ਦਸਮ ਪਿਤਾ ਦੇ ਸੀ ਜੋ ਲਾਲ ਦੁਲਾਰੇ
ਦੋ ਚਮਕੌਰ ਜੰਗ ਤੇ ਦੋ ਨੀਹਾਂ ਖਿਲਾਰੇ।
ਗੜ੍ਹੀ ਚਮਕੌਰ ਵਾਲੀ ਵੈਰੀ ਥੱਕ ਹਾਰੇ
ਲੱਖ ਫੌਜਾਂ ਤੇ ਗੁਰਫਰਜ਼ੰਦ ਪੈ ਗਏ ਭਾਰੇ।।
ਬਾਬਾ ਅਜੀਤ ਸਿੰਘ ਵਿੱਚ ਰਣ ਅੜ ਗਏ
ਡਾਹਢੇ ਮੁਗ਼ਲ ਜਰਨੈਲਾਂ ਸੰਗ ਲੜ ਗਏ।
ਕਈਆਂ ਨੂੰ ਤਾਂ ਨਾਲ ਪਾਰ ਬੁਲਾ ਗਏ
ਨਿਸ਼ਾਨ ਖ਼ਾਲਸੇ ਦੇ ਅੰਬਰੀਂ ਝੁਲਾ ਗਏ।।
ਬਾਜ਼ਾ ਵਾਲੇ ਤੋਂ ਲੈ ਥਾਪੜਾ ਗਏ ਸੀ ਚਾਵਾਂ
ਮੌਤ ਬਣਾ ਲਾੜੀ ਰਣ ਵਿੱਚ ਲਈਆਂ ਲਾਵਾਂ।
ਵੱਡੇ ਹੋਏ ਸ਼ਹੀਦ ਛੋਟੇ ਲਾਇਆ ਜੈਕਾਰਾ
ਸੁਣ ਹਿੱਲਿਆ ਮੁਗ਼ਲ ਸਾਮਰਾਜ ਸਾਰਾ।।
ਬਾਬਾ ਜੁਝਾਰ ਸਿੰਘ ਝੱਖੜ ਬਣ ਆ ਗਏ
ਵੱਡੇ ਵੱਡੇ ਮੁਗਲਾਂ ਦੇ ਸੱਥਰ ਵਿਛਾ ਗਏ।
ਉਮਰ ਸੀ ਕੱਚੀ ਫੋਜ਼ ਪੱਕੀ ਪਾਏ ਘੇਰੇ
ਦੁਸ਼ਮਣ ਸੀ ਆਣ ਖਲੋਤੇ ਚਾਰ ਚੁਫੇਰੇ।।
ਬਾਬਾ ਜੀ ਦੁਸ਼ਮਣਾਂ ਦੇ ਆਹੂ ਲਾ ਗਏ
ਲੜ ਦਲੇਰੀ ਅੰਤ ਫ਼ਤਿਹ ਬੁਲਾ ਗਏ।
ਗੁਰੂਜੀ ਫਰਜ਼ੰਦ ਕੌਮ ਦੇ ਲੇਖੇ ਲਾ ਗਏ
ਪਿਤਾ ਹਿੰਦ ਤੋਂ ਵਾਰ ਰੀਤ ਚਲਾ ਗਏ।।
ਗੰਗੂ ਵਰਗੇ ਵੀ ਛੁਰਾ ਪਿੱਠ ਮਾਰਿਆ
ਮੋਹਰਾਂ ਖਾਤਿਰ ਕੁੰਜ ਸੱਪ ਦਾ ਉਤਾਰਿਆ।
ਮੁਖ਼ਬਰੀ ਸਦਕਾ ਮਾਤਾ ਜੀ ਨੂੰ ਫੜਾ ਦਿੱਤਾ
ਲਖ਼ਤੇ ਜ਼ਿਗਰਾਂ ਨੂੰ ਕਚਹਿਰੀ ਖੜਾ ਦਿੱਤਾ।
ਕਈ ਸੁੱਚੇ ਨੰਦਾਂ,ਕਾਜ਼ੀਆਂ ਤੇ ਵਜ਼ੀਰ ਖਾਨਾਂ
ਜ਼ਾਲਮ ਹਕੂਮਤ ਦੀ ਤਰਜ਼ਮਾਨੀ ਹੀ ਸ਼ਾਨਾ।।
ਝੂਠੇ ਵਜ਼ੀਰ ਫਤਵਾਂ ਨੀਹਾਂ ਦਾ ਸੁਣਾ ਦਿੱਤਾ
ਅਧਰਮੀਆਂ ਚ ਨਾਂ ਆਪਣਾ ਖੁਣਾ ਦਿੱਤਾ।
ਨੀਹਾਂ ਸਿੱਧੀਆਂ ਖੜ੍ਹਨ ਚੱਪਣੀਆਂ ਵੱਢਤੀਆਂ
ਸ਼ਾਸ਼ਲ ਬੇਗ ਬਾਸ਼ਲ ਬੇਗ ਰੂਹਾਂ ਕੱਢਤੀਆਂ।।
ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਸ਼ਹਾਦਤ ਪਾ ਗਏ
ਠੰਡੇ ਬੁਰਜ ਮਾਤਾ ਗੁਜਰ ਕੌਰ ਜੋਤੀ ਜੋਤ ਸਮਾ ਗਏ।
ਸੰਗਤੋ ਸ਼ਹੀਦੀ ਜੋੜ ਮੇਲੇ ਸਰਹੰਦ ਜ਼ਰੂਰ ਆਇਓ
ਪਰ ਸ਼ਹਾਦਤਾਂ ਦੇ ਦਿਨ ਖੁਸ਼ੀ ਨਾ ਕੋਈ ਮਨਾਇਓ।।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ।
