
ਸੰਪਾਦਕ : ਅੰਜੂ ਖਰਬੰਦਾ ਅਤੇ ਬੇਬੀ ਕਾਰਫ਼ਰਮਾ
ਪੰਨੇ : 47
ਮੁੱਲ : 50/-
ਹਿੰਦੀ ਸਮੇਤ ਹੋਰਨਾਂ ਭਾਸ਼ਾਵਾਂ ਵਿੱਚ ਸਾਹਿਤਕ ਕਾਰਜ ਕਰਨ ਵਾਲੇ ਲੇਖਕਾਂ ਦਾ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਇੱਕ ਕੋਸ਼ ਹੈ – ‘ਇੰਟਰਨੈਸ਼ਨਲ ਲਿਟਰੇਰੀ ਡਾਇਰੈਕਟਰੀ’, ਜਿਸਨੂੰ ਅੰਜੂ ਖਰਬੰਦਾ ਅਤੇ ਬੇਬੀ ਕਾਰਫ਼ਰਮਾ ਨੇ ਬੜੀ ਮਿਹਨਤ ਨਾਲ ਤਿਆਰ ਕੀਤਾ ਹੈ। ਸੰਪਾਦਕਾਂ ਵੱਲੋਂ ਹਰ ਲੇਖਕ ਨੂੰ ਇੱਕ ਪਰਫਾਰਮੇ ਵਿੱਚ ਨਾਮ, ਪਤਾ, ਸੰਪਰਕ ਨੰ., ਭਾਸ਼ਾ, ਵਿਸ਼ਾ, ਸਰਕਾਰੀ ਇਨਾਮ, ਕਿਤਾਬਾਂ ਦੀ ਗਿਣਤੀ ਆਦਿ ਭੇਜਣ ਲਈ ਕਿਹਾ ਗਿਆ, ਜਿਸਨੂੰ ਪਿੱਛੋਂ ਇੱਕ ਪੁਸਤਕ ਦੇ ਰੂਪ ਵਿੱਚ ਸੰਪਾਦਿਤ ਕਰ ਦਿੱਤਾ ਗਿਆ। ਇਹ ਪੁਸਤਕ ਨਵੀਂ ਦਿੱਲੀ ਵਿਖੇ ਫ਼ਰਵਰੀ 2025 ਨੂੰ ਅੰਤਰਰਾਸ਼ਟਰੀ ਪੁਸਤਕ ਮੇਲੇ ਵਿੱਚ ਰੀਲੀਜ਼ ਕੀਤੀ ਗਈ। ਇਸ ਵਿੱਚ ਅੰਗਰੇਜ਼ੀ ਦੇ ਏ ਬੀ ਸੀ ਅੱਖਰ-ਕ੍ਰਮ ਰਾਹੀਂ ਵਿਭਿੰਨ ਰਾਜਾਂ ਦੇ ਲੇਖਕਾਂ ਨੂੰ ਸ਼ਾਮਲ ਕੀਤਾ ਗਿਆ ਹੈ (ਜਿਵੇਂ ਏ ਦੇ ਅਧੀਨ ਆਸਾਮ, ਬੀ ਅਧੀਨ ਬਿਹਾਰ, ਡੀ ਅਧੀਨ ਦਿੱਲੀ ਆਦਿ …)। ਪਹਿਲੇ ਨੰ. ਤੇ ਆਸਾਮ ਅਤੇ ਅੰਤ ਵਿੱਚ ਵੈਸਟ ਬੰਗਾਲ ਦੇ ਲੇਖਕ ਦਰਜ ਹਨ। ਕਿਤਾਬ ਵਿੱਚ 15 ਰਾਜਾਂ ਅਤੇ ਅੰਤ ਵਿੱਚ 5 ਦੇਸ਼ਾਂ (ਆਸਟ੍ਰੇਲੀਆ, ਨੇਪਾਲ, ਯੂਨਾਇਟਡ ਕਿੰਗਡਮ, ਯੂਏਈ, ਯੂਐੱਸ) ਦੇ 117+07=118 ਲੇਖਕਾਂ ਦੇ ਨਾਂ, ਪਤੇ ਸ਼ਾਮਲ ਹਨ।
ਸੁੰਦਰ ਕਾਗਜ਼ ਤੇ ਛਪੀ ਇਸ ਪੁਸਤਕ ਦੇ ਸਰਵਰਕ ਤੇ ਸਵਸਤਿਕ ਚਟੋਪਾਧਿਆਏ ਦੀ ਖੂਬਸੂਰਤ/ਕਲਾਤਮਕ ਪੇਂਟਿੰਗ ਪ੍ਰਕਾਸ਼ਿਤ ਕੀਤੀ ਗਈ ਹੈ। ਪੁਸਤਕ ਵਿੱਚ ਸਭ ਤੋਂ ਵੱਧ (22) ਲੇਖਕ ਯੂਪੀ ਰਾਜ ਦੇ ਹਨ, ਇੱਕ-ਇੱਕ ਲੇਖਕ ਤਾਂ ਕਈ ਰਾਜਾਂ/ਦੇਸ਼ਾਂ (ਆਸਾਮ, ਓਡਿਸ਼ਾ, ਤਾਮਿਲਨਾਡੂ, ਆਸਟ੍ਰੇਲੀਆ, ਨੇਪਾਲ, ਯੂਕੇ, ਯੂਏਈ) ਦੇ ਹਨ। ਪੁਸਤਕ ਦੇ ਅੰਤਿਮ ਸਰਵਰਕ ਤੇ ਸੰਪਾਦਕਾਂ ਦਾ ਸੰਖਿਪਤ ਪਰਿਚੈ ਹੈ, ਜੋ ਕਿ ਪੁਸਤਕ ਦੇ ਅੰਦਰ ਵੀ ਦਰਜ ਹੈ।
ਪਹਿਲੀ ਕੋਸ਼ਿਸ਼ ਹੋਣ ਕਰਕੇ ਇਸ ਵਿੱਚ ਕੁਝ ਉਕਾਈਆਂ ਰਹਿ ਗਈਆਂ ਹਨ, ਜਿਵੇਂ ਮੁੱਢ ਵਿੱਚ ਤਤਕਰਾ ਨਹੀਂ ਦਿੱਤਾ ਗਿਆ। ਪਾਠਕ ਨੂੰ ਆਪਣਾ ਪਸੰਦੀਦਾ ਲੇਖਕ ਲੱਭਣ ਲਈ ਪੂਰੀ ਕਿਤਾਬ ਫਰੋਲਣੀ ਪੈਂਦੀ ਹੈ। ਚਾਹੀਦਾ ਸੀ ਕਿ ਤਤਕਰਾ ਵਿੱਚ ਰਾਜਾਂ/ਦੇਸ਼ਾਂ ਦੇ ਨਾਂ ਲਿਖ ਕੇ ਹੇਠਾਂ ਲੇਖਕਾਂ ਦੇ ਨਾਂ ਅਤੇ ਪੰਨਾ ਨੰ. ਦਰਜ ਕੀਤੇ ਜਾਂਦੇ। ਕਿਤੇ ਕਿਤੇ ਸ਼ਬਦਜੋੜ ਵੀ ਸਹੀ ਨਹੀਂ ਹਨ। ਕਿਸੇ ਲੇਖਕ ਨੇ ਸਰਕਾਰੀ ਇਨਾਮ ਵਿੱਚ ‘ਨੋ’ ਲਿਖਿਆ ਹੈ, ਕਿਸੇ ਨੇ ‘ਨਨ’; ਇਹਨੂੰ ਇਸੇ ਤਰ੍ਹਾਂ ਛਾਪ ਦਿੱਤਾ ਗਿਆ ਹੈ। ਪੁਸਤਕ ਉੱਤੇ ਕਿਸੇ ਪ੍ਰਕਾਸ਼ਕ ਦਾ ਨਾਂ ਨਹੀਂ ਦਿੱਤਾ ਗਿਆ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਸਾਰੇ ਹੀ ਲੇਖਕਾਂ ਦੀ ਇਹ ਮੁਕੰਮਲ ਡਾਇਰੈਕਟਰੀ ਹੈ, ਤਾਂ ਵੀ ਸ਼ਾਇਦ ਪਹਿਲੀ ਐਡੀਸ਼ਨ ਹੋਣ ਕਰਕੇ ਸੰਖਿਪਤ ਰਹਿ ਗਈ ਹੈ। ਆਉਣ ਵਾਲੇ ਸਮੇਂ ਵਿੱਚ ਇਸ ਵਿੱਚ ਹੋਰ ਵਾਧਾ ਤੇ ਸੋਧ ਕੀਤੇ ਜਾਣ ਦੀ ਸੰਭਾਵਨਾ ਹੈ।
~ ਰੀਵਿਊਕਾਰ : ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)