ਭਾਰਤ ਹੀ ਨਹੀਂ ਪੂਰੀ ਦੁਨੀਆਂ ਨੂੰ ਹਵਾ ਅਤੇ ਪਾਣੀ ਤੋਂ ਬਾਅਦ ਰੋਟੀ ਦੀ ਪੂਰਤੀ ਕਰਨ ਵਾਲਾ ਕਿਸਾਨ ਹੈ। ਭਾਰਤ ਇੱਕ ਅਜਿਹਾ ਦੇਸ਼ ਹੈ ਜਿਥੇ ਸੱਤਰ ਪ੍ਰਤੀਸ਼ਤ ਤੋਂ ਵੱਧ ਵਸੋਂ ਖੇਤੀ ਅਤੇ ਖੇਤੀ ਨਾਲ ਸਬੰਧਤ ਕਿੱਤਿਆਂ ਨਾਲ ਜੁੜ ਕੇ ਦੇਸ਼ ਦੀ ਰੀੜ੍ਹ ਦੀ ਹੱਡੀਂ ਬਣ ਕੇ ਕੰਮ ਕਰ ਰਹੀ ਹੈ।ਹਰੀ ਕ੍ਰਾਂਤੀ ਤੋਂ ਪਹਿਲਾਂ ਭੁੱਖਮਰੀ ਅਤੇ ਅੰਨ ਦੀ ਕਮੀਂ ਨਾਲ ਜੂਝਣ ਵਾਲਾ ਭਾਰਤ ਦੇਸ਼ ਹੁਣ ਵਿਦੇਸ਼ਾਂ ਵਿੱਚ ਵੀ ਅੰਨ ਭੇਜ ਕੇ ਦੁਨੀਆਂ ਦਾ ਪੇਟ ਭਰ ਰਿਹਾ ਹੈ।ਹਰੀ ਕ੍ਰਾਂਤੀ ਦੇ ਸਮੇਂ ਕਿਸਾਨ ਦੇਸ਼ ਨੂੰ ਭੁੱਖਮਰੀ ਦੇ ਸੰਕਟ ਵਿੱਚੋਂ ਕੱਢਣ ਲਈ ਕਣਕ ਅਤੇ ਝੋਨੇ ਦੇ ਗੇੜ ਵਿੱਚ ਅਜਿਹਾ ਫਸਿਆ ਕਿ ਹੁਣ ਬਾਹਰ ਨਿਕਲਣਾ ਮੁਸ਼ਿਕਲ ਹੋ ਰਿਹਾ ਹੈ। ਸਮੇਂ ਦੇ ਹਾਕਮ ਜਿਥੇ ਖ਼ੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਦੀ ਗੱਲ਼ ਕਰਦੇ ਹਨ ਉਥੇ ਤਿੰਨ ਖੇਤੀ ਕਾਨੂੰਨ ਅਤੇ ਸਰਕਾਰੀ ਮੰਡੀਆਂ ਤੇ ਡਾਕਾ ਮਾਰਕੇ ਖ਼ੇਤੀ ਸੈਕਟਰ ਨੂੰ ਕਾਰਪੋਰੇਟ ਦੇ ਹਵਾਲੇ ਕਰਨ ਲਈ ਦਿਨ ਰਾਤ ਇੱਕ ਕਰ ਰਹੇ ਹਨ। ਜ਼ੇਕਰ ਸਰਕਾਰੀ ਮੰਡੀਆਂ ਖ਼ਤਮ ਹੋ ਜਾਣਗੀਆਂ ਤਾਂ ਘੱਟੋ ਘੱਟ ਸਮਰਥਨ ਮੁੱਲ ਤੇ ਕਿਸਾਨਾਂ ਦੀ ਫ਼ਸਲ ਕੌਂਣ ਖਰੀਦੇਗਾ, ਫ਼ਿਰ ਤਾਂ ਪ੍ਰਾਈਵੇਟ ਅਤੇ ਕਾਰਪੋਰੇਟ ਘਰਾਣੇ ਕਿਸਾਨਾਂ ਦੀ ਫ਼ਸਲ ਦਾ ਮੁੱਲ ਆਪ ਤਹਿ ਕਰਨਗੇ ਕਿਉਂਕਿ ਉਹਨਾਂ ਨੇ ਆਪਣਾ ਮੁਨਾਫ਼ਾ ਦੇਖਣਾ ਹੈ ,ਕਿਸਾਨਾਂ ਦੀ ਹਾਲਤ ਨਹੀਂ ਜ਼ੋ ਦਿਨ ਰਾਤ ਇੱਕ ਕਰਕੇ ਵੀ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਅਸਮਰਥ ਰਹਿੰਦਾ ਹੋਇਆ ਸਾਰੀ ਉਮਰ ਕਰਜ਼ੇ ਵਿੱਚ ਗੁਜ਼ਾਰ ਦਿੰਦਾ ਹੈ। ਕਿਸਾਨਾਂ ਮਜ਼ਦੂਰਾਂ ਦੀ ਜ਼ਿੰਦਗੀ ਅਤੇ ਉਹਨਾਂ ਦੀ ਮੌਜੂਦਾ ਹਾਲਤ ਨੂੰ ਪਰਦੇ ਤੇ ਦਿਖਾਉਣ ਵਿੱਚ ਕਾਮਯਾਬ ਰਹੀ ਹੈ, ਫ਼ਿਲਮ ਜਾਗੋ ਆਈ ਆ ਜ਼ੋ 04 ਅਪ੍ਰੈਲ 2025 ਨੂੰ ਸਿਨੇਮਾ ਅਤੇ 28 ਅਗਸਤ 2025 ਨੂੰ ਓ ਟੀ ਟੀ ਦੇ ਚੌਪਾਲ ਪਲੇਟਫਾਰਮ ਤੇ ਰਿਲੀਜ਼ ਹੋ ਚੁੱਕੀ ਹੈ।
ਸਨੀ ਬਿਨਿੰਗ ਦੁਆਰਾ ਲਿਖੀ ਅਤੇ ਡਾਇਰੈਕਟ ਕੀਤੀ ਫ਼ਿਲਮ ਜਾਗੋ ਆਈ ਆ ਨੂੰ ਹੈਪੀ ਬਰਾੜ ਦੁਆਰਾ ਪਰੋਡਿਊਜ ਕਰਕੇ ਕ੍ਰੀਏਟਿਵ ਬਰੋ ਪ੍ਰੋਡਕਸ਼ਨ ਅਤੇ ਬੁੱਟਰ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤਾ ਗਿਆ ਹੈ। ਫ਼ਿਲਮ ਦੇ ਗੀਤਾਂ ਨੂੰ ਸੁਖਵਿੰਦਰ ਸਿੰਘ, ਗੁਰਲੇਜ਼ ਅਖਤਰ, ਫਿਰੋਜ਼ ਖਾਨ ਅਤੇ ਕਰਮਜੀਤ ਅਨਮੋਲ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸੰਜੋਇਆ ਹੈ। ਫ਼ਿਲਮ ਵਿੱਚ ਮੁੱਖ ਕਿਰਦਾਰ ਵਜੋਂ ਗੁੱਗੂ ਗਿੱਲ, ਸਰਬਜੀਤ ਚੀਮਾ,ਪੂਨਮ ਢਿੱਲੋਂ ਅਤੇ ਇਸ ਤੋਂ ਇਲਾਵਾ ਸੰਜੂ ਸੋਲੰਕੀ, ਸਰਦਾਰ ਸੋਹੀ, ਸੁਖਵਿੰਦਰ ਰਾਜ਼, ਰਵਨੀਤ ਕੌਰ,ਕੰਵਰ ਸਿੰਘ, ਜਤਿੰਦਰ ਸੂਰੀ ਅਤੇ ਅਮਨ ਕੌਟਿਸ ਦੀ ਅਦਾਕਾਰੀ ਨੇ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਗਹਿਰੀ ਛਾਪ ਛੱਡੀ ਹੈ। ਫ਼ਿਲਮ ਪੰਜਾਬ ਦੇ ਕਿਸਾਨਾਂ ਦੀ ਗੱਲ਼ ਕਰਦੀ ਹੋਈ ਖੇਤੀ ਸੈਕਟਰ ਤੇ ਚੋਟ ਕਰਦੀ ਦਿਖਾਈ ਦਿੰਦੀ ਹੈ। ਫ਼ਿਲਮ ਕਿਸਾਨਾਂ ਦੀਆਂ ਜ਼ਮੀਨਾਂ ਸਸਤੇ ਭਾਅ ਤੇ ਖ਼ਰੀਦ ਕੇ ਉਸ ਤੇ ਵੱਡੀਆਂ ਵੱਡੀਆਂ ਇਮਾਰਤਾਂ ਉਸਾਰ ਕੇ ਮੱਧ ਵਰਗ ਦਾ ਸ਼ੋਸਣ ਕਰਨ ਤੇ ਵਿਅੰਗ ਕੱਸਦੀ ਹੈ। ਕਾਲ਼ੇ ਖੇਤੀ ਕਾਨੂੰਨ ਅਤੇ ਲੈਂਡ ਪੁਲਿੰਗ ਵਰਗੀਆਂ ਨੀਤੀਆਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਨਹੀਂ ਸਗੋਂ ਉਹਨਾਂ ਨੂੰ ਖ਼ਤਮ ਕਰਨ ਲਈ ਹਨ। ਫ਼ਿਲਮ ਖ਼ੇਤੀ ਨੂੰ ਸਮੇਂ ਦੇ ਹਾਣੀ ਅਤੇ ਲਾਹੇਵੰਦ ਧੰਦਾ ਬਣਾਉਣ ਲਈ ਖ਼ੇਤੀ ਉਤਪਾਦਾਂ ਨੂੰ ਪ੍ਰੋਸੈਸਿੰਗ ਕਰਕੇ ਵੇਚਣ ਦੀ ਗੱਲ ਕਰਦੀ ਹੈ। ਗੰਨੇ ਤੋਂ ਜ਼ੇਕਰ ਗੁੜ ਬਣਾਇਆ ਜਾਵੇ ਤਾਂ ਮੁਨਾਫ਼ਾ ਵਧੇਰੇ ਹੋਵੇਗਾ। ਇਸੇ ਤਰ੍ਹਾਂ ਆਚਾਰ, ਬਿਸਕੁਟ ਅਤੇ ਦੁੱਧ ਤੋਂ ਦਹੀਂ, ਪਨੀਰ, ਖੋਆ ਅਤੇ ਘੀਉ ਵਰਗੇ ਪਦਾਰਥ ਬਣਾ ਕੇ ਆਮਦਨ ਵਧਾਈ ਜਾ ਸਕਦੀ ਹੈ। ਫ਼ਿਲਮ ਦੇ ਅੰਤ ਵਿੱਚ ਕਿਸਾਨਾਂ ਦੀ ਹੱਟੀ ਜਿਥੇ ਘਰੇਲੂ ਲੋੜੀਂਦੀ ਵਸਤਾਂ ਉਪਲੱਬਧ ਹੁੰਦੀਆਂ ਹਨ,ਕਿਸਾਨ ਵੀਰਾਂ ਨੂੰ ਇਹ ਹੋਕਾ ਦਿੰਦੀ ਹੈ ਕਿ ਹੁਣ ਜਾਗਣ ਦਾ ਵੇਲਾ ਹੈ ,ਰਵਾਇਤੀ ਫ਼ਸਲਾਂ ਦੇ ਚੁੰਗਲ਼ ਚੋਂ ਨਿਕਲ਼ ਕੇ ਫ਼ਸਲੀ ਵਿਭਿੰਨਤਾ ਅਤੇ ਸਹਾਇਕ ਧੰਦੇ ਅਪਣਾਉਣਾ ਬਹੁਤ ਜ਼ਰੂਰੀ ਅਤੇ ਸਮੇਂ ਦੀ ਲੋੜ ਹੈ। ਦਿਨੋਂ ਦਿਨ ਡੂੰਘੇ ਹੋ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਾਨੂੰ ਕਣਕ ਅਤੇ ਝੋਨੇ ਦੇ ਗੇੜ ਚੋਂ ਨਿਕਲਣਾ ਹੋਵੇਗਾ।ਫ਼ਿਲਮ ਪਰਿਵਾਰ ਵਿੱਚ ਬੈਠ ਕੇ ਦੇਖਣ,ਸਮਝਣ ਅਤੇ ਚਿੰਤਨ ਕਰਨ ਲਈ ਮਜ਼ਬੂਰ ਕਰਦੀ ਹੈ। ਫ਼ਿਲਮ ਖ਼ੇਤੀ ਸੈਕਟਰ ਨਾਲ ਜੁੜੇ ਗੰਭੀਰ ਮੁੱਦੇ ਉਭਾਰਦੀ ਹੋਈ ਕਿਸਾਨਾਂ ਦੀਆਂ ਦਰਪੇਸ਼ ਮੁਸ਼ਿਕਲਾਂ ਨੂੰ ਪਰਦੇ ਤੇ ਪੇਸ਼ ਕਰਨ ਵਿੱਚ ਕਾਮਯਾਬ ਰਹੀ ਹੈ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ ਬਠਿੰਡਾ
7087367969