ਔਰਤਾਂ ਇੱਕ ਉਲਝੇ ਹੋਏ ਆਦਮੀ ਨੂੰ ਪਿਆਰ ਕਰਦੀਆਂ ਹਨ। ਉਹ ਹਮੇਸ਼ਾ ਕਿਸੇ ਉਲਝੇ ਹੋਏ ਆਦਮੀ ਦੀ ਭਾਲ ਵਿੱਚ ਰਹਿੰਦੀਆਂ ਹਨ – ਕਿਸੇ ਅਜਿਹੇ ਦੀ ਜੋ ਥੋੜ੍ਹਾ ਪਾਗਲ, ਥੋੜ੍ਹਾ ਸਨਕੀ ਹੋਵੇ। ਕਿਉਂਕਿ ਪਾਗਲਪਨ ਵਿੱਚ ਇੱਕ ਆਕਰਸ਼ਣ ਹੁੰਦਾ ਹੈ; ਇੱਕ ਆਦਮੀ ਜੋ ਸਨਕੀ, ਉਲਝਿਆ ਹੋਇਆ ਹੁੰਦਾ ਹੈ, ਉਸ ਵਿੱਚ ਇੱਕ ਖਾਸ ਚੁੰਬਕਤਾ ਹੁੰਦੀ ਹੈ। ਉਹ ਸੰਭਾਵਨਾਵਾਂ ਨਾਲ ਭਰਿਆ ਹੁੰਦਾ ਹੈ, ਸੁਪਨਿਆਂ ਨਾਲ ਭਰਿਆ ਹੁੰਦਾ ਹੈ। ਔਰਤਾਂ ਸੁਪਨਸਾਜ ਨੂੰ ਪਿਆਰ ਕਰਦੀਆਂ ਹਨ।
ਅਤੇ ਆਦਮੀ? ਆਦਮੀ ਇੱਕ ਸਮਝਦਾਰ, ਸਥਿਰ ਔਰਤ ਨੂੰ ਪਿਆਰ ਕਰਦੇ ਹਨ – ਨਹੀਂ ਤਾਂ ਉਹ ਸੱਚਮੁੱਚ ਪਾਗਲ ਹੋ ਜਾਣ – ਉਹਨਾਂ ਨੂੰ ਧਰਤੀ ‘ਤੇ ਟਿਕਾ ਕੇ ਰੱਖਣ ਲਈ। ਔਰਤ ਧਰਤੀ ਦਾ ਪ੍ਰਤੀਕ ਹੈ। ਆਦਮੀ ਨੂੰ ਔਰਤ ਦੀ ਲੋੜ ਹੈ ਕਿਉਂਕਿ ਉਸਦੇ ਆਪਣੇ ਵਜੂਦ ਵਿੱਚ ਜੜ੍ਹਾਂ ਨਹੀਂ ਹੁੰਦੀਆਂ। ਉਸਨੂੰ ਔਰਤ ਚਾਹੀਦੀ ਹੈ – ਉਹ ਗਰਮ ਧਰਤੀ, ਉਹ ਡੂੰਘੀ ਮਿੱਟੀ – ਜਿੱਥੇ ਉਹ ਆਪਣੀਆਂ ਜੜ੍ਹਾਂ ਫੈਲਾ ਸਕੇ ਅਤੇ ਧਰਤੀ ਨਾਲ ਜੁੜਿਆ ਰਹਿ ਸਕੇ। ਉਹ ਡਰਦਾ ਹੈ— ਉਸ ਕੋਲ਼ ਖੰਭ ਤਾਂ ਹਨ, ਪਰ ਜੜ੍ਹਾਂ ਨਹੀਂ। ਅਤੇ ਉਸਨੂੰ ਡਰ ਹੈ ਕਿ ਜੇਕਰ ਉਹ ਧਰਤੀ ਨੂੰ ਫੜ੍ਹ ਕੇ ਨਹੀਂ ਰੱਖਦਾ ਤਾਂ ਕਿਤੇ ਉਹ ਉੱਡ ਨਾ ਜਾਵੇ, ਅਨੰਤ ਅਸਮਾਨ ਵਿੱਚ ਅਲੋਪ ਨਾ ਹੋ ਜਾਵੇ, ਗਵਾਚ ਨਾ ਜਾਵੇ ਤੇ ਫਿਰ ਮੁੜ੍ਹਨਾ ਸੰਭਵ ਹੀ ਨਾ ਰਹੇ। ਇਹੀ ਡਰ ਆਦਮੀਆਂ ਨੂੰ ਔਰਤਾਂ ਪਿੱਛੇ ਦੁੜਾਉਂਦਾ ਹੈ।
ਅਤੇ ਔਰਤ ਕੋਲ਼ ਖੰਭ ਨਹੀਂ ਹੁੰਦੇ। ਉਸ ਕੋਲ਼ ਜੜ੍ਹਾਂ ਹੁੰਦੀਆਂ ਹਨ – ਡੂੰਘੀਆਂ ਜੜ੍ਹਾਂ; ਔਰਤ ਸ਼ੁੱਧ ਧਰਤੀ ਹੈ। ਅਤੇ ਉਸਨੂੰ ਡਰ ਹੈ ਕਿ ਜੇਕਰ ਉਹ ਇਕੱਲੀ ਰਹਿ ਗਈ ਤਾਂ ਉਹ ਕਦੇ ਵੀ ਅਗਿਆਤ ਵਿੱਚ ਉੱਡ ਨਹੀਂ ਸਕੇਗੀ। ਆਦਮੀ ਔਰਤ ਤੋਂ ਬਿਨਾਂ ਨਹੀਂ ਰਹਿ ਸਕਦਾ, ਕਿਉਂਕਿ ਫਿਰ ਉਹ ਆਪਣੀਆਂ ਜੜ੍ਹਾਂ ਗੁਆ ਦਿੰਦਾ ਹੈ। ਉਹ ਸਿਰਫ਼ ਇੱਕ ਅਵਾਰਾ ਬਣ ਜਾਂਦਾ ਹੈ। ਫਿਰ ਉਸਦਾ ਕਿਤੇ ਕੋਈ ਟਿਕਾਣਾ ਨਹੀਂ ਰਹਿੰਦਾ। ਜ਼ਰਾ ਉਸ ਆਦਮੀ ਨੂੰ ਦੇਖੋ ਜਿਸਦੀ ਜ਼ਿੰਦਗੀ ਵਿੱਚ ਕੋਈ ਔਰਤ ਨਹੀਂ ਹੈ: ਉਹ ਕਿਤੇ ਦਾ ਨਹੀਂ ਰਹਿੰਦਾ, ਉਸਦਾ ਕੋਈ ਘਰ ਨਹੀਂ ਹੁੰਦਾ, ਉਹ ਵਹਿੰਦਾ ਹੋਇਆ ਲਕੜੀ ਦਾ ਟੁਕੜਾ ਬਣ ਜਾਂਦਾ ਹੈ – ਲਹਿਰਾਂ ਉਸਨੂੰ ਜਿੱਥੇ ਮਰਜ਼ੀ ਲੈ ਜਾਂਦੀਆਂ ਹਨ – ਜਦੋਂ ਤੱਕ ਉਹ ਕਿਤੇ ਕਿਸੇ ਔਰਤ ਨਾਲ ਉਲਝ ਨਹੀਂ ਜਾਂਦਾ; ਫਿਰ ਘਰ ਦਾ ਜਨਮ ਹੁੰਦਾ ਹੈ।
ਖੋਜਕਰਤਾ ਕਹਿੰਦੇ ਹਨ ਕਿ ‘ਘਰ’ ਔਰਤ ਦੀ ਰਚਨਾ ਹੈ। ਜੇਕਰ ਆਦਮੀ ਇਕੱਲਾ ਰਹਿੰਦਾ ਤਾਂ ਨਾ ਤਾਂ ਘਰ ਹੁੰਦਾ ਅਤੇ ਨਾ ਹੀ ਸੱਭਿਅਤਾ।
ਔਰਤ ਤੋਂ ਬਿਨਾਂ ਆਦਮੀ ਇੱਕ ਭਟਕਿਆ ਹੋਇਆ ਯਾਤਰੀ ਹੈ, ਇੱਕ ਅਵਾਰਾ। ਇਸ ਲਈ ਦੇਰ-ਸਵੇਰ, ਉਸਨੂੰ ਜੜ੍ਹਾਂ ਜਮਾਉਣ ਦੀ ਜ਼ਰੂਰਤ ਪੈਂਦੀ ਹੈ। ਔਰਤ ਉਸਦੀ ਧਰਤੀ ਬਣ ਜਾਂਦੀ ਹੈ। ਜਦੋਂ ਤੱਕ ਆਦਮੀ ਆਪਣੇ ਅੰਦਰ ਕੁਝ ਅਜਿਹਾ ਨਹੀਂ ਲੱਭ ਲੈਂਦਾ ਜੋ ਉਸਦੀ ਧਰਤੀ ਬਣ ਸਕੇ, ਜਦੋਂ ਤੱਕ ਉਹ ਆਪਣੀ ਅੰਦਰੂਨੀ ਔਰਤ ਨੂੰ ਨਹੀਂ ਲੱਭ ਲੈਂਦਾ, ਓਦੋਂ ਤੱਕ ਉਸਨੂੰ ਬਾਹਰੀ ਔਰਤ ਦੀ ਭਾਲ ਕਰਨੀ ਹੀ ਪਵੇਗੀ।
ਅਨੁਵਾਦ: ਮੀਤ ਅਨਮੋਲ
