ਹੋਇਆ ਕੀ ਕਸੂਰ, ਦਿਲ ਹੋਇਆ ਚੂਰ ਚੂਰ ਮੇਰਾ,
ਸੋਹਣਿਆਂ ਤੂੰ ਕਾਹਤੋਂ ਲਈਆਂ ਅੱਖੀਆਂ ਨੇ ਫੇਰ ਵੇ!
ਦਿਲ ਹੈ ਉਦਾਸ, ਅੱਜ ਬੜਾ ਹੀ ਨਿਰਾਸ਼ ਹੋਇਆ,
ਲੱਗਦੈ ਕਿ ਚਾਰੇ ਪਾਸੇ ਪੈ ਗਿਆ ਹਨੇਰ ਵੇ!
ਨਿੱਕੀ ਜੇਹੀ ਗੱਲ ਉੱਤੇ ਵੱਟ ਲਿਆ ਮੂੰਹ ਉਹਨੇ,
ਆਉਂਦੀ ਹੈ ਭੁਆਂਟਣੀ ਤੇ ਚੜ੍ਹਦੀ ਹੈ ਘੇਰ ਵੇ!
ਛੱਡ ਰੋਸਾ, ਹੱਥ ਜੋੜਾਂ, ਮਿੰਨਤਾਂ ਮੈਂ ਕਰਦੀ ਹਾਂ,
ਲਿਖ ‘ਤਾ ਮੁਆਫ਼ੀਨਾਮਾ, ਲਾਈ ਕਾਹਤੋਂ ਦੇਰ ਵੇ!
ਐਡਾ ਕੀ ਪਹਾੜ ਟੁੱਟਾ, ਗੁੱਸਾ ਮੇਰੇ ਉੱਤੇ ਫੁੱਟਾ,
ਪਾਵੇਂ ਵਖਰੇਵੇਂ ਕਹਿ ਕੇ ਐਵੇਂ ਮੇਰ-ਤੇਰ ਵੇ!
ਚੰਗੀ ਨਹੀਂ ਜ਼ਿਦ, ਹੋਈ ਛੋਟੀ ਜਿਹੀ ਗਲਤੀ ਜੇ,
ਥੁੱਕ ਦੇ ਤੂੰ ਗੁੱਸਾ, ਹੁਣ ਬੁੱਲ੍ਹੀਆਂ ਨਾ ਟੇਰ ਵੇ!
ਭਰਦੀ ਹਾਂ ਹੌਕੇ, ਦਿਲੋਂ ਉਠਦੀ ਹੈ ਹੂਕ ਮੇਰੇ,
ਰਗੜਾਂ ਮੈਂ ਮੱਥਾ, ਅੱਖੋਂ ਹੰਝੂ ਰਹੀ ਕੇਰ ਵੇ!
ਚੈਨ ਆਵੇ ਦਿਲ ਨੂੰ, ਜੇ ਕਰ ਦੇਵੇਂ ਮਾਫ਼ ਮੈਨੂੰ,
ਹੱਸ ਕੇ ਜੇ ਬੋਲੇਂ, ਨਾਲ਼ ਮੇਰੇ ਇੱਕ ਵੇਰ ਵੇ!
ਦੁਖੀ ਵੇਖ ਮੈਨੂੰ, ਚੜ੍ਹੇ ਖੁਸ਼ੀ ਏਦਾਂ ਤੈਨੂੰ,
ਜਿਵੇਂ ਕੀਤਾ ਹੋਵੇ ਫੌਤ, ਕੋਈ ਤਿੱਤਰ-ਬਟੇਰ ਵੇ!
ਸੀਨਾ ਹੋਇਆ ਤਾਰ-ਤਾਰ, ਕਾਹਤੋਂ ਪਾਵੇਂ ਫਿਟਕਾਰ,
ਸਿੱਧੀ ਗੱਲ ਕਰ ਮੂੰਹੋਂ, ਛੱਡ ਵਾਧੂ ਹੇਰ-ਫੇਰ ਵੇ!
ਮੱਥੇ ਵੱਟ ਪਾਉਣੇ ਛੱਡ, ਦਿਲ ‘ਚੋਂ ਕਰੋਧ ਕੱਢ,
ਫੇਰ ਹੀ ਕਰਾਂਗੇ ਗੱਲਾਂ, ‘ਕੱਠੇ ਹੋ ਕੇ ਢੇਰ ਵੇ!
ਹਿੱਕ ਨਾਲ ਲਾ ਕੇ, ਗਲਵੱਕੜੀ ਜੇ ਘੁੱਟ ਪਾਵੇਂ,
ਮੇਰੇ ਲਈ ਆਉਣੀ, ਉਦੋਂ ਸੱਜਰੀ-ਸਵੇਰ ਵੇ!
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)