ਭਾਰਤ ਰਤਨ ਡਾ. ਅੰਬੇਡਕਰ ਨੇ ਭਾਰਤ ਨੂੰ ਬ੍ਰਿਟਿਸ਼ ਸ਼ਾਸਨ ਦੇ ਚੁੰਗਲ ਤੋਂ ਮੁਕਤ ਕਰਵਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਨਾਲ ਨਾਲ ਦੇਸ਼ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦੀ ਸਮਾਜਿਕ-ਆਰਥਿਕ ਤਰੱਕੀ ਲਈ ਮਹੱਤਵਪੂਰਨ ਯੋਗਦਾਨ ਪਾਇਆ। ਅੰਬੇਡਕਰ ਨੇ ਆਪਣੀ ਸਾਰੀ ਜ਼ਿੰਦਗੀ ਛੂਤ-ਛਾਤ ਅਤੇ ਜਾਤ-ਪਾਤ ਦੇ ਖਾਤਮੇ ਲਈ ਲੜਾਈ ਲੜੀ। ਉਨ੍ਹਾਂ ਨੇ ਸਮਾਜ ਦੇ ਦੱਬੇ-ਕੁਚਲੇ ਅਤੇ ਹਾਸ਼ੀਏ ‘ਤੇ ਧੱਕੇ ਵਰਗਾਂ ਲਈ ਬਹੁਤ ਕੰਮ ਕੀਤਾ। ਇਸ ਤੋਂ ਬਿਨਾਂ ਉਹਨਾਂ ਨੇ ਭੂਮੀਹੀਣਾਂ ਲਈ ਜ਼ਮੀਨ ਦੀ ਵੰਡ ਅਤੇ ਮਨੁੱਖੀ ਅਧਿਕਾਰਾਂ, ਔਰਤਾਂ ਦੇ ਅਧਿਕਾਰਾਂ ਅਤੇ ਕਿਰਤ ਅਧਿਕਾਰਾਂ ਦੀ ਰੱਖਿਆ ਦੇ ਹੱਕ ਵਿੱਚ ਵੀ ਅਵਾਜ ਬੁਲੰਦ ਕੀਤੀ।
ਜੇਕਰ ਗੱਲ ਉਹਨਾਂ ਵੱਲੋਂ ਔਰਤਾ ਲਈ ਕੀਤੇ ਕੰਮਾਂ ਦੀ ਕਰੀਏ ਤਾਂ ਡਾ. ਅੰਬੇਡਕਰ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਹਿੰਦੂ ਕੋਡ ਬਿੱਲ ਦੀ ਉਹਨਾਂ ਵੱਲੋਂ ਕੀਤੀ ਵਕਾਲਤ ਸੀ। ਇਹ ਬਿੱਲ, ਜਿਸ ਵਿੱਚ ਵਿਆਹ, ਤਲਾਕ, ਵਿਰਾਸਤ ਅਤੇ ਸਰਪ੍ਰਸਤੀ ਬਾਰੇ ਉਪਬੰਧ ਸ਼ਾਮਿਲ ਕੀਤੇ ਗਏ ਸਨ। ਇਹਨਾਂ ਦਾ ਉਦੇਸ਼ ਔਰਤਾਂ ਨੂੰ ਸਭ ਮਾਮਲਿਆਂ ਵਿੱਚ ਬਰਾਬਰ ਅਧਿਕਾਰ ਦੇਣਾ ਸੀ। ਭਾਵੇ ਇਸ ਬਿੱਲ ਨੂੰ ਰਾਜਨੀਤਿਕ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਅੰਬੇਡਕਰ ਦੀ ਕਲਪਨਾ ਅਨੁਸਾਰ ਇਹ ਬਿੱਲ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਪਰ ਫਿਰ ਵੀ ਇਸਨੇ ਬਹੁਤ ਸਾਰੇ ਸਮਾਜਿਕ ਸੁਧਾਰਾਂ ਦੀ ਨੀਂਹ ਰੱਖੀ।
ਅੰਬੇਡਕਰ ਨੇ ਤਲਾਕ ਦੇ ਕਾਨੂੰਨੀਕਰਣ ਦੀ ਵੀ ਵਕਾਲਤ ਕੀਤੀ ਸੀ। ਉਹਨਾਂ ਦੇ ਅਨੁਸਾਰ ਔਰਤਾਂ ਨੂੰ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਖੁੱਲ ਹੋਣੀ ਇਕ ਚੰਗੇ ਸਮਾਜ ਦੀ ਨਿਸ਼ਾਨੀ ਸੀ। ਅੰਬੇਡਕਰ ਨੇ ਅੰਤਰ-ਜਾਤੀ ਵਿਆਹ ਨੂੰ ਵੀ ਸਮਾਨਤਾ ਲਈ ਇੱਕ ਮਹੱਤਵਪੂਰਨ ਸਾਧਨ ਵਜੋਂ ਦੇਖਿਆ। ਉਸਨੇ ਅੰਤਰ-ਜਾਤੀ ਵਿਆਹਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰੀ ਪਹਿਲਕਦਮੀਆਂ ਅਤੇ ਸਰਕਾਰੀ ਮੱਦਦ ਦਾ ਵੀ ਸਮਰਥਨ ਕੀਤਾ। ਅੰਬੇਡਕਰ ਦਾ ਮੰਨਣਾ ਸੀ ਕਿ ਦੇਸ਼ ਦੀ ਤਰੱਕੀ ਲਈ ਸਿੱਖਿਆ ਬਹੁਤ ਮਹੱਤਵਪੂਰਨ ਹੈ ਅਤੇ ਉਹ ਮਨੁਸਮ੍ਰਿਤੀ ਅਤੇ ਹੋਰ ਧਰਮ ਸ਼ਾਸਤਰਾ ਦੀ ਉਲੰਘਣਾ ਕਰਦੇ ਹੋਏ ਔਰਤਾਂ ਦੇ ਸਿੱਖਿਆ ਦੇ ਅਧਿਕਾਰ ਲਈ ਬੋਲਦੇ ਸਨ। ਉਨ੍ਹਾਂ ਨੇ ਸਤੀ ਅਤੇ ਬਾਲ ਵਿਆਹ ਵਰਗੇ ਪ੍ਰਬੰਧ ਦੀ ਇਹ ਕਹਿਕੇ ਨਿੰਦਿਆ ਕੀਤੀ ਕਿ ਇਹ ਔਰਤਾਂ ਨੂੰ ਕੰਟਰੋਲ ਕਰਨ ਲਈ ਸਨ। ਅੰਬੇਡਕਰ ਨੇ ਨਿੱਜੀ ਅਤੇ ਪੇਸ਼ੇਵਰ ਦੋਵਾਂ ਖੇਤਰਾਂ ਵਿੱਚ ਔਰਤਾਂ ਦੀ ਬਰਾਬਰ ਭਾਗੀਦਾਰੀ ਦੀ ਵਕਾਲਤ ਕੀਤੀ। ਉਹ ਫੈਕਟਰੀਆਂ ਅਤੇ ਕੰਮ ਵਾਲੇ ਹੋਰ ਸਥਾਨਾਂ ਤੇ ਔਰਤਾਂ ਨਾਲ ਹੁੰਦੇ ਅਸਮਾਨ ਵਿਵਹਾਰ ਵਿਰੁੱਧ ਆਵਾਜ਼ ਚੁੱਕਣ ਵਾਲੇ ਪਹਿਲੇ ਲੋਕਾਂ ਵਿੱਚੋ ਸਨ।
ਉਹਨਾਂ ਨੇ ਕੋਲਾ ਖਾਣਾਂ ਦੇ ਮਜ਼ਦੂਰਾਂ ਲਈ ਬਰਾਬਰ ਤਨਖਾਹ ਅਤੇ ਬਰਾਬਰ ਅਧਿਕਾਰਾਂ ਦੀ ਮੰਗ ਕੀਤੀ ਗਈ ਅਤੇ ਇਹ ਯਕੀਨੀ ਬਣਾਇਆ ਗਿਆ ਕਿ ਔਰਤਾਂ ਲਈ ਜਣੇਪਾ ਛੁੱਟੀ ਦਾ ਸਵਾਲ ਪ੍ਰਮੁੱਖਤਾ ਨਾਲ ਉਠਾਇਆ ਜਾਵੇ।
ਜਿਵੇਂ ਅਸੀ ਪਹਿਲਾਂ ਗੱਲ ਕੀਤੀ ਕਿ ਡਾ. ਅੰਬੇਡਕਰ ਨੂੰ ਅਕਸਰ ਦਲਿਤਾਂ ਦੇ ਮੁਕਤੀਦਾਤਾ ਵਜੋਂ ਜਾਣਿਆ ਜਾਂਦਾ ਹੈ, ਜਦੋਂ ਕਿ ਉਹ ਸਾਰੀ ਉਮਰ ਦੱਬੇ-ਕੁਚਲੇ ਵਰਗਾਂ, ਦਲਿਤਾਂ ਅਤੇ ਪੱਛੜੇ ਵਰਗਾਂ ਦੇ ਹੱਕਾਂ ਲਈ ਲੜਦੇ ਰਹੇ। ਪਰ ਵਰਣ ਪ੍ਰਣਾਲੀ ਦੇ ਕਾਰਨ, ਪਛੜੀਆਂ ਜਾਤਾਂ (Backward classes) ਜੋ ਸ਼ੂਦਰ ਹੀ ਹਨ, ਆਪਣੇ ਆਪ ਨੂੰ ਸਮਾਜਿਕ ਪੌੜੀ ‘ਤੇ ਅਛੂਤਾਂ (ਦਲਿਤ) ਨਾਲੋਂ ਉੱਚਾ ਸਮਝਦੀਆਂ ਹਨ। ਪਰ ਅਸਲ ਚ ਪਛੜੀਆਂ ਜਾਤਾਂ ਸ਼ੂਦਰ ਹਨ, ਅਤੇ ਦਲਿਤ ਜਾਤਾਂ ਅਤਿ ਸ਼ੂਦਰ ਹਨ। ਫਰਕ ਸਿਰਫ ਇਹ ਹੈ ਕਿ ਪਛੜੀਆਂ ਜਾਤਾਂ ਨੂੰ ਛੂਤਯੋਗ ਮੰਨਿਆ ਜਾਂਦਾ ਹੈ ਅਤੇ ਦਲਿਤ ਜਾਤਾਂ ਨੂੰ ਅਛੂਤ ਮੰਨਿਆ ਜਾਂਦਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਪਛੜੀਆਂ ਜਾਤਾਂ ਕੱਟੜ ਹਿੰਦੂ ਧਰਮ ਦੇ ਚੁੰਗਲ ਵਿੱਚ ਫਸੀਆਂ ਹੋਈਆਂ ਹਨ ਜਦੋਂ ਕਿ ਦਲਿਤ ਲਗਾਤਾਰ ਹਿੰਦੂ ਧਰਮ ਵਿਰੁੱਧ ਬਗਾਵਤ ਕਰ ਰਹੇ ਹਨ। ਕੁਝ ਭਰਮਾ ਕਾਰਨ ਪਛੜੀਆਂ ਜਾਤਾਂ ਡਾ. ਅੰਬੇਡਕਰ ਨੂੰ ਆਪਣੇ ਨੇਤਾ ਦੀ ਬਜਾਏ ਦਲਿਤਾਂ ਦਾ ਨੇਤਾ ਮੰਨਦੀਆਂ ਰਹੀਆਂ ਹਨ। ਪਰ ਉਹਨਾਂ ਦਾ ਪਛੜੀਆਂ ਜਾਤਾਂ ਨਾਲ ਰਿਸ਼ਤਾ ਸ਼ਰੂ ਤੋ ਰਿਹਾ ਅਤੇ ਉਹ ਇਹਨਾ ਲਈ ਹਮੇਸ਼ਾ ਕੰਮ ਕਰਦੇ ਰਹੇ।
ਬੜੌਦਾ ਦੇ ਮਹਾਰਾਜਾ ਰਾਓ ਗਾਇਕਵਾੜ, ਜੋ ਕਿ ਪੱਛੜੀ ਜਾਤੀ ਨਾਲ ਸਬੰਧਤ ਸਨ, ਦਾ ਡਾ. ਅੰਬੇਡਕਰ ਦੀ ਉੱਚ ਸਿੱਖਿਆ ਵਿੱਚ ਬਹੁਤ ਵੱਡਾ ਯੋਗਦਾਨ ਸੀ ਅਤੇ ਉਨ੍ਹਾਂ ਨੇ ਅੰਬੇਡਕਰ ਨੂੰ ਅਮਰੀਕਾ ਵਿੱਚ ਪੜ੍ਹਨ ਲਈ ਸਕਾਲਰਸ਼ਿਪ ਦਿੱਤੀ ਸੀ। ਛਤਰਪਤੀ ਸਾਹੂਜੀ ਮਹਾਰਾਜ ਵੀ ਪੱਛੜੀ ਜਾਤੀ ਚੋ ਸਨ ਜਿਨ੍ਹਾਂ ਨੇ ਡਾ. ਅੰਬੇਡਕਰ ਦੀ ਬਹੁਤ ਮਦਦ ਕੀਤੀ। ਡਾ. ਅੰਬੇਡਕਰ ਦੇ ਰਾਮਾਸਵਾਮੀ ਜੀ, ਜੋ ਦੱਖਣੀ ਭਾਰਤ ਵਿੱਚ ਗੈਰ-ਬ੍ਰਾਹਮਣ ਅੰਦੋਲਨ ਦੇ ਨੇਤਾ ਸਨ ਨਾਲ ਬਹੁਤ ਚੰਗੇ ਸਬੰਧ ਸਨ। ਉਹ ਪੱਛੜੀ ਜਾਤੀ ਦੇ ਸਮਾਜ ਸੁਧਾਰਕ ਜੋਤੀ ਰਾਓ ਫੂਲੇ ਦੀ ਸਮਾਜਿਕ ਵਿਚਾਰਧਾਰਾ ਤੋਂ ਬਹੁਤ ਪ੍ਰਭਾਵਿਤ ਸਨ।
ਡਾ. ਅੰਬੇਡਕਰ ਨੇ ਕੇਰਲ ਵਿੱਚ ਪੱਛੜੀ ਜਾਤੀ ਦੇ ਸਮਾਨਤਾ ਦੇ ਅੰਦੋਲਨ ਦਾ ਸਮਰਥਨ ਕੀਤਾ। ਉਹਨਾਂ ਵੱਲੋਂ 1928 ਵਿੱਚ ਭਾਰਤ ਦੇ ਭਵਿੱਖ ਦੇ ਸੰਵਿਧਾਨ ਵਿੱਚ ਪਛੜੀਆਂ ਜਾਤੀਆਂ ਲਈ ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਦੀ ਵਕਾਲਤ ਕੀਤੀ ਸੀ। ਸੰਵਿਧਾਨ ਸਭਾ ਦੇ ਪ੍ਰਧਾਨ ਵਜੋਂ, ਡਾ. ਅੰਬੇਡਕਰ ਨੇ ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਸੰਬੰਧੀ ਸੰਵਿਧਾਨ ਦੇ ਅਨੁਛੇਦ 15 ਵਿੱਚ “ਪਛੜੇ” ਸ਼ਬਦ ਨੂੰ ਸ਼ਾਮਿਲ ਕੀਤਾ ਸੀ, ਜੋ ਬਾਅਦ ਵਿੱਚ ਸਮਾਜਿਕ ਅਤੇ ਵਿਦਿਅਕ ਤੌਰ ‘ਤੇ ਪਛੜੀਆਂ ਜਾਤੀਆਂ ਲਈ ਰਾਖਵੇਂਕਰਨ ਦਾ ਅਧਾਰ ਬਣ ਗਿਆ। ਡਾ. ਅੰਬੇਡਕਰ ਦੇ ਯਤਨਾਂ ਨਾਲ, ਸੰਵਿਧਾਨ ਦੇ ਅਨੁਛੇਦ 340 ਵਿੱਚ ਪਛੜੀਆਂ ਜਾਤੀਆਂ ਦੀ ਪਛਾਣ ਕਰਨ ਲਈ ਇੱਕ ਕਮਿਸ਼ਨ ਸਥਾਪਤ ਕਰਨ ਦੀ ਵਿਵਸਥਾ ਕੀਤੀ ਗਈ ਸੀ।
ਇਕ ਵਾਰ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਦੁੱਖ ਹੈ ਕਿ ਸੰਵਿਧਾਨ ਵਿੱਚ ਪਛੜੀਆਂ ਜਾਤੀਆਂ ਲਈ ਕੋਈ ਸੁਰੱਖਿਆ ਨਹੀਂ ਹੈ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਡਾ. ਅੰਬੇਡਕਰ ਪਛੜੇ ਵਰਗਾਂ ਦੀ ਭਲਾਈ ਪ੍ਰਤੀ ਕਿੰਨੇ ਚਿੰਤਤ ਸਨ।
ਕਾਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਲਖਨਊ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਡਾ. ਅੰਬੇਡਕਰ ਨੇ ਪਛੜੀਆਂ ਜਾਤੀਆਂ ਦੀ ਅਣਦੇਖੀ ਬਾਰੇ ਚੇਤਾਵਨੀ ਦਿੱਤੀ। 1952 ਅਤੇ 1954 ਵਿੱਚ ਦੋ ਵਾਰ ਚੋਣਾਂ ਹਾਰਨ ਤੋਂ ਬਾਅਦ, ਬਾਬਾ ਸਾਹਿਬ ਨੂੰ ਅਹਿਸਾਸ ਹੋਇਆ ਕਿ ਅਨੁਸੂਚਿਤ ਜਾਤੀਆਂ ਆਬਾਦੀ ਦਾ ਸਿਰਫ 20% ਸਨ ਅਤੇ ਜਦੋਂ ਤੱਕ ਉਨ੍ਹਾਂ ਨੂੰ 52% ਪਛੜੀਆਂ ਸ਼੍ਰੇਣੀਆਂ ਦਾ ਸਮਰਥਨ ਨਹੀਂ ਮਿਲਦਾਤਾਂ ਉਹ ਚੋਣ ਨਹੀਂ ਜਿੱਤ ਸਕਣਗੇ। ਉਨ੍ਹਾਂ ਨੇ ਰਿਪਬਲਿਕਨ ਪਾਰਟੀ ਆਫ਼ ਇੰਡੀਆ ਬਣਾਉਣ ਦਾ ਫੈਸਲਾ ਕੀਤਾ। ਇਸ ਲਈ ਬਾਬਾ ਸਾਹਿਬ ਨੇ ਪਛੜੀਆਂ ਸ਼੍ਰੇਣੀਆਂ ਦੇ ਨੇਤਾਵਾਂ, ਖਾਸ ਕਰਕੇ ਸ਼ਿਵਦਿਆਲ ਸਿੰਘ ਚੌਰਸੀਆ, ਆਦਿ ਨਾਲ ਸਲਾਹ-ਮਸ਼ਵਰਾ ਕਰਕੇ, 20% ਦਲਿਤ ਵਰਗ ਤੋਂ ਇਲਾਵਾ 52% ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਅਤੇ ਮੁਸਲਮਾਨਾਂ, ਈਸਾਈਆਂ ਅਤੇ ਸਿੱਖਾਂ ਦੀ 12% ਆਬਾਦੀ ਨੂੰ ਰਿਪਬਲਿਕਨ ਪਾਰਟੀ ਆਫ਼ ਇੰਡੀਆ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ। ਰਿਪਬਲਿਕਨ ਪਾਰਟੀ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਅਤੇ ਸਲਾਹ-ਮਸ਼ਵਰਾ ਕਰਨ ਵਿੱਚ ਇੱਕ ਸਾਲ ਤੋਂ ਵੱਧ ਸਮਾਂ ਬਿਤਾਇਆ ਗਿਆ।
ਇਸ ਪ੍ਰਕਾਰ ਜਾਤ, ਲਿੰਗ, ਅਤੇ ਨਸਲੀ ਭੇਦਾਂ ਦੇ ਬਾਵਜੂਦ ਅੰਬੇਡਕਰ ਦਾ ਸਮਾਨਤਾ ਦਾ ਦ੍ਰਿਸ਼ਟੀਕੋਣ ਸਮਾਜਿਕ ਨਿਆਂ ਦਾ ਇੱਕ ਮੋਹਰੀ ਵਿਚਾਰ ਹੈ ਜਿਸ ਨਾਲ ਅੰਬੇਡਕਰ ਦਾ ਕੱਦ ਬਹੁਤ ਉੱਚਾ ਹੋ ਜਾਂਦਾ ਹੈ ਅਤੇ ਉਹ ਖ਼ੁਦ ਹੀ ਇਕ ਨਾ ਖ਼ਤਮ ਹੋਣ ਵਾਲਾ ਵਿਚਾਰ ਬਣ ਜਾਂਦੇ ਹਨ।
ਸਹਾਇਕ ਪ੍ਰੋਫੈਸਰ ਗੁਰਵਿੰਦਰ ਬਾਠਾਂ
ਯੂਨੀਵਰਸਿਟੀ ਕਾਲਜ ਘਨੌਰ
7529036218