ਭਵਿੱਖ ਬਾਣੀ ਕਰਨ ਵਾਲ਼ੇ ‘ਬਾਬੇ’ ਨੇ ਦੱਸਿਆ ‘ਗੁਪਤੀ-ਮੰਤਰ’ ਇਲਾਕੇ ਵਿੱਚ ਇਕ ਸੰਤ ਦੀ ਬੜੀ ਮਸ਼ਹੂਰੀ ਸੀ ਕਿ ਉਹ ਉੰਗਲ਼ੀਆਂ ਦੇ ਇਸ਼ਾਰੇ ਨਾਲ ਭਵਿੱਖ ਦੱਸਦਾ ਹੈ!ਤਿੰਨ ਮੁੰਡੇ ਪੇਪਰ ਦੇ ਕੇ ਉਸ ਸੰਤ ਕੋਲ ਚਲੇ ਗਏ।ਪੁੱਛਿਆ ਕਿ ਬਾਬਾ ਜੀ ਅਸੀਂ ਪਾਸ ਹੋਵਾਂ ਗੇ ਕਿ ਫੇਲ੍ਹ ?ਬਾਬੇ ਨੇ ਇਸ਼ਾਰੇ ਮਾਤਰ ਇੱਕ ਉੰਗਲੀ ‘ਤਾਂਹ ਨੂੰ ਖੜ੍ਹੀ ਕਰ ਦਿੱਤੀ !
ਕੁੱਝ ਦਿਨਾਂ ਬਾਅਦ ਨਤੀਜਾ ਆਇਆ ਤਾਂ ਤਿੰਨੋਂ ਮੁੰਡੇ ਲੱਡੂਆਂ ਦੇ ਡੱਬੇ ਲੈ ਕੇ ਬਾਬੇ ਦੇ ਚਰਨਾਂ ‘ਚ ਜਾ ਪਹੁੰਚੇ ਕਿਉਂ ਕਿ ਉਹ ਤਿੰਨੇਂ ਜਣੇ ਪਾਸ ਹੋ ਗਏ ਸਨ!ਖੁਸ਼ੀ ‘ਚ ਖੀਵੇ ਹੋਏ ਤਿੰਨੇਂ ਈ ਬਾਬੇ ਨੂੰ ਕਹਿੰਦੇ ਕਿ ਤੁਸੀਂ ਇੱਕ ਉੰਗਲ਼ੀ ਖੜ੍ਹੀ ਕਰਕੇ ਸਾਡਾ ਤੇਹਾਂ 6ਦਾ ਇੱਕੋ ਜਿਹਾ ਨਤੀਜਾ ਆਉਣ ਦੀ ਪੇਸ਼ੀਨਗੋਈ ਕਰ’ਤੀ ਸੀ,ਜੋ ਸੌ ਪ੍ਰਤੀਸ਼ਤ ਸੱਚ ਸਾਬਤ ਹੋਈ ਹੈ ਜੀ!!
ਉਨ੍ਹਾਂ ‘ਚੋਂ ਦੋ ਮੁੰਡੇ ਤਾਂ ਬਾਬੇ ਦਾ ਸ਼ੁਕਰਾਨਾ ਕਰਕੇ ਘਰਾਂ ਨੂੰ ਚਲੇ ਗਏ ਪਰ ਇਕ ਜਣਾ ਬਾਬੇ ਦੇ ਖਹਿੜੇ ਪੈ ਗਿਆ ਅਖੇ ਮਹਾਰਾਜ ਜੀ! ਮੈਂ ਨੀ ਹੁਣ ਕੋਈ ਹੋਰ ਪੜ੍ਹਾਈ ਕਰਨੀਂ,ਬਸ ਮੈਨੂੰ ਤਾਂ ਭਵਿੱਖ ਜਾਨਣ ਦੀ ਵਿੱਦਿਆ ਸਿਖਾ ਦਿਉ !!
ਪਹਿਲਾਂ ਤਾਂ ਬਾਬਾ ਟਾਲ਼ੇ-ਬੁੱਤੇ ਜਿਹੇ ਕਰੀ ਗਿਆ ਪਰ ਜਦ ਮੁੰਡਾ ਖਹਿੜੇ ਈ ਪੈ ਗਿਆ ਤਾਂ ਉਹ ਕਹਿੰਦਾ-
“ਕਾਕਾ ਇਹ ‘ਇਕ ਉੰਗਲ਼ੀ’ ਦਾ ਹੀ ਖੇਡ੍ਹ ਹੈ !ਇਹ ਸ਼ਰਧਾਲੂਆਂ ਦੀ ‘ਮੰਦ-ਬੁੱਧੀ’ ਹੀ ਮੇਰੀ ਇੱਕ ਉੰਗਲ਼ੀ ਦੇ ਆਪੋ ਆਪਣੇ ਅਰਥ ਕੱਢ ਲੈਂਦੀ ਐ !
ਪਾਸ ਹੋਣ ਦੀ ਥਾਂਹ ਜੇ ਤੁਸੀਂ ਤਿੰਨੋਂ ਫੇਲ੍ਹ ਹੋ ਜਾਂਦੇ ਤਾਂ ਵੀ ਤੁਸੀਂ ਤਿੰਨਾਂ ਨੇ ਸੋਚ ਲੈਣਾ ਸੀ ਬਾਬਾ ਜੀ ਦਾ ਇਸ਼ਾਰਾ ਸਾਡੇ ਤਿੰਨਾਂ ਲਈ ਸੱਚਾ ਹੋ ਗਿਆ…….!”
ਬਾਬੇ ਨੂੰ ਟੋਕਦਿਆਂ ਮੁੰਡਾ ਕਹਿੰਦਾ-‘ਜੀ ਜੇ ਸਾਡੇ ‘ਚੋਂ ਦੋ ਜਣੇ ਪਾਸ ਜਾਂ ਦੋ ਫੇਲ੍ਹ ਹੁੰਦੇ ਫਿਰ ? ਫਿਰ ਤੁਹਾਡੀ ਇੱਕ ਉੰਗਲ਼ੀ ਖੜ੍ਹੀ ਕਰਨ ਦਾ ਕੀ ਬਣਦਾ ?’
ਹੱਸ ਕੇ ਬਾਬਾ ਕਹਿੰਦਾ-“ਫਿਰ ਫੇਲ੍ਹ/ਪਾਸ ਹੋਏ,ਇਕ ਜਣੇ ਨੇ ਮੇਰਾ ਪੈਰਾਂ ‘ਚ ਆ ਬਹਿਣਾ ਸੀ !”
ਮਾਸਟਰ ਪਰਮਵੇਦ
ਤਰਕਸ਼ੀਲ ਆਗੂ
ਤਰਕਸ਼ੀਲ ਸੁਸਾਇਟੀ ਪੰਜਾਬ
9417422349
