ਭਾਰਤ ਦੀ ਉੱਘੀ ਸ਼ਾਸਤਰੀ ਨ੍ਰਿਤਕਾਰਾ ਸ੍ਰੀਮਤੀ ਮ੍ਰਿਣਾਲਿਨੀ ਸਾਰਾਭਾਈ ਦਾ ਜਨਮ 11 ਮਈ 1918 ਨੂੰ ਕੇਰਲ ਵਿਖੇ ਪਿਤਾ ਸਵਾਮੀਨਾਥਨ ਦੇ ਘਰ ਮਾਤਾ ਅੰਮੂ ਦੀ ਕੁੱਖੋਂ ਹੋਇਆ। ਇਸ ਪਰਿਵਾਰ ਨੇ ਆਪੋ-ਆਪਣੇ ਖੇਤਰਾਂ ਵਿਚ ਬੜੇ ਮਹੱਤਵਪੂਰਨ ਕਾਰਜ ਕੀਤੇ। ਮ੍ਰਿਣਾਲਨੀ ਦੇ ਪਿਤਾ ਮਦਰਾਸ ਹਾਈਕੋਰਟ ਦੇ ਪ੍ਰਸਿੱਧ ਵਕੀਲ ਹੋਣ ਦੇ ਨਾਲ-ਨਾਲ ਮਦਰਾਸ ਲਾਅ ਕਾਲਜ ਦੇ ਪ੍ਰਿੰਸੀਪਲ ਵੀ ਰਹੇ। ਮਾਂ ਅੰਮੂ ਆਪਣੇ ਸਮੇਂ ਦੀ ਸਿਰਕੱਢ ਔਰਤ ਸੀ, ਜਿਸ ਨੇ ਜੰਗੇ-ਆਜ਼ਾਦੀ ਵਿਚ ਭਰਪੂਰ ਯੋਗਦਾਨ ਦਿੱਤਾ। ਮ੍ਰਿਣਾਲਿਨੀ ਦੀ ਵੱਡੀ ਭੈਣ ਲਕਸ਼ਮੀ ਸਹਿਗਲ ਨੇਤਾ ਜੀ ਸੁਭਾਸ਼ ਚੰਦਰ ਬੋਸ ਦੁਆਰਾ ਸਥਾਪਤ ਆਜ਼ਾਦ ਹਿੰਦ ਫ਼ੌਜ (ਇੰਡੀਅਨ ਨੈਸ਼ਨਲ ਆਰਮੀ) ਵਿਚ ‘ਰਾਣੀ ਝਾਂਸੀ ਰੈਜੀਮੈਂਟ’ ਦੀ ਕਮਾਂਡਰ-ਇਨ-ਚੀਫ ਸੀ। ਉਸਦਾ ਵੱਡਾ ਭਰਾ ਗੋਵਿੰਦ ਸਵਾਮੀਨਾਥਨ ਆਪਣੇ ਪਿਤਾ ਵਾਂਗ ਹੀ ਮਦਰਾਸ ਦਾ ਪ੍ਰਸਿੱਧ ਵਕੀਲ ਰਿਹਾ, ਜਿਸ ਨੂੰ ਸੰਵਿਧਾਨਕ ਅਤੇ ਕ੍ਰਿਮੀਨਲ ਲਾਅ ਦੇ ਨਾਲ-ਨਾਲ ਸਿਵਲ ਅਤੇ ਕੰਪਨੀ ਲਾਅ ਵਿੱਚ ਵੀ ਕਾਫੀ ਮੁਹਾਰਤ ਸੀ। ਉਸ ਨੇ ਮਦਰਾਸ ਦੇ ਅਟਾਰਨੀ ਜਨਰਲ ਵਜੋਂ ਵੀ ਸੇਵਾਵਾਂ ਨਿਭਾਈਆਂ।
ਮ੍ਰਿਣਾਲਿਨੀ ਨੇ ਆਪਣੇ ਕਾਰਜ-ਖੇਤਰ ਵਿੱਚ ਕਲਾਸੀਕਲ ਡਾਂਸਰ, ਕੋਰੀਓਗ੍ਰਾਫਰ ਅਤੇ ਇੰਸਟ੍ਰੱਕਟਰ ਵਜੋਂ ਪ੍ਰਸਿੱਧੀ ਹਾਸਲ ਕੀਤੀ। ਉਸ ਨੇ ਆਪਣਾ ਬਚਪਨ ਸਵਿਟਜ਼ਰਲੈਂਡ ਵਿਖੇ ਬਿਤਾਇਆ, ਜਿੱਥੇ ਉਸਨੇ ਡੈਲਕਰੋਜ਼ ਸਕੂਲ ਵਿੱਚ ਪੜ੍ਹਾਈ ਕੀਤੀ। ਇਸ ਸਕੂਲ ਵਿਚ ਪੱਛਮੀ-ਸ਼ੈਲੀ ਦੀਆਂ ਨ੍ਰਿਤ-ਮੁਦਰਾਵਾਂ ਸਿਖਾਈਆਂ ਜਾਂਦੀਆਂ ਸਨ। ਕੁਝ ਸਮਾਂ ਉਸ ਨੇ ਗੁਰੂਦੇਵ ਰਾਬਿੰਦਰ ਨਾਥ ਟੈਗੋਰ ਦੀ ਦੇਖਰੇਖ ਹੇਠ ਸ਼ਾਂਤੀ ਨਿਕੇਤਨ ਵਿਖੇ ਵੀ ਪੜ੍ਹਾਈ ਕੀਤੀ। ਉਹ ਅਮਰੀਕਾ ਦੀ ਅਮੈਰਿਕਨ ਅਕੈਡਮੀ ਆਫ਼ ਡਰਾਮੈਟਿਕ ਆਰਟਸ ਵਿੱਚ ਵੀ ਪੜ੍ਹਦੀ ਰਹੀ। ਭਾਰਤ ਵਿੱਚ ਉਸਨੇ ਦੱਖਣ-ਭਾਰਤੀ ਕਲਾਸੀਕਲ ਨ੍ਰਿਤ- ਸ਼ੈਲੀਆਂ ਦੀ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਵਿੱਚ ਭਰਤ-ਨਾਟਿਅਮ ਅਤੇ ਕਥਾਕਲੀ ਨ੍ਰਿਤ ਪ੍ਰਮੁੱਖ ਸਨ। ਇਨ੍ਹਾਂ ਸ਼ੈਲੀਆਂ ਵਿੱਚ ਪ੍ਰਵੀਣ ਹੋਣ ਲਈ ਉਹਨੇ ਕ੍ਰਮਵਾਰ ਮੀਨਾਕਸ਼ੀ ਸੁੰਦਰ ਪਿੱਲੈ ਅਤੇ ਤਕਸ਼ੀ ਕੁੰਚੂ ਕੁਰੂਪ ਦੀ ਸ਼ਾਗਿਰਦੀ ਕਬੂਲ ਕੀਤੀ।
1942 ਵਿੱਚ ਮ੍ਰਿਣਾਲਿਨੀ ਦੀ ਸ਼ਾਦੀ ਭਾਰਤੀ ਸਪੇਸ ਪ੍ਰੋਗਰਾਮ ਦੇ ਪਿਤਾਮਾ ਵਿਕਰਮ ਸਾਰਾਭਾਈ ਨਾਲ ਹੋ ਗਈ, ਜਿਨ੍ਹਾਂ ਨੇ ਮ੍ਰਿਣਾਲਿਨੀ ਨੂੰ ਆਪਣੀਆਂ ਗਤੀਵਿਧੀਆਂ ਲਈ ਪੂਰੀ ਖੁੱਲ੍ਹ ਦਿੱਤੀ ਹੋਈ ਸੀ। ਮ੍ਰਿਣਾਲਿਨੀ ਦੇ ਦੋ ਬੱਚੇ ਹਨ: ਬੇਟੀ ਮੱਲਿਕਾ ਅਤੇ ਬੇਟਾ ਕਾਰਤੀਕੇਯ। ਇਨ੍ਹਾਂ ਦੋਹਾਂ ਬੱਚਿਆਂ ਨੇ ਵੀ ਮਾਂ ਵਾਂਗ ਨ੍ਰਿਤ ਅਤੇ ਥੀਏਟਰ ਵਿਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਹੈ। 1948 ਵਿੱਚ ਮ੍ਰਿਣਾਲਿਨੀ ਨੇ ਅਹਿਮਦਾਬਾਦ ਵਿਖੇ ‘ਦਰਪਣ’ ਨਾਮ ਦੀ ਪਰਫਾਰਮਿੰਗ ਆਰਟਸ ਦੀ ਅਕੈਡਮੀ ਸ਼ੁਰੂ ਕੀਤੀ। ਇਕ ਸਾਲ ਪਿੱਛੋਂ ਉਸ ਨੇ ਪੈਰਿਸ ਦੇ ‘ਥੀਏਟਰ ਡੀ ਚੈਲੀਅਟ’ ਵਿੱਚ ਆਪਣੀ ਪੇਸ਼ਕਾਰੀ ਦਿੱਤੀ, ਜਿਸ ਦੀ ਦੂਰ- ਦੁਰਾਡੇ ਕਾਫੀ ਪ੍ਰਸੰਸਾ ਹੋਈ।
ਮ੍ਰਿਣਾਲਿਨੀ ਨੇ ਕਰੀਬ 300 ਨ੍ਰਿਤ-ਪੇਸ਼ਕਾਰੀਆਂ ਲਈ ਕੋਰੀਓਗ੍ਰਾਫੀ ਕੀਤੀ। ਇਸ ਦੇ ਨਾਲ-ਨਾਲ ਉਹਨੇ ਬੱਚਿਆਂ ਲਈ ਵੀ ਬਹੁਤ ਸਾਰੇ ਨਾਵਲ, ਕਹਾਣੀਆਂ, ਕਵਿਤਾਵਾਂ ਤੇ ਨਾਟਕਾਂ ਦੀ ਰਚਨਾ ਕੀਤੀ। ਉਹ ‘ਗੁਜਰਾਤ ਸਟੇਟ ਹੈਂਡੀਕ੍ਰਾਫਟਸ ਐਂਡ ਹੈਂਡਲੂਮ ਡਿਵੈੱਲਪਮੈਂਟ ਕਾਰਪੋਰੇਸ਼ਨ ਲਿਮਟਿਡ’ ਅਤੇ ‘ਨਹਿਰੂ ਫਾਊਂਡੇਸ਼ਨ ਫਾਰ ਡਿਵੈੱਲਪਮੈਂਟ’ ਦੀ ਚੇਅਰਪਰਸਨ ਵੀ ਰਹੀ। ਉਹ ਗਾਂਧੀਵਾਦੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਵਾਲੇ ‘ਸਰਵੋਦਯ ਇੰਟਰਨੈਸ਼ਨਲ ਟਰੱਸਟ’ ਦੀ ਟਰੱਸਟੀ ਵੀ ਰਹੀ। ਉਸ ਦੀ ਸਵੈਜੀਵਨੀ “ਮ੍ਰਿਣਾਲਿਨੀ ਸਾਰਾਭਾਈ: ਦ ਵਾਇਸ ਆਫ ਦ ਹਾਰਟ” ਵੀ ਪ੍ਰਕਾਸ਼ਿਤ ਹੋ ਚੁੱਕੀ ਹੈ।
ਮ੍ਰਿਣਾਲਿਨੀ ਨੂੰ ਉਸ ਦੇ ਕਾਰਜਾਂ ਲਈ ਭਾਰਤ ਸਰਕਾਰ ਵੱਲੋਂ 1965 ਵਿੱਚ ‘ਪਦਮ ਸ਼੍ਰੀ’ ਅਤੇ 1992 ਵਿਚ ‘ਪਦਮ ਭੂਸ਼ਨ’ ਦੇ ਕੇ ਸਨਮਾਨਿਤ ਕੀਤਾ ਗਿਆ। 1997 ਵਿੱਚ ਉਸ ਨੂੰ ਯੂਨੀਵਰਸਿਟੀ ਆਫ ਈਸਟ ਐਂਗਲੀਆ, ਨੌਰਵਿਚ, ਯੂਕੇ ਵੱਲੋਂ “ਡਾਕਟਰ ਆਫ ਲੈਟਰਜ਼” ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ। ਡਾਂਸ ਫ੍ਰੈਂਚ ਆਰਕਾਈਵਜ਼ ਤੋਂ ਮੈਡਲ ਅਤੇ ਡਿਪਲੋਮਾ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਔਰਤ ਸੀ। 1990 ਵਿੱਚ ਉਸ ਨੂੰ ਪੈਰਿਸ ਦੀ ਅੰਤਰਰਾਸ਼ਟਰੀ ਡਾਂਸ ਕੌਂਸਲ ਦੀ ਐਗਜ਼ੀਕਿਊਟਿਵ ਕਮੇਟੀ ਲਈ ਨਾਮਜ਼ਦ ਕੀਤਾ ਗਿਆ। 1994 ਵਿਚ ਸੰਗੀਤ ਨਾਟਕ ਅਕੈਡਮੀ, ਨਵੀਂ ਦਿੱਲੀ ਵੱਲੋਂ ਮ੍ਰਿਣਾਲਿਨੀ ਨੂੰ ਫੈਲੋਸ਼ਿਪ ਦਿੱਤੀ ਗਈ। ਮੈਕਸੀਕੋ ਦੀ ਬੈਲੇ ਫੋਕਲੋਰਿਕੋ ਲਈ ਉਸਨੂੰ ਮੈਕਸੀਕਨ ਸਰਕਾਰ ਵੱਲੋਂ ਗੋਲਡ ਮੈਡਲ ਭੇਟ ਕੀਤਾ ਗਿਆ। 28 ਦਸੰਬਰ 1998 ਨੂੰ ‘ਦਰਪਣ ਅਕੈਡਮੀ ਆਫ ਪ੍ਰਫਾਰਮਿੰਗ ਆਰਟਸ’ ਨੇ ਆਪਣੀ ਗੋਲਡਨ ਜੁਬਲੀ ਸਮੇਂ ਕਿਸੇ ਸ਼ਖ਼ਸੀਅਤ ਨੂੰ ਕਲਾਸੀਕਲ ਨ੍ਰਿਤ ਦੇ ਖੇਤਰ ਵਿਚ “ਮ੍ਰਿਣਾਲਿਨੀ ਸਾਰਾਭਾਈ ਐਵਾਰਡ ਫਾਰ ਕਲਾਸੀਕਲ ਐਕਸੀਲੈਂਸ” ਹਰ ਵਰ੍ਹੇ ਦੇਣ ਦਾ ਐਲਾਨ ਕੀਤਾ।
ਮੌਤ ਤੋਂ ਇੱਕ ਦਿਨ ਪਹਿਲਾਂ ਹੀ ਉਹਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਪਰ ਅਗਲੇ ਹੀ ਦਿਨ, 21 ਜਨਵਰੀ 2016 ਨੂੰ ਕਰੀਬ 97½ ਸਾਲ ਦੀ ਉਮਰ ਵਿਚ ਅਹਿਮਦਾਬਾਦ (ਗੁਜਰਾਤ) ਵਿਖੇ ਮ੍ਰਿਣਾਲਿਨੀ ਦਾ ਦੇਹਾਂਤ ਹੋ ਗਿਆ। ਮ੍ਰਿਣਾਲਿਨੀ ਨੂੰ ਉਹਦੇ ਜਾਣਕਾਰ “ਅੰਮਾ” ਕਹਿ ਕੇ ਬੁਲਾਉਂਦੇ ਸਨ। ਉਸ ਦੀ ‘ਦਰਪਣ’ ਅਕੈਡਮੀ ਵੱਲੋਂ ਹੁਣ ਤੱਕ ਕਰੀਬ ਅਠਾਰਾਂ ਹਜ਼ਾਰ ਵਿਦਿਆਰਥੀਆਂ ਨੂੰ ਸ਼ਾਸਤਰੀ ਨਾਚਾਂ ਦੀ ਸਿੱਖਿਆ ਦਿੱਤੀ ਜਾ ਚੁੱਕੀ ਹੈ। ਭਾਰਤੀ ਸ਼ਾਸਤਰੀ ਨ੍ਰਿਤ-
ਸ਼ੈਲੀ ਦੇ ਖੇਤਰ ਵਿੱਚ ਮ੍ਰਿਣਾਲਿਨੀ ਦਾ ਹਮੇਸ਼ਾ ਅਮਰ ਰਹੇਗਾ।
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ,ਪਟਿਆਲਾ-147002. (9417692015)