ਇਹ ਕੁਝ ਸਮਾਂ ਪਹਿਲਾਂ ਰਾਜਸਥਾਨ ਦੇ ਪੀਲੀਬੰਗਾ ਨੇੜੇ ਪਿੰਡ ਦੇ ਇੱਕ ਪਰਿਵਾਰ ਵਿੱਚ ਅਜੀਬ ਕਿਸਮ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ।ਇਨ੍ਹਾਂ ਘਟਨਾਵਾਂ ਨੂੰ ਵੇਖਕੇ ਇੱਕ ਚੰਗਾ ਭਲਾ ਆਦਮੀ ਵੀ ਡਰ ਜਾਏ… ਉਸ ਪਰਿਵਾਰ ਦੇ ਇੱਕ ਹਮਦਰਦ ਇਨਸਾਨ ਵੱਲੋਂ ਉਹਨਾਂ ਦੀ ਸਹਾਇਤਾ ਲਈ ਤਰਕਸ਼ੀਲਾਂ ਕੋਲ਼ ਪਹੁੰਚ ਕੀਤੀ ਗਈ…
ਉਸਨੇ ਸਾਨੂੰ ਫੋਨ ‘ਤੇ ਘਟਨਾਵਾਂ ਦੀ ਸਾਰੀ ਜਾਣਕਾਰੀ ਇਸ ਤਰਾਂ ਸੁਣਾਈ…
(“ਉਹ ਪਰਿਵਾਰ ਆਰਥਿਕ ਤੌਰ’ ਤੇ ਕਮਜ਼ੋਰ ਹੈ। ਪਰਿਵਾਰ ਵਿਚ ਕੁੱਲ ਪੰਜ ਮੈਂਬਰ ਹਨ, ਜਿਨ੍ਹਾਂ ਵਿਚ ਮੀਆਂ ਬੀਵੀ ਅਤੇ ਉਸ ਦੇ ਦੋ ਲੜਕੇ, ਇਕ ਲੜਕੀ ਜੋ ਮਕਾਨ ਮਾਲਕ ਦੀ ਭਤੀਜੀ ਹੈ, ਉਹ 8ਵੀਂ ਜਮਾਤ ਪਾਸ ਹੈ। ਹੁਣ ਇਸ ਲੜਕੀ ਨੂੰ ਬਹੁਤ ਤੇਜ਼ ਦੌਰੇ ਪੈਂਦੇ ਹਨ, ਇਸ ਤੋਂ ਇਲਾਵਾ ਘਰ ਦੇ ਪਸ਼ੂਆਂ ਨੂੰ ਵੀ ਦੌਰੇ ਪੈ ਜਾਂਦੇ ਹਨ, ਉਨ੍ਹਾਂ ਦੇ ਪਸ਼ੂ ਮਰ ਵੀ ਰਹੇ ਹਨ. ਸ਼ਾਮ ਨੂੰ ਘਰ ਵਿਚ ਸਾਬਤ ਇੱਟਾਂ ਦੀ ਬਰਸਾਤ ਹੁੰਦੀ ਹੈ… ਜਦੋਂ ਪਸ਼ੂਆਂ ਦਾ ਦੁੱਧ ਕੱਢਕੇ ਰੱਖਿਆ ਜਾਂਦਾ ਐ ਤਾਂ ਇਹ ਜਲਦੀ ਹੀ ਖੂਨ ਵਿੱਚ ਤਬਦੀਲ ਹੋ ਜਾਂਦਾ ਹੈ. ਘਰ ਵਿੱਚ ਰੱਖੇ ਰਾਸ਼ਨ ਦਾ ਟੂਣਾ ਬਣ ਜਾਂਣਾ.. ਲੜਕਾ ਜਦੋਂ ਖੇਤਾਂ’ਚੋਂ ਹਰਾ ਚਾਰਾ ਲੈ ਕੇ ਆਉਂਦਾ ਹੈ ਤਾਂ ਉਸਨੂੰ ਪਿੱਛੋਂ ਧੱਫਾ ਵਜਦਾ ਐ ਜਾਂ ਉਸਦਾ ਮੋਢੇ ਤੇ ਪਿਆ ਪਰਨਾ ਖਿੱਚਿਆ ਜਾਂਦਾ ਐ,ਫੇਰ ਉਹ ਚੀਖਾਂ ਮਾਰਦਾ ਹਰੇ ਦੀ ਭਰੀ ਸੁੱਟ ਘਰ ਵਾਪਿਸ ਭੱਜ ਆਉਂਦੈ.. ਕੁੜੀ ਦੀਆਂ ਬਾਹਾਂ ‘ਤੇ ਬੰਨ੍ਹੇ ਹੋਏ ਤਾਬੀਜ ਲੋਕਾਂ ਦੇ ਸਾਹਮਣੇ ਵੇਖਦੇ ਹੋਇਆਂ ਟੁੱਟਕੇ ਆਪਣੇ ਆਪ ਡਿੱਗਣ ਲਗਦੇ ਹਨ… ਅਤੇ ਸਭ ਦੇ ਸਾਹਮਣੇ, ਲੜਕੀ ਦੀਆਂ ਉਂਗਲਾਂ ਵਿੱਚ ਸੂਈਆਂ ਆਪਣੇ ਆਪ ਨੌਹਾਂ ਨਾਲ਼ ਲਗਦੀ ਚਮੜੀ ਵਿੱਚ ਜਾ ਧਸਦੀਆਂ ਹਨ. “ਇਸ ਤਰ੍ਹਾਂ ਉਸਨੇ ਸਾਨੂੰ ਉਸ ਪਰਿਵਾਰ ਵਿੱਚ ਵਾਪਰਦੀਆਂ ਕਈ ਅਲੌਕਿਕ ਘਟਨਾਵਾਂ ਦਾ ਵੇਰਵਾ ਦੱਸਿਆ ਅਤੇ ਅੱਗੇ ਦੱਸਿਆ ਕਿ, ‘ ਇਨ੍ਹਾਂ ਘਟਨਾਵਾਂ ਦੇ ਕਾਰਨ ਇਹ ਘਰ ਪੂਰੇ ਖੇਤਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਤੰਤਰਾਂ-ਮੰਤਰਾਂ’ਚ ਉਲਝੇ ਇਸ ਪਰਿਵਾਰ ਦੀ ਆਰਥਿਕ ਤੇ ਮਾਨਸਿਕ ਲੁੱਟ ਹੋ ਰਹੀ ਹੈ, ਇਸਦੇ ਬਾਵਜੂਦ ਹੁਣ ਬਾਬਿਆਂ ਨੇ ਵੀ ਆਪਣੇ ਹੱਥ ਖੜ੍ਹੇ ਕਰ ਦਿੱਤੇ ਹਨ।ਤੇ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ, ਅਤੇ ਪਿੰਡ ਦੇ ਲੋਕਾਂ ਨੇ ਉਨ੍ਹਾਂ ਤੋਂ ਦੂਰੀ ਵੱਟ ਲਈ ਹੈ… ਲੋਕਾਂ ਦੇ ਦੂਰ ਰਹਿਣ ਦਾ ਕਾਰਨ ਉਹ ਉਸ ਘਰ ਨੂੰ ਭੂਤਾਂ ਅਤੇ ਆਤਮਾਂਵਾਂ ਦਾ ਵਾਸ/ਘਰ ਮੰਨਣ ਲੱਗ ਪਏ ਹਨ।”)
ਅਸੀਂ ਉਸ ਸਾਥੀ ਦੋਸਤ ਨਾਲ਼ ਆਪਣੀਆਂ ਕੁਝ ਜ਼ਰੂਰੀ ਸ਼ਰਤਾਂ ਰੱਖੀਆਂ ਅਤੇ ਉਹਨਾਂ ਅੱਗੋਂ ਪੂਰੇ ਸਹਿਯੋਗ ਦਾ ਵਾਅਦਾ ਕੀਤਾ।ਤਰਕਸ਼ੀਲ ਸੁਸਾਇਟੀ ਇਕਾਈ ਕਾਲਾਂਵਾਲੀ ਦੀ ਇੱਕ ਤਿੰਨ ਮੈਂਬਰੀ ਕਮੇਟੀ ਜਿਸ ਵਿਚ ਸ਼ਮਸ਼ੇਰ ਚੋਰਮਾਰ, ਹਰਦੇਵ ਅਗਰੋਈਆ ਅਤੇ ਮੈਂ ਵੀ ਸ਼ਾਮਿਲ ਸੀ। ਨਿਸ਼ਚਿਤ ਸਮੇਂ ਮੁਤਾਬਿਕ ਅਸੀਂ ਉਸ ਪਿੰਡ ਦੇ ਘਰ’ਚ ਪਹੁੰਚ ਗਏ..ਉਥੇ ਤਮਾਸ਼ਮੀਨਾਂ ਦੀ ਭੀੜ ਜੁੜੀ ਹੋਈ ਸੀ..ਅਸੀਂ ਉਹਨਾਂ ਨੂੰ ਉਥੋਂ ਚਲੇ ਜਾਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਹੁਣ ਇਹ ਅਲੋਕਾਰੀ ਘਟਨਾਵਾਂ ਇਸ ਘਰ ਵਿੱਚ ਮੁੜ ਨਹੀਂ ਵਾਪਰ ਦੀਆਂ।
ਮਿਥੀ ਯੋਜਨਾ ਦੇ ਅਨੁਸਾਰ, ਪਰਿਵਾਰਕ ਮੈਂਬਰਾਂ ਨਾਲ ਵੱਖਰੇ-ਵੱਖਰੇ ਤੌਰ ਤੇ ਗੱਲਬਾਤ ਦੀ ਇੱਕ ਲੜੀ ਸ਼ੁਰੂ ਕੀਤੀ ਗਈ…ਉਸ ਘਰ ਵਿੱਚ ਪੰਜ ਦੀ ਬਜਾਏ, 6 ਵਾਂ ਮੈਂਬਰ ਜੋ ਮਾਲਕਣ ਦੀ ਨਨਾਣ ਦਾ ਮੁੰਡਾ ਵੀ ਰਹਿ ਰਿਹਾ ਸੀ, ਯਾਨੀ ਕਿ ਉਹ ਲੜਕਾ ਆਪਣੀ ਮਾਮੀ ਕੋਲ਼/ ਨਾਨਕੇ ਅਕਸਰ ਆਉਂਦਾ ਰਹਿੰਦਾ। ਇਨ੍ਹਾਂ 6 ਮੈਂਬਰਾਂ ਨੇ ਉਪਰੋਕਤ ਘਟਨਾਵਾਂ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਹ ਸਾਰੀਆਂ ਘਟਨਾਵਾਂ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰਦੀਆਂ ਹਨ। ਉਨ੍ਹਾਂ ਨਾਲ਼ ਕੀਤੀ ਵੱਖ-ਵੱਖ ਗੱਲਬਾਤ ਤੋਂ ਬਾਅਦ ਅਸੀਂ ਪਰਿਵਾਰ ਤੋਂ ਦੂਰ ਬੈਠਕੇ ਅਤੇ ਘਟਨਾਵਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ… ਜਿਸ ਵਿੱਚ ਪਸ਼ੂਆਂ ਨੂੰ ਦੌਰੇ ਪੈ ਜਾਣੇ ਅਤੇ ਲੜਕੀ ਦੇ ਨੌਹਾਂ ਦੀ ਚਮੜੀ’ਚ ਸੂਈਆਂ ਦਾ ਆਪਣੇ ਆਪ ਅਗਾਂਹ ਤੁਰਨਾ ਆਦਿ ਘਟਨਾਵਾਂ ਨੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ… ਖੈਰ ਅਸੀਂ ਇਹ ਸਿੱਟਾ ਤਾਂ ਕੱਢ ਚੁੱਕੇ ਸਾਂ ਕਿ ਲੜਕੀ ਨੂੰ ਕੋਈ ਗੰਭੀਰ ਸਮੱਸਿਆ ਹੈ…
ਹੁਣ ਅਸੀਂ ਆਪਣਾ ਸਾਰਾ ਧਿਆਨ ਲੜਕੀ ਵੱਲ ਕੇਂਦ੍ਰਤ ਕੀਤਾ ਅਸੀਂ ਉਸ ਨਾਲ਼ ਪੂਰੀ ਹਮਦਰਦੀ,ਪਿਆਰ,ਅਪਣੱਤ ਨਾਲ਼ ਗੱਲਬਾਤ ਫਿਰ ਸ਼ੁਰੂ ਕੀਤੀ।ਅਸੀਂ ਉਸਨੂੰ ਕਿਹਾ ਤੂੰ ਬਹੁਤ ਮੁਸ਼ਕਿਲ’ਚ ਹੈਂ.. ਤੇਰੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਬਾਰੇ ਜਾਣਨਾ ਚਾਹੁੰਦੇ ਹਾਂ, ਤੇਰੀਆਂ ਸਾਰੀਆਂ ਮੁਸ਼ਕਲਾਂ ਦੇ ਸਹੀ ਤੇ ਵਧੀਆ ਹੱਲ ਕੱਢਾਂਗੇ ਅਸੀਂ ਤੈਨੂੰ ਪੱਕਾ ਵਿਸ਼ਵਾਸ ਦਵਾਉਂਦੇ ਹਾਂ…ਸਾਡਾ ਭਰੋਸਾ ਮਿਲਣ ‘ਤੇ, ਉਹ ਫੁੱਟ ਪਈ..ਸਾਨੂੰ ਦੱਸਣ ਲੱਗੀ, “ਮੈਂ ਆਪਣੀ ਭੂਆ ਕੋਲ਼ ਰਹਿੰਦੀ ਹਾਂ….ਮੇਰੇ ਮਾਤਾ ਪਿਤਾ ਦੀ ਬਹੁਤ ਸਮਾਂ ਪਹਿਲਾਂ ਮੌਤ ਹੋ ਚੁਕੀ ਹੈ, ਮੇਰਾ ਇੱਕ ਛੋਟਾ ਭਰਾ ਵੀ ਹੈ ਜੋ ਮੇਰੀ ਮਾਸੀ ਦੇ ਕੋਲ਼ ਰਹਿੰਦਾ ਹੈ…ਮੈਂ ਆਪਣੇ ਭਰਾ ਨੂੰ ਅਤੇ ਆਪ ਪੜ੍ਹਨਾਂ ਚਾਹੁੰਦੀ ਹਾਂ..ਮੈਨੂੰ ਆਪਣੇ ਭਰਾ ਦੀ ਬਹੁਤ ਯਾਦ ਆਉਂਦੀ ਹੈ.. ਮੇਰੀ ਭੂਆ ਜ਼ਮੀਨ ਦੇ ਲਾਲਚ ਇੱਕ 40 ਸਾਲਾ ਦੁਹਾਜੂ ਨਾਲ ਵਿਆਹ ਕਰਨਾ ਚਾਹੁੰਦੀ ਹੈ..ਕੀ ਮੈਂ ਵਿਆਹ ਕਰਾਉਣ ਦੇ ਯੋਗ ਹਾਂ? ਹੁਣ ਮੇਰੀ ਭੂਆ ਮੈਨੂੰ ਹੋਰ ਪੜ੍ਹਾਉਣਾ ਨਹੀਂ ਚਾਹੁੰਦੀ… ਮੈਂ ਅੱਠਵੀਂ ਵਿਚ ਵਧੀਆ ਨੰਬਰ ਪ੍ਰਾਪਤ ਕੀਤੇ ਹਨ… ਮੇਰਾ ਇਰਾਦਾ ਹੈ, ਅਸੀਂ ਦੋਵੇਂ ਭੈਣ-ਭਰਾ ਆਪਣੇ ਪੈਰਾਂ ਤੇ ਖੜ੍ਹਨਾ ਚਾਹੁੰਦੇ ਹਾਂ… ਉਸਤੋਂ ਬਾਅਦ ਵਿਆਹ ਕਰਵਾਉਣ ਲਈ ਸੋਚਾਂਗੀ…ਉਹ ਹੁਣ ਬੜੀ ਸੰਜੀਦਗੀ ਨਾਲ਼ ਗੱਲ ਕਰ ਰਹੀ ਸੀ, ਉਹ ਗਰਜਵੀਂ ਆਵਾਜ਼’ਚ ਬੋਲੀ.. ” ਹੁਣ ਦੱਸੋ ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ?”
ਹੁਣ ਉਹ ਲੜਕੀ ਲਗਾਤਾਰ ਬੇਬਾਕੀ ਅਤੇ ਆਤਮਵਿਸ਼ਵਾਸ ਨਾਲ਼ ਆਪਣੀ ਗੱਲ ਰੱਖ ਰਹੀ ਸੀ…, ਹੁਣ ਉਸਦੀਆਂ ਅੱਖਾਂ ਵਿਚੋਂ ਹੰਝੂ ਨਦੀ ਬਣ ਬਹਿ ਰਹੇ ਸਨ. ਅਸੀਂ ਉਸ ਨੂੰ ਹੌਂਸਲਾ ਦਿੱਤਾ ਅਤੇ ਕਿਹਾ, “ਰੋ ਨਾ ਪੁੱਤਰ, ਤੂੰ ਸਾਡੀ ਧੀ ਹੈਂ, ਤੂੰ ਮਹਾਨ ਹੈ, ਤੂੰ ਵਿਸ਼ਵਾਸ ਕਰ ਅਸੀਂ ਤੇਰੇ ਲਈ ਇੱਕ ਵਧੀਆ ਰਸਤਾ ਖੋਲਾਂਗੇ..ਅਤੇ ਤੇਰੇ ਲਈ ਵਧੀਆ ਸਹਾਇਕ ਬਣਾਂਗੇ, ਪਰ ਤੈਨੂੰ ਸਾਡੇ ਦੁਆਰਾ ਦਿੱਤੇ ਕੁੱਝ ਸੁਝਾਵ ਸਵੀਕਾਰ ਕਰਨੇ ਪੈਣਗੇ.. ਲੜਕੀ ਨੇ ਸਾਡੀ ਗੱਲਬਾਤ ਨੂੰ ਵਿੱਚੋਂ ਹੀ ਟੋਕਦਿਆਂ ਫਿਰ ਗਰਜਣਾ ਸ਼ੁਰੂ ਕਰ ਦਿੱਤਾ, “ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਹੋ, ਇਹ ਸਭ ਕੌਣ ਕਰ ਰਿਹਾ ਹੈ? ਹਾਂ ਮੈਂ ਕਰਦੀ ਹਾਂ, ਕੀ ਤੁਸੀਂ ਮੈਨੂੰ ਇਹਨਾਂ ਕਾਵਾਂ ਤੋਂ ਬਚਾਅ ਸਕਦੇ ਹੋ? ਮੈਂ ਇਸ ਘਰ ਵਿਚ ਸੁਰੱਖਿਅਤ ਨਹੀਂ ਹਾਂ,…ਇਸ ਘਰ ਨਾਨਕੀ ਆਇਆ ਉਹ ਲੜਕਾ! ਮੇਰੇ ‘ਤੇ ਗਲਤ ਨਜ਼ਰ ਰੱਖ ਰਿਹਾ ਹੈ.. ਇਸ ਘਰ ਦੀ ਛੋਟੀ ਚਾਰਦੀਵਾਰੀ ਦੇ ਕਾਰਨ,ਇਥੋਂ ਦੀ ਟੱਪਦੇ ਲੋਕ ਮੈਂਨੂੰ ਅਜੀਬ ਨਜ਼ਰਾਂ ਨਾਲ਼ ਵੇਖਦੇ ਹਨ… ਮੈਨੂੰ ਕੋਈ ਆਪਣਾ ਨਹੀਂ ਦਿਖ ਰਿਹਾ..ਇਥੋਂ ਗੁਜ਼ਰਦੀ ਬੱਸ ਦਾ ਡਰਾਈਵਰ ਤੇ ਕੰਡਕਟਰ.. ਇਹ ਸਾਰੇ ਕਾਂ..ਮੈਂਨੂੰ ਘੂਰ-ਘੂਰ ਵੇਖਦੇ ਹਨ..ਇਹ ਮੈਨੂੰ ਖਾ ਜਾਣਾ ਚਾਹੁੰਦੇ ਹਨ… ਅਸੀਂ ਹੁਣ ਉਸ ਨਿੱਡਰ ਲੜਕੀ ਨੂੰ ਪਿਆਰ ਨਾਲ ਸ਼ਾਂਤ ਕਰ ਰਹੇ ਸਾਂ…ਹੁਣ ਸਾਡੀਆਂ ਅੱਖਾਂ ਭਰ ਚੁਕੀਆਂ ਸਨ, ਅਤੇ ਆਪਣੇ ਆਪ ਨੂੰ ਸੰਭਾਲ ਦੀ ਵੀ ਕੋਸ਼ਿਸ਼ ਕਰ ਰਹੇ ਸਾਂ… ਅਸੀਂ ਹੁਣ ਚੰਗੀ ਤਰ੍ਹਾਂ ਇਸ ਸਾਰੀ ਕਹਾਣੀ ਨੂੰ ਸਮਝ ਚੁਕੇ ਸਾਂ, ਲੜਕੀ ਨੂੰ ਸ਼ਾਂਤ ਰਹਿਣ ਅਤੇ ਵਧੀਆ ਨਤੀਜਿਆਂ ਦੀ ਉਡੀਕ ਕਰਨ ਦੀ ਸਲਾਹ ਦਿੱਤੀ ਗਈ.., ਪਰ ਨਾਲ਼ ਹੀ ਹੁਣ ਉਸ ਨੂੰ ਅਜਿਹੇ ਕੰਮਾਂ ਤੋਂ ਦੂਰ ਰਹਿਣ ਦੀ ਚੇਤਾਵਨੀ ਵੀ ਦਿੱਤੀ ਗਈ, ਜਿਸ ਨੂੰ ਉਸਨੇ ਸ਼ਾਂਤਮਨ ਨਾਲ਼ ਸਵੀਕਾਰ ਕਰਦਿਆਂ ਹਾਂ ਪੱਖੀ ਹੁੰਗਾਰਾ ਭਰਿਆ।
ਪਰਿਵਾਰ ਦਾ ਹਮਦਰਦ ਜੋ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਦੇ ਯੋਗ ਸੀ, ਅਸੀਂ ਉਸ ਨੂੰ ਸੁਝਾਅ ਦਿੱਤਾ ਕਿ ਲੜਕੀ ਹੁਣ ਇਸ ਘਰ ਵਿਚ ਨਹੀਂ ਰਹੇਗੀ, ਉਹ ਆਪਣੇ ਭਰਾ ਅਤੇ ਮਾਸੀ ਨਾਲ ਉਸਦੀ ਮਰਜ਼ੀ ਨਾਲ ਰਹੇਗੀ, ਉਸ ਨੂੰ ਹਰ ਹਾਲ ਵਿਚ 9 ਵੀਂ ਵਿਚ ਦਾਖਲ ਕਰਵਾਇਆ ਜਾਏ। ਇਸਦੇ ਵਿਆਹ ਬਾਰੇ ਕੋਈ ਵਿਚਾਰ ਵਟਾਂਦਰੇ ਨਹੀਂ ਹੋਣਗੇ, ਆਦਿ ਗੱਲਾਂ ਨੂੰ ਲਾਗੂ ਕਰਨਾ ਪਰਿਵਾਰ ਦੇ ਹਮਦਰਦ ਨੇ ਇਹ ਵੱਡੀ ਜੁੰਮੇਵਾਰੀ ਸਵੀਕਾਰ ਕਰ ਲਈ।
*ਪਸ਼ੂਆਂ ਨੂੰ ਦੌਰੇ ਕਿਉਂ ਪੈਂਦੇ ਸਨ?
ਜਦੋਂ ਦੁਪਹਿਰ ਵੇਲੇ ਘਰ ਦੇ ਅੰਦਰ ਬੈਠੇ ਪਸ਼ੂ ਉਗਾਲੀ ਕਰ ਰਹੇ ਹੁੰਦੇ ਸਨ, ਅਚਾਨਕ ਲੜਕੀ ਇਕ ਸੋਟੀ ਲੈ ਕੇ ਉਹਨਾਂ ਬੈਠੇ ਪਸ਼ੂਆਂ ਦੇ ਨਹੁੰ ‘ਤੇ ਸੋਟੀ ਦੀ ਨੋਕ ਜ਼ੋਰ ਨਾਲ ਮਾਰਦੀ, ਤਾਂ ਜਾਨਵਰ ਡਰ ਨਾਲ ਇੱਕ ਦਮ ਖੜ੍ਹਾ ਹੋ ਜਾਂਦਾ. ਜਿਸ ਕਾਰਨ ਘਰ ਵਿਚ ਖੜਕੇ(ਪਸ਼ੂ ਡਿੱਗਣ) ਇੱਕ ਉੱਚੀ ਆਵਾਜ਼ ਸੁਣਾਈ ਦਿੰਦੀ … ਲੜਕੀ ਦੇ ਕਹਿਣ ਤੇ ਕਿ ਪਸ਼ੂ ਕਿਸੇ ਦੌਰੇ ਕਾਰਨ ਡਿੱਗ ਗਿਆ ਸੀ, ਹੁਣ ਇਹ ਠੀਕ ਹੈ, ਬਾਕੀ ਪਰਿਵਾਰ ਇਸ ਨੂੰ ਸੱਚ ਮੰਨ ਲੈਂਦਾ, ਦੋ ਛੋਟੇ ਪਸ਼ੂਆਂ ਦੀ ਮੌਤ ਇਕ ਬਿਮਾਰੀ ਕਾਰਨ ਹੋਈ ਸੀ. ਪਰ ਅੰਧਵਿਸ਼ਵਾਸੀ ਪਰਿਵਾਰ ਵਾਪਰ ਰਹੀਆਂ ਘਟਨਾਵਾਂ ਨੂੰ ਕਿਸੇ ਗੈਬੀ ਸ਼ਕਤੀ ਨਾਲ਼ ਜੋੜਕੇ ਵੇਖ ਰਿਹਾ ਸੀ।
*ਸੂਈਆਂ ਦਾ ਵੱਜਣਾ;
ਜਦੋਂ ਕੋਈ ਚੇਲਾ ਘਰ ਆਉਂਦਾ, ਘਰ ਦਾ ਮਾਹੌਲ ਡਰਾਉਣਾ ਹੋ ਜਾਂਦਾ। ਲੜਕੀ ਖ਼ੁਦ ਹੌਲੀ-ਹੌਲੀ ਆਪਣੀਆਂ ਉਂਗਲਾਂ ਨਾਲ ਆਪਣੀ ਖੁਸ਼ਕ ਚਮੜੀ ਵਿੱਚ ਸੂਈਆਂ ਪਾ ਲੈਂਦੀ।ਆਮ ਲੋਕ ਇਸ ਨੂੰ ਸਮਝ ਨਹੀਂ ਰਹੇ ਸਨ।
ਇਸੇ ਤਰ੍ਹਾਂ ਡਰ ਨੂੰ ਕਾਇਮ ਰੱਖਣ ਲਈ ਬਾਬੇ ਅਤੇ ਉਨ੍ਹਾਂ ਦੇ ਏਜੰਟ ਘਰ ਦੇ ਅੰਦਰ ਅਤੇ ਬਾਹਰੋਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਸਨ, ਇਸੇ ਤਰਾਂ ਇੱਟਾਂ ਡਿੱਗਣ, ਲੜਕੇ ਨੂੰ ਧੱਕਾ ਦੇਣਾ, ਦੁੱਧ ਦਾ ਖੂਨ ਬਣਨਾ, ਟੂਣਾ ਬਣਨਾ ਆਦਿ ਅਲੋਕਾਰੀ ਘਟਨਾਵਾਂ ਵਾਪਰ ਰਹੀਆਂ ਸਨ।
ਅਜਿਹੇ ਵਰਤਾਰੇ ਸਾਡੇ ਮਰਦ ਪ੍ਰਧਾਨ ਸਮਾਜ ਹੋਣ ਕਰਕੇ ਅਤੇ ਸਾਡੇ ਮਾੜੇ ਰਾਜਨੀਤਿਕ ਪ੍ਰਬੰਧ ਦਾ ਨਤੀਜਾ ਹੁੰਦੇ ਹਨ ਜਿਸਨੂੰ ਬਦਲਿਆਂ ਹੀ ਆਮ ਲੋਕਾਈ ਦੇ ਅਸਲੀ ਹੱਲ ਹਨ…ਪਰ ਇਸਦੇ ਬਾਵਜੂਦ…
… ਅਗਲੇ ਹੀ ਕੁੱਝ ਦਿਨਾਂ ਬਾਅਦ ਕੁੜੀ ਨੂੰ ਆਪਣੀ ਮਾਸੀ ਕੋਲ ਛੱਡ ਦਿੱਤਾ ਗਿਆ, ਅਤੇ ਉਸਨੂੰ ਆਪਣੇ ਛੋਟੇ ਭਰਾ ਨਾਲ ਸਕੂਲ ਵੀ ਭੇਜਣ ਲਾ ਦਿੱਤਾ ਗਿਆ,
… ਬਹੁਤ ਸਾਲਾਂ ਬਾਅਦ, ਉਹੀ ਲੜਕੀ ਮਾ ਸ਼ਮਸ਼ੇਰ ਚੋਰਮਾਰ ਨੂੰ ਅਚਾਨਕ ਕਿਤੇ ਮਿਲੀ ਅਤੇ ਉਸਨੇ ਪੁੱਛਿਆ “ਕੀ ਤੁਸੀਂ ਮੈਨੂੰ ਜਾਣਦੇ ਹੋ? ਮੈਂ ਉਹੀ ਲੜਕੀ ਹਾਂ .. ਰਾਜਸਥਾਨ ਵਾਲ਼ੀ … ਜਿਸ ਨੂੰ ਤੁਸੀਂ ਕਾਵਾਂ ਤੋਂ ਬਚਾਇਆ ਸੀ ” ਧੰਨਵਾਦ! ਮੇਰਾ ਵਿਆਹ ਵੀ ਹੋ ਗਿਆ ਹੈ ਤੇ ਮੈਂ ਹੁਣ ਬਹੁਤ ਖੁਸ਼ ਹਾਂ।
ਮਾਸਟਰ ਪਰਮ ਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349