ਸਬਰ, ਸੰਤੋਖ ਤੇ ਹੌਸਲੇ ਦੀ ਮੂਰਤ : ਮਾਤਾ ਮਹਿੰਦਰ ਕੌਰ ਢਿਲੋਂ
ਮਾਤਾ ਮਹਿੰਦਰ ਕੌਰ ਢਿਲੋਂ ਸਬਰ, ਸੰਤੋਖ, ਨਮਰਤਾ, ਹਲੀਮੀ ਅਤੇ ਹੌਸਲੇ ਦਾ ਮੁਜੱਸਮਾ ਸਨ। ਉਹ 20 ਮਾਰਚ 2025 ਨੂੰ 83 ਸਾਲ ਦੀ ਉਮਰ ਵਿੱਚ ਸੰਖੇਪ ਬਿਮਾਰੀ ਤੋਂ ਬਾਅਦ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। 15 ਮਈ 1990 ਦੀ ਕਾਲੀ ਬੋਲੀ ਰਾਤ ਨੂੰ ਮਾਤਾ ਮਹਿੰਦਰ ਕੌਰ ਦੇ ਪਰਿਵਾਰ ‘ਤੇ ਕਾਲੇ ਦਿਨਾਂ ਦਾ ਕਹਿਰ ਵਾਪਰ ਗਿਆ, ਉਨ੍ਹਾਂ ਦੇ ਪਤੀ ਕਾਮਰੇਡ ਜਸਵੰਤ ਸਿੰਘ ਸਰਪੰਚ ਪਿੰਡ ਢਿਲਵਾਂ ਅਤੇ ਲੜਕੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਮਾਤਾ ਮਹਿੰਦਰ ਕੌਰ ਗੰਭੀਰ ਜ਼ਖ਼ਮੀ ਹੋ ਗਏ ਸਨ। ਮਾਤਾ ਮਹਿੰਦਰ ਕੌਰ ਨੇ ਪਤੀ ਅਤੇ ਅਤੇ ਸਪੁੱਤਰੀ ਦੇ ਸਵਰਗਵਾਸ ਹੋਣ ਤੋਂ ਬਾਅਦ ਦਿਲ ਨਹੀਂ ਛੱਡਿਆ, ਸਬਰ, ਸੰਤੋਖ ਤੇ ਹੌਸਲੇ ਨਾਲ ਆਪਣੇ ਪਰਿਵਾਰ ਨੂੰ ਸੰਭਾਲਿਆ, ਪੜ੍ਹਾਇਆ, ਵਿਆਹ ਕੀਤੇ ਅਤੇ ਜ਼ਿੰਦਗੀ ਵਿੱਚ ਸਫ਼ਲ ਹੋਣ ਵਿੱਚ ਰਾਹ ਦਸੇਰਾ ਬਣੀ। ਪਿੰਡ ਵਿੱਚ ਇੱਕ ਵਿਧਵਾ ਔਰਤ ਨੂੰ ਅਜਿਹੇ ਅਸਥਿਰਤਾ ਦੇ ਹਾਲਾਤ ਵਿੱਚ ਜੀਵਨ ਬਸਰ ਕਰਨਾ ਤੇ ਬੱਚਿਆਂ ਨੂੰ ਪਾਲਣਾ ਕਿਤਨਾ ਮੁਸ਼ਕਲ ਹੁੰਦਾ ਹੈ। ਪ੍ਰੰਤੂ ਮਾਤਾ ਮਹਿੰਦਰ ਕੌਰ ਡੋਲੀ ਨਹੀਂ ਜਿਸਦਾ ਸਬੂਤ ਅੱਜ ਪਰਿਵਾਰ ਖ਼ੁਸ਼ਹਾਲੀ ਨਾਲ ਸਮਾਜ ਵਿੱਚ ਮਾਣ ਸਤਿਕਾਰ ਨਾਲ ਵਿਚਰ ਰਿਹਾ ਹੈ। ਇਨਸਾਨ ਦੀ ਕਾਬਲੀਅਤ ਤੇ ਹੌਸਲੇ ਦਾ ਔਖੇ ਸਮੇਂ ਵਿੱਚ ਪਤਾ ਲੱਗਦਾ ਹੈ। ਸੁੱਖਮਈ ਹਾਲਾਤ ਵਿੱਚ ਤਾਂ ਹਰ ਕੋਈ ਜ਼ਿੰਦਗੀ ਆਰਾਮ ਨਾਲ ਬਸਰ ਕਰਦਾ ਹੈ, ਸਮਾਜ ਹਰ ਵਕਤ ਮਦਦ ਲਈ ਨਾਲ ਖੜ੍ਹਦਾ ਹੈ। ਜਦੋਂ ਅਚਾਨਕ ਹਸਦੇ ਵਸਦੇ ਪਰਿਵਾਰ ਤੇ ਕੁਦਰਤ ਦਾ ਕਹਿਰ ਵਰਤਦਾ ਹੈ, ਉਦੋਂ ਮੁਸ਼ਕਲਾਂ ਦਾ ਪਹਾੜ ਟੁੱਟਦਾ ਹੈ, ਉਸ ਸਮੇਂ ਇਨਸਾਨ ਦੀ ਸਖ਼ਸ਼ੀਅਤ ਦੇ ਚੰਗੇ ਮਾੜੇ ਪਹਿਲੂਆਂ ਦੀ ਜਾਣਕਾਰੀ ਮਿਲਦੀ ਹੈ ਕਿ ਉਹ ਉਨ੍ਹਾਂ ਦਾ ਮੁਕਾਬਲਾ ਕਿਵੇਂ ਕਰਦਾ ਹੈ, ਜਿਥੇ ਮਾਤਾ ਮਹਿੰਦਰ ਕੌਰ ਦੇ ਪਤੀ ਦੇ ਸਰਪੰਚ ਹੁੰਦਿਆਂ ਕੰਮਾ ਕਾਰਾਂ ਵਾਲੇ ਲੋਕਾਂ ਦਾ ਜਮਘਟਾ ਰਹਿੰਦਾ ਸੀ ਤੇ ਉਥੇ ਉਸ ਘਰ ਵਿੱਚ ਡਰ ਦਾ ਮਾਰਾ ਕੋਈ ਵੀ ਸਹਾਰਾ ਬਣਨ ਲਈ ਤਿਆਰ ਨਹੀਂ ਸੀ। ਨਮਰਤਾ, ਸਹਿਜਤਾ ਅਤੇ ਸੰਤੁਸ਼ਟਤਾ ਦੀ ਮੂਰਤ ਮਾਤਾ ਮਹਿੰਦਰ ਕੌਰ ਨੇ ਸੰਜਮ ਦਾ ਪੱਲਾ ਫੜ੍ਹਦਿਆਂ ਪਰਿਵਾਰ ਨੂੰ ਬੁਲੰਦੀਆਂ ਤੇ ਪਹੁੰਚਾਇਆ। ਉਹ ਆਪਣੇ ਪਿੱਛੇ ਸੁਰਿੰਦਰ ਸਿੰਘ ਢਿਲੋਂ ਏ.ਡੀ.ਸੀ.ਵਿਕਾਸ ਮੁਕਤਸਰ ਸਾਹਿਬ ਸਪੁੱਤਰ, ਸਪੁੱਤਰੀ ਕੁਲਦੀਪ ਕੌਰ ਧਾਲੀਵਾਲ ਅਤੇ ਬਲਜੀਤ ਕੌਰ ਢਿਲੋਂ ਬਲਾਕ ਤੇ ਵਿਕਾਸ ਅਧਿਕਾਰੀ ਨਾਭਾ, ਨੂੰਹ ਰੀਤਇੰਦਰ ਕੌਰ, ਪੋਤਰੀ ਜੈਵੀਰ ਕੌਰ ਢਿਲੋਂ ਤੇ ਦੋਹਤੇ ਗੁਰਲਾਲ ਸਿੰਘ ਧਾਲੀਵਾਲ ਨੂੰ ਛੱਡ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦਾ ਭੋਗ, ਕੀਰਤਨ ਤੇ ਅੰਤਮ ਅਰਦਾਸ 30 ਮਾਰਚ 2025 ਦਿਨ ਐਤਵਾਰ ਨੂੰ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਢਿਲਵਾਂ ਨੇੜੇ ਤਪਾ (ਜ਼ਿਲ੍ਹਾ ਬਰਨਾਲਾ) ਵਿਖੇ 12.30 ਤੋਂ 1.30 ਵਜੇ ਹੋਵੇਗੀ।
ਤਸਵੀਰ : ਮਾਤਾ ਮਹਿੰਦਰ ਕੌਰ ਢਿਲੋਂ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com