ਬੱਦਲਾਂ ਦੇ ਰੰਗ ਦੀ ਚੁੰਨੀ ‘ਤੇ,
ਸੁੱਚੇ ਗੋਟੇ ਦੀ ਕੋਰ ਜਹੀ।
ਕਿਸੇ ਭਰ ਵਗਦੇ ਦਰਿਆ ਵਰਗੀ।
ਲਏ ਅੱਲ੍ਹੜ ਉਮਰੇ ਚਾਅ ਵਰਗੀ।
ਅਣਮਾਣੇ ਕੋਸੇ ਸਾਹ ਵਰਗੀ।
ਜਾਂ ਤ੍ਰੇਲ ‘ਚ ਨ੍ਹਾਤੇ ਘਾਹ ਵਰਗੀ।
ਚੌਦਸ ਦੇ ਚੰਨ ਵਰਗੀ ਰਾਤ ਜਹੀ।
ਬਿਨ ਮੰਗੇ ਮਿਲ ਗਈ ਦਾਤ ਜਹੀ।
ਤਪਦੀ ਧਰਤੀ ਦੇ ਪਿੰਡੇ ਤੇ,
ਖੁੱਲ੍ਹ ਕੇ ਵਰ੍ਹਦੀ ਬਰਸਾਤ ਜਹੀ।
ਬੱਚਿਆਂ ਦੇ ਨਿਰਮਲ ਹਾਸੇ ਜਹੀ।
ਪਾਣੀ ਵਿਚ ਘੁਲੇ ਪਤਾਸੇ ਜਹੀ।
ਕਿਸੇ ਕਾਫ਼ਲੇ ਨਾਲੋਂ ਵਿੱਛੜ ਗਏ,
ਰਾਹਗੀਰ ਨੂੰ ਮਿਲੇ ਦਿਲਾਸੇ ਜਹੀ।
ਕੂਜ਼ਾ ਮਿਸ਼ਰੀ ਗੁਲਕੰਦ ਜਹੀ।
ਏਕਮ ਦੇ ਫਾੜੀ ਚੰਦ ਜਹੀ।
ਚਰਖ਼ਾ ਕੱਤਦੀ ਮੁਟਿਆਰ ਦਿਆਂ,
ਪੋਟਿਆਂ ‘ਚੋਂ ਨਿਕਲੀ ਤੰਦ ਜਹੀ।
ਪੂਰਬ ਦੀ ਪਵਨ ਸਮੀਰ ਜਹੀ।
ਕਦੇ ਸੋਹਣੀ ਸੱਸੀ ਹੀਰ ਜਹੀ।
ਚਸ਼ਮੇ ‘ਚੋਂ ਫੁੱਟਦੇ ਨੀਰ ਜਹੀ।
ਨੇਰ੍ਹੇ ਵਿਚ ਰਿਸ਼ਮ ਲਕੀਰ ਜਹੀ।
ਕਿਸੇ ਲੋਕ ਗੀਤ ਦੀ ‘ਵਾਜ਼ ਜਹੀ।
ਜਾਂ ਪੰਛੀ ਦੀ ਪਰਵਾਜ਼ ਜਹੀ।
ਬਲਦਾਂ ਗਲ ਟੱਲੀਆਂ ਟੁਣਕਦੀਆਂ,
ਇਸ ਤੋਂ ਵੀ ਮਿੱਠੜੇ ਸਾਜ਼ ਜਹੀ।
ਮੇਰੇ ਘਰ ਅਣਜੰਮੀ ਧੀ ਵਰਗੀ।
ਵਿਹੜੇ ਵਿਚ ਖੇਡਦੇ ਜੀਅ ਵਰਗੀ।
ਜੀਵਨ ਦੇ ਵਿਹੜੇ ਲੋਅ ਵਰਗੀ।
ਸੀ ਗੋਕੇ ਦੇ ਦੁੱਧ ਦੇ ਘਿਉ ਵਰਗੀ।
⚫️
▪️ਗੁਰਭਜਨ ਗਿੱਲ