
ਹਰਦੀਪ ਕੌਰ ਪਤਨੀ ਸ਼ਹੀਦ ਭਾਈ ਚੜ੍ਹਤ ਸਿੰਘ ਕੁਲਵੰਤ ਸਿੰਘ ਰਾਉਕੇ ਜੀ ਦੇ ਮਾਤਾ ਜੀ ਪਿੰਡ ਰਾਉਕੇ ਕਲਾਂ ਨੂੰ ਜੇਕਰ ਮੈਂ ਕੁਰਬਾਨੀਆਂ ਦਾ ਮੁੱਜਸਮਾਂ ਕਹਾਂ ਤਾਂ ਸ਼ਾਇਦ ਕੋਈ ਅਣਕੱਥਣੀ ਨਹੀਂ ਹੋਵੇਗੀ। 1984 ਤੋਂ 1995 ਤੱਕ ਚੱਲੇ ਖਾੜਕੂ ਸੰਘਰਸ਼ ਵਿੱਚ ਮਾਤਾ ਜੀ ਨੇ ਜੋ ਸੰਤਾਪ ਝੱਲਿਆ ਅਤੇ ਹੁਣ 2024 ਵਿੱਚ ਜੋ ਉਹ ਸੰਤਾਪ ਇਸ ਬਿਰਧ ਅਵਸਥਾ ਵਿੱਚ ਝੱਲ ਰਹੇ ਹਨ ਪੰਥ ਅਤੇ ਪੰਜਾਬ ਲਈ ਕਦੇ ਵੀ ਅਣਦੇਖਿਆ ਨਹੀਂ ਕੀਤਾ ਸਕਦਾ।
ਸਾਡੇ ਸੂਰਮੇ ਅਤੇ ਯੋਧੇ ਜਦੋਂ ਬਿਖੜ੍ਹੇ ਪੈੜ੍ਹਾਂ ਉੱਤੇ ਤੁਰਦੇ ਹਨ ਤਾਂ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਦੀ ਮੰਜ਼ਿਲ ਕੀ ਹੈ ਅਤੇ ਉਨ੍ਹਾਂ ਨੂੰ ਕਿੰਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਣਾ ਪਏਗਾ। ਪਰ ਜੋ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੁੰਦੇ ਹਨ, ਘਰ ਦੇ ਬਜ਼ੁਰਗ ਹੁੰਦੇ ਹਨ, ਜੀਵਨ ਸਾਥੀ ਹੁੰਦੇ ਅਤੇ ਬੱਚੇ ਹੁੰਦੇ ਹਨ ਉਹ ਜੋ ਸ਼ਰੀਰਕ ਅਤੇ ਮਾਨਸਿਕ ਸੰਤਾਪ ਝੱਲਦੇ ਹਨ ਉਨ੍ਹਾਂ ਨੂੰ ਵੀ ਸਿਜਦਾ ਕਰਣਾ ਬਣਦਾ ਹੈ।
ਮਾਤਾ ਜੀ ਦੀ ਤਬਿਅਤ 25 ਫਰਵਰੀ ਨੂੰ ਅਚਨਚੇਤ ਖ਼ਰਾਬ ਹੋ ਗਈ ਸੀ। ਭੁੱਖ ਹੜਤਾਲ ਉੱਤੇ ਬੈਠੇ ਹੋਣ ਕਰਕੇ ਉਹ ਇੱਕਦਮ ਬਿਹੋਸ਼ ਹੋ ਗਏ ਸਨ। ਅੱਜ ਉਹ ਕੁਝ ਠੀਕ ਮਹਿਸੂਸ ਕਰ ਰਹੇ ਸਨ। ਉਨ੍ਹਾਂ ਨਾਲ ਬੈਠ ਕੇ ਉਨ੍ਹਾਂ ਨਾਲ ਵਿਚਾਰਾਂ ਦੀ ਸਾਂਝ ਪਾਈ। ਸਾਰੀ ਜ਼ਿੰਦਗੀ ਦੀਆਂ ਕੁਰਬਾਨੀਆਂ ਤੋਂ ਬਾਅਦ ਅੱਜ ਵੀ ਮਾਤਾ ਜੀ ਪੰਥ ਅਤੇ ਪੰਜਾਬ ਲਈ ਡੱਟ ਕੇ ਖੜੇ ਹਨ। ਪੁੱਤ ਦੀ ਚਿੰਤਾ ਹਰ ਮਾਂ ਨੂੰ ਹੁੰਦੀ ਹੈ। ਜਿਸ ਮਾਂ ਦਾ ਪੁੱਤ ਪਿਛਲੇ ਇੱਕ ਸਾਲ ਤੋਂ ਉਨ੍ਹਾਂ ਦੀਆਂ ਨਜ਼ਰਾਂ ਤੋਂ ਕੋਸਾਂ ਦੂਰ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਹੋਵੇ ਉਸ ਮਾਂ ਦੇ ਹਿਰਦੇ ਦੀ ਅਵਸਥਾ ਬਿਆਨ ਕਰਣਾ ਮੇਰੀ ਕਲਮ ਲਈ ਮੁਸ਼ਕਿਲ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਜਦ ਮੇਰਾ ਪੁੱਤ ਜੇਲ੍ਹ ਵਿੱਚ ਭੁੱਖ ਹੜਤਾਲ ਕਰਕੇ ਬੈਠਾ ਹੈ ਤਾਂ ਮੇਰਾ ਵੀ ਕੁਝ ਖਾਣ ਨੂੰ ਦਿਲ ਨਹੀਂ ਕਰਦਾ। ਮਾਤਾ ਜੀ ਇਸ ਉਮੀਦ ਨਾਲ ਭੁੱਖ ਹੜਤਾਲ ਵਿੱਚ ਬੈਠੇ ਹਨ ਕਿ ਜਲਦ ਸਾਰੇ ਸਿੰਘਾਂ ਦੀ ਇੰਨਾਂ ਜ਼ਾਲਮ ਸਰਕਾਰਾਂ ਅਤੇ ਪ੍ਰਸ਼ਾਸਨ ਤੋਂ ਰਿਹਾਈ ਹੋਵੇ ਅਤੇ ਸਾਰੇ ਯੋਧਿਆਂ ਦੀ ਆਪਣੇ ਪਰਿਵਾਰਾਂ ਵਿੱਚ ਘਰ ਵਾਪਸੀ ਹੋਵੇ। ਸਾਨੂੰ ਸਭ ਨੂੰ ਵੀ ਆਪਣਾ ਇਖਲਾਕੀ ਹੱਕ ਸਮਝਦੇ ਹੋਏ ਇੰਨਾਂ ਮਾਵਾਂ ਦਾ ਭੁੱਖ ਹੜਤਾਲ ਵਿੱਚ ਸਾਥ ਦੇਣਾ ਚਾਹੀਦਾ ਹੈ।
ਰਸ਼ਪਿੰਦਰ ਕੌਰ ਗਿੱਲ
ਐਕਟਰ, ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ +91-9888697078