ਸਿੱਖਿਆ ਵਿਭਾਗ ਵਿੱਚ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਚਰਨਜੀਤ ਸਿੰਘ ਗੁਰਦਿੱਤਪੁਰਾ ਆਰਟ / ਕਰਾਫਟ ਟੀਚਰ ਤੋਂ ਪ੍ਰਮੋਟ ਹੋਇਆ ਹਿੰਦੀ ਮਾਸਟਰ ਸਰਕਾਰੀ ਹਾਈ ਸਕੂਲ ਅਗੌਲ (ਨਾਭਾ) ਤੋਂ 31 ਮਾਰਚ 2025 ਨੂੰ ਸੇਵਾ ਮੁਕਤ ਹੋ ਰਿਹਾ ਹੈ।ਉਸ ਦਾ ਜਨਮ ਨਾਭਾ ਤਹਿਸੀਲ ਦੇ ਪਿੰਡ ਗੁਰਦਿੱਤਪੁਰਾ ਵਿਖੇ ਬ੍ਰਾਹਮਣ ਪਰਿਵਾਰ’ਚ ਸਵ: ਸ਼੍ਰੀ ਸ਼ਿਆਮ ਲਾਲ ਦੇ ਘਰ ਮਾਤਾ ਲਾਜਵੰਤੀ ਦੀ ਕੁੱਖੋਂ 23 ਅਕਤੂਬਰ 1966 ਨੂੰ ਹੋਇਆ।ਪਰਿਵਾਰ ਦਾ ਮੱਖ ਕਿੱਤਾ ਖੇਤੀਬਾੜੀ ਹੋਣ ਕਾਰਨ ਬੱਚਿਆਂ ਨੇ ਕੰਬਾਇਨ ਲੈ ਕੇ ਵਢਾਈ ਦਾ ਕੰਮ ਵੀ ਸ਼ੁਰੂ ਕਰ ਲਿਆ ।ਚਰਨਜੀਤ ਸਿੰਘ ਨੇ ਮੁੱਢਲੀ ਸਿੱਖਿਆ ਮਿਡਲ ਤੱਕ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ।ਮੈਟ੍ਰਿਕ ਤੱਕ ਦੀ ਪੜ੍ਹਾਈ 1983 ਵਿੱਚ ਨਾਭਾ ਦੇ ਆਰੀਆ ਹਾਈ ਸਕੂਲ਼ ਤੋਂ ਪ੍ਰਾਪਤ ਕੀਤੀ ।ਸਰਕਾਰੀ ਰਿਪੁਦਮਨ ਕਾਲਜ ਨਾਭਾ ਤੋਂ 10+2 ਤੱਕ ਦੀ ਪੜ੍ਹਾਈ 1987 ਵਿੱਚ ਪ੍ਰਾਪਤ ਕੀਤੀ ।ਇਗਨੋ ਯੂਨੀਵਰਸਿਟੀ ਦਿੱਲੀ ਤੋਂ ਉਸ ਨੇ ਬੀ.ਏ. ਪਾਸ ਕਰ ਲਈ । ਉਸ ਨੇ ਬੀ.ਐਡ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕਰ ਲਈ ।ਉਸ ਨੇ ਡਬਲ ਐਮ.ਏ. (ਹਿੰਦੀ ਅਤੇ ਪੋਲੀਟੀਕਲ ਸਾਇੰਸ) ਐਮ.ਕੇ.ਯੂ. ਯੂਨੀਵਰਸਿਟੀ ਤੋਂ ਕਰ ਲਈ । ਇਸ ਉਪਰੰਤ ਉਸ ਨੇ ਸਰਕਾਰੀ ਆਰਟ ਐਂਡ ਕਰਾਫਟ ਟੀਚਰਜ਼ ਟ੍ਰੇਨਿੰਗ ਸੰਸਥਾ ਨਾਭਾ ਤੋਂ ਦੋ ਸਾਲਾ ਡਿਪਲੋਮਾ 1985 ਵਿੱਚ ਕਰ ਲਿਆ ।ਕਾਮਰੇਡ ਨਛੱਤਰ ਸਿੰਘ ਸਰਪੰਚ ਦੇ ਨੌਜਵਾਨ ਬੇਟੇ ਨਰਿੰਦਰ ਸਿੰਘ ਦੀ ਅਚਾਨਕ ਮੌਤ ਹੋਣ ਕਰਕੇ ਉਸਦੀ ਯਾਦ ਵਿੱਚ ਪਿੰਡ ਵਿੱਚ ਨੋਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਬਣੇ ‘ਨਰਿੰਦਰ ਮੈਮੋਰੀਅਲ ਸਪੋਰਟਸ ਕਲੱਬ’ ਵਿੱਚ ਚਰਨਜੀਤ ਸਿੰਘ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਟੂਰਨਾਮੈਂਟ ਵੀ ਕਰਾਉਂਦੇ ਰਹੇ ।
ਉਸ ਨੇ ਪਰੀਤ ਪਬਲਿਕ ਸਕੂਲ ਗੁਰਦਿੱਤਪੁਰਾ ਵਿਖੇ 1992 ਤੋਂ 1997 ਤੱਕ ਬਤੌਰ ਆਰਟ / ਕਰਾਫਟ ਟੀਚਰ ਕੰਮ ਕੀਤਾ ।ਉਸ ਨੇ ਬਾਲਗਾਂ ਨੂੰ ਸਰਕਾਰ ਦੀ ਅਡਲਟ ਐਜੁਕੇਸ਼ਨ ਸਕੀਮ ਅਧੀਨ ਬਾਲਗ ਸਿੱਖਿਆ ਕੇਂਦਰ ਵਿੱਚ ਵੀ ਕੰਮ ਕੀਤਾ । ਉਸ ਦਾ ਵਿਆਹ ਰਾਮਪੁਰ ਛੰਨਾ ਵਿਖੇ ਸ਼੍ਰੀ ਕੁਲਵੰਤ ਸਿੰਘ ਦੀ ਬੇਟੀ ਰਾਜਵਿੰਦਰ ਕੌਰ ਨਾਲ 6 ਫਰਵਰੀ 1995 ਨੂੰ ਹੋ ਗਿਆ । ਵਿਭਾਗੀ ਚੋਣ ਕਮੇਟੀ ਵਲੋਂ 1996 ਵਿੱਚ ਉਸ ਦੀ ਚੋਣ ਬਤੌਰ ਆਰਟ / ਕਰਾਫਟ ਟੀਚਰ ਹੋ ਗਈ । ਉਸ ਨੇ 1 ਜਨਵਰੀ 1997 ਨੂੰ ਸ.ਸ.ਸ.ਸ. ਕੁਲਬੁਰਛਾਂ (ਪਟਿਆਲਾ) ਵਿਖੇ ਬਤੌਰ ਆਰਟ / ਕਰਾਫਟ ਟੀਚਰ ਹਾਜ਼ਰੀ ਦੇ ਕੇ ਰੈਗੂਲਰ ਸੇਵਾ ਸ਼ੁਰੂ ਕੀਤੀ।ਉਨ੍ਹਾਂ ਦੀ ਬਦਲੀ ਉਨ੍ਹਾਂ ਦੇ ਆਪੇ ਪਿੰਡ ਦੇ ਸ.ਹ.ਸ. ਗੁਰਦਿੱਤਪੁਰਾ ਵਿਖੇ ਹੋ ਗਈ । ਉਸ ਨੇ ਇਥੇ 22 ਜੂਨ 2001 ਨੂੰ ਹਾਜ਼ਰ ਹੋ ਕੇ ਤਕਰੀਬਨ 20 ਸਾਲ ਸੇਵਾ ਕੀਤੀ । ਉਸ ਨੇ ਸਕੂਲ ਨੂੰ ਅਪਗ੍ਰੇਡ ਕਰਵਾਉਣ ਅਤੇ ਪ੍ਰੀਖਿਆ ਕੇਂਦਰ ਬਣਾਉਣ ਲਈ ਅਹਿਮ ਭੁਮਿਕਾ ਨਿਭਾਈ ।ਸਕੂਲ ਵਿੱਚ ਖਾਲੀ ਪੋਸਟਾਂ ਭਰਨ ਲਈ ਪਿੰਡ ਦੀ ਪੰਚਾਇਤ ਅਤੇ ਰਾਜਨੀਤਕ ਪਹੁੰਚ ਨਾਲ ਅਹਿਮ ਕੰਮ ਕੀਤਾ ।ਸਕੂਲ ਦੇ ਵਿਕਾਸ ਅਤੇ ਬੱਚਿਆਂ ਦੀ ਭਲਾਈ ਹਮੇਸ਼ਾ ਪਿੰਡ ਵਲੋਂ ਸਹਿਯੋਗ ਦਿਵਾਉਂਦੇ ਰਹੇ ਉਹ ‘ਪੜ੍ਹੋ ਪੰਜਾਬ’ ਤਹਿਤ ਬਲਾਕ ਪੱਧਰ ਤੇ ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਆ ਕੇ ਸਕੂਲ ਦਾ ਨਾਂ ਉੱਚਾ ਕੀਤਾ । ਉਨ੍ਹਾ ਦੇ ਪੜ੍ਹਾਏ ਬੱਚੇ ਅਧਿਆਪਕ , ਇੰਜਨੀਅਰ ਬਨ ਤੋਂ ਇਲਾਵਾ ਹੋਰ ਵਿਭਾਗਾਂ ਵਿੱਚ ਵੀ ਨੌਕਰੀ ਕਰ ਰਹੇ ਹਨ । ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਜਾਂਦੇ ਵਿਦਿਅਕ ਮੁਕਾਬਲਿਆਂ ਦੀ ਜੱਜਮੈਂਟ ਕਰਨ ਵਿੱਚ ਬਤੌਰ ਜੱਜ ਡਿਊਟੀ ਦੇਂਦੇ ਰਹੇ ।ਇਥੇ ਹੀ ਇਨ੍ਹਾਂ ਦੀ ਤਰੱਕੀ ਬਤੌਰ ਹਿੰਦੀ ਮਾਸਟਰ ਹੋ ਗਈ ਅਤੇ ਇਨ੍ਹਾਂ ਨੇ 29 ਦਸੰਬਰ 2020 ਨੂੰ ਸਰਕਾਰੀ ਹਾਈ ਸਕੂਲ ਅਗੌਲ ਵਿਖੇ ਬਤੌਰ ਹਿੰਦੀ ਮਾਸਟਰ ਜੁਆਇਨ ਕਰਕੇ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ ।ਕਲਾ ਨਾਲ ਜੁੜੇ ਹੋਣ ਕਾਰਨ ਇਥੇ ਬੱਚਿਆਂ ਵਿੱਚ ਥੋੜੇ ਸਮੇਂ ਵਿੱਚ ਹੀ ਆਪਣੀ ਪੜ੍ਹਾਉਣ ਦੀ ਵਧੀਆ ਸ਼ੈਲੀ ਸਦਕਾ ਹਰਮਨ ਪਿਆਰੇ ਬਣ ਗਏ ।
ਸੰਘਰਸ਼ ਦੀ ਭਾਵਨਾ ਸਦਕਾ ਉਸ ਨੇ ਸੀ ਐਂਡ ਵੀ ਕਾਡਰ ਦੇ ਮੁਲਾਜ਼ਮਾਂ ਦੀ ਸਮੱਸਿਆਵਾਂ ਨੂੰ ਹੱਲ ਕਰਵਾਉਣ ਵਾਲੀ ਜਥੇਬੰਦੀ ‘ਗੋਰਮਿੰਟ ਕਲਾਸੀਕਲ ਐਂਡ ਵਰਨੈਕੂਲਰ ਟੀਚਰ ਯੂਨੀਅਨ’ ਨਾਲ ਜੁੜ ਕੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਲੰਬਾ ਸਮਾਂ 2010 ਤੋਂ 2020 ਤੱਕ ਇਸ ਜਥੇਬੰਦੀ ਦੇ ਸਕੱਤਰ ਦੇ ਅਹੁਦੇ ਤੇ ਕੰਮ ਕੀਤਾ।ਇਸ ਸਮੇਂ ਦੌਰਾਣ ਉਸ ਨੇ ਮੁਲਾਜ਼ਮਾਂ ਦੀਆਂ ਅਨੇਕਾਂ ਸਮੱਸਿਆਵਾਂ ਨੂੰ ਹੱਲ ਕਰਵਾਇਆ।ਉਨ੍ਹਾਂ ਨੇ ਆਪਣੀ ਡਿਊਟੀ ਦੇ ਨਾਲ ਬੂਥ ਲੇਵਲ ਅਫਸਰ ਅਤੇ ਮਿਡ ਡੇ ਮੀਲ ਦੇ ਕੰਮ ਦੀ ਡਿਊਟੀ ਵੀ ਸਫਲਤਾਪੂਰਵਕ ਨਿਭਾਈ ਹੈ।ਉਹਨ੍ਹਾਂ ਦੇ ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਡਾਕ ‘ਚ ਵੱਡਮੁੱਲੇ ਵਿਚਾਰ ਛੱਪਦੇ ਰਹਿੰਦੇ ਹਨ । ਚਰਨਜੀਤ ਸਿੰਘ ਦੀ ਜ਼ਿੰਦਗੀ ਸੰਘਰਸ਼ ਭਰੀ ਰਹੀ ।ਪਿਤਾ ਸਿੱਧੇ ਸਾਦੇ ਸੁਭਾਅ ਦੇ ਹੋਣ ਕਾਰਨ ਉਨ੍ਹਾਂ ਦੇ ਵੱਡੇ ਭਰਾ ਰਾਮ ਪ੍ਰਕਾਸ਼ ਨੇ ਸਾਂਝੇ ਪਰਿਵਾਰ ਵਿੱਚ ਵੱਡਾ ਹੋਣ ਕਾਰਣ ਪਿਤਾ ਦੀਆਂ ਜ਼ਿੰੇਵਾਰੀਆਂ ਨੂੰ ਨਿਭਾਉਂਦੇ ਹੋਏ ਛੋਟੇ ਭਰਾ,ਪੁੱਤਰ,ਭਤੀਜੇ,ਭਾਣਜੇ ਭਾਵ ਸਾਰਿਆਂ ਨੂੰ ਵਧੀਆ ਸਿੱਖਿਆ ਦਿਵਾ ਕੇ ਸਰਕਾਰੀ ਨੋਕਰੀਆਂ ਹਾਸਲ ਕਰਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ।
ਉਨ੍ਹਾਂ ਦੇ ਪਰਿਵਾਰ ਵਲੋਂ ਪਿੰਡ ਗੁਰਦਿੱਤਪੁਰਾ ਦੇ ਵਿਕਾਸ ਕੰਮਾਂ ਵਿੱਚ ਵੱਧ ਚੜ੍ਹ ਕੇ ਸਮੂਲੀਅਤ ਕਰਨੀ ਜਿਵੇਂ ਪਿੰਡ ਦੇ ਸਕੂਲ਼ ਵਿੱਚ ਸ਼ੈੱਡ ਬਣਾਉਣ, ਸਮਸ਼ਾਨ ਘਾਟ ‘ਚ ਸ਼ੈੱਡ ਬਣਾਉਣ ਅਤੇ ਮੰਦਰ ਦੀ ਉਸਾਰੀ ਲਈ ਯੋਗਦਾਨ ਪਾਉਂਦਾ ਰਿਹਾ ਹੈ।ਉਨ੍ਹਾਂ ਦਾ ਸੁਭਾਅ ਮਿਲਣਸਾਰ ਅਤੇ ਨਿੱਘਾ ਹੋਣ ਕਾਰਨ ਹਰੇਕ ਦੇ ਮਨ ਵਿੱਚ ਉਨ੍ਹਾਂ ਪ੍ਰਤੀ ਸਤਿਕਾਰ ਮਲੋ ਮੱਲੀ ਬਣ ਜਾਂਦਾ ਹੈ।ਉਹ ਹਿੰਦੂ ਪਰਿਵਾਰ ਵਿੱਚ ਜਨਮ ਲੈਣ ਦੇ ਬਾਵਜੂਦ ਸਿੱਖ ਧਰਮ ‘ਚ ਵੀ ਪੂਰੀ ਸ਼ਰਧਾ ਰੱਖਦੇ ਹਨ।ਉਨ੍ਹਾਂ ਦੇ ਪਰਿਵਾਰ ਦਾ ਇਲਾਕੇ ਵਿੱਚ ਵਧੀਆ ਅਸਰ ਰਸੂਖ ਹੈ।ਉਨ੍ਹਾਂ ਦਾ ਵੱਡਾ ਭਰਾ ਰਾਮ ਪ੍ਰਕਾਸ਼ ਨਗਰ ਕੌਂਸਲ ਨਾਭਾ ਤੋਂ ਸੇਵਾ ਮੁਕਤ ਹੋ ਗਿਆ ਹੈ । ਦੋ ਭਰਾ ਖੇਤੀਬਾੜੀ , ਇੱਕ ਪ੍ਰਾਈਵੇਟ ਨੌਕਰੀ ਕਰ ਰਿਹਾ ਹੈ।ਚਰਨਜੀਤ ਸਿੰਘ ਆਪਣੇ ਪਿੰਡ ਗੁਰਦਿੱਤਪੁਰਾ ਵਿਖੇ ਆਪਣੀ ਪਤਨੀ ਰਾਜਵਿੰਦਰ ਕੌਰ ਨਾਲ ਰਹਿ ਰਹੇ ਹਨ।ਉਨ੍ਹਾਂ ਦਾ ਬੇਟਾ ਅਰਸ਼ਦੀਪ ਸਿੰਘ (ਆਰਟ/ਕਰਾਫਟ ਡਿਪਲੋਮਾ , ਐਮ.ਐਸ.ਸੀ. ਐਗਰੀਕਲਚਰ) ਆਪਣੀ ਪਤਨੀ ਅੰਕੁਸ਼ ਸ਼ਰਮਾ ਐਮ.ਐਸ.ਸੀ.(ਐਗਰੀਕਲਚਰ) ਨਾਲ ਕਨੇਡਾ ਵਿਖੇ ਰਹਿ ਰਿਹਾ ਹੈ ।ਜਿਸ ਤਰ੍ਹਾਂ ਪ੍ਰਮਾਤਮਾ ਨੇ ਉਨ੍ਹਾਂ ਨੂੰ ਐਨੀਆਂ ਖੁਸ਼ੀਆਂ ਬਖਸ਼ੀਆਂ ਹਨ ਉਸੀ ਤਰ੍ਹਾਂ ਪ੍ਰਮਾਤਮਾ ਆਉਣ ਵਾਲਾ ਸਮਾਂ ਵੀ ਉਨ੍ਹਾਂ ਲਈ ਖੁਸ਼ੀਆਂ ਭਰਪੂਰ ਬਖਸ਼ੇ।
ਮੇਜਰ ਸਿੰਘ ਨਾਭਾ, ਮੋ: 9463553962

