ਬੱਚਾ ਮਾਂ ਦੇ ਪੇਟ ਵਿੱਚ 9 ਮਹੀਨੇ ਰਹਿੰਦਾ ਹੈ ਜਿਸ ਕਰਕੇ ਉਸਦਾ ਸਭਤੋਂ ਨੇੜਲਾ ਰਿਸ਼ਤਾ ਮਾਂ ਨਾਲ ਹੁੰਦਾ ਹੈ। ਮਾਂ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਬੋਲੀ ਉਸਨੂੰ ਜ਼ਿੰਦਗੀ ਦੇ ਅਰਥ ਦੱਸਦੀ ਹੈ। ਜਿਵੇਂ ਕਹਿੰਦੇ ਹਨ ਕਿ ਸਕੇ ਭਰਾਵਾਂ ਵਰਗਾ ਕੋਈ ਸਾਕ ਨਹੀਂ ,ਉਵੇਂ ਮਾਂ ਬੋਲੀ ਤੋਂ ਨੇੜੇ ਹੋਰ ਕੋਈ ਬੋਲੀ ਨਹੀਂ। ਮਾਂ ਬੋਲੀ ਉਹ ਬੋਲੀ ਹੁੰਦੀ ਹੈ ਜਿਸਨੂੰ ਬੱਚਾ ਮਾਂ ਦੇ ਗਰਭ ਵਿੱਚੋਂ ਸਿੱਖਦਾ ਹੈ , ਮਾਂ ਵਾਂਗ ਬੋਲੀ ਨਾਲ ਉਸਦਾ ਰਿਸ਼ਤਾ ਜਨਮ ਸਮੇਂ ਹੀ ਜੁੜ ਜਾਂਦਾ ਹੈ। ਇਸੇ ਕਰਕੇ ਇਸਨੂੰ ਮਾਂ ਬੋਲੀ ਕਿਹਾ ਜਾਂਦਾ ਹੈ। ਮਾਂ ਬੋਲੀ ਨੂੰ ਬੱਚਾ ਆਪਣੇ ਚੌਗਿਰਦੇ ਵਿੱਚੋਂ ਸਹਿਜ ਸੁਭਾਅ ਹੀ ਗ੍ਰਹਿਣ ਕਰਦਾ ਹੈ ਮਾਂ ਬੋਲੀ ਵਿੱਚੋਂ ਸੱਭਿਆਚਾਰ ਦੀ ਝਲਕ ਪੈਂਦੀ ਹੈ ,
ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਹੈ ,ਪੰਜਾਬੀ ਇੱਕ ਇੰਡੋ ਆਰੀਅਨ ਭਾਸ਼ਾ ਹੈ। ਮਾਹਰਾਂ ਮੁਤਾਬਕ13-14 ਕਰੋੜ ਲੋਕਾਂ ਦੀ ਮਾਂ ਬੋਲੀ ਪੰਜਾਬੀ ਹੈ, ਸਭਤੋਂ ਵੱਧ ਪੰਜਾਬੀ ਬੋਲਣ ਵਾਲੇ ਲੋਕ ਪਾਕਿਸਤਾਨ ਵਿੱਚ ਵੱਸਦੇ ਹਨ।
ਪਰ ਅੱਜ ਦੇ ਸਮੇਂ ਵਿੱਚ ਪੰਜਾਬੀ ਭਾਸ਼ਾ ਨਾਲ ਮਤਰੇਈ ਮਾਂ ਵਾਲਾ ਸਲੂਕ ਹੋ ਰਿਹਾ ਹੈ , ਪੰਜਾਬੀ ਲੋਕ ਆਪਣੀ ਹੀ ਮਾਂ ਬੋਲੀ ਨੂੰ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ, ਸਭ ਤੋਂ ਵੱਡਾ ਦੁੱਖ ਉਸ ਸਮੇਂ ਹੁੰਦਾ ਹੈ ਜਦੋਂ ਮਾਂਵਾ ਨਵਾਂ ਬੋਲਣਾ ਸਿੱਖ ਰਹੇ ਬੱਚਿਆਂ ਨੂੰ ਹੈਲੋ ,ਹਾਏ . ਗੁੱਡ ਮਾਰਨਿੰਗ ਸ਼ਬਦ ਸਤਿਸ੍ਰੀ ਆਕਾਲ ਤੋਂ ਪਹਿਲਾਂ ਸਿਖਾਉਂਦੀਆਂ ਹਨ। ਬੇਬੇ ਮੌਮ ਬਾਪੂ ਡੈਡ ਬਣਗਿਆ ਅਤੇ ਅੰਕਲ ਆਂਟੀ ਚਾਚੇ ਤਾਏ ਵਰਗੇ ਸੋਹਣੇ ਰਿਸ਼ਤਿਆਂ ਨੂੰ ਖਾ ਗਿਆ । ਬਹੁਤੇ ਪ੍ਰਾਈਵੇਟ ਸਕੂਲਾਂ ਵਾਲੇ ਵੀ ਮਾਂ ਬੋਲੀ ਨੂੰ ਪਿੱਛੇ ਧੱਕਣ ਵਿੱਚ ਲੱਗੇ ਹੋਏ ਹਨ, ਇਹੋ ਜਿਹੀਆਂ ਸੰਸਥਾਵਾਂ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਜ਼ੁਰਮਾਨੇ ਕੀਤੇ ਜਾਂਦੇ ਹਨ
ਸੁਰਜੀਤ ਪਾਤਰ ਨੇ ਇਸ ਸੰਬੰਧ ਵਿੱਚ ਦਿਲ ਨੂੰ ਛੂਹਣ ਵਾਲੀਆ ਸਤਰਾਂ ਲਿਖੀਆਂ ਹਨ :-
ਸਭ ਚੀਂ ਚੀਂ ਕਰਦੀਆਂ ਚਿੜੀਆਂ ਦਾ,ਸਭ ਕਲ ਕਲ ਕਰਦੀਆਂ ਨਦੀਆਂ ਦਾ ,ਸਭ ਸ਼ਾਂ ਸ਼ਾਂ ਕਰਦੇ ਬਿਰਖਾਂ ਦਾ ।
ਆਪਣਾ ਹੀ ਤਰਾਨਾ ਹੁੰਦਾ ਹੈ,ਪਰ ਸੁਣਿਆ ਹੈ ਇਸ ਧਰਤੀ ਤੇ ਇਕ ਐਸਾ ਦੇਸ਼ ਵੀ ਹੈ
ਜਿਸ ਅੰਦਰ ਬੱਚੇ ਜੇ ਆਪਣੀ ਮਾਂ ਬੋਲੀ ਬੋਲਣ ਤੇ
ਜੁਰਮਾਨਾ ਹੁੰਦਾ ਹੈ ।
ਸਭਤੋਂ ਵੱਡਾ ਕਸੂਰ ਉਹਨਾਂ ਮਾਂ ਪਿਉ ਦਾ ਜੋ ਬੱਚੇ ਨੂੰ ਮਾਂ ਬੋਲੀ ਨਾਲੋਂ ਤੋੜਦੇ ਹਾਂ
ਸਾਡੀ ਹੋਂਦ ਦੀਆਂ ਜੜ੍ਹਾਂ ਸਾਡੀ ਮਾਂ ਬੋਲੀ ਨਾਲ ਜੁੜੀਆਂ ਹੁੰਦੀਆਂ ਹਨ , ਆਪਣੀਆਂ ਜੜ੍ਹਾਂ ਨਾਲੋਂ ਟੁੱਟਕੇ ਕੋਈ ਪੌਦਾ ਵੱਧ ਫੁੱਲ ਨਹੀਂ ਸਕਦਾ ਉਸੇ ਤਰ੍ਹਾਂ ਕਿਸੇ ਵਿਦਵਾਨ ਦੇ ਕਹਿਣ ਵਾਂਗੂੰ ਜੋ ਕੌਮਾਂ ਆਪਣੀ ਮਾਂ ਬੋਲੀ ਭੁੱਲ ਜਾਂਦੀਆਂ ਹਨ ਉਹ ਖਤਮ ਹੋ ਜਾਂਦੀਆਂ ਹਨ।
ਮਾਂ ਬੋਲੀ ਵਿੱਚ ਜਿਸ ਤਰੀਕੇ ਅਸੀਂ ਆਪਣੇ ਮਨ ਦੇ ਭਾਵ ਵਿਅਕਤ ਕਰ ਸਕਦੇ ਹਾਂ ਸ਼ਾਇਦ ਹੀ ਕਿਸੇ ਹੋਰ ਭਾਸ਼ਾ ਵਿੱਚ ਕਰ ਸਕਦੇ ਹੋਈਏ। ਬਲਰਾਜ ਸਾਹਨੀ ਨੇ ਜਦੋਂ ਮਾਂ ਬੋਲੀ ਛੱਡ ਹੋਰ ਭਸ਼ਾਵਾਂ ਵਿੱਚ ਲਿਖਦੇ ਸਨ ਤਾਂ ਟੈਗੋਰ ਨੇ ਕਿਹਾ ਕਿ ਜਿਨ੍ਹਾਂ ਵਧੀਆ ਮਾਂ ਬੋਲੀ ਵਿੱਚ ਲਿਖ ਸਕਦੇ ਹੋ ਕਿਸੇ ਹੋਰ ਭਾਸ਼ਾ ਵਿਚ ਨਹੀਂ ਤਾਂ ਸਾਹਨੀ ਨੇ ਕਿਹਾ ਮਾਂ ਬੋਲੀ ਵਿੱਚ ਲਿਖਕੇ ਇੱਕ ਖਿੱਤੇ ਤੱਕ ਸੀਮਿਤ ਰਹਿ ਜਾਵਾਂਗਾ ਤਾਂ ਟੈਗੋਰ ਨੇ ਜਵਾਬ ਦਿੱਤਾ ਕਿ ਗੀਤਾਂਜਲੀ ਵੀ ਤਾਂ ਆਪਣੀ ਮਾਂ ਬੋਲੀ ਵਿਚ ਲਿਖੀ ਗਈ ਸੀ ਪਰ ਉਹ ਸਭ ਖਿੱਤਿਆਂ ਵਿੱਚ ਮਕਬੂਲ ਹੋਈ । ਕਿਸੇ ਸ਼ਾਇਰ ਨੇ ਬੜਾ ਬਾਖ਼ੂਬੀ ਲਿਖਿਆ ਹੈ
ਇੱਕ ਧਰਮ ਨਾਲੋਂ ਤੋੜ ਦਿਉ, ਇੱਕ ਮਾਂ ਬੋਲੀ ਭੁਲਾ ਦਿੳ
ਕੰਧਾਂ ਵਿੱਚ ਵੱਜਦੇ ਫਿਰਨਗੇ ਭਾਵੇਂ ਸੌ ਸੌ ਦੀਪ ਜਗਾ ਦਿਉ।
ਸਮੇਂ ਦੀ ਲੋੜ ਅਨੁਸਾਰ ਸਾਰੀਆਂ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ, ਪਰ ਆਪਣੀ ਮਾਂ ਬੋਲੀ ਨੂੰ ਨਹੀਂ ਵਿਸਾਰਨਾ ਚਾਹੀਦਾ। ਇਸ ਤਰ੍ਹਾਂ ਵਿਅਕਤੀ ਆਪਣੇ ਵਿਰਸੇ ਨਾਲੋਂ ਟੁੱਟ ਜਾਂਦਾ ਹੈ
ਬਾਬੂ ਰਜ਼ਬ ਅਲੀ ਨੇ ਬਹੁਤ ਸੋਹਣਾ ਲਿਖਿਆ ਹੈ
ਬੈਂਗਲੋ ਬੰਗਾਲੀ ਬੋਲੇ, ਪਸ਼ਤੋ ਪਠਾਣ ਬੋਲੇ,
ਆਪ ਦੀ ਜ਼ਬਾਨ ‘ਚ, ਕਿਤਾਬ ਲੋਕੀ ਛਾਪਦੀ ।
ਹਿੰਦੀ, ਅਰਬੀ ਤੇ ਤੀਜੀ ਫ਼ਾਰਸੀ ਰਲਾ ਕੇ ਨਾਲ,
ਏਸ ਵਜ੍ਹਾ ਉਰਦੂ ਜ਼ਬਾਨ ਪਈ ਜਾਪਦੀ ।
ਘਚਲੀ ਜ੍ਹੀ ਬੋਲੀ ਛੱਡ, ਚਲੇ ਗਏ ਵਲੈਤ ਗੋਰੇ,
ਚੜ੍ਹੀ ‘ਵੀ ਜ਼ਹਿਰ ਤੈਨੂੰ, ਅੰਗਰੇਜ਼ੀ ਸਾਂਪ ਦੀ ।
‘ਬਾਬੂ ਜੀ’ ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।
ਕੌਮਾਤਰੀ ਮਾਂ ਬੋਲੀ ਦਿਵਸ ਮਨਾਉਣੇ ਇਸ ਗੱਲ੍ਹ ਦੀ ਨਿਸ਼ਾਨੀ ਹਨ ਕਿ ਲੋਕਾਂ ਨੇ ਆਪਣੀ ਮਾਂ ਬੋਲੀ ਵਿਸਾਰ ਦਿੱਤੀ ਹੈ , ਸਾਨੂੰ ਮਾਂ ਬੋਲੀ ਪੰਜਾਬੀ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਾਡੇ ਗੁਰੂਆਂ ਪੀਰਾਂ ਫ਼ਕੀਰਾਂ ਦੀ ਬੋਲੀ ਹੈ ।
ਮਾਂ ਬੋਲੀ ਦੀ ਸੰਭਾਲ ਲਈ ਇਸਨੂੰ ਦਿਹਾੜਿਆਂ ਦੇ ਰੂਪ ਵਿੱਚ ਮਨਾਉਣਾ ਚੰਗੀ ਗੱਲ੍ਹ ਹੈ ਪਰ ਇਸਦੇ ਨਾਲ ਸਭ ਤੋਂ ਜ਼ਰੂਰੀ ਹੈ ਮਾਂ ਬੋਲੀ ਨੂੰ ਆਪਣੇ ਦਿਲ, ਦਿਮਾਗ, ਜਜ਼ਬਾਤਾਂ ਵਿੱਚ ਵਸਾਉਣਾ ।
ਅੰਤ ਵਿੱਚ ਬਾਬੂ ਰਜ਼ਬ ਅਲੀ ਦੀਆਂ ਸਤਰਾਂ ਕਹਿੰਦੇ ਹਾਂ
ਖੰਡ ਤੋਂ ਮਿੱਠੀ ਬੋਲੀ, ਪਿਆਰੇ ਵਤਨ ਪੰਜਾਬ ਦੀ ।
ਮੁੱਖ ‘ਚੋਂ ਲਪਟਾਂ ਮਾਰਨ, ਜੈਸੇ ਅਤਰ ਗੁਲਾਬ ਦੀ ।
ਹੋਰ ਸਤਾਉਣ ਜ਼ਬਾਨਾਂ, ਅੱਖੋਂ ਜਲ ਭਰ ਡੋਲ੍ਹੀ ਦਾ ।
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।

ਸੁਖਵੀਰ ਕੌਰ
ਅਸਿ. ਪ੍ਰੋ. ਪੰਜਾਬੀ
ਮੀਰੀ ਪੀਰੀ
ਖਾਲਸਾ ਕਾਲਜ ਭਦੌੜ (ਬਰਨਾਲਾ )
