ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਰਾਜਪਾਲ ਸਿੰਘ ਤੋਂ ਏ. ਆਈ. ਭਾਵ ਮਸ਼ੀਨੀ ਬੁੱਧੀ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਏ. ਆਈ. ਅੰਗਰੇਜ਼ੀ ਸ਼ਬਦ Artificial Intelligence ਦਾ ਸੰਖੇਪ ਰੂਪ ਹੈ। ਪੰਜਾਬੀ ਵਿੱਚ ਇਸ ਲਈ ਮਸ਼ੀਨੀ ਬੁੱਧੀ, ਮਸਨੂਈ ਬੁੱਧੀ, ਬਨਾਵਟੀ ਬੁੱਧੀ ਵਰਗੇ ਸ਼ਬਦ ਵਰਤੇ ਜਾ ਰਹੇ ਹਨ। ਇਹ ਕੰਪਿਊਟਰ ਵਿਗਿਆਨ ਦੀ ਇੱਕ ਸ਼ਾਖਾ ਹੈ ਜੋ ਮਸ਼ੀਨਾਂ ਨੂੰ ਮਨੁੱਖੀ ਬੁੱਧੀ ਵਰਗੇ ਕੰਮ ਕਰਨ ਦੇ ਸਮਰੱਥ ਬਣਾਉਂਦੀ ਹੈ। ਇਸ ਵਿੱਚ ਕੁਝ ਨਵਾਂ ਸਿੱਖਣ, ਭਾਸ਼ਾ ਨੂੰ ਸਮਝਣ, ਪੇਸ਼ ਕੀਤੀ ਸਮੱਸਿਆ ਨੂੰ ਹੱਲ ਕਰਨਾ ਅਤੇ ਫੈਸਲੇ ਲੈਣ ਵਰਗੀਆਂ ਸਮਰੱਥਾਵਾਂ ਸ਼ਾਮਲ ਹਨ। ਵੈਸੇ ਤਾਂ ਏ.ਆਈ. ਕਿਸੇ ਇੱਕ ਵਿਅਕਤੀ ਦੀ ਕਾਢ ਨਹੀਂ ਹੈ ਕਿਉਂਕਿ ਇਹ ਤਾਂ ਕੰਪਿਊਟਰ ਤੇ ਇੰਟਰਨੈੱਟ ਦੇ ਵਿਕਾਸ ਦੇ ਨਾਲ ਨਾਲ ਹੀ ਵਿਕਸਿਤ ਹੋ ਰਹੀ ਹੈ, ਇਸ ਵਿੱਚ ਹਜ਼ਾਰਾਂ ਕੰਪਿਊਟਰ ਵਿਗਿਆਨੀਆਂ ਦਾ ਯੋਗਦਾਨ ਹੈ। ਪਰ ਫਿਰ ਵੀ ਜੌਹਨ ਮੈਕਾਰਥੀ ਨੂੰ ਏ.ਆਈ. ਦਾ ਪਿਤਾਮਾ ਕਿਹਾ ਜਾਂਦਾ ਹੈ। ਜੋਹਨ ਮੈਕਾਰਥੀ ਨੇ 1955 ਵਿੱਚ ਸੋਚਣ ਵਾਲੀਆਂ ਮਸ਼ੀਨਾਂ ਬਾਰੇ ਇੱਕ ਵਰਕਸ਼ਾਪ ਆਯੋਜਿਤ ਕੀਤੀ ਅਤੇ ਉਸਨੇ ਹੀ ਪਹਿਲੀ ਵਾਰ ਏ. ਆਈ. ਸ਼ਬਦ ਵਰਤਿਆ।
ਏ.ਆਈ. ਜਾਂ ਮਸ਼ੀਨੀ ਬੁੱਧੀ ਕਿਵੇਂ ਕੰਮ ਕਰਦੀ ਹੈ?
ਇਸ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਮਨੁੱਖੀ ਬੁੱਧੀ ਕਿਵੇਂ ਕੰਮ ਕਰਦੀ ਹੈ। ਮਨੁੱਖ ਦੇ ਜਨਮ ਸਮੇਂ ਤੋਂ ਹੀ ਉਸ ਦੀਆਂ ਗਿਆਨ ਇੰਦਰੀਆਂ ਰਾਹੀਂ ਹਰ ਰੋਜ਼ ਬਹੁਤ ਸਾਰੀ ਜਾਣਕਾਰੀ ਉਸ ਦੇ ਦਿਮਾਗ ਵਿੱਚ ਜਮਾਂ ਹੁੰਦੀ ਰਹਿੰਦੀ ਹੈ। ਦਿਮਾਗ ਵਿੱਚ ਅਰਬਾਂ ਨਿਊਰਾਨ ਸੈਲ ਹਨ, ਜੋ ਆਪਣੇ ਵਿੱਚ ਇਹ ਜਾਣਕਾਰੀ ਸੰਭਾਲ ਕੇ ਰੱਖਦੇ ਹਨ। ਮਨੁੱਖ ਇਸ ਜਾਣਕਾਰੀ ਦੇ ਆਧਾਰ ਉੱਤੇ ਹੀ ਭਾਸ਼ਾ ਨੂੰ ਸਮਝਦਾ ਹੈ, ਸਮੱਸਿਆਵਾਂ ਨੂੰ ਜਾਣਦਾ ਹੈ, ਨਵੀਆਂ ਗੱਲਾਂ ਸੋਚਦਾ ਹੈ ਅਤੇ ਫੈਸਲੇ ਕਰਦਾ ਹੈ। ਮਸ਼ੀਨੀ ਬੁੱਧੀ ਵਿੱਚ ਇਹ ਜਾਣਕਾਰੀ ਕੰਪਿਊਟਰ ਵਿੱਚ ਜਮਾਂ ਹੁੰਦੀ ਹੈ, ਜਿਸ ਨੂੰ ਡਾਟਾ ਕਿਹਾ ਜਾਂਦਾ ਹੈ। ਹਰ ਪਲ ਦੁਨੀਆਂ ਦੇ ਲੱਖਾਂ ਕੰਪਿਊਟਰਾਂ ਵਿੱਚ ਨਵੀਂ ਨਵੀਂ ਜਾਣਕਾਰੀ ਟੈਕਸਟ ਜਾਂ ਆਡੀਓ ਵੀਡੀਓ ਫਾਈਲਾਂ ਦੇ ਰੂਪ ਵਿੱਚ ਪੈਂਦੀ ਰਹਿੰਦੀ ਹੈ। ਇੰਟਰਨੈੱਟ ਨਾਲ ਇਹ ਸਾਰਾ ਡਾਟਾ ਕਿਤੇ ਵੀ ਵਰਤਿਆ ਜਾ ਸਕਦਾ ਹੈ। ਏ.ਆਈ. ਕੰਪਿਊਟਰਾਂ ਅਤੇ ਇੰਟਰਨੈੱਟ ਉੱਤੇ ਪਏ ਇਸ ਡਾਟੇ ਨੂੰ ਵਰਤ ਕੇ ਹੀ ਕੰਮ ਕਰਦੀ ਹੈ। ਏ.ਆਈ. ਦਾ ਕੰਪਿਊਟਰ ਜਾਂ ਇੰਟਰਨੈੱਟ ਦੀ ਵਰਤੋਂ ਨਾਲੋਂ ਵੱਡਾ ਫਰਕ ਇਹ ਹੈ ਕਿ ਇਹ ਇਸ ਡਾਟੇ ਨੂੰ ਵਰਤ ਕੇ ਨਵੇਂ ਸਿੱਟੇ ਕੱਢ ਸਕਦੀ ਹੈ, ਖੁਦ ਫੈਸਲੇ ਕਰ ਸਕਦੀ ਹੈ ਜਦ ਕਿ ਕੰਪਿਊਟਰ ਉਸ ਨੂੰ ਚਲਾਉਣ ਵਾਲੇ ਮਨੁੱਖ ਵੱਲੋਂ ਦਿੱਤੀਆਂ ਹਦਾਇਤਾਂ ‘ਤੇ ਹੀ ਕੰਮ ਕਰਦਾ ਹੈ। ਪਹਿਲਾਂ ਜੋ ਮਸ਼ੀਨਾਂ ਬਣੀਆਂ, ਜਿਵੇਂ ਭਾਫ-ਇੰਜਨ, ਡੀਜ਼ਲ-ਇੰਜਨ, ਮੋਟਰਾਂ ਅਤੇ ਬਿਜਲੀ ਨਾਲ ਚੱਲਣ ਵਾਲੇ ਅਨੇਕਾਂ ਯੰਤਰ, ਇਨ੍ਹਾਂ ਸਭ ਨੇ ਮਨੁੱਖ ਦੀ ਸਰੀਰਕ ਮੁਸ਼ੱਕਤ ਨੂੰ ਘਟਾਇਆ ਸੀ। ਜੋ ਕੰਮ ਪਹਿਲਾਂ ਮਨੁੱਖ ਆਪਣੇ ਹੱਥਾਂ ਨਾਲ ਜਾਂ ਪਸ਼ੂਆਂ ਦੀ ਮਦਦ ਨਾਲ ਕਰਦਾ ਸੀ, ਉਹੀ ਕੰਮ ਮਸ਼ੀਨਾਂ ਵੱਧ ਤਾਕਤ ਅਤੇ ਵੱਧ ਤੇਜੀ ਨਾਲ ਕਰਨ ਲੱਗੀਆਂ। ਫਿਰ ਜਦ ਕੈਲਕੂਲੇਟਰ ਜਾਂ ਕੰਪਿਊਟਰ ਆਏ ਤਾਂ ਉਹਨਾਂ ਨੇ ਬੌਧਿਕ ਕੰਮ ਜਿਵੇਂ ਕੋਈ ਵੀ ਹਿਸਾਬ ਕਿਤਾਬ ਕਰਨ ਸਮੇਂ ਜੋੜ, ਘਟਾਓ, ਗੁਣਾ, ਤਕਸੀਮ ਕਰਨ ਦਾ ਕੰਮ ਸਾਂਭ ਲਿਆ। ਸੈਂਕੜੇ ਰਕਮਾਂ ਦਾ ਜੋੜ ਮਿੰਟਾਂ ਸਕਿੰਟਾਂ ਵਿੱਚ ਹੋਣ ਲੱਗਾ ਅਤੇ ਹੋਰ ਵੀ ਗੁੰਝਲਦਾਰ ਗਣਨਾਵਾਂ ਇਨ੍ਹਾਂ ਦੀ ਮਦਦ ਨਾਲ ਹੋਣ ਲੱਗੀਆਂ। ਪਰ ਦਿਮਾਗੀ ਕੰਮ ਕੇਵਲ ਅੰਕੜਿਆਂ ਦਾ ਹਿਸਾਬ ਕਿਤਾਬ ਕਰਨ ਤੱਕ ਸੀਮਤ ਨਹੀਂ ਹੁੰਦਾ। ਮਨੁੱਖੀ ਜ਼ਿੰਦਗੀ ਵਿੱਚ ਵੀ ਅਤੇ ਸਮਾਜ ਅੱਗੇ ਵੀ ਅਨੇਕਾਂ ਸਵਾਲ ਹਨ, ਜਿਨ੍ਹਾਂ ਦਾ ਜਵਾਬ ਲੱਭਣ ਲਈ ਮਨੁੱਖ ਨੂੰ ਸੋਚਣ ਵਿਚਾਰਨ ਵਾਲੀ ਦਿਮਾਗੀ ਮਿਹਨਤ ਦੀ ਲੋੜ ਪੈਂਦੀ ਹੈ। ਏ.ਆਈ. ਮਨੁੱਖੀ ਬੁੱਧੀ ਦੁਆਰਾ ਕੀਤੇ ਜਾਂਦੇ ਅਜਿਹੇ ਕਾਰਜਾਂ ਨੂੰ ਵੀ ਕਰਨ ਦੇ ਕਾਬਲ ਹੋ ਰਹੀ ਹੈ ਕਿਉਂਕਿ ਇਹ ਸਾਧਾਰਨ ਹਿਸਾਬ ਕਿਤਾਬ ਤੋਂ ਅੱਗੇ ਸੋਚ ਵਿਚਾਰ ਕਰਕੇ ਹੋਰ ਫੈਸਲੇ ਲੈਣ ਦੇ ਵੀ ਸਮਰੱਥ ਹੈ।ਏ.ਆਈ. ਦੀ ਇਸ ਸਮਰੱਥਾ ਨੂੰ ਇੱਕ ਉਦਾਹਰਣ ਰਾਹੀਂ ਸਮਝਿਆ ਜਾ ਸਕਦਾ ਹੈ- ਮੰਨ ਲਵੋ ਕਿ ਤੁਸੀਂ ਨਵਾਂ ਮੋਬਾਈਲ ਫੋਨ ਲੈਣਾ ਹੈ ਤਾਂ ਤੁਸੀਂ ਆਪਣੀਆਂ ਲੋੜਾਂ, ਬੱਜਟ ਅਤੇ ਵਰਤੋਂ ਦੱਸ ਕੇ ਏ.ਆਈ. ਤੋਂ ਪੁੱਛ ਸਕਦੇ ਹੋ ਕਿ ਤੁਹਾਡੇ ਲਈ ਕਿਹੜਾ ਫੋਨ ਸੈਟ ਖਰੀਦਣਾ ਠੀਕ ਰਹੇਗਾ। ਫੋਨ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਆਪਣੇ ਹਰ ਮਾਡਲ ਦੇ ਸੈੱਟ ਦੀਆਂ ਖੂਬੀਆਂ ਤੇ ਕੀਮਤਾਂ ਇੰਟਰਨੈੱਟ ਉੱਤੇ ਪਾਈਆਂ ਹੁੰਦੀਆਂ ਹਨ। ਏ.ਆਈ. ਇੰਟਰਨੈੱਟ ਤੋਂ ਹਰ ਤਰ੍ਹਾਂ ਦੇ ਫੋਨ ਸੈੱਟਾਂ ਦਾ ਡਾਟਾ ਖੰਘਾਲ ਕੇ ਤੁਹਾਡੀ ਰੇਂਜ ਅਤੇ ਲੋੜਾਂ ਅਨੁਸਾਰ ਫੋਨ ਸੈੱਟ ਸਿਫਾਰਸ਼ ਕਰ ਦੇਵੇਗਾ। ਤੁਹਾਨੂੰ ਸਾਰੀਆਂ ਕੰਪਨੀਆਂ ਦੇ ਸ਼ੋਅ-ਰੂਮਾਂ ਉੱਤੇ ਜਾ ਕੇ ਹਰ ਫੋਨ ਸੈੱਟ ਬਾਰੇ ਪੁੱਛ-ਗਿੱਛ ਕਰਨ ਦੀ ਲੋੜ ਨਹੀਂ ਪਵੇਗੀ।ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਏ.ਆਈ. ਵੱਲੋਂ ਸਿਫਾਰਸ਼ ਕੀਤਾ ਫੋਨ ਸੈੱਟ ਸੱਚਮੁੱਚ ਹੀ ਤੁਹਾਡੇ ਲਈ ਵਧੀਆ ਹੋਵੇਗਾ। ਇਥੇ ਹੀ ਏ.ਆਈ. ਦੀ ਸੀਮਾ ਆ ਜਾਂਦੀ ਹੈ ਕਿ ਉਸਨੇ ਤਾਂ ਜੋ ਇੰਟਰਨੈੱਟ ਉੱਤੇ ਡਾਟਾ ਪਿਆ ਹੈ ਉਸੇ ਦੇ ਆਧਾਰ ਉੱਤੇ ਫੈਸਲਾ ਲੈਣਾ ਹੈ। ਕੰਪਨੀਆਂ ਨੈੱਟ ਉੱਤੇ ਆਪਣੇ ਫੋਨ ਬਾਰੇ ਗਲਤ ਜਾਣਕਾਰੀ ਪਾ ਸਕਦੀਆਂ ਹਨ, ਆਪਣੇ ਸੈੱਟ ਦੀ ਪ੍ਰਸੰਸਾ ਵਿੱਚ ਖਰੀਦਦਾਰਾਂ ਦੇ ਜਾਅਲੀ ਰਿਵਿਊ ਪਾ ਸਕਦੀਆਂ ਹਨ।ਇਸ ਇਕ ਉਦਾਹਰਨ ਤੋਂ ਏ.ਆਈ. ਦੇ ਲਾਭਾਂ ਅਤੇ ਖਤਰਿਆਂ ਦੋਹਾਂ ਦਾ ਅਭਾਸ ਹੋ ਜਾਂਦਾ ਹੈ। ਜੇ ਮਸ਼ੀਨੀ ਬੁੱਧੀ ਨਾਲ ਚਲਣ ਵਾਲੇ ਕਿਸੇ ਵੀ ਰੋਬੋਟ ਜਾਂ ਕਿਸੇ ਮਸ਼ੀਨ ਵਿੱਚ ਗਲਤ ਡਾਟਾ ਭਰ ਦਿੱਤਾ ਜਾਂਦਾ ਹੈ ਤਾਂ ਉਸ ਨਾਲ ਵਰਤਣ ਵਾਲੇ ਦਾ ਜਾਂ ਸਮੂਹ ਭਾਈਚਾਰੇ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਜੇ ਡਾਟਾ ਸਹੀ ਹੈ ਤਾਂ ਮਸ਼ੀਨੀ ਬੁੱਧੀ ਦਾ ਫੈਸਲਾ ਵੀ ਸਹੀ ਹੋਵੇਗਾ ਕਿਉਂਕਿ ਉਹ ਵੱਡੇ ਡਾਟੇ ਦਾ ਵਿਸ਼ਲੇਸ਼ਣ ਕਰ ਸਕਦੀ ਹੈ ਅਤੇ ਉਸ ਦੇ ਫੈਸਲੇ ਵਿੱਚ ਭਾਵਨਾਵਾਂ ਦਾ ਕੋਈ ਦਖਲ ਨਹੀਂ ਹੋਵੇਗਾ। ਪਰ ਜਿੱਥੋਂ ਤੱਕ ਗਲਤ ਡਾਟੇ ਦਾ ਸਵਾਲ ਹੈ, ਇਹ ਗੱਲ ਤਾਂ ਮਨੁੱਖਾਂ ਨਾਲ ਵੀ ਵਾਪਰਦੀ ਹੈ ਕਿ ਜਦ ਮਨੁੱਖ ਗਲਤ ਮਾਹੌਲ ਵਿੱਚ ਪਲਦਾ ਹੈ, ਉਸ ਨੂੰ ਝੂਠੀਆਂ ਸੂਚਨਾਵਾਂ ਦਿੱਤੀਆਂ ਜਾਂਦੀਆਂ ਹਨ, ਉਸ ਦੇ ਮਨ ਵਿਚ ਕਿਸੇ ਵਿਅਕਤੀ, ਵਰਗ ਜਾਂ ਫਿਰਕੇ ਪ੍ਰਤੀ ਨਫਰਤ ਭਰੀ ਜਾਂਦੀ ਹੈ ਤਾਂ ਉਸਦੇ ਫੈਸਲੇ ਵੀ ਗਲਤ ਅਤੇ ਹਾਨੀਕਾਰਕ ਹੁੰਦੇ ਹਨ। ਸੋ ਗਲਤ ਜਾਣਕਾਰੀ ਤਾਂ ਭਾਂਵੇਂ ਮਨੁੱਖਾਂ ਵਿੱਚ ਭਰੀ ਜਾਵੇ ਅਤੇ ਚਾਹੇ ਕੰਪਿਊਟਰਾਂ ਵਿੱਚ ਉਸ ਨੇ ਨੁਕਸਾਨ ਕਰਨਾ ਹੀ ਹੈ ਪਰ ਏ.ਆਈ. ਨੇ ਉਨ੍ਹਾਂ ਮਸ਼ੀਨਾਂ ਨੂੰ ਕੰਟਰੋਲ ਕਰਨਾ ਹੈ ਜੋ ਮਨੁੱਖ ਨਾਲੋਂ ਕਿਤੇ ਵੱਧ ਤਾਕਤਵਰ ਹਨ ਜਿਸ ਕਰਕੇ ਏ.ਆਈ. ਵੱਲੋਂ ਗਲਤ ਫੈਸਲੇ ਲਏ ਜਾਣ ਨਾਲ ਹੋਣ ਵਾਲੀ ਤਬਾਹੀ ਦੇ ਖਤਰੇ ਵੱਡੇ ਹਨ।
ਇਕ ਹੋਰ ਖਤਰਾ ਜੋ ਅਕਸਰ ਪੇਸ਼ ਕੀਤਾ ਜਾਂਦਾ ਹੈ ਕਿ ਕੀ ਏ.ਆਈ. ਨਾਲ ਚੱਲਣ ਵਾਲੀਆਂ ਮਸ਼ੀਨਾਂ, ਖਾਸ ਕਰ ਰੋਬੋਟ ਵਗੈਰਾ, ਐਨੇ ਵਿਕਸਿਤ ਤਾਂ ਨਹੀਂ ਹੋ ਜਾਣਗੇ ਕਿ ਉਹ ਮਨੁੱਖ ਨੂੰ ਹੀ ਆਪਣੇ ਗੁਲਾਮ ਬਣਾ ਲੈਣ। ਇਸ ਬਾਰੇ ਵੈਸੇ ਤਾਂ ਮਾਹਿਰਾਂ ਦੀ ਰਾਏ ਅਲੱਗ ਅਲੱਗ ਹੈ ਪਰ ਅਜਿਹਾ ਵਾਪਰਨ ਦੀ ਸੰਭਾਵਨਾ ਘੱਟ ਹੀ ਜਾਪਦੀ ਹੈ ਕਿ ਉਹ ਮਨੁੱਖਾਂ ਦੇ ਹੁਕਮ ਮੰਨਣੇ ਛੱਡ ਕੇ ਉਹਨਾਂ ਨੂੰ ਆਪਣੇ ਗੁਲਾਮ ਬਣਾ ਲੈਣਗੇ। ਕਿਉਂਕਿ ਏ.ਆਈ. ਨੂੰ ਜੋ ਮੂਲ ਹਦਾਇਤਾਂ ਜਾਂ ਡਾਟਾ ਦੇਣਾ ਹੈ ਉਹ ਤਾਂ ਮਨੁੱਖ ਪਾਸੋਂ ਹੀ ਆਉਣਾ ਹੈ। ਅਸਲ ਮਸਲਾ ਮਨੁੱਖ ਦੀ ਸੋਚ ਨੂੰ ਸਹੀ ਰੱਖਣ ਦਾ ਹੈ। ਮਨੁੱਖਾਂ ਨੂੰ ਏ.ਆਈ. ਦੁਆਰਾ ਕੰਟਰੋਲ ਕੀਤੇ ਜਾਣ ਨਾਲੋਂ ਇਸ ਵਕਤ ਸਾਹਮਣੇ ਆ ਰਿਹਾ ਮੁੱਦਾ ਏ.ਆਈ. ਵੱਲੋਂ ਮਨੁੱਖਾਂ ਦੀ ਸੋਚ ਨੂੰ ਵੱਡੀ ਪੱਧਰ ਉੱਤੇ ਪ੍ਰਭਾਵਿਤ ਕਰਨ ਦਾ ਹੈ। ਤਕਨੀਕ ਉੱਤੇ ਕਾਬਜ ਤਾਕਤਾਂ ਵੱਲੋਂ ਹੁਣ ਵੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੀ ਸੋਚ ਨੂੰ ਬਦਲਿਆ ਜਾ ਰਿਹਾ ਹੈ, ਉਹਨਾਂ ਦੇ ਸੁਹਜ ਸੁਆਦਾਂ ਨੂੰ ਬਦਲਿਆ ਜਾ ਰਿਹਾ ਹੈ, ਉਹਨਾਂ ਦੇ ਜੀਵਨ ਢੰਗ ਨੂੰ ਬਦਲਿਆ ਜਾ ਰਿਹਾ ਹੈ, ਉਹਨਾਂ ਨੂੰ ਗਲਤ ਕੰਮਾਂ ਲਈ ਪ੍ਰੇਰਿਆ ਜਾ ਰਿਹਾ ਹੈ। ਏ. ਆਈ. ਦੀ ਵਰਤੋਂ ਨਾਲ ਇਹ ਵਰਤਾਰਾ ਹੋਰ ਵਧਣਾ ਹੈ ਕਿਉਂਕਿ ਇਸ ਨਾਲ ਜਾਅਲੀ ਫੋਟੋਆਂ, ਜਾਅਲੀ ਵੀਡੀਓ ਇਸ ਤਰ੍ਹਾਂ ਦੀਆਂ ਬਣਾਈਆਂ ਜਾ ਸਕਦੀਆਂ ਹਨ ਕਿ ਸੂਝਵਾਨ ਆਦਮੀ ਵੀ ਅਸਲ ਅਤੇ ਨਕਲ, ਗਲਤ ਅਤੇ ਠੀਕ ਵਿੱਚ ਫਰਕ ਕਰਨ ਤੋਂ ਅਸਮਰਥ ਹੋ ਜਾਂਦਾ ਹੈ। ਏ. ਆਈ. ਦਾ ਇੱਕ ਹੋਰ ਮਾੜਾ ਪ੍ਰਭਾਵ ਇਹ ਗਿਣਿਆ ਜਾਂਦਾ ਹੈ ਕਿ ਇਸ ਨਾਲ ਦਿਮਾਗੀ ਕੰਮ ਕਰਨ ਵਾਲਿਆਂ ਦੇ ਵੀ ਬਹੁਤ ਸਾਰੇ ਕਿੱਤੇ ਖਤਮ ਹੋ ਜਾਣਗੇ ਅਤੇ ਬੇਰੁਜ਼ਗਾਰੀ ਵਧ ਜਾਵੇਗੀ।
ਅਸਲ ਵਿੱਚ ਹਰ ਨਵੀਂ ਤਕਨੀਕ ਦੇ ਚੰਗੇ ਅਤੇ ਮਾੜੇ ਅਸਰ ਹੁੰਦੇ ਹਨ। ਜੇ ਵਿਗਿਆਨ ਦੀ ਇਸ ਨਵੀਂ ਤਕਨੀਕ ਨੂੰ ਮਨੁੱਖਤਾ ਦੇ ਭਲੇ ਲਈ ਵਰਤਿਆ ਜਾਵੇ ਤਾਂ ਇਹ ਸਮਾਜ ਦੇ ਬਹੁਤ ਸਾਰੇ ਮਸਲੇ ਹੱਲ ਕਰਨ ਦੇ ਸਮਰੱਥ ਹੈ। ਪਰ ਜੇ ਇਸ ਤਕਨੀਕ ਨੂੰ ਗਲਤ ਪਾਸੇ ਵਰਤਿਆ ਜਾਂਦਾ ਹੈ ਤਾਂ ਇਸ ਨਾਲ ਸਮਾਜ ਦੇ ਵੱਡੇ ਨੁਕਸਾਨ ਹੋ ਸਕਦੇ ਹਨ। ਵਿਗਿਆਨ ਦੀਆਂ ਹੋਰ ਖੋਜਾਂ ਅਤੇ ਕਾਢਾਂ ਵਾਂਗ ਇਸ ਤੋਂ ਵੀ ਡਰਨ ਦੀ ਬਜਾਏ ਲੋੜ ਇਸਦੀ ਦੁਰਵਰਤੋਂ ਦੀਆਂ ਸੰਭਾਵਨਾਵਾਂ ਨੂੰ ਖਤਮ ਕਰਕੇ, ਇਸ ਨੂੰ ਮਨੁੱਖਤਾ ਦੀ ਖੁਸ਼ਹਾਲੀ ਲਈ ਵਰਤਣ ਦੀ ਹੈ।
ਮਾਸਟਰ ਪਰਮਵੇਦ
ਤਰਕਸ਼ੀਲ ਆਗੂ
ਤਰਕਸ਼ੀਲ ਸੁਸਾਇਟੀ ਪੰਜਾਬ
9417422349