ਕੰਨ ਪਾੜ੍ਹਵੀਂ ਆਵਾਜ਼ ਸਾਇਦ ਹੀ ਕੋਈ ਪਸੰਦ ਕਰਦਾ ਹੋਵੇ।ਇਸ ਨਾਲ ਕੰਨਾਂ ਦੇ ਪਰਦੇ ਖਰਾਬ ਹੋਣ ਦਾ ਡਰ ਰਹਿੰਦਾ ਹੈ।ਦਿਲ ਦੇ ਮਰੀਜ਼ਾਂ ਲਈ ਵੀ ਖਤਰਨਾਕ ਹੈ। ਕਈ ਪਰਿਵਾਰਾਂ ਵਿੱਚ ਦਿਲ ਦੇ ਜਾਂ ਹੋਰ ਬਿਮਾਰੀਆਂ ਦੇ ਮਰੀਜ਼ ਹੁੰਦੇ ਹਨ ਦੀਵਾਲੀ ਵਾਲੇ ਦਿਨ ਆਪਣੇ ਗੁਆਂਢੀ ਦੇ ਪਰਿਵਾਰਕ ਮੈਂਬਰਾਂ ਵਿੱਚ ਮਰੀਜ਼ਾਂ ਬਾਰੇ ਅਸੀਂ ਨਹੀਂ ਸੋਚਦੇ ਕਿ ਵੱਡੇ ਵੱਡੇ ਪਟਾਕਿਆਂ ਦੀ ਉੱਚੀ ਆਵਾਜ਼ ਨੂੰ ਉਹ ਕਿਵੇਂ ਬਰਦਾਸ਼ਤ ਕਰਦੇ ਹਨ । ਕਈ ਮੂਰਖ ਤਾਂ ਪਟਾਕੇ ਨੂੰ ਅੱਗ ਲਾਕੇ ਦੂਜੇ ਦੇ ਘਰ ਮੂਹਰੇ ਸੁੱਟ ਦਿੰਦੇ ਹਨ , ਜਿੰਨ੍ਹਾਂ ਦੀ ਉੱਚੀ ਆਵਾਜ਼ ਬੱਚਿਆਂ ਅਤੇ ਬਜੁਰਗਾਂ ਨੂੰ ਦਹਿਲਾ ਦੇਂਦੀ ਹੈ ।ਵਹੀਕਲਾਂ ਦੇ ਹਾਰਨ ਉੱਚੀ ਆਵਾਜ਼ ਵਾਲੇ ਅਤੇ ਪਟਾਕੇ ਵਜਾਉਣ ਵਾਲੇ ਲਾ ਕੇ ਰਾਹਗੀਰਾਂ ਨੂੰ ਡਰ ਦਾ ਮਾਹੌਲ ਪੈਦਾ ਕਰਕੇ ਤੰਗ ਕੀਤਾ ਜਾਂਦਾ ਹੈ ਪਰ ਵਿਆਹ ਸ਼ਾਦੀ ਅਤੇ ਜਨਮ-ਦਿਨ ਪਾਰਟੀਆਂ ਤੇ ਆਮ ਤੌਰ ਤੇ ਉੱਚੀ ਆਵਾਜ਼ ‘ਚ ਸਾਊਂਡ ਸਿਸਟਮ ਫਿਰ ਵੀ ਲਾਇਆ ਜਾਂਦਾ ਹੈ।ਮੁਹੱਲਿਆਂ ‘ਚ ਵਸਤਾਂ ਵੇਚਣ ਵਾਲੇ ਉੱਚੀ ਆਵਾਜ਼ ‘ਚ ਰਿਕਾਰਡਿੰਗ ਕਰਵਾ ਚੀਜਾਂ ਨੈੰ ਵੇਚਣ ਦੇ ਹੌਕੇ ਲਾਊਡ ਸਪੀਕਰਾਂ ਰਾਹੀਂ ਦੇ ਕੇ ਮਹੱਲੇ ਦੇ ਮਾਹੌਲ ਦੀ ਜਿਥੇ ਸਾਂਤੀ ਤਾਂ ਭੰਗ ਕਰਦੇ ਹੀ ਹਨ ਸਗੋਂ ਕਈ ਵਾਰੀ ਇੱਕੋ ਥਾਂ ਖੜ੍ਹ ਕੇ ਇਹ ਆਵਾਜ਼ਾਂ ਸੁਣਾ ਕੇ ਘਰਾਂ ਵਾਲਿਆਂ ਲਈ ਆਪਸੀ ਕੋਈ ਗੱਲ ਸੁਣਨ ਤੋਂ ਵੀ ਤੰਗ ਕਰ ਦਿੰਦੇ ਹਨ। ਪੰਜਾਬ ਅੰਦਰ ਵਾਤਾਵਰਣ ਦੀ ਸੁਰੱਖਿਆ ਲਈ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੀ ਸਥਾਂਪਨਾ 1975 ਵਿੱਚ ਹੋਈ।ਇਸ ਦਾ ਮੁੱਖ ਦਫਤਰ ਪਟਿਆਲਾ ਵਿਖੇ ਕੰਮ ਕਰ ਰਿਹਾ ਹੈ।ਵੱਖ-ਵੱਖ ਪ੍ਰਕਾਰ ਦੇ ਪ੍ਰਦੂਸ਼ਨ ਤੇ ਕੰਟਰੋਲ ਕਰਨ ਲਈ ਸਮੇਂ ਦੀ ਲੋੜ ਮੁਤਾਬਕ ਨਵੇਂ ਨਵੇਂ ਕਾਨੂੰਨ ਹੌਂਦ ‘ਚ ਆਉਂਦੇ ਰਹਿੰਦੇ ਹਨ।ਇਨ੍ਹਾਂ ਨੂੰ ਲਾਗੂ ਕਰਵਾਉਣ ਦਾ ਕੰਮ ਪ੍ਰਦੂਸ਼ਨ ਬੋਰਡ ਦਾ ਹੈ।ਇਹ ਕਿੰਨ੍ਹੇ ਕੁ ਲਾਗੂ ਹੋ ਰਹੇ ਹਨ ਇਹ ਸਭ ਜਾਣਦੇ ਹਨ।ਆਵਾਜ਼ ਦਾ ਪ੍ਰਦੂਸ਼ਨ ਵੱਖ-ਵੱਖ ਥਾਵਾਂ ,ਸਮੇਂ ਤੇ ਭਿੰਨ ਹੋ ਸਕਦਾ ਹੈ।ਨਿਸਚਤ ਆਵਾਜ਼ ਤੋਂ ਉੱਪਰ ਦੇ ਆਵਾਜ਼ ਪੱਧਰ ਦੇ ਸਰੀਰਕ ਤੌਰ ਤੇ ਮਾੜੇ ਪ੍ਰਭਾਵ ਪੈ ਸਕਦੇ ਹਨ।ਆਵਾਜ਼ ਪੈਦਾ ਹੋਣ ਦੇ ਬਹੁਤ ਸਾਰੇ ਕਾਰਣ ਹਨ ।ਸੋ ਮਜਬੂਰੀ ਵਸ ਕਈਆਂ ਨੂੰ ਉੱਚੀ ਆਵਾਜ਼ ਪੈਦਾ ਕਰਨ ਵਾਲੀਆਂ ਥਾਵਾਂ ਤੇ ਕੰਮ ਕਰਨਾ ਪੈਂਦਾ ਹੈ।ਕਈਆਂ ਦੇ ਕੰਮ ਆਵਾਜ਼ ਪੈਦਾ ਕਰਨ ਵਾਲੇ ਹੁੰਦੇ ਹਨ ।ਇਲੈਕਟਰੋਨਿਕ ਟੈਕਨੋਲੋਜੀ ਨੇ ਚਾਰ ਦਹਾਕੇ ਪਹਿਲਾਂ ਦੇ ਸਾਊਂਡ ਸਿਸਟਮ ਨੂੰ ਕਿਤੇ ਪਿਛਾਂਹ ਛੱਡ ਦਿੱਤਾ ਹੈ।ਉਦੋਂ ਗਾਉਣ ਲੱਗਣ ਤੇ ਤਕਰੀਬਨ ਇੱਕ ਸਪੀਕਰ ਹੀ ਲਾਇਆ ਜਾਂਦਾ ਸੀ।ਪਰ ਹੋਲੀ ਹੋਲੀ ਗਾਇਕ ਨਾਲੋਂ ਸਾਊਂਡ ਸਿਸਟਮ ਤੇ ਜਿਆਦਾ ਜ਼ੋਰ ਦਿੱਤਾ ਜਾਣ ਲੱਗਾ।ਪਹਿਲਾਂ ਅਖਾੜੇ ਖੁੱਲੀ ਥਾਂ ਤੇ ਦੋ ਰੇੜ੍ਹੀਆਂ ਦਾ ਵਿੱਡ ਲਾਹ ਕੇ ਉਨ੍ਹਾਂ ਨੂੰ ਨਾਲ ਜੌੜ ਕੇ ਦੇਸ਼ੀ ਸਟੇਜ਼ ਤਿਆਰ ਕਰ ਲੈਂਦੇ ਸੀ। ਕਈ ਵਾਰੀ ਤਾਂ ਰੇਡਿਉ ਵਾਲੇ ਭਾਈ ਕੋਲ ਮਾਈਕ ਵਾਲਾ ਸਟੈਂਡ ਵੀ ਨਹੀਂ ਹੁੰਦਾ ਸੀ ਤਾਂ ਸੰਲਘ’ਚ ਮਾਈਕ ਫਸਾ ਕੇ ਉਸ ਨੂੰ ਬੰਨ੍ਹ ਕੇ ਹੀ ਕੰਮ ਸਾਰ ਲਿਆ ਜਾਂਦਾ ਸੀ।ਪਹਿਲੇ ਗਾਇਕਾਂ ਦੀਆਂ ਆਵਾਜ਼ਾਂ ਗੜ੍ਹਕਵੀਆਂ ਹੁੰਦੀਆਂ ਸਨ।ਉਦੋਂ ਸਪੀਕਰ ਕਈ ਵਾਰੀ ਖਰਾਬ ਹੋ ਜਾਂਦਾ ਤਾਂ ਬਿਨ੍ਹਾਂ ਮਾਈਕ ਤੋਂ ਹੀ ਗਾਈ ਜਾਂਦੇ।ਆਹ ਅੱਜ ਦੇ ਸ਼ੋਰ ਸਰਾਬੇ ਵਾਲੀ ਕੋਈ ਗੱਲ ਨਹੀਂ ਹੁੰਦੀ ਸੀ।
ਜਿਥੇ ਸਾਨੂੰ ਸੰiੰਵਧਾਨਿਕ ਤੌਰ ਤੇ ਮੁਢਲੇ ਅਧਿਕਾਰਾਂ ਅਨੁਸਾਰ ਆਪਣੀਆਂ ਮਰਜ਼ੀਆਂ ਕਰਨ ਦੀ ਖੁੱਲ੍ਹ / ਆਜ਼ਾਦੀ ਹੈ,ਉੱਥੇ ਸਾਨੂੰ ਇਨ੍ਹਾਂ ਅਧਿਕਾਰਾਂ ਨੂੰ ਮਾਣਨ ਸਮੇਂ ਆਪਣੇ ਫਰਜ਼ਾਂ ਦਾ ਵੀ ਧਿਆਨ ਰੱਖਣਾ ਹੁੰਦਾ ਹੈ ਤਾਂ ਜੋ ਕਿਸੇ ਹੋਰ ਨੂੰ ਆਪਣੀ ਆਜ਼ਾਦੀ ਸਦਕਾ ਕਿਸੇ ਹੋਰ ਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ ਜੋ ਕਿ ਅਕਸਰ ਰੱਖਿਆ ਨਹੀਂ ਜਾਂਦਾ।ਗਲੀਆਂ,ਮੁਹੱਲਿਆਂ ਵਿੱਚ ਆਮ ਤੌਰ ਤੇ ਛੋਟੇ ਸਮਾਗਮ ਜਿਵੇਂ ਜਾਗੋ ਕੱਢਣੀ,ਜਨਮ ਦਿਨ ਪਾਰਟੀ, ਮੰਗਣੀ ਦੀ ਰਸਮ ਆਦਿ ਟੈਨਟ ਲਾ ਕੇ ਮਨਾਏ ਜਾਂਦੇ ਹਨ।ਸਮਾਗਮ ਕਰਾਉਣ ਵਾਲਾ ਆਪਣੇ ਆਲੇ ਦੁਆਲੇ ਦੇ ਘਰਾਂ ਦੇ ਮੱਥਿਆਂ ਨੂੰ ਟੈਂਟ ਲਾ ਕੇ ਆਪਣੇ ਅਧਿਕਾਰ ਹੇਠ ਲੈ ਲੈਂਦੇ ਹਨ।ਥੋੜੀ ਜਿਹੀ ਜਗ੍ਹਾ ਵਿੱਚ ਹੀ ਵੱਡੇ ਸਪੀਕਰ ਰੱਖ ਕੇ ਡੀ.ਜੇ. ਜਾਂ ਕੋਈ ਹੋਰ ਗੀਤ ਮੰਡਲੀ ਆਦਿ ਐਨੀ ਉੱਚੀ ਆਵਾਜ਼ ਕਰਨ ਲੱਗਦੇ ਹਨ ਜਿਵੇਂ ਕਿਸੇ ਹੋਰ ਮੁਹੱਲੇ ਤੱਕ ਆਵਾਜ਼ ਪਹੁੰਚਾਉਣੀ ਜ਼ਰੂਰੀ ਹੋਵੇ।ਰਾਤ ਦੇ ਪ੍ਰੋਗਰਾਮ ‘ਚ ਗੁਆਂਢੀਆਂ ਦਾ ਸੌਣਾ ਤਾਂ ਇੱਕ ਪਾਸੇ ,ਉਂਝ ਹੀ ਐਨੀ ਉੱਚੀ ਧਮਕ ਦੇ ਨਾਲ ਘਬਰਾਹਟ ਪੈਦਾ ਹੋ ਜਾਂਦੀ ਹੈ। ਰੱਬ ਨਾ ਕਰੇ ਜੇਕਰ ਕੋਈ ਦਿਲ ਦਾ ਮਰੀਜ਼ ਗੁਆਂਢ ‘ਚ ਹੋਵੇ ਤਾਂ ਉਹ ਭਲਾ ਇਸ ਮਾਹੌਲ ‘ਚ ਰਹਿ ਸਕੇਗਾ । ਸੰਗੀਤ ਰੂਹ ਦੀ ਖੁਰਾਕ ਹੈ। ਸਭ ਨੂੰ ਕੋਈ ਨਾ ਕੋਈ ਸੰਗੀਤ ਪਸੰਦ ਹੁੰਦਾ ਹੈ।ਮੈਰਿਜ ਪੈਲੇਸਾਂ ਵਿੱਚ ਵਿਆਹਾਂ ਸਮੇਂ ਚਿਰਾਂ ਤੋਂ ਮਿਲਣ ਉਪਰੰਤ ਹਰੇਕ ਦਾ ਗੱਲਬਾਤ ਕਰਨ ਨੂੰ ਜੀਅ ਤਾਂ ਕਰਦਾ ਹੁੰਦਾ ਪਰ ਸਾਊਂਡ ਸਿਸਟਮ ਦੀ ਉੱਚੀ ਧਮਕ ਵਾਲੀ ਆਵਾਜ਼ ਸਾਹਮਣੇ ਬੇਬਸ ਹੋਣਾ ਪੈਂਦਾ ਹੈ।ਹੁਣ ਤਾਂ ਸਿਰਫ ਖਾਣ ਪੀਣ ਹੀ ਰਹਿ ਗਿਆ ਪਹਿਲਾਂ ਦੀ ਤਰ੍ਹਾਂ ਨਿੱਘੇ ਰਿਸ਼ਤੇ ਦਿਖਾਈ ਨਹੀਂ ਦਿੰਦੇ।ਮੇਰੇ ਦੋਸਤ ਦੇ ਪੋਤਰੇ ਦੇ ਜਨਮ ਦਿਨ ਤੇ ਘਰ ਸ਼੍ਰੀ ਸਹਿਜ ਪਾਠ ਦਾ ਭੋਗ ਪਾਉਣ ਉਪਰੰਤ ਰਾਗੀਆਂ ਦੇ ਰਸਭਿੰਨੇ ਕੀਰਤਨ ਉਪਰੰਤ ਸਮਾਪਤੀ ਕੀਤੀ ਅਤੇ ਆਏ ਰਿਸਤੇਦਾਰਾਂ ਅਤੇ ਦੋਸਤ ਮਿੱਤਰਾਂ ਨੂੰ ਲੰਗਰ ਛੱਕ ਕੇ ਜਾਣ ਦੀ ਬੇਨਤੀ ਕੀਤੀ ਗਈ।ਜਦੋਂ ਖਾਣੇ ਵਾਲੀ ਜਗ੍ਹਾ ਤੇ ਪੁੱਜੇ ਤਾਂ ਇੱਕ ਪਾਸੇ ਡੀ.ਜੇ. ਸਿਸਟਮ ਤਿਆਰ ਹੁੰਦਾ ਦੇਖ ਕੇ ਹੈਰਾਨੀ ਤਾਂ ਹੋਈ ਪਰ ਜਦੋਂ ਖਾਣਾ ਖਾਣ ਲੱਗੇ ਤਾਂ ਉੱਚੀ ਆਵਾਜ਼ ‘ਚ ਧਾਰਮਿਕ ਗੀਤ ਸੁਣਨ ਨੂੰ ਮਿਲਿਆ ਤੇ ਦੂਜੇ ਗੀਤ ‘ਚ ਸ਼ਾਜਾਂ ਦੇ ਸ਼ੋਰ ਦੀ ਆਵਾਜ਼ ਐਨੀ ਜ਼ਿਆਦਾ ਸੀ ਕਿ ਹਰੇਕ ਦਾ ਘਬਰਾਹਟ ਨਾਲ ਦਿਲ ਧੜਕ ਰਿਹਾ ਸੀ ਪਰ ਕਹਿਣ ਨੂੰ ਕੋਈ ਵੀ ਤਿਆਰ ਨਹੀਂ ਸੀ,ਗੀਤ ਵੀ ਪੈੱਗ ਦੀ ਗੱਲ ਕਰਦਾ ਸੀ। ਆਖਰ ਡੀ.ਜੇ. ਵਾਲੇ ਨੂੰ ਬੇਨਤੀ ਕਰਕੇ ਕੇ ਆਵਾਜ਼ ਘੱਟ ਕਰਵਾਈ ਤਾਂ ਕਿਤੇ ਖਾਣਾ ਖਾਧਾ।ਮੈਂ ਰਾਗੀ ਜੱਥੇ ਦੀ ਮਧੁਰ ਆਵਾਜ਼ ਸੁਣਨ ਤੋਂ ਬਾਅਦ ਅਸ਼ਲੀਲ ਗੀਤਾਂ ਨੂੰ ਆਏ ਮਹਿਮਾਨਾਂ ਦੇ ਧੱਕੇ ਨਾਲ ਕੰਨਾਂ’ਚ ਪਾਉਣ ਦੀ ਗੱਲ ਨਾ ਸਮਝ ਸਕਿਆ।ਜੇ ਅਜਿਹਾ ਹੀ ਕਰਨਾ ਸੀ ਤਾਂ ਪਾਠ ਦਾ ਭੋਗ ਕਿਸੇ ਹੋਰ ਦਿਨ ਪਾ ਲੈਣਾ ਸੀ,ਇਹ ਚੰਗਾ ਹੋਣਾ ਸੀ ।ਇੱਕ ਦਿਨ ਇਸੇ ਤਰ੍ਹਾਂ ਹੀ ਸਾਡੇ ਗੁਆਂਢੀ ਨੇ ਤਾਂ ਹੱਦ ਹੀ ਕਰ ਦਿੱਤੀ ਜਦੋਂ ਅਸੀਂ ਬਾਹਰੋਂ ਆਏ ਤਾਂ ਸਾਡੇ ਦਰਵਾਜੇ ਅੱਗੇ ਟੈਂਟ ਲਾ ਕੇ ਸਾਡਾ ਰਸਤਾ ਤਾਂ ਬੰਦ ਕਰ ਹੀ ਦਿੱਤਾ ,ਉਪਰੋਂ ਦਰਵਾਜੇ ਦੇ ਬਿਲਕੁਲ ਸਾਹਮਣੇ ਸਾਊਂਡ ਸਿਸਟਮ ਵੀ ਰੱਖ ਲਿਆ।ਚਲੋ ਵਿਆਹ ਦਾ ਕਾਰਜ ਹੋਣ ਕਾਰਣ ਅਸੀਂ ਕੁਝ ਨਹੀਂ ਬੋਲੇ ਤੇ ਆਪਣੀ ਗੱਡੀ ਕਿਸੇ ਮਿੱਤਰ ਦੇ ਘਰ ਖੜ੍ਹੀ ਕਰ ਦਿੱਤੀ ਅਤੇ ਦੂਸਰੇ ਪਾਸੇ ਛੋਟੇ ਰਸਤੇ ਰਾਹੀਂ ਅੰਦਰ ਆ ਗਏ,ਸੋਚਿਆ ਅਗਲਿਆਂ ਨੇ ਜਗਾ੍ਹ ਦੀ ਘਾਟ ਕਾਰਣ ਕਰ ਲਿਆ।ਖਾਣਾ ਖਾਣ ਤੋਂ ਬਾਅਦ ਸੌਣ ਦੀ ਤਿਆਰੀ ਸੀ ,ਪਹਿਲਾਂ ਤਾਂ ਆਵਾਜ਼ ਕੁਝ ਘੱਟ ਸੀ ਪਰ ਲਾਲ ਪਰੀ ਦੇ ਨਸ਼ੇ ਨੇ ਖੱਪਖਾਨਾ ਅਤੇ ਕੰਨ ਪਾਟਵੀਂ ਆਵਾਜ਼ ਨੂੰ ਹੱਲਾਸ਼ੇਰੀ ਦਿੱਤੀ।ਇਸ ਮਾਹੌਲ ਨੇ ਦਿਲ ਘਬਰਾਉਣ ਲਾ ਦਿੱਤਾ ,ਕੰਨ ਐਨੀ ਉੱਚੀ ਆਵਾਜ਼ ਸੁਣਨ ਤੋਂ ਅਸਮਰੱਥ ਹੋ ਗਏ,ਬੈਠਣਾ ਬੇਹਾਲ ਹੋ ਗਿਆ।ਗੁੱਸਾ ਵੀ ਚੜ੍ਹਿਆ ਅਤੇ ਆਵਾਜ਼ ਘੱਟ ਕਰਨ ਲਈ ਕਹਿਣ ਨੂੰ ਸੋਚਿਆ,ਪਰ ਦਰਵਾਜਾ ਖੁਲ੍ਹਣ ਦੇ ਸਮਰੱਥ ਨਹੀਂ ਸੀ ਕਿਉਂਕਿ ਮੂਹਰੇ ਸਾਊਂਡ ਸਿਸਟਮ ਸੀ।ਮੇਰਾ ਇੱਕ ਨਜਦੀਕੀ ਰਿਸਤੇਦਾਰ ਇਸ ਪ੍ਰੋਗਰਾਮ’ਚ ਸਾਮਲ ਸੀ ਮੈਂ ਉਸ ਨੂੰ ਫੋਨ ਕਰਕੇ ਘੱਟ ਆਵਾਜ਼ ਕਰਵਾਉਣ ਦੀ ਬੇਨਤੀ ਕੀਤੀ ਪਰ ਉਸ ਸਿਆਣੇ ਭਦਰਪੁਰਸ਼ ਨੇ ਹੱਦ ਹੀ ਲਾਹ ਦਿੱਤੀ ਜਦੋਂ ਉਸ ਨੇ ਕਿਹਾ, ‘ਕੰਨਾਂ’ਚ ਰੂੰ ਦੇ ਕੇ ਸੌਂ ਜਾਓ,ਥੋੜੇ ਟੈਮ ਦੀ ਗੱਲ ਆ’।ਚਲੋ ਕਿਸੇ ਦੇ ਰੰਗ’ਚ ਭੰਗ ਨਾ ਪਾਉਣ ਦੀ ਸੋਚ ਨੇ ਮਨ ਨੂੰ ਸਮਝਾ ਲਿਆ ਤੇ ਦੂਸਰੇ ਰਸਤੇ ਵੱਲ ਜਾ ਕੇ ਸਮਾਂ ਲ਼ੰਘਾ ਲਿਆ।ਗੁਆਢੀ ਨੇ ਤਾਂ ਕੋਈ ਕਸਰ ਬਾਕੀ ਨਹੀਂ ਛੱਡੀ,ਨਾ ਸਹਿਮਤੀ ਲੈਣਾ ਜਰੂਰੀ ਸਮਝਿਆ ਨਾ ਹੀ ਆਵਾਜ਼ ਘੱਟ ਰੱਖਣ ਦਾ ਫਰਜ਼ ਨਿਭਾਇਆ।ਤਾਹੀਂੳਂ ਤਾਂ ਕਿਸੇ ਨੇ ਸੱਚ ਹੀ ਕਿਹਾ,’ਚੰਦਰਾ ਗੁਆਂਢ ਬੁਰਾ…’।ਸਾਨੂੰ ਆਪਣੀ ਆਜ਼ਾਦੀ ਨੂੰ ਮਾਣਦੇ ਹੋਏ ਦੂਜਿਆਂ ਦੀ ਆਜ਼ਾਦੀ ‘ਚ ਵਿਘਨ ਪਾਉਣ ਦਾ ਕੋਈ ਹੱਕ ਨਹੀਂ ਪਰ ਕਿਤੇ ਨਾ ਕਿਤੇ ਅਸੀਂ ਅਵੇਸਲੇ ਹੋ ਕੇ ਦੂਜਿਆ ਦੇ ਠੋਸੇ,ਪਰੋਸੇ ਨੂੰ ਸਵੀਕਾਰ ਕਰ ਲੈਂਦੇ ਹਾਂ। ਉੱਚੀ ਆਵਾਜ਼ ਅਤੇ ਅਸ਼ਲੀਲ ਗੀਤਾਂ ਬਾਰੇ ਜੇਕਰ ਅਸੀਂ ਇਨ੍ਹਾਂ ਡੀ.ਜੇ.ਵਾਲਿਆਂ ਅਤੇ ਬੇਸਮਝ ਲੋਕਾਂ ਨੂੰ ਨਹੀਂ ਰੋਕਾਂਗੇ ਤਾਂ ਇਹ ਇਸੀ ਤਰਾਂ੍ਹ ਮਨਮਰਜ਼ੀਆਂ ਕਰਦੇ ਰਹਿਣਗੇ।ਆਪਣੇ ਬੱਚਿਆਂ ਦੀ ਖੁਸ਼ੀ ਲਈ ਜੇਕਰ ਇਹੋ ਜਿਹੇ ਸਮਾਗਮ ਕਰਨੇ ਵੀ ਹਨ ਤਾਂ ਹਰ ਫੈਸ਼ਲਾ ਬੱਚਿਆਂ ਤੇ ਵੀ ਨਾ ਛੱਡੋ,ਆਪਣੇ ਜ਼ਿੰਦਗੀ ਦੇ ਤਜਰਬੇ ਉਨ੍ਹਾਂ ਨਾਲ ਸਾਂਝੇ ਕਰ ਕੇ ਉਨ੍ਹਾਂ ਨੂੰ ਸਮਝਾ ਕੇ ਆਪਣੀ ਸੀਮਾ ਵਿੱਚ ਰਹਿ ਕੇ ਸਮਾਗਮ ਕਰਨ ਲਈ ਰਾਜ਼ੀ ਕੀਤਾ ਜਾਵੇ।ਸਾਨੂੰ ਹਰੇਕ ਸਮਾਜਿਕ ਸਮਾਗਮ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਤੇ ਅਸੀਂ ਸਮਾਜਿਕ ਚੰਗਿਆਈਆਂ ਨੂੰ ਬੁਰਾਈਆਂ ‘ਚ ਤਾਂ ਨਹੀਂ ਬਦਲ ਰਹੇ
ਮੇਜਰ ਸਿੰਘ ਨਾਭਾ , ਮੋ. 9463553962

