ਮਾਂ ਬੋਲੀ ਉਸ ਬੋਲੀ ਨੂੰ ਕਿਹਾ ਜਾਂਦਾ ਹੈ ਜਿਸ ਬੋਲੀ ਵਿੱਚ ਬੱਚੇ ਨੂੰ ਮਾਂ ਲੋਰੀਆਂ ਸੁਣਾਉਂਦੀ ਹੈ, ਮੁਢਲੇ ਸ਼ਬਦ ਬੋਲਣਾ ਸਿਖਾਉੰਦੀ ਹੈ ਅਤੇ ਕਹਾਣੀਆਂ ਸੁਣਾਉੰਦੀ ਹੈ।ਮਾਂ ਬੋਲੀ ਹਰ ਵਿਅਕਤੀ ਦੀ ਪਛਾਣ ਦੀ ਪਹਿਲੀ ਨਿਸ਼ਾਨੀ ਹੁੰਦੀ ਹੈ।ਮਾਂ ਬੋਲੀ ਇੱਕ ਅਜਿਹੀ ਵਿਰਾਸਤ ਹੁੰਦੀ ਹੈ,ਜਿਸ ਨੂੰ ਕਦੇ ਵੀ ਕੋਈ ਖੋਹ ਜਾਂ ਚੋਰੀ ਨਹੀਂ ਕਰ ਸਕਦਾ ਹੈ।ਇੱਕ ਮਨੁੱਖ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਜਿੰਨੇ ਵਧੀਆ ਤਰੀਕੇ ਨਾਲ ਮਾਂ ਬੋਲੀ ਵਿੱਚ ਪ੍ਰਗਟ ਕਰ ਸਕਦਾ ਹੈ,ਉਨ੍ਹਾਂ ਸਪਸ਼ਟ ਕਿਸੇ ਹੋਰ ਭਾਸ਼ਾ ਵਿੱਚ ਪ੍ਰਗਟ ਕਰਨਾ ਸੰਭਵ ਨਹੀਂ ਹੁੰਦਾ।ਇਸ ਲਈ ਸਾਨੂੰ ਸਰੀਰਕ,ਮਾਨਸਿਕ ਅਤੇ ਸਮਾਜਿਕ ਤੌਰ ਤੇ ਤੰਦਰੁਸਤ ਰਹਿਣ ਲਈ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣਾ ਚਾਹੀਦਾ ਹੈ ਕਿਉਕਿ ਮਾਂ ਬੋਲੀ ਨੂੰ ਭੁੱਲ ਕੇ ਮਨੁੱਖ ਦੀ ਹਾਲਤ ਟਾਹਣੀਓਂ ਟੁੱਟੇ ਪੱਤੇ ਵਰਗੀ ਹੋ ਜਾਂਦੀ ਹੈ,ਜੋ ਪਹਿਲਾਂ ਮੁਰਝਾ ਜਾਂਦਾ ਹੈ,ਫਿਰ ਸੁੱਕ ਜਾਂਦਾ ਹੈ ਤੇ ਫਿਰ ਮਿੱਟੀ ਵਿੱਚ ਰੁਲ ਜਾਂਦਾ ਹੈ।
ਵਿਸ਼ਵ ਵਿੱਚ ਲੱਗਭਗ 7000 ਬੋਲੀਆਂ ਅਤੇ ਭਾਸ਼ਾਵਾਂ ਹਨ, ਜਿਨ੍ਹਾਂ ਵਿੱਚੋਂ ਅੱਧੀਆ ਤੇ ਖਤਮ ਹੋਣ ਦਾ ਖਤਰਾ ਮੰਡਰਾ ਰਿਹਾ ਹੈ।ਕਈ ਵਾਰ ਮਾਂ ਬੋਲੀ ਨੂੰ ਬਚਾਉਣ ਲਈ ਅੰਦੋਲਨ ਵੀ ਕੀਤੇ ਗਏ।ਜਿਵੇਂ 1947 ਵਿੱਚ ਭਾਰਤ ਦੀ ਵੰਡ ਹੋਣ ਤੋਂ ਬਾਅਦ ਪਾਕਿਸਤਾਨ ਨੇ ਪੂਰਬੀ ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਵੀ ਬਾਕੀ ਭਾਸ਼ਾਵਾਂ ਨੂੰ ਅਣਗੌਲਿਆ ਕਰਕੇ ਰਾਸ਼ਟਰੀ ਭਾਸ਼ਾ ਉਰਦੂ ਨੂੰ ਹੀ ਸਖ਼ਤੀ ਨਾਲ ਲਾਗੂ ਕਰ ਦਿੱਤਾ ਜਦਕਿ ਉਸ ਇਲਾਕੇ ਦੇ ਬਹੁਤੇ ਲੋਕ ਬੰਗਾਲੀ ਭਾਸ਼ਾ ਨੂੰ ਹੀ ਤਰਜ਼ੀਹ ਦਿੰਦੇ ਸਨ।1952 ਵਿੱਚ ਸਰਕਾਰ ਨੇ ਜਦੋਂ ਬਾਕੀ ਭਾਸ਼ਾਵਾਂ ’ਤੇ ਪਾਬੰਦੀ ਹੀ ਲਗਾ ਦਿੱਤੀ ਤਾਂ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਅੰਦੋਲਨ ਸ਼ੁਰੂ ਕਰ ਦਿੱਤਾ, ਜਿਸਨੂੰ ਰੋਕਣ ਲਈ ਪੁਲੀਸ ਨੇ ਗੋਲੀ ਚਲਾਈ,ਜਿਸ ਵਿੱਚ ਕਈ ਵਿਅਕਤੀ ਮਾਰੇ ਗਏ।ਆਪਣੀ ਮਾਂ ਬੋਲੀ ਦੇ ਹੱਕ ਲਈ ਲੜਦੇ ਸ਼ਹੀਦਾਂ ਦੀ ਯਾਦਗਾਰ ਵਿੱਚ 21 ਫਰਵਰੀ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਜਾਂਦਾ ਹੈ।ਮਾਂ ਬੋਲੀ ਦੀ ਮਹੱਤਤਾ ਨੂੰ ਸਮਝਦੇ ਹੋਏ ਯੂਨੈਸਕੋ ਮਹਾਂਸਭਾ ਨੇ 1999 ਵਿੱਚ ਇੱਕ ਮਤਾ ਪਾਸ ਕਰਕੇ ਹਰ ਸਾਲ 21 ਫਰਵਰੀ ਦਾ ਦਿਨ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਤੌਰ ’ਤੇ ਮਨਾਉਣ ਦਾ ਫ਼ੈਸਲਾ ਕੀਤਾ ਅਤੇ ਹੁਣ ਹਰ ਸਾਲ 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਵਜੋਂ ਮਨਾਇਆ ਜਾਂਦਾ।ਇਸ ਸਾਲ ਦਾ ਕੌਮਾਂਤਰੀ ਮਾਂ ਬੋਲੀ ਦਿਵਸ ਦਾ ਮੁੱਖ ਵਿਸ਼ਾ ਸਵਦੇਸ਼ੀ ਭਾਸ਼ਾਵਾਂ ਦਾ ਵਿਕਾਸ, ਸ਼ਾਂਤੀ ਨਿਰਮਾਣ ਅਤੇ ਮੇਲ ਮਿਲਾਪ ਲਈ ਮਹੱਤਵਪੂਰਨ ਹਨ।ਪੰਜਾਬੀ ਭਾਸ਼ਾ ਪੂਰੇ ਸੰਸਾਰ ਵਿੱਚ ਵਰਤੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਇਹ 10ਵੇਂ ਨੰਬਰ ਤੇ ਹੈ।ਪਾਕਿਸਤਾਨ ਵਿੱਚ ਲੱਗਭਗ 60% ਲੋਕ ਅਤੇ ਭਾਰਤ ਵਿੱਚ 2.73 % ਲੋਕ ਪੰਜਾਬੀ ਦੀ ਹੀ ਵਰਤੋਂ ਕਰਦੇ ਹਨ।ਇੰਗਲੈਂਡ, ਅਮਰੀਕਾ,ਆਸਟ੍ਰੇਲੀਆ ਆਦਿ ਵਿੱਚ ਵੀ ਬਹੁਤੇ ਲੋਕਾਂ ਵਲੋਂ ਪੰਜਾਬੀ ਦੀ ਹੀ ਵਰਤੋਂ ਕੀਤੀ ਜਾਂਦੀ ਹੈ।ਇਹ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਸੂਬੇ ਦੀ ਸਰਕਾਰੀ ਭਾਸ਼ਾ ਹੈ।ਭਾਰਤ ਦੇ ਹੀ ਸੂਬਿਆਂ ਵਿੱਚ ਪੰਜਾਬੀ ਭਾਸ਼ਾ ਨੂੰ ਦੂਜਾ ਜਾਂ ਤੀਜਾ ਸਥਾਨ ਪ੍ਰਾਪਤ ਹੈ।ਪੰਜਾਬ ਸੂਬਾ ਜਿਸਦੀ ਸਥਾਪਨਾ ਹੀ ਪੰਜਾਬੀ ਭਾਸ਼ਾ ਦੇ ਨਾਮ ਤੇ ਹੋਈ ਹੈ ਅਤੇ ਇਹ ਭਾਸ਼ਾ ਅਜੇ ਵੀ ਬਣਦਾ ਮਾਣ ਸਤਿਕਾਰ ਪ੍ਰਾਪਤ ਨਾ ਕਰ ਸਕੀ।ਇਸ ਕਰਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਲੋਕਾਂ ਦੇ ਸੰਘਰਸ਼ ਤੋਂ ਬਾਅਦ ਅਜੇ ਤੱਕ ਵੀ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਹਾਸਲ ਨਹੀਂ ਹੋਇਆ ਹੈ ਅਤੇ ਅਜੇ ਤੱਕ ਅੰਗਰੇਜ਼ੀ ਨੂੰ ਪਹਿਲ ਦਿੱਤੀ ਜਾਂਦੀ ਹੈ।ਪੰਜਾਬ ਵਿੱਚ ਪੰਜਾਬੀ ਨੂੰ ਪ੍ਰਫੁਲਿਤ ਕਰਨ ਲਈ ਪੰਜਾਬੀ ਭਾਸ਼ਾ ਦਾ ਦਫਤਰੀ ਆਰੰਭ ਰਿਆਸਤ ਪਟਿਆਲਾ ਵਿੱਚ 1 ਜਨਵਰੀ 1948 ਨੂੰ ਹੋਇਆ ਜਦੋਂ ਸਿੱਖਿਆ ਵਿਭਾਗ ਵਿੱਚ ਪੰਜਾਬੀ ਭਾਸ਼ਾ ਦਾ ਸੈਕਸ਼ਨ ਬਣਾਇਆ ਗਿਆ,ਜੋ ਕਿ ਮਗਰੋਂ ਪੰਜਾਬੀ ਵਿਭਾਗ ਹੀ ਬਣ ਗਿਆ। 13 ਅਪ੍ਰੈਲ 1949 ਨੂੰ ਤਿਆਰ ਹੋਣ ਵਾਲਾ ਪਹਿਲਾ ਸਰਕਾਰੀ ਬਜਟ ਪੰਜਾਬੀ ਵਿੱਚ ਹੀ ਤਿਆਰ ਕੀਤਾ ਗਿਆ।ਪੰਜਾਬ ਰਾਜ ਪੁਨਰਗਠਨ ਤੋਂ ਬਾਅਦ ਪੰਜਾਬ ਰਾਜ ਭਾਸ਼ਾ ਐਕਟ 1967 ਵਿੱਚ ਬਣਾਇਆ ਗਿਆ, ਜਿਸ ਅਨੁਸਾਰ ਸਰਕਾਰ ਦੇ ਸਾਰੇ ਦਫ਼ਤਰਾ ਵਿੱਚ ਪੰਜਾਬੀ ਵਿੱਚ ਕੰਮ ਕਰਨਾ ਜ਼ਰੂਰੀ ਹੈ।5 ਨਵੰਬਰ 2008 ਨੂੰ ਇਸ ਐਕਟ ਵਿੱਚ ਸੋਧ ਕੀਤੀ ਗਈ, ਜਿਸ ਅਨੁਸਾਰ ਸਾਰੇ ਦਫ਼ਤਰਾਂ, ਸਰਕਾਰੀ ਖੇਤਰ ਦੇ ਅਦਾਰਿਆਂ, ਬੋਰਡਾਂ, ਬਾਡੀਜ਼ ਅਤੇ ਰਾਜ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਦਫ਼ਤਰਾਂ ਵਿੱਚ ਸਾਰਾ ਕੰਮਕਾਜ ਪੰਜਾਬੀ ਵਿੱਚ ਕਰਨਾ ਜ਼ਰੂਰੀ ਹੈ।ਇਸ ਐਕਟ ਦੀ ਸਮੀਖਿਆ ਅਤੇ ਅਮਲ ਨੂੰ ਯਕੀਨੀ ਬਣਾਉਣ ਲਈ ਇੱਕ ਸੂਬਾ ਪੱਧਰੀ ਕਮੇਟੀ ਬਣਾਈ ਗਈ ਹੈ,ਜਿਸ ਵਿੱਚ ਸਿੱਖਿਆ ਮੰਤਰੀ ਪੰਜਾਬ ਨੂੰ ਚੇਅਰਪਰਸਨ, ਡਾਇਰੈਕਟਰ ਭਾਸ਼ਾ ਵਿਭਾਗ ਨੂੰ ਕਨਵੀਨਰ ਬਣਾਇਆ ਗਿਆ ਹੈ।ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਇਸ ਐਕਟ ਦੀਆਂ ਧਾਰਾਵਾਂ ਜਾਂ ਇਨ੍ਹਾਂ ਤਹਿਤ ਕੀਤੇ ਨੋਟੀਫਿਕੇਸ਼ਨਾਂ ਦੀ ਵਾਰ-ਵਾਰ ਉਲੰਘਣਾ ਕਰਦਾ ਪਾਇਆ ਗਿਆ ਤਾਂ ਪੰਜਾਬ ਸਿਵਲ ਸੇਵਾਵਾਂ ਨਿਯਮ 1970 ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।ਚਿੰਤਾ ਦੀ ਗੱਲ ਹੈ ਕਿ ਪੰਜਾਬ ਰਾਜ ਭਾਸ਼ਾ ਐਕਟ ਪਾਸ ਕਰਨ ਤੋਂ ਬਾਅਦ ਵੀ ਪੰਜਾਬੀ ਭਾਸ਼ਾ ਨੂੰ ਰਾਜ ਪੱਧਰ ਤੇ ਪੂਰੀ ਤਰ੍ਹਾਂ ਲਾਗੂ ਕਿਉਂ ਨਹੀਂ ਕੀਤਾ ਜਾ ਸਕਿਆ ਹੈ। ਪੰਜਾਬ ਰਾਜ ਭਾਸ਼ਾ ਐਕਟ ਦੀ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਵੀ ਹੋ ਸਕਦੀ ਹੈ ਪਰ ਅੱਜ ਤੱਕ ਇਸ ਐਕਟ ਤਹਿਤ ਸਜ਼ਾ ਨਹੀਂ ਹੋਈ ਹੈ,ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਐਕਟ ਕੇਵਲ ਕਾਗਜ਼ੀ ਹੀ ਹੈ।ਪੰਜਾਬੀਆਂ ਦੀ ਅਗਵਾਈ ਕਰਨ ਵਾਲੇ ਬਹੁਤੇ ਪੰਜਾਬੀ ਮੰਤਰੀ ਤਾਂ ਵਿਧਾਨ ਸਭਾ, ਲੋਕ ਸਭਾ, ਰਾਜ ਸਭਾ ਵਿੱਚ ਆਪਣੀ ਸਹੁੰ ਵੀ ਪੰਜਾਬੀ ਵਿੱਚ ਨਹੀਂ ਚੁੱਕਦੇ ਹਨ।ਮੰਤਰੀਆਂ,ਵਿਧਾਇਕਾਂ, ਸਰਕਾਰੀ ਅਫਸਰਾਂ ਦੇ ਬੱਚੇ ਮਹਿੰਗੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਹਨ ਜਿੱਥੇ ਕਿ ਪੰਜਾਬੀ ਭਾਸ਼ਾ ਦਾ ਨਾਮੋ ਨਿਸ਼ਾਨ ਤੱਕ ਨਹੀਂ ਹੁੰਦਾ ਤਾਂ ਫਿਰ ਅਜਿਹੇ ਰਾਜਸੀ ਨੇਤਾ ਅਤੇ ਅਫ਼ਸਰ ਪੰਜਾਬੀ ਭਾਸ਼ਾ ਨੂੰ ਕਿਵੇਂ ਰਾਜ ਪੱਧਰ ਤੇ ਲਾਗੂ ਕਰਨ ਵਿੱਚ ਦਿਲਚਸਪੀ ਲੈ ਸਕਦੇ ਹਨ। ਸਰਕਾਰਾਂ ਦੀ ਲਾਪਰਵਾਹੀ ਕਾਰਨ ਹੀ ਪੰਜਾਬ ਵਿੱਚ ਸਦੀਆਂ ਪੁਰਾਣੀ ਭਾਸ਼ਾ ਜਿਸਦੀ ਵਰਤੋਂ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਵੀ ਕੀਤੀ ਗਈ ਹੈ, ਨੂੰ ਹੁਣ ਤੱਕ ਬਣਦਾ ਰੁਤਬਾ ਹਾਸਲ ਨਹੀਂ ਹੋਇਆ ਹੈ। ਅਸੀਂ ਪੰਜਾਬੀ ਹਾਂ ਤੇ ਸਾਡੀ ਮਾਂ ਬੋਲੀ ਪੰਜਾਬੀ ਹੈ।ਆਪਣੀ ਮਾਂ ਬੋਲੀ ਭਾਸ਼ਾ ਪੰਜਾਬੀ ਨੂੰ ਬਚਾਉਣ ਲਈ ਹਰ ਵਰਗ ਦੇ ਲੋਕਾਂ ਸਮਾਜਿਕ, ਰਾਜਨੀਤਿਕ, ਧਾਰਮਿਕ ਆਗੂਆਂ ਨੂੰ ਅੱਗੇ ਆਉਣਾ ਪਵੇਗਾ ਅਤੇ ਪੰਜਾਬੀ ਮਾਂ ਬੋਲੀ ਨੂੰ ਬਚਾਉਣਾ ਪਵੇਗਾ ਨਹੀਂ ਤਾਂ ਇਸ ਦਿਨ ਦੀ ਵੀ ਸਾਡੇ ਲਈ ਕੋਈ ਵਿਸ਼ੇਸ਼ ਮਹੱਤਤਾ ਨਹੀਂ ਰਹੇਗੀ।
ਪੰਜਾਬੀਆ ਲਈ ਪੰਜਾਬੀ ਮਾਂ ਬੋਲੀ ਉਹਨਾਂ ਦੇ ਜੀਵਨ ਵਿੱਚ ਰਾਤ ਦੇ ਹਨੇਰੇ ਮਗਰੋਂ ਸੂਰਜ ਦੀ ਰੌਸ਼ਨੀ ਵਾਂਗ ਆਉਂਦੀ ਹੈ ਤੇ ਸਾਰੀ ਉਮਰ ਇਸ ਸੂਰਜ ਦਾ ਉਜਿਆਰਾ ਮਨੁੱਖ ਦੇ ਅੱਗੇ-ਅੱਗੇ ਨਾਲ-ਨਾਲ ਰਹਿੰਦਾ ਹੋਇਆ ਸਾਰੀ ਉਮਰ ਉਸ ਦੇ ਜੀਵਨ ਨੂੰ ਸਜਾਉਂਦਾ, ਰੁਸ਼ਨਾਉਂਦਾ ਰਹਿੰਦਾ ਹੈ।ਪੰਜਾਬੀ ਸਾਡੀ ਮਾਂ ਬੋਲੀ ਪੰਜਾਬੀ ਸਾਡੀਆਂ ਰਗਾਂ ਚ ਦੌੜਦੇ ਲਹੂ ਦਾ ਨਾਮ ਜਿਸ ਵਰਗਾ ਸਾਹਿਤ ਸ਼ਾਇਦ ਹੀ ਕਿਸੇ ਹੋਰ ਭਾਸ਼ਾ ਕੋਲ ਹੋਵੇ,ਪੰਜ ਦਰਿਆਵਾਂ ਦੀ ਇਹ ਮਾਂ ਬੋਲੀ ਅਤੇ ਇਸੇ ਹੀ ਬੋਲੀ ਵਿੱਚ ਗੁਰੂ ਸਾਹਿਬਾਨਾ ਨੇ ਗੁਰਬਾਣੀ ਦਾ ਉਚਾਰਨ ਕੀਤਾ,,ਗੁਰੂ ਸਾਹਿਬਾਨ ਦੇ ਮੁੱਖੋਂ ਉਚਾਰਨ ਹੋਈ ਕਰਕੇ ਹੀ ਇਸ ਬੋਲੀ ਨੂੰ ਗੁਰਮੁੱਖੀ ਵੀ ਕਿਹਾ ਜਾਂਦਾਂ। ਪੰਜਾਬੀ ਓਹ ਬੋਲੀ ਜਿਸ ਵਿੱਚ ਜਿੱਥੇ ਇਸ਼ਕ ਹਕੀਕੀ ਦੇ ਕਿੱਸਿਆਂ ਦੀ ਰਚਨਾਂ ਹੋਈ ਓਥੇ ਹੀ ਯੋਧਿਆਂ ਅੰਦਰ ਜੋਸ਼ ਭਰਨ ਲਈ ਬੀਰ ਰਸ ਛੰਦ ਵੀ ਰਚੇ ਗਏ।ਪੰਜਾਬੀ ਜਿਸ ਬੋਲੀ ਦੇ ਜਾਏ ਪੁੱਤਾਂ ਵਾਰਿਸ ਸ਼ਾਹ,,ਬੁੱਲੇ ਸ਼ਾਹ ,,ਹਾਸ਼ਮ,, ਪੀਲੂ,,,ਭਾਈ ਨੰਦ ਲਾਲ,,,ਸ਼ਾਹ ਮੁਹੰਮਦ,,,ਭਾਈ ਗੁਰਦਾਸ ਜੀ,,, ਰਾਮ ਸਰੂਪ ਅਣਖੀ,,,ਡਾ. ਸੁਰਜੀਤ ਪਾਤਰ,,,,ਸ਼ਿਵ ਕੁਮਾਰ ਵਰਗੇ ਹੋਰ ਵੀ ਅਨੇਕਾਂ ਲੇਖਕਾਂ ਅਤੇ ਕਵੀਆਂ ਨੇਂ ਆਪਣੀਆਂ ਰਚਨਾਵਾਂ ਨਾਲ ਹੋਰ ਵੀ ਸ਼ਿੰਗਾਰ ਦਿੱਤਾ।ਇਹ ਕਹਿ ਸਕਦੇ ਹਾਂ ਕਿ ਪੰਜਾਬੀ ਬੋਲੀ ਗੁਰੂਆਂ, ਸੂਫੀਆਂ, ਪੀਰਾਂ, ਫਕੀਰਾਂ ਤੇ ਸੰਤਾਂ ਦੀ ਬੋਲੀ ਹੈ। ਸਭ ਤੋਂ ਵੱਡੀ ਗੱਲ ਪੰਜਾਬੀ ਭਾਸ਼ਾ ਨੂੰ ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ ਹੋਣ ਦਾ ਮਾਣ ਪ੍ਰਾਪਤ ਹੈ।ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਰਹਿੰਦੀ ਦੁਨੀਆਂ ਤੱਕ ਅਟੱਲ ਰਹਿਣਾ ਹੈ, ਉਸੇ ਤਰ੍ਹਾਂ ਪੰਜਾਬੀ ਭਾਸ਼ਾ ਵੀ ਰਹਿੰਦੀ ਦੁਨੀਆਂ ਤੱਕ ਹੀ ਅਟੱਲ ਰਹੇਗੀ।ਮਾਤ ਭਾਸ਼ਾ ਦਿਵਸ ਦੇ ਮੌਕੇ ਤੇ ਡਾ.ਤ੍ਰਿਲੋਕ ਸਿੰਘ ਅਨੰਦ ਨੇ ਜੀਵਨ ਵਿੱਚ ਮਾਤ ਭਾਸ਼ਾ ਦਾ ਮਹੱਤਵ ਵਿਸ਼ੇ ਤੇ ਬੋਲਦਿਆਂ ਕਿਹਾ, ‘‘ਅਸਲ ਵਿੱਚ ਮਾਤ-ਭਾਸ਼ਾ ਮਨੁੱਖ ਦੀ ਪਛਾਣ ਹੈ ਅਤੇ ਉਸ ਦੀ ਹੋਂਦ ਅਤੇ ਉਸ ਦੇ ਜੀਉਂਦੇ ਰਹਿਣ ਦੀ ਗਵਾਹੀ ਹੈ।ਜਿਸ ਭਾਸ਼ਾ ਰਾਹੀਂ ਸਾਡੀ ਸੋਚਣੀ ਗਤੀਸ਼ੀਲ ਹੁੰਦੀ ਹੈ ਅਤੇ ਜਿਸ ਭਾਸ਼ਾ ਵਿੱਚ ਅਸੀਂ ਸੁਪਨੇ ਲੈਂਦੇ ਹਾਂ,ਉਹ ਹੀ ਮੂਲ ਰੂਪ ਵਿੱਚ ਸਾਡੀ ਮਾਤ ਭਾਸ਼ਾ ਹੈ ਅਤੇ ਇਹੋ ਮਾਤ ਭਾਸ਼ਾ ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਨਾਲ ਵਿਚਰਦੀ ਹੈ ਅਤੇ ਮਨੁੱਖ ਮਾਤ ਭਾਸ਼ਾ ਵਿੱਚ ਹੀ ਆਪਣੇ ਅਤਿ ਸੂਖਮ, ਮੁੱਢਲੇ, ਹਾਰਦਿਕ ਵਲਵਲਿਆਂ ਜ਼ਜ਼ਬਾਤਾਂ ਅਤੇ ਅਹਿਸਾਸਾਂ ਦਾ ਪ੍ਰਗਟਾਵਾ ਕਰਦਾ ਹੈ।
ਸਾਡੇ ਬੁੱਧੀ ਜੀਵੀਆਂ ਨੀਤ ਸ਼ੋਸ਼ਲ ਮੀਡੀਆ ਤੇ ਪੋਸਟ ਕਰਦੇ ਹਨ ਕਿ ਪੰਜਾਬੀ ਭਾਸ਼ਾ ਨੂੰ ਖਤਰਾ ਹੈ।ਪਰ ਇਹ ਖਤਰਾ ਪੈਦਾ ਕਿਓ ਹੋਇਆ? ਕਿਸ ਲਈ ਹੋਇਆ ਇਹ ਖਤਰਾ ਇਸ ਵੱਲ ਕਿਸੇ ਨੇ ਧਿਆਨ ਨਹੀ ਦਿੱਤਾ,ਜੇ ਪੰਜਾਬ ਰਾਜ ਭਾਸ਼ਾ ਐਕਟ ਦੀ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਹੋ ਸਕਦੀ ਹੈ ਫਿਰ ਅੱਜ ਤੱਕ ਇਸ ਐਕਟ ਤਹਿਤ ਕਿਸੇ ਨੂੰ ਸਜ਼ਾ ਕਿਓ ਨਹੀਂ ਹੋਈ??
ਅਸੀ ਅੱਜ ਵੀ ਦੇਖਦੇ ਹਾਂ ਕਿ ਜਿਵੇਂ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਬੋਲਣ ਉੱਤੇ ਜੁਰਮਾਨਾਂ ਹੋਣਾਂ, ਸੜਕਾਂ ਤੇ ਲੱਗੇ ਬੋਰਡਾਂ ਉੱਤੇ ਪੰਜਾਬੀ ਹੇਠਾਂ ਲਿਖਣਾ ਜਾਂ ਗਲਤ ਲਿਖਣਾ ਅਤੇ ਇਸਦੇ ਨਾਲ ਹੀ ਹੋਰ ਵੀ ਬਹੁਤ ਸਾਰੀਆਂ ਥਾਵਾਂ ਉੱਤੇ ਪੰਜਾਬੀ ਦੇ ਸ਼ਬਦਾਂ ਦਾ ਗਲਤ ਉਲੇਖਣ ਮਿਲਣਾ ਆਮ ਜਿਹੀ ਗੱਲ ਹੈ,, ਫਿਰ ਅੱਜ ਤੱਕ ਕਿਸੇ ਨੂੰ, ਕਿਓ ਸਜ਼ਾ ਨਹੀ ਹੋਈ????
ਪਰ ਮੈਨੂੰ ਲੱਗਦਾ ਕਿ ਸਾਡੇ ਬੁੱਧੀ ਜੀਵੀਆਂ ਅਤੇ ਸਾਡੀਆਂ ਅੱਖਾਂ ਅਜੇ ਵੀ ਨਹੀ ਖੁੱਲੀਆ।ਸਾਡੀ ਮਾਂ ਬੋਲੀ ਪੰਜਾਬੀ ਦਾ ਕਤਲ ਬਹੁਤ ਵਕਤ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਜੋ ਓਸ ਸਮੇਂ ਅਸੀਂ ਗੌਰ ਨਹੀਂ ਕੀਤੀ ਅਤੇ ਹੁਣ ਵੀ ਅਸੀ ਇਸ ਵੱਲ ਗੌਰ ਨਹੀ ਕਰਦੇ ਹਾਂ ਜਿਸ ਨਾਲ ਸਾਡੀ ਪੰਜਾਬੀ ਭਾਸ਼ਾ ਦਾ ਆਪਣਾਂ ਸ਼ਬਦ ਕੋਸ਼ ਨਿਰੋਲ ਪੰਜਾਬੀ ਨਹੀਂ ਰਿਹਾ ਅਤੇ ਬੜੀ ਚਲਾਕੀ ਨਾਲ ਸਾਡੇ ਸ਼ਬਦ ਮਾਰ ਦਿੱਤੇ ਗਏ।ਕੁੱਝ ਉਦਾਹਰਨਾਂ ਪੇਸ਼ ਕਰਦੀ ਹਾਂ ਸ਼ਾਇਦ ਇਹ ਪੜ੍ਹ ਕੇ ਤੁਸੀਂ ਸਮਝ ਜਾਓਗੇ ਕੇ ਕਿਵੇਂ ਪੰਜਾਬੀ ਸ਼ਬਦਾ ਦਾ ਕਤਲ ਹੋਇਆ ਹੈ। ਜਿਵੇਂ
ੳਊਠ ਖ_ਖਰਗੋਸ਼
ਮਮੁਰਗਾ ਚਚਾਵਲ
ਘਘੰਟੀ ਠਠੇਲਾ
ਡਡਮਰੂ ਤਤਰਬੂਜ਼
ਕੀ ਇਹ ਸ਼ਬਦ ਪੰਜਾਬੀ ਹਨ ਜਾਂ ਨਹੀਂ ਹਨ???,ਪੰਜਾਬੀ ਵਿੱਚ,,,,,ਊਠ ਨਹੀਂ ਬੋਤਾ ਹੁੰਦਾ ਹੈ ਊਠ ਹਿੰਦੀ ਸ਼ਬਦ ਹੈ।
ਖਰਗੋਸ਼ ਨਹੀਂ ਸਹਾ ਹੁੰਦਾ,ਮੁਰਗਾ ਨਹੀਂ ਕੁੱਕੜ,ਠੇਲਾ ਨਹੀਂ ਰੇਹੜੀ ਹੁੰਦੀ,ਤਰਬੂਜ਼ ਨਹੀਂ ਮਤੀਰਾ ਹੁੰਦਾ,ਡਮਰੂ ਨਹੀਂ ਡੁਗਡੁਗੀ ਹੁੰਦੀ,ਘੰਟੀ ਨਹੀਂ ਟੱਲੀ ਅਤੇ ਚਾਵਲ ਨਹੀਂ ਪੰਜਾਬੀ ਵਿੱਚ ਚੌਲ ਹੁੰਦਾ ਹੈ।
ਇਹ ਤਾਂ ਸਿਰਫ ਕੁੱਝ ਕੁ ਸ਼ਬਦ ਹਨ ਇਸ ਤਰਾਂ ਦੇ ਬਹੁਤ ਸਾਰੇ ਸ਼ਬਦ ਹਨ ਜੋ ਕੇ ਸਾਨੂੰ ਪੜ੍ਹਾਏ ਅਤੇ ਸਿਖਾਏ ਗਏ,ਕਿਓਕਿ ਇਹ ਸ਼ਬਦ ਪੰਜਾਬੀ ਦੇ ਨਹੀਂ ਹਿੰਦੀ ਦੇ ਹਨ ਜੋ ਪੰਜਾਬੀ ਸ਼ਬਦ ਕੋਸ਼ ਵਿੱਚ ਰਲਾ ਕੇ ਅਸਲ ਸ਼ਬਦ ਮਾਰ ਦਿੱਤੇ ਗਏ।
ਇਸੇ ਹੀ ਤਰਾਂ ਸਾਡੇ ਨਿਰੋਲ ਸ਼ਬਦ ਜੋ ਸਮਾਂ ਸੂਚਕ ਦੇ ਤੌਰ ਉੱਤੇ ਵਰਤੇ ਜਾਂਦੇ ਸਨ ਜਿਵੇ ਸਵੇਰੇ ਨੂੰ ਪੰਜਾਬੀ ਵਿੱਚ, ਅੰਮਿ੍ਤ ਵੇਲਾ, ਤੜਕਾ, ਸਰਘੀ ਵੇਲਾ, ਪਹੁਫੁਟਾਲਾ,ਸਾਜਰਾ/ਸੱਵਖਤਾ, ਧੰਮੀ ਵੇਲਾ ।
ਜਿਵੇਂ ਦੁਪਹਿਰ ਨੂੰ ਸ਼ਾਹ ਵੇਲਾ , ਸੂਰਜ ਸਵਾ ਨੇਜੇ, ਲੌਢਾ ਵੇਲਾ,ਲੋਏ ਲੋਏ, ਤਰਕਾਲਾਂ
ਉਸੇ ਤਰਾਂ ਸ਼ਾਮ ਨੂੰ ਰੈਲੀਂ ਰੈਲਾਂ ਰਲਣੀਆਂ,ਦੀਵਾ ਵੱਟੀ, ਆਥਣ, ਢਲਦੀਆਂ ਖਿੱਤੀਆ, ਤਾਰੇ ਦਾ ਚੜ੍ਹਾਅ
ਆਦਿ ਦੀ ਥਾਂ ਉੱਤੇ ਸੁਭਾ ਅਤੇ ਸ਼ਾਮ ਆ ਗਏ ਜੋ ਹਿੰਦੀ ਸ਼ਬਦ ਹਨ।
ਇਸੇ ਤਰਾਂ ਰਿਸਤਿਆਂ ਵਿੱਚ ਵੀ ਪੰਜਾਬੀ ਸ਼ਬਦਾਂ ਦੀ ਥਾਂ ਹਿੰਦੀ ਸ਼ਬਦਾਂ ਅਤੇ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਹੋਣ ਲੱਗ ਪਈ ਹੈ।ਜਿਵੇਂ ਪਿਤਾ ਜੀ, ਪਿਓ , ਬਾਪੂ ਦਾਰ ਜੀ, ਲਈ ਸਿਰਫ਼ ਇੱਕ ਸ਼ਬਦ ‘ਡੈਡ’ ਜਾਂ ਪਾਪਾ ਘੜ ਲਿਆ,ਮਾਂ ਮਾਤਾ, ਮਾਈ, ਲਈ ਸਿਰਫ਼ ਮੰਮੀ ਸ਼ਬਦ ਵਰਤੋਂ ਵਿੱਚ ਆਉਦਾ ਹੈ। ਭੈਣਾਂ ਦੀ ਥਾਂ ਦੀਦੀ ਆ ਗਈ,ਵੀਰ ਭਰਾ ਦੀ ਥਾਂ ਭਾਜੀ ਜਾਂ bro ਅਤੇ
ਚਾਚੇ- ਚਾਚੀ , ਤਾਏ-ਤਾਈ , ਮਾਸੜ-ਮਾਸੀ , ਫੁੱਫੜ- ਭੂਆ ਸਭ ਰਿਸ਼ਤਿਆਂ ਲਈ ਇੱਕ ਹੀ ਸ਼ਬਦ ਘੜ ਲਿਆ ਗਿਆ, ਅੰਕਲ- ਆਂਟੀ। ‘ਅੰਕਲ’ – ਆਂਟੀ ਸ਼ਬਦ ਜੋ ਕਿ ਪੰਜਾਬੀ ਦਾ ਹਿੰਦੀ ਕਰਨ ਹੋ ਰਿਹਾ ਹੈ। ਜਿਸ ਨੇ ਸਾਰੇ ਰਿਸ਼ਤਿਆਂ ਦੇ ਆਪਸੀ ਨਿੱਘ ਨੂੰ ਇੱਕ ਸ਼ਬਦ ਵਿੱਚ ਸਮੇਟ ਲਿਆ।ਚਚੇਰੇ ਭੈਣ ਭਰਾ ਲਈ ਇੱਕ ਸ਼ਬਦ ‘Cousin’ ਹੋਂਦ ‘ਚ ਲਿਆਂਦਾ ਗਿਆ।ਜਿਸਦਾ ਪਤਾ ਹੀ ਨਹੀਂ ਚੱਲਦਾ ਕਿ ਇਹ ਕੁੜੀ ਦੀ ਗੱਲ ਕਰ ਰਹੇ ਹਨ ਜਾਂ ਮੁੰਡੇ ਦੀ।ਮੋਹ ਦੀ ਥਾਂ ਪਿਆਰ ਸ਼ਬਦ ਵਰਤਿਆ ਜਾਣ ਲੱਗਿਆ।
ਅਤੇ ਇਸ ਸਾਜ਼ਿਸ਼ ਨੇ ਹਾਲਾਤ ਐਸੇ ਬਣਾ ਦਿੱਤੇ ਗਏ ਹਨ ਕੇ ਸਾਡੀ ਨੌਜਵਾਨ ਪੀੜ੍ਹੀ ਠੇਠ ਪੰਜਾਬੀ ਦੇ ਬਹੁਤ ਸਾਰੇ ਸ਼ਬਦਾ ਦੇ ਮਤਲਬ ਤੱਕ ਨਹੀਂ ਜਾਣਦੀ ਅਤੇ ਇਹ ਵਰਤਾਰਾ ਹੀ ਸਭ ਤੋਂ ਖਤਰਨਾਕ ਹੈ।ਇਸ ਤਰ੍ਹਾਂ ਪੰਜਾਬੀ ਦੇ ਹੋ ਰਹੇ ਹਿੰਦੀਕਰਣ ਅਤੇ ਪੱਛਮੀ ਸਭਿਅਤਾ ਦੇ ਪ੍ਰਭਾਵ ਹੇਠ ਪੰਜਾਬੀ ਤੋਂ ਟੁਟਦੇ ਲੋਕਾਂ ਦੀ ਤਸਵੀਰ ਸਾਫ਼ ਪੇਸ਼ ਹੁੰਦੀ ਹੈ।ਆਲਮ ਤਾਂ ਇਹ ਹੋ ਗਿਆ ਹੈ ਕੇ ਫੇਸਬੁੱਕ ਵੱਟਸਐਪ ਅਤੇ ਹੋਰ ਸੋਸ਼ਲ ਸਾਈਟਾ ਉੱਤੇ ਬਹੁਤਾਤ ਪੰਜਾਬੀ ਲਿਖਣ ਵਾਲੇ ਦੋਸਤਾਂ ਦੇ ਸ਼ਬਦ ਗਲਤ ਲਿਖੇ ਹੁੰਦੇ ਹਨ ਜਾਂ ਫਿਰ ਅੰਗਰੇਜ਼ੀ ਸ਼ਬਦਾ ਨੂੰ ਹੀ ਪੰਜਾਬੀ ਵਿੱਚ ਲਿਖਿਆ ਹੁੰਦਾ ਹੈ।ਸੜਕਾਂ ਮੀਲ ਪੱਥਰਾਂ ਦਫਤਰਾਂ ਆਦਿ ਵਿੱਚ ਸਭ ਤੋਂ ਥੱਲੇ ਜਾ ਗਲਤ ਲਿਖੀ ਹੋਈ ਪੰਜਾਬੀ ਦਾ ਮਸਲਾ ਏਨਾਂ ਗੰਭੀਰ ਨਹੀਂ ਜਿੰਨਾਂ ਸਾਡੇ ਸ਼ਬਦਾ ਨੂੰ ਮਾਰਨ ਵਾਲਾ ਗੰਭੀਰ ਹੈ।
ਪੰਜਾਬੀ, ਪੰਜਾਬੀਆਂ ਦੀ ਭਾਸ਼ਾ ਹੈ ਅਤੇ ਇਹ ਉਹ ਹਰਮਨ ਪਿਆਰੀ ਭਾਸ਼ਾ ਹੈ, ਜਿਸ ਵਿੱਚ ਪੰਜਾਬੀ ਆਪਣੀ ਦੁੱਖ-ਸੁੱਖ ਬਿਨ੍ਹਾਂ ਕਿਸੇ ਝਿਜਕ ਦੇ ਸਾਂਝਾ ਕਰਦਾ ਹੈ।ਪੰਜਾਬੀ ਪੰਜਾਬੀਆਂ ਦੀ ਮਾਤ ਭਾਸ਼ਾ ਸੀ ਅਤੇ ਪੰਜਾਬੀ ਇਸਨੂੰ ਬੋਲਣ ਵੇਲੇ ਮਾਣ ਮਹਿਸੂਸ ਕਰਦਾ ਸੀ।ਲੋਰੀ ਤੋਂ ਲੈ ਕੇ ਅੰਤਿਮ ਅਰਦਾਸ ਤੱਕ ਸਾਹ-ਸਾਹ ਪੰਜਾਬੀ ਨੂੰ ਜਿਊਣ ਵਾਲੇ ਪਤਾ ਨਹੀਂ ਕਦੋਂ ਅੰਗਰੇਜ਼ੀ ਦੇ ਸ਼ਿਕਾਰ ਹੋ ਗਏ ਕਿ ਅੰਗਰੇਜ਼ੀ ਨੂੰ ਪਹਿਲ ਦੇ ਕੇ ਪੰਜਾਬੀ ਨੂੰ ਦੂਜੇ ਦਰਜ਼ੇ ਦੀ ਬਣਾ ਦਿੱਤਾ ਹੈ।ਸਾਡੀ ਅੱਜ ਦੀ ਸਥਿਤੀ ਵਿੱਚ ਪੰਜਾਬੀ ਬੋਲਣ ਵਿੱਚ ਸਾਨੂੰ ਝਿਜਕ ਮਹਿਸੂਸ ਹੁੰਦੀ ਪਰ ਅਸੀਂ ਪੰਜਾਬੀ ਅਖਵਾਉਣ ਵਿੱਚ ਤਾਂ ਮਾਣ ਮਹਿਸੂਸ ਕਰਦੇ ਹਾਂ।ਪੰਜਾਬੀ ਪ੍ਰਤੀ ਲੋਕਾਂ ਦਾ ਵਿਵਹਾਰ ਉਹ ਨਹੀਂ ਰਿਹਾ ਜੋ ਇਸਦੀ ਹੋਂਦ ਆਉਣ ਸਮੇਂ ਹੁੰਦਾ ਸੀ, ਇਹ ਬਦਲ ਰਿਹਾ ਹੈ ਬਦਲ ਕਿ ਪੂਰੀ ਤਰ੍ਹਾਂ ਬਦਲ ਹੀ ਚੁੱਕਾ ਹੈ। ਅਸੀਂ ਆਪਣੇ ਘਰਾਂ-ਪਰਿਵਾਰਾਂ ਅਤੇ ਆਲੇ-ਦੁਆਲੇ ਵਿੱਚ ਦੇਖਦੇ ਹਾਂ ਕਿ ਜਿਸਨੂੰ ਦੋ ਅੱਖਰ ਅੰਗਰੇਜ਼ੀ ਦੇ ਆ ਗਏ, ਉਹ ਹਰ ਯਤਨ ਨਾਲ ਟੁੱਟੀ ਫੁੱਟੀ ਅੰਗਰੇਜ਼ੀ ਬੋਲ ਕੇ ਪਭਾਵ ਪਾਉਣ ਲੱਗਦਾ ਹੈ।ਕਿਸੇ ਗਰੀਬ ਮਜ਼ਦੂਰ ਦੀ ਹੱਤਕ ਕਰਨੀ ਹੋਵੇ, ਉਸਨੂੰ ਦੋ ਸ਼ਬਦ ਅੰਗਰੇਜੀ ਦੇ ਬੋਲ ਦਿੱਤੇ ਜਾਣ ਵਿਚਾਰਾ ਬਿਨ੍ਹਾਂ ਕਸੂਰ ਦੇ ਥਰ-ਥਰ ਕੰਬਣ ਲੱਗ ਜਾਵੇਗਾ।ਹਰ ਮੱਧ ਵਰਗੀ ਇਹ ਕੋਸ਼ਿਸ਼ ਕਰਦਾ ਹੈ ਕਿ ਉਹ ਆਪ ਤਾਂ ਪੜ ਨਹੀਂ ਸਕਿਆ, ਘੱਟੋ-ਘੱਟ ਉਸਦੇ ਬੱਚੇ ਅੰਗਰੇਜ਼ੀ ਜ਼ਰੂਰ ਸਿੱਖ ਜਾਣ, ਲੋਕ ਅੱਜ ਕੱਲ, ਆਪਣੇ ਬੱਚਿਆਂ ਨੂੰ ਉਨ੍ਹਾਂ ਸਕੂਲਾਂ ਵਿੱਚ ਪੜ੍ਹਾ ਰਹੇ ਹਨ ਜਿੱਥੇ ਸਿਰਫ਼ ਪੰਜਾਬੀ ਦਾ ਸ਼ਬਦ ਬੋਲਣ ਤੇ ਜੁਰਮਾਨਾ ਲੱਗਦਾ ਹੈ।ਤਰਸ ਦੀ ਗਲ ਇਹ ਹੈ ਕਿ ਲੋਕ ਇਸ ਗੱਲ ਨੂੰ ਬੜੇ ਮਾਣ ਨਾਲ ਦੱਸਦੇ ਹਨ।
ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਲੋੜ ਹੈ ਸੁਚੇਤ ਹੋਣ ਦੀ ਆਪਣੇ ਬੱਚਿਆ ਨਾਲ ਜਿੰਨਾ ਹੋ ਸਕੇ ਠੇਠ ਪੰਜਾਬੀ ਵਿੱਚ ਗੱਲ ਕਰੋ ਓਹਨਾਂ ਨੂੰ ਨਿਰੋਲ ਪੰਜਾਬੀ ਸ਼ਬਦਾ ਦੀ ਜਾਣਕਾਰੀ ਦਿੰਦੇ ਰਹੋ।ਓਹਨਾਂ ਨੂੰ ਚਾਹੇ ਦੁਨੀਆ ਦੀ ਹਰ ਇੱਕ ਭਾਸ਼ਾ ਸਿਖਾਓ ਪਰ ਕਦੇ ਮਾਂ ਬੋਲੀ ਨਾਂ ਭੁੱਲਣ ਦਿਓ ਕਿਓਂਕਿ ਇਹ ਸਿਰਫ ਬੋਲੀ ਨਹੀਂ ਸਾਡੀ ਅਧਿਆਤਮਿਕ ਜੜ੍ਹ ਵੀ ਹੈ,ਕਿਓਂਕਿ ਸਾਡੇ ਚਰਿੱਤਰ ਨੂੰ ਸਵਾਰਨ ਵਾਲਾ ਮਹਾਨ ਫਲਸਫਾ ਗੁਰਬਾਣੀ ਵੀ ਪੰਜਾਬੀ ਵਿੱਚ ਹੀ ਹੈ।ਅਤੇ ਪੰਜਾਬੀ ਨਾਲੋਂ ਟੁੱਟਣ ਦਾ ਮਤਲਬ ਹੈ ਗੁਰਬਾਣੀ ਆਪਣੇ ਮਾਣਮੱਤੇ ਇਤਿਹਾਸ ਅਤੇ ਆਪਣੀਆਂ ਜੜ੍ਹਾ ਨਾਲੋਂ ਟੁੱਟ ਜਾਣਾ।ਸੋ ਦੋਸਤੋ ਜੜ੍ਹ ਨਾਲੋਂ ਟੁੱਟਿਆ ਰੁੱਖ ਕਦੇ ਹਰਾ ਨਹੀਂ ਰਹਿੰਦਾ ਇਸ ਲਈ ਆਪਣੀ ਮਾਂ ਬੋਲੀ ਵਿੱਚ ਗੱਲ ਕਰਦੇ ਸੰਗੋ ਨਾਂ ਬਲਕਿ ਫਖਰ ਕਰੋ ਕਿ ਸਾਡੀ ਮਾਂ ਬੋਲੀ ਗੁਰੂਆਂ ਦੇ ਮੁੱਖੋ ਉੱਪਜੀ ਹੈ।
ਹਰ ਭਾਸ਼ਾਂ ਨੂੰ ਮਾਣ ਦਿਓ , ਹਰ ਭਾਸ਼ਾ ਦੀ ਜਾਣਕਾਰੀ ਹੋਣੀ ਵੀ ਜ਼ਰੂਰੀ ਹੈ। ਪਰ ਪੰਜਾਬੀਓ ਆਪਣੀ ਮਾਂ ਬੋਲੀ ਨੂੰ ਪਹਿਲ ਅਤੇ ਮਾਣ ਸਤਿਕਾਰ ਜ਼ਰੂਰ ਦਿਓ।ਦੁਨੀਆ ਦੀ ਸਭ ਤੋਂ ਮਹਾਨ ਬੋਲੀ ਪੰਜਾਬੀ ਸਾਡੀ ਮਾਂ ਬੋਲੀ ਹੈ।
ਪੰਜਾਬੀਓ! ਮਾਂ-ਬੋਲੀ ਪੰਜਾਬੀ ਨੂੰ ਕਿਤੇ ਭੁੱਲ ਨਾ ਜਾਇਓ!
ਐ ਪੰਜਾਬੀਓ! ਪੰਜਾਬੀ ਬੋਲੀ ਸਾਡੀ ਪੰਜਾਬੀਆਂ ਦੀ ਮਾਂ-ਬੋਲੀ ਹੈ।
ਐ ਪੰਜਾਬੀਓ! ਮਾਣ ਨਾਲ ਕਹੋ- ਅਸੀਂ ਹਾਂ ਪੰਜਾਬੀ ਤੇ ਪੰਜਾਬੀ ਸਾਡੀ ਬੋਲੀ ਹੈ।
ਫਖ਼ਰ ਨਾਲ ਕਹੋ- ਸਾਡੀ ਮਾਂ-ਬੋਲੀ ਪੰਜਾਬੀ ਹੈ, ਮਾਖਿਓਂ ਮਿੱਠੀ ਬੋਲੀ।
ਮਾਂ-ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਂਗੂ ਰੁਲ ਜਾਓਗੇ।
ਜਿਵੇਂ ਮਾਂ ਦਾ ਦਰਜਾ ਕਿਸੇ ਹੋਰ ਔਰਤ ਨੂੰ ਨਹੀਂ ਦਿੱਤਾ ਜਾ ਸਕਦਾ ਉਸੇ ਤਰ੍ਹਾਂ ਸੰਸਾਰ ਦੀ ਕਿਸੇ ਵੀ ਬੋਲੀ ਨੂੰ ਅਸੀਂ ਆਪਣੀ ਮਾਂ ਬੋਲੀ ਦਾ ਸਥਾਨ ਨਹੀਂ ਦੇ ਸਕਦੇ।ਹੋਰ ਇਸਤਰੀ ਦਾਦੀ, ਨਾਨੀ, ਚਾਚੀ, ਤਾਈ, ਭੂਆ, ਮਾਸੀ, ਆਂਟੀ ਆਦਿ ਤਾਂ ਹੋ ਸਕਦੀ ਹੈ ਪਰ ਮਾਂ ਤਾਂ ਮਾਂ ਹੀ ਹੁੰਦੀ ਹੈ।ਹੋਰ ਕਈ ਔਰਤ ਆਪਣੀ ਮਾਂ ਨਾਲੋਂ ਸੋਹਣੀ ਹੋਵੇ, ਅਮੀਰ ਹੋਵੇ, ਪੜ੍ਹੀ-ਲਿਖੀ ਹੋਵੇ, ਪਰ ਕਦੇ ਮਾਂ ਨਹੀਂ ਬਣ ਸਕਦੀ।ਮਾਂ, ਮਾਂ ਹੀ ਹੁੰਦੀ ਹੈ।ਕੋਈ ਆਪਣੀ ਮਾਂ ਨੂੰ ਘਰੋਂ ਕੱਢਕੇ ਉਸ ਇਸਤਰੀ ਨੂੰ ਮਾਂ ਦੀ ਥਾਂ ਤੇ ਨਹੀਂ ਬਿਠਾ ਲੈਂਦਾ ਕਿਉਂਕਿ ਮਾਂ ਦੀ ਮਮਤਾ ਤੇ ਪਿਆਰ ਦਾ ਨਿੱਘ ਕਿਸੇ ਹੋਰ ਤੋਂ ਨਹੀਂ ਮਿਲ ਸਕਦਾ।ਆਪਣੀ ਮਾਂ ਆਪਣੀ ਹੀ ਹੁੰਦੀ ਹੈ।ਪੰਜਾਬੀਓ! ਆਪਣੀ ਮਾਂ ਬੋਲੀ ਪੰਜਾਬੀ ਤੇ ਮਾਣ ਕਰਨਾ ਸਿੱਖੀਏ,,,, ਸ਼ਾਇਦ ਹੀ ਸਾਡੇ ਬੱਚਿਆਂ ਨੂੰ ਜੇਠ-ਜਿਠਾਣੀ, ਦਿਉਰ-ਦਰਾਣੀ, ਨਣਾਨ-ਨਣਾਨਵਈਆ, ਸਾਲਾ-ਸਾਲੇਹਾਰ, ਪਤੀਸ-ਪਤਿਆਹੁਰਾ ਆਦਿ ਰਿਸ਼ਤਿਆਂ ਦਾ ਅਰਥ ਪਤਾ ਹੋਵੇ। ਅੱਜਕਲ੍ਹ ਮਾਡਰਨ ਕਹਾਉਣ ਵਾਲੇ ਸਾਡੇ ਅਨੇਕਾਂ ਪੰਜਾਬੀ ਮਾਪੇ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ-ਬਾਤ ਕਰਨ ਦੀ ਥਾਂ ਹਿੰਦੀ ਜਾਂ ਇੰਗਲਿਸ਼ ਵਿੱਚ ਬੋਲਣ ਵਿੱਚ ਆਪਣੀ ਸ਼ਾਨ ਸਮਝਦੇ ਹਨ।ਪੱਛਮੀ ਸੱਭਿਅਤਾ ਦੀ ਰੀਸ ਨਾਲ ਚਾਚੇ, ਤਾਏ, ਮਾਮੇ, ਮਾਸੜ, ਫੁਫੜ ਅਤੇ ਚਾਚੀ, ਤਾਈ, ਮਾਮੀ, ਮਾਸੀ, ਭੂਆ ਆਦਿ ਨਜ਼ਦੀਕੀ ਰਿਸ਼ਤਿਆਂ ਦੀ ਥਾਂ ਅੰਕਲ ਤੇ ਆਂਟੀ ਨੇ ਲੈ ਲਈ ਹੈ ਜੋ ਪਿਆਰ ਤੇ ਨਿੱਘ ਵਿਹੂਣੇ ਹਨ।ਪਿਤਾ ਜੀ, ਭਾਪਾ ਜੀ ਜਾਂ ਦਾਰ ਜੀ ਆਦਿ ਸ਼ਬਦ ਡੈਡ ਜਾਂ ਪਾਪਾ ਵਿੱਚ ਬਦਲ ਗਏ ਹਨ।ਮਾਤਾ ਜੀ, ਬੀਬੀ ਜੀ, ਝਾਈ ਜੀ ਆਦਿ ਸ਼ਬਦ ਮੰਮੀ ਜਾਂ ਮੌਮ ਬਣ ਗਏ ਹਨ ਪਰ ਕੁੱਝ ਸ਼ਬਦਾਂ ਦੇ ਮਰਨ ਨਾਲ ਕੋਈ ਭਾਸ਼ਾ ਅਲੋਪ ਨਹੀਂ ਹੋ ਜਾਂਦੀ।ਇਸ ਕਰਕੇ ਆਪਣੀ ਮਾਂ ਬੋਲੀ ਨੂੰ ਮਾਣ ਤੇ ਸਤਿਕਾਰ ਦਿਓ।
ਭਾਰਤ ਵਿੱਚ ਪੰਜਾਬੀ ਭਾਸ਼ਾ ਵਿੱਚ ਬੋਲੀਆਂ ਜਾਣ ਵਾਲੀਆਂ ਉਪ ਭਾਸ਼ਾਵਾਂ ਹਨ।
ਮਲਵਈ, ਪੁਆਧੀ, ਦੋਆਬੀ, ਪੋਠੋਹਾਰੀ, ਲਹਿੰਦੀ ਜਾਂ ਮੁਲਤਾਨੀ, ਮਾਝੀ, ਡੋਗਰੀ ਜਾਂ ਪਹਾਡ਼ੀ
ਮਲਵਈ – (ਲੁਧਿਆਣਾ, ਅੰਬਾਲਾ, ਬਠਿੰਡਾ, ਗੰਗਾਨਗਰ, ਮਲੇਰਕੋਟਲਾ, ਫਾਜ਼ਿਲਕਾ, ਫਿਰੋਜ਼ਪੁਰ, ਉੱਤਰੀ ਹਰਿਆਣਾ, ਹਿਸਾਰ, ਸਿਰਸਾ ਅਤੇ ਕੁਰੂਕਸ਼ੇਤਰ)
ਪੁਆਧੀ – (ਖਰੜ, ਕੁਰਾਲੀ, ਨੂਰਪੁਰਬੇਦੀ, ਮੋਰਿੰਡਾ, ਪਾਇਲ, ਰਾਜਪੁਰਾ, ਸਮਰਾਲਾ, ਪਿੰਜ਼ੋਰ, ਕਾਲਕਾ, ਇਸਮਾਇਲਾਬਾਦ, ਅਤੇ ਫਤਿਆਬਾਦ ਜ਼ਿਲ੍ਹੇ ਵਿੱਚ ਪੇਹਵਾ ਤੋਂ ਬਾਂਗਰ ਤੱਕ)
ਭਾਰਤੀ ਪੰਜਾਬ ਵਿੱਚ ਹੋਰ ਬੋਲੀਆਂ ਜਾਣ ਵਾਲਿਆਂ ਉਪਭਾਸ਼ਾਵਾਂ ਹਨ : ਬਿਟਾਨੀ, ਬਿਲਾਸਪੁਰੀ, ਬਾਘੜੀ, ਕਾਂਗੜੀ ਅਤੇ ਚੰਬੇਲੀ
ਦੋਆਬੀ – (ਜ਼ਿਲ੍ਹਾ ਜਲੰਧਰ ਅਤੇ ਹੁਸ਼ਿਆਰਪੁਰ ਕਪੂਰਥਲੇ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਆਦਿ
ਪੋਠੋਹਾਰੀ – ਜਿਹਲਮ ਤੋਂ ਪਾਰ ਦੇ ਇਲਾਕੇ (ਪੋਠੋਹਾਰ) ਦੀ ਬੋਲੀ।
ਲਹਿੰਦੀ ਜਾਂ ਮੁਲਤਾਨੀ – ਝੰਗ, ਮੁਲਤਾਨ, ਮਿੰਟਗੁਮਰੀ ਆਦਿ ਦੀ ਬੋਲੀ।
ਮਾਝੀ – ਮਾਝੇ ਦੇ ਇਲਾਕੇ (ਲਾਹੌਰ, ਅਮ੍ਰਿਤਸਰ ਆਦਿ) ਦੀ ਬੋਲੀ। ਇਸ ਉਪ-ਭਾਸ਼ਾ ਨੂੰ ਟਕਸਾਲੀ ਪੰਜਾਬੀ ਦਾ ਆਧਾਰ ਮੰਨਿਆ ਗਿਆ ਹੈ।
ਡੋਗਰੀ ਜਾਂ ਪਹਾਡ਼ੀ – ਕਾਂਗਡ਼ੇ, ਜੰਮੂ ਆਦਿ ਦੀ ਬੋਲੀ।
ਮਾਖਿਓਂ ਮਿੱਠੀ ਮਾਂ ਬੋਲੀ ਹੈ ਕਹਿੰਦੇ ਨੇ ਲੋਕ ਸਿਆਣੇ,
ਐਵੇਂ ਨਾ ਕਿਸੇ ਦੇ ਪਿੱਛੇ ਲੱਗ ਕੇ, ਮਾਂ ਨੂੰ ਨਾ ਭੁੱਲ ਜਾਈਏ ਅਤੇ
ਆਪਣੀ ਮਾਂ ਬੋਲੀ ਨੂੰ ਜਿਊਂਦੀ ਰੱਖੀਏ ਇਹੀ ਸਾਡਾ ਵਜੂਦ ਹੈ।
ਰਵਨਜੋਤ ਕੌਰ ਸਿੱਧੂ
ਪਿੰੰਡ ਜੱਬੋਵਾਲ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ
8283066125

