ਛੱਡੀਏ ਨਾ ਜੇ ਅਸੀਂ ਹੌਸਲਾ,
ਕੋਈ ਮੁਸ਼ਕਿਲ ਖੜ੍ਹ ਨਹੀਂ ਸਕਦੀ।
ਜਿੱਤ ਲੈਣੀ ਹੈ ਜੰਗ ਅਸਾਂ ਨੇ,
ਕੋਈ ਰੁਕਾਵਟ ਅੜ ਨਹੀਂ ਸਕਦੀ।
ਫਸਲ ਡੁੱਬ ਗਈ ਤਾਂ ਕੀ ਹੋਇਆ,
ਭੈੜਾ ਕਿੰਨਾ ਹੜ੍ਹ ਆਇਆ ਏ।
ਰਾਵੀ, ਸਤਿਲੁਜ ਫਿਰਨ ਆਫ਼ਰੇ,
ਪਾਣੀ ਕਿੰਨਾ ਚੜ੍ਹ ਆਇਆ ਏ।
ਛੱਤਾਂ ਡਿੱਗੀਆਂ, ਘਰ ਵੀ ਢਹਿ ਗਏ,
ਖਿੱਲਰ ਗਿਆ ਹੈ ਤੀਲਾ ਤੀਲਾ।
ਦੁਖ ਸੁਖ ਤਾਂ ਆਉਂਦੇ ਹੀ ਰਹਿੰਦੇ,
ਜੀਣੇ ਦਾ ਕੋਈ ਕਰੀਏ ਹੀਲਾ।
ਟੁੱਟੇ ਡੈਮ ਤੇ ਮੀਂਹ ਜ਼ੋਰਾਂ ਦਾ,
ਰੱਬ ਨੇ ਵੀ ਤਾਂ ਹੱਦ ਹੀ ਕਰ ‘ਤੀ।
ਮੁੱਕ ਗਏ ਸਾਨੂੰ ਮਾਰਨ ਵਾਲੇ,
ਇਹ ਪੰਜਾਬ ਗੁਰਾਂ ਦੀ ਧਰਤੀ।
ਵਾਰ ਦਿੱਤਾ ਸਰਬੰਸ ਗੁਰੂ ਨੇ,
ਦੱਸਿਆ ਸਾਨੂੰ ਹੱਸ ਕੇ ਜਰਨਾ।
ਦੂਜਿਆਂ ਲਈ ਜੋ ਕਰ ਜਾਂਦੇ ਨੇ,
ਇਹਨੂੰ ਕਹਿੰਦੇ ਅਸਲੀ ਮਰਨਾ।
ਮੋਢੇ ਦੇ ਨਾਲ ਜੋੜ ਕੇ ਮੋਢਾ,
ਇੱਕ ਦੂਜੇ ਦਾ ਬਣੋ ਸਹਾਰਾ।
ਇਸਤੋਂ ਵੱਡੀ ਭਗਤੀ ਹੈ ਨਹੀਂ,
ਡੁੱਬ ਰਹੇ ਨੂੰ ਦਿਓ ਕਿਨਾਰਾ।
ਢੇਰੀ ਢਾਹ ਕੇ ਕੁਝ ਨਹੀਂ ਹੋਣਾ,
ਚੜ੍ਹਦੀ ਕਲਾ ‘ਚ ਰਹਿਣਾ ਸਿੱਖੀਏ।
ਜ਼ਿੰਦਗੀ ਰਹੀ ਤਾਂ ਫੇਰ ਉਠਾਂਗੇ,
ਮੁਸ਼ਕਿਲ ਦੇ ਨਾਲ ਖਹਿਣਾ ਸਿੱਖੀਏ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002 (9417692015)