ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਪਲੇਠਾ ਕਵੀ ਦਰਬਾਰ
ਪੰਜਾਬੀ ਮਾਂ ਬੋਲੀ ਦੀਆਂ ਵਿਰਾਸਤੀ ਬਾਤਾਂ ਪਾਉਣ ਵਾਲੇ ਉੱਘੇ ਸਾਹਿਤਕਾਰ/ਨਾਵਲਕਾਰ ਬਿੰਦਰ ਕੋਲੀਆਂ ਵਾਲ ਵਲੋਂ ਪੰਜਾਬੀ ਮਾਂ ਬੋਲੀ ਦੇ ਹੋਰ ਪ੍ਰਸਾਰ ਲਈ “ਕੌਮਾਂਤਰੀ ਪੰਜਾਬੀ ਕਾਫ਼ਲਾ,ਇਟਲੀ” ਨਾਮ ਦੇ ਇੱਕ ਅਦਾਰੇ ਦੀ ਸ਼ੁਰੂਆਤ ਕੀਤੀ ਗਈ ਹੈ। ਕੌਮਾਂਤਰੀ ਪੰਜਾਬੀ ਕਾਫ਼ਲਾ,ਇਟਲੀ ਦਾ ਪਹਿਲਾ ਕਵੀ ਦਰਬਾਰ ਮਿਤੀ 13/07/25 ਨੂੰ ਕਰਵਾਇਆ ਗਿਆ ਸੀ ਜਿਸ ਵਿੱਚ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ਤੋਂ 19 ਕਵੀ ਅਤੇ ਕਵਿੱਤਰੀਆਂ ਨੇ ਮਾਂ ਬੋਲੀ ਨੂੰ ਸਮਰਪਿਤ ਕਵਿਤਾਵਾਂ ਤੇ ਗੀਤ ਗਾਏ। ਸਾਰੇ ਕਵੀ ਕਵਿੱਤਰੀਆਂ ਨੇ ਇੱਕ ਤੋਂ ਇੱਕ ਵੱਖਰੇ ਰੰਗ ਪੇਸ਼ ਕੀਤੇ। ਜਿਹਨਾਂ ਵਿੱਚ ਖਾਸ ਵਿਸ਼ੇ ਮਾਂ ਬੋਲੀ ਪੰਜਾਬੀ ਦੀ ਉਪਮਾ, ਸਾਂਝੇ ਪੰਜਾਬ ਦੀਆਂ ਦੋ ਲਿੱਪੀਆਂ, ਵਾਤਾਵਰਨ ਬਚਾਉਣ ਦਾ ਰੁਝਾਨ, ਰੁੱਖ ਲਗਾਉਣ ਦੀ ਗੱਲ, ਬਾਬੇ ਨਾਨਕ ਦਾ ਨਨਕਾਣਾ ਸਾਹਿਬ ਵਿੱਚ ਆਗਮਨ, ਸੋਣ ਮਹੀਨੇ ਮਾਂ ਤੋਂ ਬਿਨਾ ਧੀ ਦਾ ਘਰ ਆ ਕੇ ਮੁੜ ਜਾਣਾ, ਪੁੱਤ ਵੱਲੋਂ ਆਪਣੇ ਬਾਪੂ ਦੀ ਮਿਹਨਤ ਨੂੰ ਸਲਾਮ, ਗਿਆਨ ਦਾ ਦੀਵਾ ਜਗਾਉਣ ਦੀ ਗੱਲ, ਮਾਂ ਨੂੰ ਇੱਕ ਧੀ ਦੀ ਪੁਕਾਰ ਆਦਿ ਵਿਸੇ ਸ਼ਾਮਲ ਸਨ।
ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਦੇ ਪਲੇਠੇ ਕਵੀ ਦਰਬਾਰ ਦੇ ਆਰੰਭ ਵਿੱਚ ਬਿੰਦਰ ਕੋਲੀਆਂ ਵਾਲ ਜੀ ਨੇ ਹਾਜ਼ਰੀ ਭਰ ਰਹੇ ਸਾਰੇ ਕਵੀ-ਕਵਿੱਤਰੀਆਂ ਨੂੰ ਜੀ ਆਇਆਂ ਆਖਦੇ ਹੋਏ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇ ਕਿਹਾ। “ ਹੱਦਾਂ ਸਰਹੱਦਾਂ ਨੂੰ ਤੋੜਦਿਆਂ ਮਿੱਟਣ ਲੱਗਾ ਏ ਫਾਸਲਾ, ਇਸੇ ਤਰ੍ਹਾਂ ਸਲਾਮਤ ਰੱਖੀ ਮਾਲਕਾ ਸਾਡਾ ਕੌਮਾਂਤਰੀ ਪੰਜਾਬੀ ਕਾਫ਼ਲਾ, ਸਾਡਾ ਕੌਮਾਂਤਰੀ ਪੰਜਾਬੀ ਕਾਫ਼ਲਾ”। ਸਿਆਣੇ ਕਹਿੰਦੇ ਹਨ ਜਿਸ ਕਾਰਜ ਦੀ ਸ਼ੁਰੂਆਤ ਉਸ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਕਰਕੇ ਕੀਤੀ ਜਾਵੇ ਉਹ ਕਾਰਜ ਆਪਣੀ ਹਰ ਬੁਲੰਦੀ ਤੈਅ ਕਰ ਸਕਦਾ ਹੈ।
ਮੰਚ ਸੰਚਾਲਨ ਦੀ ਸ਼ੁਰੂਆਤ ਪੰਜਾਬੀ ਮਾਂ ਬੋਲੀ ਦੇ ਮਹਾਨ ਸਪੁੱਤਰ, ਪੱਤਰਕਾਰ, ਸਾਹਿਤਕਾਰ ਸਰਦਾਰ ਮੁਖਤਾਰ ਸਿੰਘ ਚੰਦੀ ਜੀ ਨੇ ਆਪਣੀ ਦਮਦਾਰ ਸ਼ਾਇਰੀ ਨਾਲ ਸਭ ਦਾ ਮਨ ਮੋਹ ਲਿਆ। ਇਸ ਪਲੇਠੇ ਕਵੀ ਦਰਬਾਰ ਵਿੱਚ ਸਭ ਤੋਂ ਪਹਿਲਾ ਸੱਦਾ ਕਵੀ ਗੁਰਚਰਨ ਸਿੰਘ ਜੋਗੀ ਜੀ ਨੂੰ ਦਿੱਤਾ ਗਿਆ ਜਿਹਨਾਂ ਨੇ ਆਪਣੀ ਗ਼ਜ਼ਲ ਦੇ ਸ਼ੇਅਰ “ਤੇਰੇ ਮੁਸਕਾਨ ਵਿਚਲੇ ਦਰਦ ਨੂੰ ਪਹਿਚਾਣਦਾ ਹਾਂ,
ਤੇਰੇ ਬਾਰੇ ਮੈਂ ਤੇਰੇ ਤੋਂ ਵੀ ਬੇਹਤਰ ਜਾਣਦਾ ਹਾਂ” ਨਾਲ ਵਾਹ ਕਮਾਲ ਪੇਸ਼ਕਾਰੀ ਕੀਤੀ। ਦੂਜਾ ਸੱਦਾ ਕਨੇਡਾ ਵਾਸੀ ਸ਼ਾਇਰਾ ਹਰਸ਼ਰਨ ਕੌਰ ਜੀ ਨੂੰ ਦਿੱਤਾ ਗਿਆ ਜਿਹਨਾਂ ਨੇ ਆਪਣੀ ਖੁੱਲ੍ਹੀ ਕਵਿਤਾ ਨਾਲ ਸਭ ਦਾ ਮਨ ਮੋਹ ਲਿਆ।
ਤੀਸਰਾ ਸੱਦਾ ਇਟਲੀ ਵਸਦੇ ਗੀਤਕਾਰ ਗੁਰਮੀਤ ਸਿੰਘ ਮੱਲ੍ਹੀ ਜੀ ਨੂੰ ਦਿੱਤਾ ਗਿਆ ਜਿਹਨਾਂ ਨੇ ਬਹੁਤ ਹੀ ਖੂਬਸੂਰਤ ਗੀਤ
“ਮੈਂ ਕਿੰਝ ਕਹਾਂ ਮੇਰੇ ਬਾਪੂ ਨੇ, ਮੇਰੇ ਲਈ ਕੁੱਝ ਵੀ ਕੀਤਾ ਨਹੀਂ ” ਸੁਰੀਲੀ ਤੇ ਭਾਵੁਕ ਅਵਾਜ਼ ਵਿੱਚ ਗਾ ਕੇ ਮਹਿਫ਼ਲ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਸਾਨੂੰ ਕਦੇ ਵੀ ਆਪਣੇ ਬਾਪੂ ਦੀ ਕੀਤੀ ਮਿਹਨਤ ਨੂੰ ਭੁੱਲਣਾ ਨੀ ਚਾਹੀਦਾ।
ਚੌਥਾ ਸੱਦਾ ਬੀਬੀ ਸਰਬਜੀਤ ਸਿੰਘ ਜਰਮਨੀ ਨੂੰ ਦਿੱਤਾ ਗਿਆ ਜਿਹਨਾਂ ਨੇ ਧਾਰਮਿਕ ਕਵਿਤਾ “ਜਦ ਵਿੱਚ ਨਨਕਾਣੇ ਦੇ ਸਾਡਾ ਬਾਬਾ ਨਾਨਕ ਆਇਆ” ਗਾ ਕੇ ਆਪਣੀ ਹਾਜ਼ਰੀ ਲਗਵਾਈ ਅਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਜੱਸ ਗਾਇਆ। ਪੰਜਵਾਂ ਸੱਦੇ ਤੇ ਅੰਜੂ ਅਮਨਦੀਪ ਗਰੋਵਰ ਜੀ ਨੇ “ਫਿਰ ਰੁੱਸੇ ਨੂੰ ਮਨਾਉਂਦੀਆਂ ਪਿਆਰ ਦੀਆਂ ਗੱਲਾਂ” ਗੀਤ ਗਾ ਕੇ ਸਭ ਦਾ ਧਿਆਨ ਆਪਣੇ ਸੁਰੀਲੇ ਗੀਤ ਵੱਲ ਖਿੱਚ ਲਿਆ। ਉਸ ਉਪਰੰਤ ਪਟਿਆਲਾ ਨਿਵਾਸੀ ਗਾਇਕ ਮੰਗਤ ਖਾਨ ਜੀ ਨੇ ਆਪਣੇ ਗੀਤ ਵਿੱਚ ਸੌਣ ਮਹੀਨੇ ਦਾ ਇੱਕ ਵੱਖਰਾ ਰੰਗ ਪੇਸ਼ ਕਰਦੇ ਹੋਏ “ਮਾਂਵਾਂ ਬਿਨ ਘਰ ਆ ਕੇ ਧੀਆਂ ਮੁੜ ਚੱਲੀਆਂ” ਵਿੱਚ ਧੀਆਂ ਦਾ ਦਰਦ ਬਹੁਤ ਭਾਵੁਕ ਅਵਾਜ਼ ਨਾਲ ਬਿਆਨ ਕਰਦਿਆਂ ਗਾਇਆ।
ਅਮਰੀਕਾ ਵਾਸੀ ਕਵਿੱਤਰੀ ਪੋਲੀ ਬਰਾੜ ਜੀ ਨੇ ਵਾਤਾਵਰਨ ਨੂੰ ਸਮਰਪਿਤ ਕਵਿਤਾ “ਕੁਦਰਤ ਦੇ ਰੰਗ ਨਿਆਰੇ” ਗਾ ਕੇ ਸਭ ਦਾ ਧਿਆਨ ਵਾਤਾਵਰਨ ਬਚਾਓ ਵੱਲ ਖਿੱਚਿਆ। ਪੰਜਾਬ ਤੋਂ ਸ਼ਾਇਰ ਮੋਹਨ ਸਿੰਘ ਮੋਤੀ ਜੀ ਨੇ ਜੀਵਨ ਵਿੱਚ ਰੁੱਖਾਂ ਦੀ ਮਹੱਤਤਾ ਬਿਆਨ ਕਰਦਿਆਂ ਤੇ ਸਭ ਨੂੰ ਰੁੱਖ ਲਾਉਣ ਦਾ ਸੁਨੇਹਾ ਦਿੰਦਿਆਂ ਬਹੁਤ ਪਿਆਰੀ ਕਵਿਤਾ “ਤੂੰ ਇੱਕ ਰੁੱਖ ਲਾਵੀਂ ਲਿਖਕੇ ਮੇਰਾ ਨਾਂ” ਗਾ ਕੇ ਸਭ ਦਾ ਦਿਲ ਜਿੱਤ ਲਿਆ। ਉਸ ਤੋਂ ਅਗਲੇ ਸੱਦੇ ਤੇ ਪੰਜਾਬ ਤੋਂ ਕਵਿੱਤਰੀ ਅੰਮ੍ਰਿਤਪਾਲ ਕੌਰ ਕਲੇਰ ਨੇ ਆਪਣੇ ਗੀਤ “ਅਸੀਂ ਕੰਮੀਆਂ ਦੇ ਪੁੱਤ” ਗਾ ਕੇ ਮਿਹਨਤੀ ਅਤੇ ਮਜ਼ਦੂਰ ਲੋਕਾਂ ਦਾ ਦਰਦ ਭਲੀ ਭਾਂਤ ਬਿਆਨ ਕੀਤਾ।
ਉਸ ਤੋਂ ਅਗਲਾ ਸੱਦਾ ਨਿੱਕੀ ਬਰੇਸ ਚ ਵੱਡੀਆਂ ਮੱਲਾਂ ਮਾਰਨ ਵਾਲੇ ਅਮਨਬੀਰ ਸਿੰਘ ਧਾਮੀ, ਸਾਊਥ ਕੋਰੀਆ ਨੂੰ ਦਿੱਤਾ ਗਿਆ ਜਿਹਨਾਂ ਨੇ “ਨਾ ਰੁੱਕੇ ਨਾ ਰੁੱਕਣੇ ਕਾਫ਼ਲੇ ਜੋ ਤੁਰ ਪਏ ਇੱਕ ਵਾਰ ਨੇ” ਗਾ ਕੇ ਸਾਰੀ ਮਹਿਫ਼ਲ ਵਿੱਚ ਆਪਣੀ ਬੱਲੇ ਬੱਲੇ ਕਰਵਾਈ। ਉਸ ਤੋਂ ਅਗਲੇ ਸੱਦੇ ਤੇ ਇਟਲੀ ਵੱਸਦੇ ਕਲਾਕਾਰ ਤੇ ਗੀਤਕਾਰ ਰਾਣਾ ਅਠੌਲਾ ਜੀ ਨੇ ਦੋਹਾਂ ਲਿੱਪੀਆਂ ਦੀ ਗੱਲ ਕਰਦਿਆਂ “ਜਿਹਦੇ ਕੋਲ ਦੋ ਲਿੱਪੀਆਂ ਦੇ ਦੋ ਰੂਪ ਨੇ ਸਾਡੀ ਹੈ ਮਾਂ ਬੋਲੀ ਓਹ ਪੰਜਾਬੀ ਜੱਗ ਤੇ” ਬਹੁਤ ਹੀ ਸੁਰੀਲੀ ਅਵਾਜ਼ ਵਿੱਚ ਗਾਇਆ ਤੇ ਸਭ ਨੂੰ ਆਪਣੀ ਅਮੀਰ ਪੰਜਾਬੀ ਮਾਂ ਬੋਲੀ ਦਾ ਅਹਿਸਾਸ ਕਰਵਾਈਆ।
ਉਸ ਤੋਂ ਅਗਲੇ ਸੱਦੇ ਤੇ ਇਟਲੀ ਨਿਵਾਸੀ ਜਸਵਿੰਦਰ ਕੌਰ ਮਿੰਟੂ ਜੀ ਨੇ “ਮਾਂ ਬੋਲੀ ਦੇ ਵਾਰਸੋਂ ਮੇਰੀ ਸੁਣ ਲਓ ਪੁਕਾਰ” ਗਾ ਕੇ ਹਾਜ਼ਰੀ ਭਰੀ ਤੇ ਮਾਂ ਬੋਲੀ ਪੰਜਾਬੀ ਤੋਂ ਮੁੱਖ ਮੋੜਨ ਵਾਲਿਆ ਨੂੰ ਫਿਟਕਾਰਾਂ ਵੀ ਪਾਈਆਂ।
ਆਪਣੇ ਰੁਝੇਵਿਆਂ ਵਿੱਚੋਂ ਕੁੱਝ ਸਮਾਂ ਕੱਢ ਕੇ ਤੇ ਚੱਲਦੀ ਗੱਡੀ ਵਿੱਚ ਹਾਜ਼ਰੀ ਭਰਦਿਆਂ ਡਾ.ਸੁਰਜੀਤ ਕੌਰ ਭੋਗਪੁਰ ਨੇ ਵਾਤਾਵਰਣ ਨੂੰ ਸਮਪਰਿਤ ਕਵਿਤਾ ਗਾਈ ਜਿਸ ਦੇ ਬੋਲ ਵਾਹ ਕਮਾਲ ਸਨ, “ਲੋਕੀਂ ਕਹਿੰਦੇ ਸਾਹ ਰੁਕਦੇ ਨੇ, ਗੌਰ ਨਾਲ ਦੇਖੋ ਰੁੱਖ ਮੁੱਕ ਦੇ ਨੇ”। ਗੀਤਕਾਰ ਤੇ ਕਲਾਕਾਰ ਮਹਿੰਦਰ ਸਿੰਘ ਝੱਮਟ ਜੀ ਨੇ ਆਪਣਾ ਗੀਤ ਤਰੰਨਮ ਵਿੱਚ ਗਾਇਆ ਤੇ ਵਾਹ ਵਾਹ ਖੱਟੀ, ਗੀਤ ਦੇ ਬੋਲ ਸਨ “ਨੀ ਤੇਰੇ ਇਸ਼ਕ ਹੁਸਨ ਦੇ ਚਰਚੇ ਚਾਰ ਚੁਫੇਰੇ”। ਬੰਬੇ ਤੋਂ ਕਵਿਸ਼ਰ ਸਰਦਾਰ ਪਰਵਿੰਦਰ ਸਿੰਘ ਹੇਅਰ ਜੀ ਨੇ ਮਾਲਕ ਅੱਗੇ ਅਰਦਾਸ ਜੋਦੜੀ
ਕਰਦਿਆਂ ਕਵਿਤਾ ਗਾਈ ਜਿਸ ਦੇ ਮਹਾਨ ਬੋਲ ਸਨ,
“ਅਰਜ਼ ਗੁਜਾਰਾਂ ਮੈਂ ਦੁਆਰ ਤੇਰੇ ਦਾਤਿਆ,
ਸੁਖੀ ਵਸੇ ਸਾਰਾ ਸੰਸਾਰ ਮੇਰੇ ਦਾਤਿਆ”।
ਅਗਲੇ ਸੱਦੇ ਤੇ ਸੁਖਵਿੰਦਰ ਸਿੰਘ ਨੇ “ਦੁਸ਼ਮਣ ਨੂੰ ਅਸੀਂ ਯਾਰ ਬਣਾ ਕੇ ਬੈਠੇ ਹਾਂ, ਚੋਰਾਂ ਨੂੰ ਚੌਕੀਦਾਰ ਬਣਾ ਕੇ ਬੈਠੇ ਹਾਂ” ਲੋਕ ਤੱਥ ਗੀਤ ਗਾ ਕੇ ਸਭ ਦਾ ਮਨ ਮੋਹ ਲਿਆ।
ਕਵੀ ਦਰਬਾਰ ਦੇ ਆਖਰੀ ਪੜਾਅ ਵੱਲ ਵਧਦੇ ਹੋਏ ਪੰਜਾਬੀ ਕੌਮਾਂਤਰੀ ਕਾਫ਼ਲਾ ਦੇ ਪ੍ਰਧਾਨ ਬਿੰਦਰ ਕੋਲੀਆਂ ਵਾਲ ਜੀ ਨੇ ਬਹੁਤ ਭਾਵੁਕ ਅਤੇ ਮਾਂ ਨੂੰ ਸਮਰਪਿਤ ਗੀਤ “ਮਾਏਂ ਨੀ ਸੁਣ ਮੇਰੀਏ ਮਾਏਂ, ਮੇਰੇ ਦਰਦ ਲੰਬੇਰੇ” ਨਾਲ ਸਭ ਦਾ ਮਨ ਮੋਹਿਆ ਤੇ ਸਭ ਨੂੰ ਭਾਵੁਕ ਕਰ ਦਿੱਤਾ। ਪ੍ਰੋਗਰਾਮ ਦੇ ਅਖੀਰ ਵਿੱਚ ਮੰਚ ਸੰਚਾਲਨ ਦੇ ਨਾਲ ਨਾਲ ਕਵੀ ਰੂਪ ਵਿੱਚ ਆਪਣੀ ਹਾਜ਼ਰੀ ਲਗਾਉਂਦਿਆਂ ਆਪਣੇ ਸੁਫ਼ੀਆਨਾ ਅੰਦਾਜ਼ ਵਿੱਚ ਮੁਖਤਾਰ ਸਿੰਘ ਚੰਦੀ ਜੀ ਨੇ “ਜਗਾ ਲੈ ਗਿਆਨ ਦਾ ਦੀਵਾ ਹਨੇਰਾ ਦੂਰ ਕਰਨਾ ਜੇ” ਗਾ ਕੇ ਕਵੀ ਦਰਬਾਰ ਨੂੰ ਸਿਖਰ ਤੇ ਪਹੁੰਚਾ ਦਿੱਤਾ। ਇੰਗਲੈਂਡ ਵੱਸਦੇ ਕਵੀ ਨਛੱਤਰ ਭੋਗਲ ਭਾਖੜੀਆਣਾ ਜੀ ਹਾਜ਼ਰ ਸਨ ਪਰ ਕਿਸੇ ਜ਼ਰੂਰੀ ਰੁਝੇਵੇਂ ਕਰਕੇ ਉਹਨਾਂ ਨੂੰ ਬਿਨਾ ਹਾਜ਼ਰੀ ਲਗਵਾਏ ਕਵੀ ਦਰਬਾਰ ਛੱਡ ਕੇ ਜਾਣਾ ਪਿਆ। ਆਸ ਹੈ ਭੋਗਲ ਸਾਹਿਬ ਅਗਲੇ ਕਵੀ ਦਰਬਾਰ ਵਿੱਚ ਸਭ ਤੋਂ ਪਹਿਲਾਂ ਤੇ ਦੋਹਰੀ ਹਾਜ਼ਰੀ ਜ਼ਰੂਰ ਭਰਨਗੇ।
ਜੇਕਰ ਆਪ ਜੀ ਸਾਡੇ ਮਹਾਨ ਕਵੀ ਦਰਬਾਰ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਯੂ ਟਿਊਬ ਚੈਨਲ ਬਿੰਦਰ ਕੋਲੀਆਂ ਵਾਲ ਅਤੇ ਫੈਸਬੁੱਕ ਪੇਜ “ਕੌਮਾਂਤਰੀ ਪੰਜਾਬੀ ਕਾਫਲਾ” ਅਤੇ “ਜਦ ਆਏ ਹਾਂ ਤੁਰ ਜਾਣਾ, ਫਿਰ ਗ਼ਮ ਕਿਉਂ” ਦੇ ਨਾਂ ਨਾਲ ਲੱਭ ਕੇ ਸੁਣ ਸਕਦੇ ਹੋ। ਜੇਕਰ ਆਪ ਜੀ ਵੀ ਕੁਝ ਲਿਖਣ ਤੇ ਗਾਉਣ ਦਾ ਸ਼ੌਂਕ ਰੱਖਦੇ ਹੋ ਤਾਂ ਸਾਡੇ ਕਾਫ਼ਲੇ ਦਾ ਹਿੱਸਾ ਬਣ ਸਕਦੇ ਹੋ ਜੀ।
ਵਾਹਿਗੁਰੂ ਮਿਹਰ ਕਰੇ ਇਹ ਕਾਫ਼ਲਾ ਵਿਸ਼ਾਲ ਤੇ ਮਜ਼ਬੂਤ ਹੁੰਦਾ ਜਾਏ।

ਸਰਬਜੀਤ ਸਿੰਘ ਜਰਮਨੀ
Tirthsingh3@yahoo.com
ਬਹੁਤ ਵਧੀਆ ਰਿਪੋਰਟਿੰਗ ਹੈ ਜੀ, ਬਹੁਤ ਵਧੀਆ ਕਵੀ ਦਰਬਾਰ ਲਈ ਸਾਰੀ ਟੀਮ ਨੂੰ ਮੁਬਾਰਕਾਂ ਜੀ 🙏🌹।