ਆਵਣ ਭਾਵੇਂ ਲੱਖ ਮੁਸ਼ਕਿਲਾਂ, ਛੱਡਣਾ ਨਾ ਉਮੀਦ ਕਦੇ।
ਲੰਘ ਜਾਵੇ ਉਹ ਮੁੱਖ ਛੁਪਾ ਕੇ, ਆਖਰ ਹੋਸੀ ਦੀਦ ਕਦੇ।
ਯਾਰੜੇ ਨੇ ਹੋ ਜਾਣਾ ਮੇਰਾ, ਆਵੇਗੀ ਉਹ ਈਦ ਕਦੇ।
ਸਭ ਦੀ ਝੋਲੀ ਮੌਲਾ ਭਰਦਾ, ਬਣ ਕੇ ਵੇਖ ਮੁਰੀਦ ਕਦੇ।
ਵੱਲ ਆ ਜਾਣਾ ਮੁੱਲ ਕਰਨ ਦਾ, ਜੇ ਤੂੰ ਕਰੇਂ ਖਰੀਦ ਕਦੇ।
ਡਰ ਨਾ ਐਵੇਂ ਤਰਮੀਮਾਂ ਤੋਂ, ਹੋਵੇਗੀ ਤਾਈਦ ਕਦੇ।
ਸਦੀ ਉੱਨੀ ਦਾ ਜਾਇਆ ਭਾਵੇਂ, ਬਣਨਾ ਅਸੀਂ ਜਦੀਦ ਕਦੇ।
ਅੱਤਵਾਦੀ ਜੋ ਨਾਇਕ ਨੇ ਅੱਜ, ਦਰਜਾ ਮਿਲੂ ਸ਼ਹੀਦ ਕਦੇ।
ਅੱਜ ਨਹੀਂ ਤਾਂ ਕੱਲ੍ਹ ਦਿੱਸੇਗਾ, ਚਮਕੂ ਵਾਂਗ ਨਾਹੀਦ ਕਦੇ।
ਕਿਹਾ ਹੁੰਦਾ ਤਾਂ ਕਿਉਂ ਨਾ ਮਿਲਦਾ, ਕੀਤੀ ਨਾ ਤਾਕੀਦ ਕਦੇ।
ਆਖਰ ਸ਼ੁਹਦੇ ਅੱਜ ਕੀ ਕੀਤਾ, ਕੀਤੀ ਨਾ ਤਰਦੀਦ ਕਦੇ।
‘ਨਵ ਸੰਗੀਤ’ ਤੇ ਰੱਖ ਭਰੋਸਾ, ਵੇਖੀਂ ਬਣੂੰ ਸ਼ਦੀਦ ਕਦੇ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)