ਕਬੀਰ,
ਇਸ ਦੇਸ਼ ਦੇ ਕੋਨੇ-ਕੋਨੇ ਤੱਕ ਗਏ ਤੁਸੀਂ
ਅਨੇਕ ਨਦੀਆਂ ਦੇ ਕਿਨਾਰੇ
ਅਤੇ ਸਾਧੂਆਂ ਦੇ ਮਠਾਂ ਵਿੱਚ
ਜਮਾਈ ਹੋਵੇਗੀ ਤੁਸੀਂ ਧੂਣੀ
ਤੁਹਾਡੇ ਨਾਲ ਹਰ ਵੇਲੇ ਮੌਜੂਦ ਸੀ
ਤੁਹਾਡੀ ਫ਼ਕੀਰੀ ਅਤੇ ਸਵੈ-ਵਿਸ਼ਵਾਸ
ਤੁਹਾਡੇ ਧੁੱਪ ਨਾਲ ਚਮਕਦੇ ਅਨੁਭਵਾਂ ਦਾ ਪਟਾਰਾ
ਤੁਹਾਡੀ ਤੱਕਲੀ ਅਤੇ ਸੂਤ ਵੀ।
ਕਬੀਰ,
ਤੁਸੀਂ ਨਹੀਂ ਪੜ੍ਹੇ ਵੇਦ, ਸ਼ਾਸਤਰ
ਹਦੀਸ ਅਤੇ ਕੁਰਾਨ
ਪਰ ਪੜ੍ਹਿਆ ਸੀ
ਭੀੜ ਵਿੱਚ ਸਭ ਤੋਂ ਪਿੱਛੇ ਖੜ੍ਹੇ ਆਦਮੀ ਦਾ ਮਨ
ਜੀਹਦੇ ਲਈ ਨਫ਼ਰਤ,
ਹਿੰਸਾ ਅਤੇ ਆਪਸੀ ਵੈਰ ਦੇ ਚੱਲਦਿਆਂ
ਮੁਸ਼ਕਿਲ ਹੋ ਗਿਆ ਹੋਵੇਗਾ ਇਨਸਾਨ ਬਣਿਆ ਰਹਿਣਾ।
ਕੋਈ ਉਹਨੂੰ ਹਿੰਦੂ ਕਹਿੰਦਾ ਸੀ,
ਤੇ ਕੋਈ ਮੁਸਲਮਾਨ!
ਕੋਈ ਉਹਨੂੰ ਧਾਗਾ-ਤਵੀਤ ਬੰਨ੍ਹਦਾ ਸੀ
ਤੇ ਕੋਈ ਮਜਬੂਰ ਕਰਦਾ ਸੀ
ਕਰਮਕਾਂਡ ਅਤੇ ਅਨੁਸ਼ਠਾਨ ਲਈ!
ਜਦਕਿ ਉਹਦੇ ਕੋਲ ਤਾਂ
ਭੁੱਖ ਨਾਲ ਲੜਨ ਲਈ
ਮਾਮੂਲੀ ਹਥਿਆਰ ਵੀ ਨਹੀਂ ਸਨ।
ਕਬੀਰ,
ਕਿਸੇ ਵੀ ਧਰਮ ਲਈ
ਬੰਦ ਨਹੀਂ ਸੀ ਤੁਹਾਡੀ ਪਾਠਸ਼ਾਲਾ
ਕਿਉਂਕਿ ਉੱਥੇ ਤਾਂ
ਖੰਡਨ ਕੀਤਾ ਜਾਂਦਾ ਸੀ
ਸਭ ਧਰਮਾਂ ਦੀਆਂ ਕੁਰੀਤੀਆਂ ਦਾ!
ਦਿਲ ਤੇ ਪੱਥਰ ਰੱਖ ਕੇ ਆਉਂਦੇ ਸਨ ਸਾਰੇ ਲੋਕ,
ਕੋਈ ਲਿਹਾਜ਼ ਨਹੀਂ
ਪੰਡਤ ਜਾਂ ਮੌਲਵੀ ਲਈ।
ਤੁਸੀਂ ਤਾਂ ਉਸ ਪਰਮਾਤਮਾ ਨੂੰ ਲੱਭ ਰਹੇ ਸੀ
ਜੋ ਵੱਸਦਾ ਹੈ ਸ੍ਰਿਸ਼ਟੀ ਦੇ ਕਣ-ਕਣ ਵਿੱਚ,
ਰਮਿਆ ਹੋਇਆ ਹੈ ਸਾਡੀ ਸਭ ਦੀ ਆਤਮਾ ਵਿੱਚ!
ਜੀਹਦੀ ਨਜ਼ਰ ਵਿੱਚ
ਫ਼ਰਕ ਨਹੀਂ ਹੈ ਬਾਦਸ਼ਾਹ ਅਤੇ ਗਰੀਬ ਦਾ!
ਕਬੀਰ,
ਅਸੀਂ ਅੱਜ ਤੱਕ ਸ਼ੋਧ ਕਰ ਰਹੇ ਹਾਂ
ਤੁਹਾਡੀ ਭਾਸ਼ਾ ‘ਤੇ
ਕਿਉਂਕਿ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ
ਮਿਲ ਗਈਆਂ ਹਨ ਤੁਹਾਡੀ ਭਾਸ਼ਾ ਵਿੱਚ
ਕਦੇ ਇਹਨੂੰ ਖਿਚੜੀ ਕਹਿੰਦੇ ਹਾਂ ਤੇ ਕਦੇ ਸਾਧੁਕੜੀ
ਇਹ ਹੈ ਹੀ ਇੰਨੀ ਸਰਲ-ਸਪਸ਼ਟ!
ਕਬੀਰ,
ਅਸੀਂ ਅੱਜ ਤੱਕ ਖੋਜ ਰਹੇ ਹਾਂ
ਤੁਹਾਡਾ ਧਰਮ ਅਤੇ ਜ਼ਾਤ
ਜੋ ਸਮਾ ਗਏ ਹਨ
ਮਾਨਵਤਾ ਦੇ ਸ੍ਰੇਸ਼ਟਤਮ ਮੁੱਲਾਂ ਵਿੱਚ!
ਭੁੱਲ ਗਏ ਹਾਂ ਉਸ ਕਹਾਣੀ ਨੂੰ
ਜੋ ਦੱਸਿਆ ਕਰਦੀ ਸੀ
ਕਿ ਫੁੱਲਾਂ ਵਿੱਚ ਤਬਦੀਲ ਹੋ ਗਿਆ ਸੀ ਤੁਹਾਡਾ ਸਰੀਰ
ਜੀਹਨੂੰ ਨਾ ਮੁਸਲਮਾਨ ਦਫ਼ਨਾ ਸਕਦੇ ਸਨ
ਨਾ ਹਿੰਦੂ ਜਲਾ ਸਕਦੇ ਸਨ!
ਕਬੀਰ,
ਅੱਜ ਬਹੁਤ ਉਦਾਸ ਹਾਂ ਮੈਂ!
ਮੇਰੇ ਦੇਸ਼ ਦੇ ਲੋਕ,
ਇਸ ਦੇਸ਼ ਨੂੰ ਤੋੜਨ ਲਈ
ਹਰ ਕਿਸੇ ਤੋਂ ਪੁੱਛ ਰਹੇ ਨੇ
ਉਹਦਾ ਧਰਮ ਅਤੇ ਜ਼ਾਤ!
ਉਹ ਜਦੋਂ ਲੈਂਦੇ ਹਨ ਸਾਹ
ਤਾਂ ਕਿਉਂ ਨਹੀਂ ਪੁੱਛਦੇ ਹਵਾ ਤੋਂ
ਉਹਦਾ ਧਰਮ ਅਤੇ ਉਹਦੀ ਜ਼ਾਤ?
ਪੀੰਦੇ ਹਨ ਪਾਣੀ
ਪਰ ਕਦੇ ਨਹੀਂ ਪੁੱਛਦੇ
ਓਕ ਵਿੱਚ ਭਰੇ ਜਲ ਦਾ ਧਰਮ
ਜਾਂ ਉਹਦੀ ਜ਼ਾਤ
ਪਰ ਬਣ ਗਏ ਨੇ ਖ਼ੁਦ ਦੇ ਹੀ ਦੁਸ਼ਮਣ!
ਕਬੀਰ,
ਸੱਚ ਦੱਸਣਾ, ਕੀ ਤੁਹਾਡੀ ਖੱਡੀ ਤੇ ਬਣੇ
ਕੱਪੜੇ ਨੂੰ ਪਹਿਨਣ ਤੋਂ ਪਹਿਲਾਂ
ਕੋਈ ਬ੍ਰਾਹਮਣ ਪੁੱਛਦਾ ਸੀ
ਤੁਹਾਡੀ
ਜਾਂ ਉਸ ਕੱਪੜੇ ਦੀ ਜ਼ਾਤ?
ਜੀਵਨ ਦਾ ਗਣਿਤ ਤਾਂ
ਹਰ ਯੁੱਗ ਵਿੱਚ ਸਮਝਦੇ ਸਨ ਲੋਕੀਂ!
ਬਾਬਾ,
ਸੜ ਰਿਹਾ ਹੈ ਮੇਰਾ ਦੇਸ਼,
ਪ੍ਰਗਟ ਹੋ ਜਾਓ-
ਉਨ੍ਹਾਂ ਮੁੱਠੀ-ਭਰ ਫੁੱਲਾਂ ਵਿੱਚੋਂ
ਇਸ ਬਿਪਤਾ ਦੀ ਘੜੀ ਵਿੱਚ!
* ਮੂਲ : ਰਾਜੇਸ਼ਵਰ ਵਸ਼ਿਸ਼ਟ
# ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.