ਲੰਮ ਸਲੰਮੇ ਸੀ ਦੁੱਧ ਮੱਖਣਾਂ ਦੇ ਪਾਲੇ
ਮੈਂ ਕਈ ਗੱਭਰੂ ਆਪਣੇ ਅੰਦਰ ਸੰਭਾਲੇ।
ਤਜ਼ਰਬੇ ਵਿੱਚ ਸੀ ਜੋ ਮੈਥੋਂ ਬਾਹਲੇ ਉੱਤੇ
ਗੋਦ ਮੇਰੀ ਬੈਠ ਹੁਣ ਬੇਖੌਫ ਨੇ ਉਹ ਸੁੱਤੇ।।
ਮੈਂ ਮਿੱਟੀ ਦਾ ਬਣਿਆ ਮਿੱਟੀ ਮਿਲ ਜਾਣਾ
ਤੂੰ ਉਹ ਹੀ ਖਾਣਾ ਕਰਮੀ ਜੋ ਤੇਰੇ ਦਾਣਾ।
ਨਾ ਕਰ ਮੇਰੀ ਮੇਰੀ ਹੋਣਾ ਰਾਖ ਦੀ ਢੇਰੀ
ਯਾਦਗਾਰ ਬਣਾ ਲੈ ਦੁਨੀਆਂ ਦੀ ਫੇਰੀ।।
ਕਿਰਤ ਕਰ,ਨਾਮ ਜੱਪ ਤੇ ਵੰਡ ਕੇ ਤੂੰ ਖਾਂ
ਹਰ ਸ਼ੈਅ ਨਾਸ਼ਵਾਨ ਐਵੇ ਨਾ ਪਾਪ ਕਮਾ।
ਨਿੱਕੀ ਜਿਹੀ ਹਸਤੀ ਮੇਰੀ ਕਾਰਜ ਵੱਡੇਰੇ
ਮੁੱਠੀ ਬਣ ਬੈਠੇ ਨਾਂ ਪੱਕਾ ਜੋ ਸਮਝਦੇ ਬਥੇਰੇ।।
ਕਾਮ,ਕ੍ਰੋਧ,ਲੋਭ,ਮੋਹ,ਮਾਇਆ ਦੇ ਗੁਲਾਮ
ਜਿੰਦਗੀ ਦਿੱਤੀ ਮੋਇਆ ਨਾ ਮਿਲਿਆ ਮੁਕਾਮ।
ਲੱਖਾਂ ਦੀ ਖਾਕ ਮੈਂ ਮਿੱਟੀ ਮਿਲਾ ਆਇਆ
ਬੁੱਝੀ ਨਾ ਤ੍ਰੇਹ ਅਜੇ ਵੀ ਫਿਰਦਾ ਤਿਰਹਾਇਆ।।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।

