ਅੱਕ ਕੇ ਥੱਕ ਕੇ ਜਾਂ ਕਹਿ ਲਓ ਇਨਸਾਨੀ ਫਿਤਰਤ ਤੱਕ ਕੇ ਇਹ ਵਿਚਾਰੀ ਟਟੀਹਰੀ ਪੱਕੇ ਲੈਂਟਰ ਪਏ ਮਕਾਨ ਦੇ ਉੱਤੇ ਹੀ ਆਂਡੇ ਦੇਣ ਲਈ ਮਜਬੂਰ ਹੋ ਗਈ। ਸਮਾਂ ਪਾ ਕੇ ਬੱਚੇ ਵੀ ਨਿਕਲ ਆਏ। ਅੱਜ ਜਦੋੱ ਮੈਂ ਅਚਾਨਕ ਛੱਤ ਤੇ ਚੜ੍ਹਿਆ ਤਾਂ ਟਟੀਹਰੀ ਨੇ ਟਰੀਂ ਟਰੀਂ ਲਾ ਲਈ। ਧਿਆਨ ਨਾਲ ਵੇਖਿਆ ਤਾਂ ਵਰਦੇ ਲੂਹੇ ਚ ਪਏ ਚਾਰ ਬੱਚੇ ਨਜਰੀ ਪਏ। ( ਸ਼ਾਇਦ ਮੇਰੇ ਜਾਣ ਕਰਕੇ ਟਟੀਹਰੀ ਨੂੰ ਉੱਪਰੋਂ ਉੱਠਣਾ ਪਿਆ)। ਜੁਗਾੜ ਲਾ ਕੇ ਛੱਤ ਜਿਹੀ ਤਾਂ ਬਣਾਈ ਪਰ ਮੇਰੇ ਪਰ੍ਹਾਂ ਹੁੰਦਿਆਂ ਈ ਡਰੀ ਹੋਈ ਟਟੀਹਰੀ ਨੇ ਉਹਦੇ ਚੋਂ ਬੱਚੇ ਬਾਹਰ ਕੱਢ ਲਏ। ਹਾਰ ਕੇ ਮੈਂ ਉਹ ਛੱਤ ਥੋੜੀ ਦੂਰ ਹੋਰ ਥਾਂ ਤੇ ਬਣਾ ਦਿੱਤੀ ਕਿ ਜੇ ਲੋੜ ਮਹਿਸੂਸ ਹੋਈ ਤਾਂ ਆਪੇ ਹੇਠਾਂ ਵੜ ਜਾਣਗੇ। ਪਰ ਸੱਚ ਜਾਣਿਓਂ ਟਟੀਹਰੀ ਦੀ ਟਰੀਂ ਟਰੀਂ ਮੇਰੇ ਸਿਰ ਚ ਹਥੌੜੇ ਵਾਂਗ ਵੱਜੀ। ਜਿਵੇਂ ਸਵਾਲ ਕਰ ਰਹੀ ਹੋਵੇ ਕਿ ਸਾਡਾ ਕਸੂਰ ਕੀ ਏ? ਪੁੱਛ ਰਹੀ ਹੋਵੇ ਇਹ ਧਰਤੀ ਤੁਹਾਡੇ ਇਕੱਲਿਆਂ ਦੀ ਏ? ਕਹਿ ਰਹੀ ਹੋਵੇ ਪਾਪੀਓ! ਹੁਣ ਏਥੇ ਤਾਂ ਬਖਸ਼ ਦਓਂ।
ਸ਼ਾਮੀਂ ਮੋਟਰ ਤੇ ਜਾਂਦਿਆਂ ਰਾਹ ਚ ਸੁਆਹ ਨਾਲ ਕਾਲੇ ਹੋਏ ਖੇਤਾਂ ਚ ਕੱਲਮ-ਕੱਲੀ ਟਟੀਹਰੀ ਬੈਠੀ ਵੇਖ ਕੇ ਮਨ ਚ ਖਿਆਲ ਆਇਆ ਪਤਾ ਨੀ ਕਿੰਨੇ ਬੋਟ ਏਸ ਚੰਦਰੀ ਅੱਗ ਦੀ ਭੇਟ ਚੜ੍ਹ ਗਏ ਹੋਣਗੇ। ਜਾਪਿਆ ਇਹ ਅਭਾਗੀ ਵੀ ਆਪਣੇ ਜਿਗਰ ਦੇ ਟੁਕੜੇ ਲੱਭ ਰਹੀ ਹੋਵੇਗੀ, ਬਿਲਕੁਲ ਓਵੇ ਹੀ ਜਿਵੇਂ 47 ਦੀ ਅਗਸਤ ਜਾਂ 84 ਦੀ ਜੂਨ ਚ ਸਾਡੀਆਂ ਮਾਵਾਂ ਲੱਭ ਰਹੀਆਂ ਸਨ। ਉਸ ਸਮੇੰ ਮੇਰੇ ਦਿਮਾਗ ਵਿੱਚ ਵੀ ਇਹੀ ਖਿਆਲ ਆਇਆ “ਕੀ ਇਹ ਧਰਤੀ ਸਾਡੀ ਇਕੱਲਿਆਂ ਦੀ ਏ?”
(ਕਿਸੇ ਨੂੰ ਲੋੜ ਲਈ ਮਾਰਨ, ਮਜਬੂਰੀ ਵੱਸ ਮਾਰਨ ਤੇ ਬਿਨ੍ਹਾਂ ਵਜ੍ਹਾ ਜਾਂ ਬੇਵਕੂਫ਼ੀ ਨਾਲ ਮਾਰਨ ਚ ਬਹੁਤ ਫ਼ਰਕ ਹੁੰਦਾ ਏ।)

ਗੁਰਜਿੰਦਰ ਸਿੰਘ ਸਾਹਦੜਾ

