ਅੱਜ ਦੇ ਸਮੇਂ ਵਿੱਚ ਜੇਕਰ ਦੇਖੀਏ ਤਾਂ ਜ਼ਿਆਦਾਤਰ ਔਰਤਾਂ ਨੌਕਰੀਪੇਸ਼ਾ ਹਨ। ਹੁਣ ਉਹ ਪਹਿਲਾਂ ਵਾਲਾ ਸਮਾਂ ਨਹੀਂ ਕਿ ਔਰਤਾਂ ਕੰਮਕਾਜੀ ਨਹੀਂ ਹੋ ਸਕਦੀਆਂ ਭਾਵ ਕਿ ਨੌਕਰੀ ਜਾਂ ਹੋਰ ਕੰਮ ਨਹੀਂ ਕਰ ਸਕਦੀਆਂ, ਹੁਣ ਲਗਭਗ ਹਰ ਔਰਤ ਘਰੇਲੂ ਕੰਮ-ਕਾਜ ਤੋਂ ਇਲਾਵਾ ਹੋਰ ਕਾਰੋਬਾਰ, ਜਿਵੇਂ ਕਿ ਸਿਲਾਈ- ਕਢਾਈ, ਕੁਕਿੰਗ, ਬਿਊਟੀ ਪਾਰਲਰ, ਕੋਚਿੰਗ ਦੇਣਾ ਵਗੈਰਾ- 2 ਕਰ ਰਹੀਆਂ ਹਨ ਜਿਸ ਨਾਲ ਕਿ ਪਰਿਵਾਰ ਨੂੰ ਆਰਥਿਕ ਮਦਦ ਮਿਲਦੀ ਹੈ ਤੇ ਔਰਤਾਂ ਵਿੱਚ ਵੀ ਆਤਮ ਵਿਸ਼ਵਾਸ ਵੱਧਦਾ ਹੈ । ਹੁਣ ਗੱਲ ਆਉਂਦੀ ਹੈ, ਕੰਮ ਅਤੇ ਨਿੱਜੀ ਜੀਵਨ ਵਿੱਚ ਤਾਲਮੇਲ ਬਣਾਈ ਰੱਖਣ ਦੀ | ਅੱਜ ਦੇ ਇਸ ਤੇਜ਼ ਰਫ਼ਤਾਰ ਯੁੱਗ ਵਿੱਚ ਜੇਕਰ ਕੰਮਕਾਜੀ ਔਰਤ ਘਰ ਅਤੇ ਨੌਕਰੀ ਦੋਵਾਂ ਵਿੱਚ ਤਾਲਮੇਲ ਬਣਾ ਕੇ ਨਹੀਂ ਚੱਲੇਗੀ ਤਾਂ ਫਿਰ ਉਸਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ । ਸਿਰਫ਼ ਕੁਝ ਕੁ ਗੱਲਾਂ ਦਾ ਧਿਆਨ ਦੇ ਕੇ ਅਸੀਂ ਦੋਵਾਂ ਪਾਸੇ ਸਹੀ ਸੰਤੁਲਨ ਬਣਾ ਸਕਦੇ ਹਾਂ।ਜਦੋਂ ਤੁਸੀਂ ਕੰਮ ਤੇ ਹੁੰਦੇ ਹੋ ਤਾਂ ਆਪਣਾ ਪੂਰਾ ਧਿਆਨ ਕੰਮ ਤੇ ਕੇਂਦਰਤ ਕਰੋ ਤੇ ਜੇਕਰ ਪਰਿਵਾਰ ਨਾਲ ਹੋ ਤਾਂ ਆਪਣੇ ਪਰਿਵਾਰ ਨੂੰ ਪੂਰਾ ਸਮਾਂ ਦਿਓ। ਮਾਨਸਿਕ ਤਣਾਅ ਅਤੇ ਥਕਾਵਟ ਤੋਂ ਬਚਣ ਲਈ ਸਮੇਂ ਦੀ ਸਹੀ ਵੰਡ ਕਰੋ ਤੇ ਉਸ ਅਨੁਸਾਰ ਆਪਣੀ ਊਰਜਾ ਖ਼ਰਚ ਕਰੋ । ਜਿਆਦਾ ਕੰਮ ਦੇ ਬੋਝ ਥੱਲੇ ਆਪਣੇ -ਆਪ ਨੂੰ ਨਾ ਦਬਾਓ, ਨਾਂਹ ਕਹਿਣਾ ਸਿੱਖੋ । ਕੰਮ ਦੇ ਸਮੇਂ ਦੌਰਾਨ ਫਾਲਤੂ ਦੀਆਂ ਫੋਨਕਾਲਾਂ ਤੇ ਸਮਾਂ ਗਵਾਉਣ ਦੀ ਬਜਾਇ ਆਪਣੇ ਕੰਮ ਨੂੰ ਸਹੀ ਢੰਗ ਨਾਲ ਕਰੋ ਤੇ ਫਿਰ ਖਾਲੀ ਸਮੇਂ ਵਿੱਚ ਆਪਣੇ ਸ਼ੌਕ ਪੂਰੇ ਕਰੋ। ਸ਼ੌਕ ਕੋਈ ਵੀ ਹੋ ਸਕਦਾ ਹੈ, ਕਈਆਂ ਨੂੰ ਖਾਣਾ ਪਕਾਉਣ ,ਘਰ ਦਾ ਕੰਮ ਕਰਨ ਜਾਂ ਪਰਿਵਾਰ ਅਤੇ ਬੱਚਿਆਂ ਨਾਲ ਸਮਾਂ ਬਿਤਾਉਣ ਵਿੱਚ ਹੀ ਅਨੰਦ ਮਿਲਦਾ ਹੈ। ਛੁੱਟੀ ਵਾਲੇ ਦਿਨ ਕਿਸੇ ਮਨਪਸੰਦ ਜਗ੍ਹਾਂ ਤੇ ਘੁੰਮਣ ਵੀ ਜਾਇਆ ਜਾ ਸਕਦਾ ਹੈ।ਘਰੇਲੂ ਕੰਮ-ਕਾਜ ਕਰਦੇ ਹੋਏ ਜੇਕਰ ਅਸੀਂ ਛੋਟੇ-ਮੋਟੇ ਕੰਮਾਂ ਕਾਰਾਂ ਵਿੱਚ ਬੱਚਿਆਂ ਦੀ ਮਦਦ ਲੈ ਲਈਏ ਤਾਂ ਇੱਕ ਪੰਥ ਦੋ ਕਾਜ ਵਾਲੀ ਗੱਲ ਹੋ ਜਾਂਦੀ ਹੈ । ਇੱਕ ਤਾਂ ਬੱਚੇ ਬਚਪਨ ਤੋਂ ਹੀ ਕੰਮ-ਕਾਜ ਵਿੱਚ ਮਦਦ ਕਰਨਾ ਸਿੱਖ ਜਾਂਦੇ ਹਨ ਤੇ ਦੂਸਰਾ ਅਸੀਂ ਉਸ ਕੰਮ ਨੂੰ ਜਲਦੀ ਨਿਪਟਾ ਸਕਦੇ ਹਾਂ । ਇਸੇਤਰਾਂ, ਕੰਮ ਵਾਲੀ ਜਗ੍ਹਾ ਤੇ ਵੀ ਅਸੀਂ ਜੇਕਰ ਆਪਣੇ ਕੁਲੀਗ ਸਾਥੀਆਂ ਦੀ ਮਦਦ ਲੈ ਲਈਏ ਤਾਂ ਵੀ ਕੰਮ ਸੁਚੱਜੇ ਢੰਗ ਨਾਲ ਨਿਬੜ ਜਾਂਦਾ ਹੈ। ਇਸ ਤੋਂ ਇਲਾਵਾ ਆਪਣੇ ਲਈ ਸਮਾਂ ਕੱਢਣਾ ਸਿੱਖੋ ਫਿਰ ਚਾਹੇ ਉਹ ਸੈਰ, ਕਸਰਤ, ਸੰਤੁਲਿਤ ਭੋਜਨ ਜਾਂ ਸਿਰਫ ਇੱਕ ਕੋਫ਼ੀ ਦੇ ਕੱਪ ਦੇ ਰੂਪ ਵਿੱਚ ਹੀ ਕਿਉਂ ਨਾ ਹੋਵੇ। ਜਿੰਨਾ ਚੰਗਾ ਅਸੀਂ ਕੰਮ ਅਤੇ ਘਰ ਵਿੱਚ ਤਾਲਮੇਲ ਬਣਾ ਕੇ ਚੱਲਦੇ ਰਹਾਂਗੇ, ਉਨਾ ਹੀ ਬਿਹਤਰ ਪ੍ਰਦਰਸ਼ਨ ਅਸੀਂ ਇਨਾਂ ਦੋਹਾਂ ਥਾਵਾਂ ਤੇ ਕਰ ਸਕਦੇ ਹਾਂ। ਇਹ ਕੁਝ ਕੁ ਗੱਲਾਂ ਔਰਤਾਂ ਨੂੰ ਕੰਮ ਅਤੇ ਨਿੱਜੀ ਜੀਵਨ ਵਿੱਚ ਸੰਤੁਲਨ ਬਣਾਉਣ ਲਈ ਸਹਾਇਤਾ ਕਰ ਸਕਦੀਆਂ ਹਨ।
ਪਰਮਿੰਦਰ ਕੌਰ
ਪੰਜਾਬੀ ਮਿਸਟ੍ਰੈਸ
ਸਰਕਾਰੀ ਹਾਈ ਸਕੂਲ, ਪਿੰਡੀ
ਫਿਰੋਜ਼ਪੁਰ ।