ਰਾਤ ਦੇ ਸਾਢੇ ਦਸ ਵੱਜੇ ਹਨ। ਮੇਰੇ ਸਾਹਮਣੇ ਕੇਲਾ ਪਿਆ ਹੈ, ਮੈਂ ਇਸਨੂੰ ਖਾਣਾ ਚਾਹੁੰਦਾ ਹਾਂ, ਪਰ ਪਤਨੀ ਮਨਾ ਕਰ ਰਹੀ ਹੈ। ਕਹਿੰਦੀ ਹੈ ਕਿ ਰਾਤ ਨੂੰ ਕੇਲਾ ਖਾਣ ਨਾਲ ਬੀਪੀ ਵਧਦਾ ਹੈ। ਉਸਨੇ ਵਟਸਐਪ ਤੇ ਪੜ੍ਹਿਆ ਹੈ। ਕੇਲਾ ਖਾਣ ਦੇ ਸਮੇਂ ਨੇ ਮੈਨੂੰ ਉਲਝਣ ਵਿੱਚ ਪਾ ਦਿੱਤਾ ਹੈ, ਜਨਾਬ। ਹਰ ਘੜੀ, ਹਰ ਪਲ ਟੋਕਿਆ ਜਾਂਦਾ ਹਾਂ।
ਸਵੇਰੇ ਸੱਤ ਵਜੇ ਪ੍ਰਸ਼ਾਦ ਦੇ ਰੂਪ ਵਿੱਚ ਇੱਕ ਕੇਲਾ ਮਿਲਿਆ ਤਾਂ ਦਾਦਾ ਜੀ ਨੇ ਰੋਕ ਦਿੱਤਾ, “ਸਵੇਰੇ-ਸਵੇਰੇ ਕੇਲਾ ਖਾਲੀ ਪੇਟ ਨਹੀਂ ਖਾਣਾ ਚਾਹੀਦਾ, ਇਸ ਨਾਲ ਪੇਟ ਵਿੱਚ ਗੈਸ ਬਣਦੀ ਹੈ।” ਗੈਸ ਨੇ ਤਾਂ ਆਪਣਾ ਰਸਤਾ ਲੱਭ ਹੀ ਲੈਣਾ ਸੀ, ਜਨਾਬ! ਪਰ ਦਾਦਾ ਜੀ ਨੂੰ ਨਰਾਜ਼ ਕਰਨਾ ਔਖਾ ਸੀ।
ਘਰ ਆਇਆ ਤਾਂ ਚਾਹ ਤਿਆਰ ਸੀ। ਕੇਲਾ ਕੱਢਿਆ ਤਾਂ ਮਾਂ ਨੇ ਰੋਕ ਦਿੱਤਾ, “ਕੋਈ ਚਾਹ ਨਾਲ ਵੀ ਕੇਲਾ ਖਾਂਦਾ ਹੈ? ਪੇਟ ਦੁਖਣ ਲੱਗ ਪਵੇਗਾ। ਅਖ਼ਬਾਰ ਵਿੱਚ ਛਪਿਆ ਹੈ।” ਦਸ ਵਜੇ ਖਾਣੇ ਨਾਲ ਕੇਲਾ ਚੁੱਕਿਆ ਤਾਂ ਭੈਣ ਨੇ ਰੋਕ ਦਿੱਤਾ, “ਵੀਰੇ, ਆਯੁਰਵੇਦ ਦਾ ਨਿਯਮ ਹੈ ਕਿ ਖਾਣੇ ਤੋਂ ਇੱਕ ਘੰਟਾ ਪਹਿਲਾਂ ਤੇ ਇੱਕ ਘੰਟਾ ਪਿੱਛੋਂ ਕੋਈ ਵੀ ਫਲ ਨਹੀਂ ਖਾਣਾ ਚਾਹੀਦਾ। ਚਰਕ ਸੰਹਿਤਾ ਵਿੱਚ ਲਿਖਿਆ ਹੈ।”
ਕੇਲਾ ਮੇਰੇ ਵੱਲ ਦੇਖ ਕੇ ਹੱਸ ਰਿਹਾ ਸੀ। “ਬਚ ਗਿਆ ਸਾਲ਼ਾ!” ਕਹਿ ਕੇ ਮੈਂ ਇਹਨੂੰ ਆਫ਼ਿਸ-ਬੈਗ ਵਿੱਚ ਰੱਖ ਲਿਆ। ਸਾਢੇ ਗਿਆਰਾਂ ਵਜੇ ਮਨ ਹੋਇਆ ਕਿ ਖਾਧਾ ਜਾਵੇ, ਪਰ ਜਿਵੇਂ ਹੀ ਕੱਢਿਆ, ਸ਼ਰਮਾ ਜੀ ਨੇ ਵੇਖ ਲਿਆ। ਬੋਲੇ -“ਸ਼ਾਂਤੀਬਾਬੂ, ਇਹ ਕਾਰਬੇਟ ਦਾ ਪੱਕਿਆ ਲੱਗਦਾ ਹੈ। ਪੀਲਾ-ਪੀਲਾ ਦਿੱਸ ਰਿਹਾ ਹੈ। ਟੀਵੀ ‘ਤੇ ਕਿੰਨਾ ਤਾਂ ਆ ਰਿਹਾ ਹੈ! ਇਸ ਨੂੰ ਨਾ ਖਾਣਾ। ਨੁਕਸਾਨ ਪਹੁੰਚਾਏਗਾ।” ਵੀਨਾ ਮੈਡਮ ਨੇ ਕਿਹਾ – “ਸਰ, ਕੇਲਾ ਉਦੋਂ ਖਾਣਾ ਚਾਹੀਦਾ ਹੈ ਜਦੋਂ ਉਸ ‘ਤੇ ਛੋਟੇ-ਛੋਟੇ ਕਾਲੇ ਧੱਬੇ ਆ ਜਾਣ – ਚਿੱਤਰੀ ਵਾਲਾ ਕੇਲਾ ਨੁਕਸਾਨ ਨਹੀਂ ਪਹੁੰਚਾਉਂਦਾ।”
ਫਿਰ ਰੋਕ ਦਿੱਤਾ ਗਿਆ। ਲੰਚ ਟਾਈਮ ਵਿੱਚ ਕੇਲਾ ਕੱਢਿਆ ਤਾਂ ਬੌਸ ਬੋਲੇ, “ਡੌਂਟ ਈਟ ਬਨਾਨਾ। ਇੱਕ ਮੀਡੀਅਮ ਸਾਈਜ਼ ਬਨਾਨਾ ਵਿੱਚ 105 ਕੈਲੋਰੀ ਹੁੰਦੀ ਹੈ। ਇਟ ਇਜ਼ ਨੌਟ ਏ ਗੁਡ ਫੂਡ।” ਤਿਵਾੜੀ ਬੋਲਿਆ, “ਯੈਸ ਸਰ, ਕੇਲੇ ਵਿੱਚ ਬਹੁਤ ਜ਼ਿਆਦਾ ਸਟਾਰਚ ਹੁੰਦਾ ਹੈ। ਕੇਲਾ ਦੰਦਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਸਭ ਤੋਂ ਵੱਧ ਕੈਵਿਟੀ ਕੇਲੇ ਕਰਕੇ ਹੀ ਹੁੰਦੀ ਹੈ। ਸਟਾਰਚ ਕਰਕੇ ਕਾਂਸਟੀਪੇਸ਼ਨ ਵੀ ਹੁੰਦੀ ਹੈ।”
ਬੌਸ ਨੇ ਕਿਹਾ – “ਉਂਜ ਤੁਸੀਂ ਐਕਸਰਸਾਈਜ਼ ਪਿੱਛੋਂ ਖਾ ਸਕਦੇ ਹੋ।” ਤਿਵਾੜੀ ਨੇ ਕਿਹਾ, ”ਯੈਸ ਸਰ, ਐਕਸਰਸਾਈਜ਼ ਪਿੱਛੋਂ ਖਾ ਸਕਦੇ ਹੋ। ਬੌਸ ਨੇ ਕਿਹਾ – “ਬਟ ਆਫਟਰਨੂਨ ਵਿੱਚ ਇਟ ਇਜ਼ ਨਾਟ ਰਿਕਮੈਂਡਿਡ।” ਤਿਵਾੜੀ ਨੇ ਕਿਹਾ – “ਯੈਸ ਸਰ, ਆਫਟਰਨੂਨ ਵਿੱਚ ਇਟ ਇਜ਼ ਨਾਟ ਰਿਕਮੈਂਡਿਡ।” ਬੌਸ ਨੇ ਕਿਹਾ, “ਸਮਟਾਈਮਜ਼ ਖਾ ਵੀ ਸਕਦੇ ਹੋ |” ਤਿਵਾੜੀ ਨੇ ਕਿਹਾ, “ਯੈਸ ਸਰ, ਸਮਟਾਈਮਜ਼ ਖਾ ਵੀ ਸਕਦੇ ਹਾਂ।” ਬੌਸ ਨੇ ਕਿਹਾ – “ਯੂ ਨੋਅ, ਕੱਚਾ ਕੇਲਾ ਇਜ਼ ਲੈੱਸ ਹਾਰਮਫੁਲ।” ਤਿਵਾੜੀ ਨੇ ਕਿਹਾ – “ਯੈਸ ਸਰ, ਕੱਚਾ ਕੇਲਾ ਇਜ਼ ਲੈੱਸ ਹਾਰਮਫੁਲ।” ਬੌਸ ਦੀ ਆਵਾਜ਼, ਤਿਵਾੜੀ ਦੀ ਆਵਾਜ਼। ਉਹਨੇ ਅੱਗੇ ਕਿਹਾ, “ਕੱਚੇ ਕੇਲੇ ਵਿੱਚ ਅਜਵਾਇਣ ਮਿਲਾ ਕੇ ਖਾਣ ਨਾਲ ਜਲਣ, ਪਿੱਤ, ਜ਼ਖ਼ਮ ਅਤੇ ਕਫ਼ ਤੋਂ ਰਾਹਤ ਮਿਲਦੀ ਹੈ ਸਰ! ਯੂਨਾਨੀ ਸ਼ਫ਼ਾਖਾਨੇ ਦੇ ਹਕੀਮ ਸਾਹਬ ਨੇ ਦੱਸਿਆ ਹੈ। ਤਿਵਾੜੀ ਨੂੰ ਬਿਨਾਂ ਅਜਵਾਇਣ ਦੇ ਕੱਚਾ ਚਬਾ ਜਾਣ ਦਾ ਮਨ ਕਰ ਰਿਹਾ ਸੀ। ਸਾਲ਼ੇ ਨੂੰ ਨਾ ਮੇਰੇ ਨਾਲ ਮਤਲਬ ਸੀ, ਨਾ ਕੇਲੇ ਨਾਲ। ਬੌਸ ਦੇ ਕਹਿਣ ‘ਤੇ ਉਹ ਕੇਲੇ ਦਾ ਟਰੱਕ ਨਦੀ ਵਿੱਚ ਸੁੱਟ ਸਕਦਾ ਸੀ। ਕੇਲੇ ਦੀ ਖੜੀ ਫਸਲ ਨਸ਼ਟ ਕਰ ਸਕਦਾ ਸੀ। ਦਫ਼ਤਰ ਵਿੱਚ ਕੇਲਾ ਨਾ ਖਾਣ ਦਾ ਅਫ਼ਿਸ ਆਰਡਰ ਕਢਵਾ ਸਕਦਾ ਸੀ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਤੋਂ ਕੇਲਾ ਖਾਣ ‘ਤੇ ਪਾਬੰਦੀ ਲਗਵਾ ਸਕਦਾ ਸੀ। ਫਿਰ ਜਦੋਂ ਸਾਹਮਣੇ ਬੌਸ ਹੋਵੇ ਤਾਂ ਕੌਣ ਪਿੱਛੇ ਰਹਿੰਦਾ? ਸੁਬਾਲਕਸ਼ਮੀ ਨੇ ਕਿਹਾ, “ਸਰ, ਸਾਡੇ ਸਾਊਥ ਵਿੱਚ ਕੇਲਾ ਖਾ ਕੇ ਪਾਣੀ ਪੀਣ ਨਾਲ ਠੰਡ ਲੱਗ ਜਾਂਦੀ ਹੈ। ਐਂਡ ਸਰ, ਸਾਡੇ ਫਾਦਰ-ਇਨ-ਲਾਅ ਕੇਲਾ ਖਾਣ ਨਾਲ ਹੀ ਮਰੇ ਸਨ। ਡਾਈਡ ਸਰ, ਫੁੱਲੀ ਡਾਈਡ ਆਫ਼ ਕੇਲਾ ਓਨਲੀ। ਕੇਲੇ ਵਿੱਚ ਪੋਟਾਸ਼ੀਅਮ ਜ਼ਿਆਦਾ ਹੁੰਦਾ ਹੈ। ਜ਼ਿਆਦਾ ਖਾਓ ਤਾਂ ਕਿਡਨੀਆਂ ਖਰਾਬ ਹੁੰਦੀਆਂ ਨੇ। ਕੇਲਾ ਕਿਡਨੀ ਵਾਸਤੇ ਇਕਦਮ ਖਰਾਬ।”
ਵੀਨਾ ਨੇ ਕਿਹਾ – “ਸਰ, ਕੇਲਾ ਸੇਂਧਾ ਨਮਕ ਨਾਲ ਖਾਣਾ ਚਾਹੀਦਾ ਹੈ। ਮੈਂ ਨਿਰੋਗਧਾਮ ਮੈਗਜ਼ੀਨ ਵਿੱਚ ਪੜ੍ਹਿਆ ਸੀ।”
ਗੁਪਤਾ ਜੀ ਬੋਲੇ – “ਸਰ, ਦੁਪਹਿਰੇ ਕੇਲਾ ਖਾਣ ਨਾਲ ਵਾਲ਼ ਝੜਦੇ ਹਨ ਅਤੇ ਕਮਜ਼ੋਰੀ ਆ ਜਾਂਦੀ ਹੈ।”
ਇਸ ‘ਤੇ ਵਰਮਾ ਜੀ ਨੇ ਰਾਮਬਾਣ ਦੱਸਿਆ, “ਸਰ, ਕੇਲੇ ਦਾ ਛਿਲਕਾ ਫਾਇਦੇਮੰਦ ਹੁੰਦਾ ਹੈ। ਦਿਨ ਵਿੱਚ ਦੋ ਵਾਰੀ ਸਿਰ ‘ਤੇ ਮਲ਼ਣ ਨਾਲ ਗੰਜਾਪਣ ਦੂਰ ਹੁੰਦਾ ਹੈ। ਮੈਮਰੀ ਵਧਦੀ ਹੈ ਅਤੇ ਵਿਆਹੁਤਾ ਜੀਵਨ ਦੇ ਅਨੰਦ ਵਿੱਚ ਵਾਧਾ ਹੁੰਦਾ ਹੈ।”
ਕੇਲੇ ਨੇ ਮੈਨੂੰ ਅੱਖ ਮਾਰੀ ਅਤੇ ਬੋਲਿਆ – ਹੁਣ ਖਾ ਕੇ ਵਿਖਾਓ। ਮੇਰੇ ਅਤੇ ਉਹਦੇ ਵਿਚਾਲੇ ਘਰ, ਪਰਿਵਾਰ, ਸਹਿਕਰਮੀ ਸਾਰੇ ਖੜ੍ਹੇ ਸਨ। ਮੈਂ ਸੋਚਿਆ ਕਿ ਚਲੋ ਕਿਤੇ ਇੱਕ ਕੋਨੇ ਵਿੱਚ ਛੁਪ ਕੇ ਖਾ ਲੈਂਦਾ ਹਾਂ, ਪਰ ਕੋਈ ਵੀ ਥਾਂ ਸੁਰੱਖਿਅਤ ਨਹੀਂ ਸੀ। ਮੈਂ ਸੀਸੀਟੀਵੀ ਕੈਮਰਿਆਂ ਦੀ ਨਜ਼ਰ ਵਿੱਚ ਸਾਂ ਅਤੇ ਬੌਸ ਦੀ ਸਲਾਹ ਦੀ ਅਣਦੇਖੀ ਪਕੜ ਵਿੱਚ ਆ ਸਕਦੀ ਸੀ। ਲੰਚ ਵਿੱਚ ਉੱਠਦੇ-ਉੱਠਦੇ ਉਨ੍ਹਾਂ ਨੇ ਕਿਹਾ ਸੀ, “ਬਨਾਨਾ ਇਜ਼
ਗਲਾਈਸੇਮਿਕ ਫੂਡ। ਇਸ ਨੂੰ ਖਾਣ ਨਾਲ ਟਾਈਪ 2 ਦੀ ਡਾਇਬਿਟੀਜ਼ ਅਤੇ ਕਾਰਡਿਕ ਅਰੈਸਟ ਦਾ ਡੇਂਜਰ ਹੁੰਦਾ ਹੈ।ਡੋਂਟ ਈਟ।”
ਸ਼ਾਮੀਂ ਪਿਤਾ ਜੀ ਨੇ ਖਾਣ ਤੋਂ ਮਨਾ ਕਰ ਦਿੱਤਾ ਅਤੇ ਰਾਤ ਨੂੰ ਵਾਈਫ਼ ਨੇ। ਕਨਫਿਊਜ਼ਡ ਹਾਂ ਕਿ ਵਟਸਐਪ ਸੰਦੇਸ਼ ਦੀ ਮੰਨਾਂ, ਚਰਕ ਸੰਹਿਤਾ ਦੀ, ਨਿਰੋਗਧਾਮ ਦੀ, ਬੌਸ ਦੀ ਜਾਂ ਵਾਈਫ਼ ਦੀ। ਤੁਸੀਂ ਹੀ ਦੱਸੋ ਜਨਾਬ, ਕਿਸ ਸਮੇਂ ਖਾਣਾ ਚਾਹੀਦਾ ਹੈ ਕੇਲਾ ਅਤੇ ਕਿਵੇਂ?
~ ਮੂਲ : ਸ਼ਾਂਤੀਲਾਲ ਜੈਨ
~ ਅਨੁ : ਪ੍ਰੋ. ਨਵ ਸੰਗੀਤ ਸਿੰਘ, ਪਟਿਆਲਾ-147002
(9417692015)

