ਦਿਲ ਦੇ ਪਿੱਪਲ ਥੱਲੇ ਵੱਟਾਂ ਬੇੜ ਸੁਫ਼ਨਿਆਂ ਦੇ,
ਸੁੱਕੇ ਖੂਹ ਦੀਆਂ ਟਿੰਡਾਂ ਵਰਗੇ ਗੇੜ ਸੁਫ਼ਨਿਆਂ ਦੇ।
ਮਰ ਗਈ ਆਸ ਵਿਚਾਰੀ ਸਾਲੂ ਸਿਰ ‘ਤੇ ਸੂਹਾ ਲੈ,
ਕਦੀ ਵਰਨ ਨਾਂ ਆਏ ਉਹ ਸਹੇੜ ਸੁਫ਼ਨਿਆਂ ਦੇ।
ਅੱਭੜਵਾਹੇ ਉੱਠੇ ਮੇਰੇ ਸੁਫ਼ਨੇ, ਸੁਫ਼ਨੇ ਚੋਂ,
ਅਗਲਿਆਂ ਕੋਲੋਂ ਵੱਜੀ ਜਦੋਂ ਚਪੇੜ ਸੁਫ਼ਨਿਆਂ ਦੇ।
ਅੱਖਰ ਅੱਖਰ ਨੰਗੇ ਕਰਕੇ ਸਫ਼ੇ ‘ਤੇ ਪਾ ਦਿੱਤੇ,
ਕਲ਼ਮ ਨੇ ਦਿੱਤੇ ਸਾਰੇ ਪਾਜ ਉਧੇੜ ਸੁਫ਼ਨਿਆਂ ਦੇ।
ਏਹ ਵਿਚਾਰੇ ਨੰਗ ਧੜੰਗ ਹੀ ਉਮਰਾਂ ਕੱਢ ਦਿੰਦੇ,
ਰੇਸ਼ਮ, ਮਖ਼ਮਲ ਕਦੇ ਨਾ ਹੁੰਦੇ ਤੇੜ ਸੁਫ਼ਨਿਆਂ ਦੇ।
ਬਾਹਰਲੀ ਫਿਰਨੀ ਉਤੇ ਆ ਕੇ ਤੱਕਿਆ ਏ ਪਿੰਡ ਨੂੰ,
ਤੁਰ ਪਏ ਹਾਂ ਅੱਜ ਹਿਸਾਬ ਨਬੇੜ ਸੁਫ਼ਨਿਆਂ ਦੇ।
ਜੰਗਬੰਦੀ ਦੀ ਪੂਰੀ ਭਾਵੇਂ ਕਰੀ ਤਿਆਰੀ ਸੀ,
ਬੰਕਰ ਸ਼ੰਕਰ ਦਿੱਤੇ ਸਭ ਖਦੇੜ ਸੁਫ਼ਨਿਆਂ ਦੇ।
ਆਖਰਕਾਰ ਉਨ੍ਹਾਂ ਨੇ ਮੈਨੂੰ ਨੱਪ ਹੀ ਲੈਣਾ ਸੀ,
ਮੈਂ ‘ਕੱਲਾ, ਉਧਰ ਹੇੜਾਂ ਦੇ ਹੇੜ ਸੁਫ਼ਨਿਆਂ ਦੇ।
ਭਾਵੇਂ ਲੱਖਾਂ ਪਾਣੀ, ਗੋਡੀ, ਖਾਦਾਂ ਪਾਉਂਦੇ ਰਹੁ,
‘ਅੰਬਰਸਰੀਆ’ ਹਰੇ ਨਾਂ ਰਹਿੰਦੇ ਪੇੜ ਸੁਫ਼ਨਿਆਂ ਦੇ।
ਰਮਿੰਦਰ ਸਿੰਘ ‘ਅੰਬਰਸਰੀ’
ਪਿੰਡ ਛਾਪਾ ਰਾਮ ਸਿੰਘ
ਡਾਕਖਾਨਾ ਫਤਹਿਪੁਰ ਰਾਜਪੂਤਾਂ
ਅੰਮ੍ਰਿਤਸਰ
੭੭੪੦੦੨੬੦੬੮