
ਕੁਲਵਿੰਦਰ ਕੁਮਾਰ ਕਵਿਤਾਵਾਂ ਅਤੇ ਮਿੰਨੀ ਕਹਾਣੀਆਂ ਦਾ ਲੇਖਕ ਹੈ। ਉਸਦੀਆਂ ਕਹਾਣੀਆਂ ਅਤੇ ਕਵਿਤਾਵਾਂ 26 ਸਾਂਝੇ ਪੰਜਾਬੀ ਅਤੇ ਹਿੰਦੀ ਦੇ ਕਾਵਿ ਅਤੇ ਕਹਾਣੀ ਸੰਗ੍ਰਹਿ ਵਿੱਚ ਪ੍ਰਕਾਸ਼ਤ ਹੋ ਚੁੱਕੀਆਂ ਹਨ। ਪੜਚੋਲ ਅਧੀਨ ‘ਵਿਹੜੇ ਵਾਲਾ ਨਿੰਮ’ ਉਸਦਾ ਪਲੇਠਾ ਮਿੰਨੀ ਕਹਾਣੀ ਸੰਗ੍ਰਹਿ ਹੈ। ਇਸ ਕਹਾਣੀ ਸੰਗ੍ਰਹਿ ਵਿੱਚ 81 ਮਿੰਨੀ ਕਹਾਣੀਆਂ ਹਨ। ਇਨ੍ਹਾਂ ਵਿੱਚੋਂ ਦੋ ਦਰਜਨ ਕਹਾਣੀਆਂ ਜਿਨ੍ਹਾਂ ਵਿੱਚ ਸਾਊ ਕੁੜੀ, ਪਿਆਰ ਦਾ ਇਜ਼ਹਾਰ, ਮਿੱਧਿਆ ਫੁੱਲ, ਟਿਊਸ਼ਨ ਕਲਾਸ, ਸਫ਼ਰ ਤੇ ਹਮਸਫ਼ਰ, ਫ਼ਰਕ, ਚਲ ਕੋਈ ਨਾ, ਤਲਾਕ, ਤਿਲਕਣ, ਮਿਹਣਾ, ਆਹਟ, ਔਰਤ ਦਿਵਸ, ਫ਼ਰਜ਼, ਕੁੜੀਆਂ ਕਿਸੇ ਤੋਂ ਘੱਟ ਨਹੀਂ, ਧੀ ਦੀ ਲੋਹੜੀ, ਰੱਖੜੀ ਬੰਨ੍ਹ ਲੈ ਵੀਰ, ਟਾਈਮ ਨਹੀਂ, ਮਾਂ-ਬੋਲੀ, ਇੱਕ ਧੀ ਦੇਵੀਂ ਵੇ ਰੱਬਾ, ਕੁੜੀਆਂ ਚਿੜੀਆਂ, ਤੀਆਂ ਦਾ ਮੇਲਾ, ਨਵੇਂ ਸਾਲ ਦਾ ਤੋਹਫ਼ਾ, ਲੋਹੜੀ ਦਾ ਇੰਤਜ਼ਾਰ ਅਤੇ ਰੂਹਾਂ ਦੇ ਰਿਸ਼ਤੇ ਔਰਤਾਂ ਦੀ ਜ਼ਿੰਦਗੀ ਨਾਲ ਸੰਬੰਧਤ ਹਨ। ਇੱਕ ਮਾਂ, ਪਤਨੀ, ਭੈਣ, ਮਾਸੀ, ਚਾਚੀ, ਤਾਈ, ਨਾਨੀ ਦੇ ਰੂਪ ਵਿੱਚ ਵਿਚਰਦਿਆਂ ਔਰਤ ਨੂੰ ਜਿਹੜੀਆਂ ਸਥਿਤੀਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ, ਉਨ੍ਹਾਂ ਬਾਰੇ ਸੰਕੇਤਕ ਢੰਗ ਨਾਲ ਕਹਾਣੀਆਂ ਵਿੱਚ ਲਿਖਿਆ ਗਿਆ ਹੈ। ਇਹ ਮਿੰਨੀ ਕਹਾਣੀਆਂ ਲੋਕ ਹਿੱਤਾਂ ‘ਤੇ ਪਹਿਰਾ ਦੇਣ ਵਾਲੀਆਂ ਹਨ, ਇਉਂ ਵੀ ਕਿਹਾ ਜਾ ਸਕਦਾ ਹੈ ਕਿ ਕਹਾਣੀਕਾਰ ਨੇ ਇਨ੍ਹਾਂ ਕਹਾਣੀਆਂ ਵਿੱਚ ਲੋਕਾਈ ਦੀਆਂ ਭਾਵਨਾਵਾਂ, ਦੁੱਖਾਂ-ਦਰਦਾਂ ਅਤੇ ਸਮੱਸਿਆਵਾਂ ਨੂੰ ਪਾਠਕਾਂ ਦੀ ਕਚਹਿਰੀ ਵਿੱਚ ਪ੍ਰਸਤੱਤ ਕੀਤਾ ਹੈ। ਕਹਾਣੀਕਾਰ ਦੀਆਂ ਕਹਾਣੀਆਂ ਵਹਿਮ-ਭਰਮ, ਵਾਤਾਵਰਨ ਨਾਲ ਖਿਲਵਾੜ, ਸਰਕਾਰੀ ਤੰਤਰ ਦਾ ਆਪਣੀ ਜ਼ਿੰਮੇਵਾਰੀ ਤੋਂ ਅਵੇਸਲਾਪਣ, ਸਿਆਸਤਦਾਨਾ ਦੀਆਂ ਚਾਲਾਂ, ਨਸ਼ਿਆਂ ਦੀ ਭਰਮਾਰ ਅਤੇ ਔਰਤ ਦੀ ਬੇਕਦਰੀ ਦਾ ਪਰਦਾ ਫਾਸ਼ ਕਰਦੀਆਂ ਹੋਈਆਂ ਲੋਕਾਈ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਸੁਚੇਤ ਕਰਦੀਆਂ ਹਨ। ਪੁਸਤਕ ਦੇ ਸਿਰਲੇਖ ‘ਵਿਹੜੇ ਵਾਲਾ ਨਿੰਮ’ ਅਤੇ ‘ਵਾਤਾਵਰਨ ਪ੍ਰੇਮੀ’ ਕਹਾਣੀ ਸਮਾਜ ਵੱਲੋਂ ਆਪਣੇ ਨਿੱਜੀ ਹਿੱਤਾਂ ਦੀ ਪ੍ਰਾਪਤੀ ਲਈ ਵਾਤਾਵਰਨ ਨਾਲ ਰੁੱਖਾਂ ਦੀ ਕਟਾਈ ਕਰਕੇ ਕੀਤੇ ਜਾ ਰਹੇ ਖਿਲਵਾੜ ਦਾ ਪ੍ਰਗਟਾਵਾ ਕਰਦੀਆਂ ਹਨ। ਇਸੇ ਤਰ੍ਹਾਂ ‘ਅਣਗਹਿਲੀ’ ਕਹਾਣੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੋਕਾਂ ਦੀ ਬਿਜਲੀ ਦੀਆਂ ਤਾਰਾਂ ਨੂੰ ਠੀਕ ਕਰਨ ਲਈ ਕੀਤੀ ਗਈ ਬੇਨਤੀ ਨੂੰ ਅਣਡਿਠ ਕਰਕੇ ਕੀਤੀ ਲਾਪ੍ਰਵਾਹੀ ਦਾ ਪਾਜ ਉਘੇੜਦੀ ਹੈ। ‘ਰੁਤਬਾ’ ਕਹਾਣੀ ਸਿਆਸਤਦਾਨਾ ਵੱਲੋਂ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਨਿਮਾਣਾ ਹੋਣ ਦਾ ਵਿਖਾਵਾ ਕਰਨਾ ਪ੍ਰੰਤੂ ਅਮਲੀ ਰੂਪ ਵਿੱਚ ਇਸਦੇ ਵਿਰੁੱਧ ਇੱਕ ਕਹਾਵਤ ‘ਹਾਥੀ ਦੇ ਦੰਦ ਖਾਣ ਲਈ ਤੇ ਵਿਖਾਉਣ ਲਈ ਹੋਰ’ ਦੀ ਤਰ੍ਹਾਂ ਪੂਰੀ ਢੁਕਦੀ ਹੈ। ‘ਰੋਟੀ ਦਾ ਨਸ਼ਾ’ ਕਹਾਣੀ ਦੇ ਦੋਹਰੇ ਅਰਥ ਹਨ, ਇੱਕ ਪਾਸੇ ਜ਼ਿੰਦਗੀ ਦੀ ਸੰਤੁਸ਼ਟਤਾ ਅਤੇ ਨਾਲ ਹੀ ਨਸ਼ਿਆਂ ਦੀ ਭਰਮਾਰ ਬਾਰੇ ਜਾਣਕਾਰੀ ਦਿੱਤੀ ਗਈ ਹੈ। ਬਿਲਕੁਲ ਇਸੇ ਤਰ੍ਹਾਂ ‘ਫ਼ਰਜ਼’, ‘ਧਰਤੀ ਮਾਂ’ ‘ਲੋਹੜੀ ਤੇ ਇੰਤਜ਼ਾਰ’ ‘ਦਿਲ ਦੀਆਂ ਰੀਝਾਂ’, ਨਵੇਂ ਸਾਲ ਦਾ ਤੋਹਫ਼ਾ, ‘ਬੇਈਮਾਨੀ ਦੀ ਕਮਾਈ’, ‘ਸੁੱਖ ਦੁੱਖ ਦੇ ਸਾਥੀ’, ‘ਅਸਭਿਅਤਾ’, ‘ਪ੍ਰਣ’ ਅਤੇ ‘ਦੇਸ਼ ਭਗਤੀ ਦਾ ਜਜ਼ਬਾ’ ਕਹਾਣੀਆਂ ਵੀ ਇੱਕ ਪਾਸੇ ਦੇਸ਼ ਪ੍ਰਤੀ ਹਮਦਰਦੀ ਤੇ ਦੂਜੇ ਪਾਸੇ ਪ੍ਰਵਾਸ ਦੀ ਲਾਲਸਾ ਦਾ ਪ੍ਰਗਟਾਵਾ ਕਰਦੀਆਂ ਹਨ, ਦੋਸਤ, ਦੋਸਤ ਦਾ ਸਹਾਰਾ ਵੀ ਬਣਦਾ ਹੈ। ਇਸਦੇ ਨਾਲ ਹੀ ‘ਅਕਿਰਤਘਣ’ ਅਤੇ ਕਸ਼ਮਕਸ਼’ ਪਰਵਾਸ ਵਿੱਚ ਵਸਣ ਲਈ ਰਿਸ਼ਤਿਆਂ ਦੀ ਦੁਰਵਰਤੋਂ ਤੇ ਅਣਵੇਖੀ ਬਾਰੇ ਚੇਤੰਨ ਕਰਦੀਆਂ ਹਨ। ‘ਔਰਤ ਦਿਵਸ’, ‘ਰਿਸ਼ਤੇ ਰੂਹਾਂ ਦੇ’, ‘ਇੱਕ ਧੀ ਦੇਵੀਂ ਵੇ ਰੱਬਾ, ‘ਕੁੜੀਆਂ ਚਿੜੀਆਂ’ ਅਤੇ ਤੀਆਂ ਦਾ ਮੇਲਾ ਇਸਤਰੀਆਂ ਦੀ ਖ਼ੁਸ਼ੀ ਤੇ ਗ਼ਮੀ ਦੀਆਂ ਪ੍ਰਤੀਕ ਹਨ। ‘ਧੀ ਦੀ ਲੋਹੜੀ’ ਸਮਾਜਿਕ ਤਬਦੀਲੀ ਦਾ ਪ੍ਰਤੀਕ ਹੈ। ਇੱਕ ਪਾਸੇ ਮਰਦ ਔਰਤ ਦੀ ਕਦਰ ਦਾ ਢਕਵੰਜ ਕਰਦੈ, ਦੂਜੇ ਪਾਸੇ ਮਰਦ ਔਰਤ ਦਿਵਸ ਦੇ ਸਮਾਗਮ ਤੇ ਜਾਣ ਦੀ ਗੱਲ ਕਰਦਾ ਹੈ, ਪ੍ਰੰਤੂ ਅਸਲ ਜ਼ਿੰਦਗੀ ਵਿੱਚ ਉਸਦੀ ਬੇਕਦਰੀ ਕਰਦਾ ਹੈ। ਘਰ ਵਿੱਚ ਔਰਤਾਂ ਨਾਲ ਦੁਰਵਿਵਹਾਰ, ਪ੍ਰੰਤੂ ਬਾਹਰ ਵਿਖਾਵਾ ਸਤਿਕਾਰ ਦਾ ਕੀਤਾ ਜਾਂਦਾ ਹੈ। ਮਰਦ ਔਰਤ ਨੂੰ ਕਮਜ਼ੋਰ ਸਮਝਦਾ ਹੈ, ਪ੍ਰੰਤੂ ‘ਕੁੜੀਆਂ ਕਿਸੇ ਤੋਂ ਘੱਟ ਨਹੀਂ’ ਕਹਾਣੀ ਵਿੱਚ ਪ੍ਰੀਤ ਦਾ ਬੈਂਕ ਲੁੱਟਣ ਵਾਲੇ ਹਮਲਾਵਰ ਨੂੰ ਹੂਰਾ ਮਾਰਕੇ ਬੇਹੋਸ਼ ਕਰ ਦੇਣਾ, ਮਰਦਾਂ ਦੀ ਫੋਕੀ ਮਰਦਾਨਗੀ ਨੂੰ ਵੰਗਾਰ ਦੇ ਤੌਰ ‘ਤੇ ਦਰਸਾਇਆ ਗਿਆ ਹੈ ਕਿ ਉਹ ਕਿਸੇ ਮਰਦ ਤੋਂ ਘੱਟ ਨਹੀਂ ਹਨ। ‘ਵਹਿਮ-ਭਰਮ’ ਕਹਾਣੀ ਵਿੱਚ ਦਰਸਾਇਆ ਗਿਆ ਹੈ ਕਿ ਅਧੁਨਿਕਤਾ ਦੇ ਪੜ੍ਹੇ ਲਿਖੇ ਜ਼ਮਾਨੇ ਵਿੱਚ ਵੀ ਲੋਕ ਵਹਿਮਾ-ਭਰਮਾ ਦੇ ਚਕਰ ਵਿੱਚੋਂ ਬਾਹਰ ਨਹੀਂ ਨਿਕਲ ਰਹੇ। ‘ਬਦਲਾਵ’ ਕਹਾਣੀ ਵਿੱਚ ਕੁਲਦੀਪ ਸਿੰਘ ਵੱਲੋਂ ਸ਼ਰਾਬ ਦੀ ਲਤ ਕਰਕੇ ਨਾਲੀ ਵਿੱਚ ਡਿਗਣ ਤੋਂ ਬਾਅਦ ਲੱਗੇ ਝਟਕੇ ਦਾ ਉਸਾਰੂ ਨਤੀਜਾ ਵਿਖਾਇਆ ਗਿਆ ਹੈ। ‘ਗੁੱਸਾ ਫੁੱਫੜ ਦਾ’ ਕਹਾਣੀ ਇਨਸਾਨ ਦੀ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ, ਇਸ ਕਹਾਣੀ ਵਿੱਚ ਕਰਮ ਸਿੰਘ ਦਾ ਆਪਣੇ ਜੀਜੇ ਨੂੰ ਨੀਵਾਂ ਵਿਖਾਣਾ ਘਟੀਆ ਮਾਨਸਿਕਤਾ ਹੈ। ‘ਦੇਸ਼ ਭਗਤੀ’ ਕਹਾਣੀ ਨੌਜਵਾਨਾ ਵਿੱਚ ਦੇਸ਼ ਦੇ ਮਾਨ ਸਨਮਾਨ ਦਾ ਹੋਣਾ, ਫ਼ਖ਼ਰ ਵਾਲੀ ਗੱਲ ਦਾ ਨਮੂਨਾ ਪੇਸ਼ ਕਰਦੀ ਹੈ। ‘ਦਾਸਤਾਨ-ਏ-ਵਿਸਾਖੀ’ ਵੀ ਜਲਿਆਂਵਾਲੇ ਦੇ ਖ਼ੂਨੀ ਸਾਕੇ ਦੀ ਚੀਸ, ਦੇਸ਼ ਭਗਤੀ ਦਾ ਇਜ਼ਹਾਰ ਕਰਦੀ ਹੈ। ‘ਨਹਿਲੇ ਤੇ ਦਹਿਲਾ’ ਕਹਾਣੀ ਦੋਸਤਾਂ ਨਾਲ ਚਲਿਤਰ ਕਰਨ ਵਾਲੇ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਦਾ ਪ੍ਰਗਟਾਵਾ ਕਰਦੀ ਹੈ। ‘ਸਰਬੱਤ ਦਾ ਭਲਾ’ ਸਮਾਜ ਸੇਵਾ ਦੀ ਪ੍ਰਵਿਰਤੀ ਸ਼ੁਭ ਸ਼ਗਨ ਹੁੰਦੀ ਹੈ, ‘ਰੱਖੜੀ ਬੰਨਾ ਲੈ ਵੀਰ ਵੇ’, ‘ਬੇਨਾਮ ਰਿਸ਼ਤੇ, ਤੇ ‘ਜ਼ਿੰਦਗੀ ਜਿਊਣ ਦਾ ਸਲੀਕਾ’ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਤੇ ਦੋਸਤੀ ਦੀ ਮਹੱਤਤਾ ਦਾ ਪ੍ਰਗਟਾਵਾ ਕਰਦੀਆਂ ਹਨ। ਜ਼ਿੰਦਗੀ ‘ਜਿਊਣ ਦਾ ਸਲੀਕਾ’ ਤੇ ‘ਵਾਤਾਵਰਨ ਪ੍ਰੇਮੀ’ ਦੋਵੇਂ ਚੰਗੇ ਦੋਸਤਾਂ ਨਾਲ ਦੋਸਤੀ ਪਾਉਣ ਦੀ ਪ੍ਰੇਰਨ ਦਿੰਦੀਆਂ ਹਨ। ‘ਫਰਲੋ’ ਦਫ਼ਤਰੀ ਬਾਬੂਆਂ ਦੀ ਫਿਤਰਤ, ‘ਆਲਸ’ ਨੁਕਸਾਨਦਾਇਕ, ‘ਪ੍ਰੇਰਨਾ’ ਤੇ ‘ਮਿਹਨਤ ਦਾ ਫਲ’ ਦੋਵੇਂ ਮਿਹਨਤ ਦੀਆਂ ਸੂਚਕ, ‘ਸਚਾਈ ਦੀ ਜਿੱਤ’ ਸਫਲਤਾ ਦੀ ਨਿਸ਼ਾਨੀ ਅਤੇ ‘ਜੇਰਾ’ ਦੂਜਿਆਂ ਦੀ ਮਦਦ ਲਈ ਪ੍ਰੇਰਨਾਦਾਇਕ ਹੈ। ਦਫ਼ਤਰੀ ਬਾਬੂ ਦੀ ਲਾਲਚ ਅਧੀਨ ਮਾਨਸਿਕਤਾ ਵਿਦਿਆਰਥੀ ਦੇ ਨੰਬਰ ਪ੍ਰਿੰਸੀਪਲ ਨੂੰ ਘੱਟ ਵਿਖਾ ਦਿੰਦੀ ਹੈ, ਜਦੋਂ ਕਿ ਨੰਬਰ ਦਾਖ਼ਲਾ ਦੇਣ ਲਈ ਲੋੜੀਂਦੇ ਹਨ। ‘ਭੀੜ-ਭੜੱਕਾ’ ਕਹਾਣੀ ਧਾਰਮਿਕ ਸਥਾਨਾਂ ‘ਤੇ ਇਨਸਾਨੀਅਤ ਦੀ ਅਣਗਹਿਲੀ ਦਾ ਦ੍ਰਿਸ਼ਟਾਂਤਿਕ ਪ੍ਰਗਟਾਵਾ ਕਰਦੀ ਹੈ। ‘ਪਹਿਲੀ ਲੋਹੜੀ’ ਤੇ ‘ਨਿੱਕੀ ਜਿਹੀ ਗ਼ਲਤੀ’ ਦਫ਼ਤਰਾਂ ਵਿੱਚ ਇਨਸਾਨੀਅਤ ਦੇ ਦੋਵੇਂ ਰੂਪਾਂ ਬਾਰੇ ਜਾਣਕਾਰੀ ਦਿੰਦੀ ਹੈ, ਇੱਕ ਪਾਸੇ ਹੌਲਦਾਰ ਆਪਣੇ ਸਿਪਾਹੀ ਦੀ ਜ਼ਰੂਰਤ ਦੀ ਅਹਿਮੀਅਤ ਨੂੰ ਦਰਕਿਨਾਰ ਕਰਦਾ ਹੈ ਤੇ ਦੂਜੇ ਪਾਸੇ ਥਾਣੇਦਾਰ ਕਦਰਦਾਨ ਬਣਦਾ ਹੈ। ‘ਕਿਰਦਾਰ’ ਦੋ ਭਰਾਵਾਂ ਦੇ ਵਿਵਹਾਰ ਦਾ ਅੰਤਰ ਦਰਸਾਉਂਦੀ ਹੈ। ‘ਰੰਗਾਂ ਦਾ ਤਿਉਹਾਰ’ ਕਹਾਣੀ ਗ਼ਰੀਬਾਂ ਦੀ ਹਾਲਤ ਬਿਆਨ ਕਰਦੀ ਹੈ। ‘ਕੁਦਰਤ ਦਾ ਕਹਿਰ’ ਅਤੇ ‘ਕੌਣ ਸਾਹਿਬ ਨੂੰ ਆਖੇ’ ਕਹਾਣੀਆਂ ਕਿਸਾਨਾ ਦੀਆਂ ਫ਼ਸਲਾਂ ਦੀ ਤਬਾਹੀ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਦੇ ਕਤਲ ਹੋਣ ਬਾਰੇ ਦਸਦੀਆਂ ਹਨ।
ੲ ਲੋਕ ਭਲਾਈ ਅਤੇ ਇਨਸਾਨੀਅਤ ਦੀ ਕਦਰ ਸੰਬੰਧੀ ਵੀ ਅੱਧਾ ਦਰਜਨ ਕਹਾਣੀਆਂ ਹਨ। ‘ਅਸੂਲ ਦੀ ਗੱਲ’ ਸਰਪੰਚ ਵੱਲੋਂ ਲਾਲਚ ਦੇ ਕੇ ਬੱਚਾ ਪਾਸ ਕਰਵਾਉਣਾ ਆਮ ਜਿਹੀ ਗੱਲ ਹੈ, ਪ੍ਰੰਤੂ ਇਸ ਕਹਾਣੀ ਵਿੱਚ ਪ੍ਰਿੰਸੀਪਲ ਵੱਲੋਂ ਕਰਾਰਾ ਜਵਾਬ ਦੇਣਾ ਅਸੂਲ ਪ੍ਰਸਤੀ ਦਾ ਨਮੂਨਾ ਹੈ। ‘ਰੰਗਲਾ ਪੰਜਾਬ’ ਵਿਅੰਗਾਤਮਿਕ ਕਹਾਣੀ ਹੈ, ਜਿਹੜੀ ਪੰਜਾਬ ਵਿੱਚ ਨਸ਼ਿਆਂ, ਬੇਰੋਜ਼ਗਾਰੀ, ਲੁੱਟ ਖੋਹ, ਅਮਨ ਕਾਨੂੰਨ ਦੀ ਸਥਿਤੀ, ਆਤਮ ਹੱਤਿਆਵਾਂ, ਸੜਕੀ ਦੁਰਘਨਾਵਾਂ ਅਤੇ ਪਰਵਾਸ ਦੀ ਹੋੜ ਦੱਸਕੇ ਗੁੱਝੇ ਤੀਰ ਮਾਰਦੀ ਹੈ। ‘ਮਸ਼ੀਨੀਕਰਨ’ ਕਹਾਣੀ ਬੇਰੋਜ਼ਗਾਰੀ ਪੈਦਾ ਕਰਨ ਬਾਰੇ ਚੇਤੰਨ ਕਰਦੀ ਹੈ। ਪਲੇਠਾ ਕਹਾਣੀ ਸੰਗ੍ਰਹਿ ਹੋਣ ਕਰਕੇ ਕੁਲਵਿੰਦਰ ਕੁਮਾਰ ਦੀਆਂ ਮਿੰਨੀ ਕਹਾਣੀਆਂ ਪਹਿਲੀ ਸੱਟੇ ਪ੍ਰਚਾਰ ਲੱਗਦੀਆਂ ਹਨ। ਇਸ ਲਈ ਕਹਾਣੀਕਾਰ ਨੂੰ ਅੱਗੇ ਵਾਸਤੇ ਕਹਾਣੀਆਂ ਲਿਖਦਿਆਂ ਧਿਆਨ ਰੱਖਣਾ ਚਾਹੀਦਾ ਹੈ ਕਿ ਵਿੱਚੋਂ ਪ੍ਰੇਰਨਾ ਤਾਂ ਭਾਵੇਂ ਮਿਲੇ, ਪ੍ਰੰਤੂ ਪ੍ਰਚਾਰ ਨਹੀਂ ਹੋਣਾ ਚਾਹੀਦਾ। ਭਵਿਖ ਵਿੱਚ ਕਹਾਣੀਕਾਰ ਤੋਂ ਹੋਰ ਵਧੀਆ ਢੰਗ ਨਾਲ ਕਹਾਣੀਆਂ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ।
96 ਪੰਨਿਆਂ, 250 ਰੁਪਏ ਕੀਮਤ ਵਾਲਾ ‘ਵਿਹੜੇ ਵਾਲਾ ਨਿੰਮ’ ਮਿੰਨੀ ਕਹਾਣੀ ਸੰਗ੍ਰਹਿ ਸਾਹਿਤਯ ਕਲਸ਼ ਪਬਲੀਕੇਸ਼ਨ, ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ ਕੁਲਵਿੰਦਰ ਕੁਮਾਰ : 9914481924
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com