ਸਾਡੇ ਕੰਧ ਸਾਂਝੀ ਗੁਆਂਢ ਵਿਚ ਰਹਿੰਦੇ ਭੈਣ ਜੀ ਰੁਪਿੰਦਰ ਕੌਰ ਨੇ ਆਪਣੇ ਪਾਰਕ ਵਿਚ ਕੱਦੂਆਂ ਦੇ ਬੀਜ ਬੀਜ ਦਿੱਤੇ। ਉਹਨਾਂ ਬੀਜਾਂ ਤੋਂ ਦਿਨਾਂ ਵਿਚ ਹੀ ਵੱਲ੍ਹਾਂ ਤਿਆਰ ਹੋ ਗਈਆਂ। ਉਹ ਵੱਲਾਂ ਵੱਡੀਆਂ ਹੋ ਕੇ ਸਾਡੀ ਸਾਂਝੀ ਕੰਧ ਉਪਰ ਫੈਲ ਗਈਆਂ। ਨਤੀਜੇ ਵਜੋਂ ਕੰਧ ਦੇ ਆਰ-ਪਾਰ ਹਰਿਆਲੀ ਨਜ਼ਰ ਆਉਂਣ ਲੱਗੀ। ਉਹਨਾਂ ਵੱਲ੍ਹਾਂ ਨੂੰ ਬਹੁਤ ਸਾਰੇ ਫੁੱਲ ਲੱਗੇ ਹੋਏ ਸਨ। ਹਰੀ ਹਰੀ ਵੱਲ ਉਪਰ ਚਿੱਟੇ ਚਿੱਟੇ ਫੁੱਲ ਦੇਖਣ ਨੂੰ ਵੀ ਬਹੁਤ ਸੋਹਣੇ ਲੱਗਦੇ ਸਨ। ਕੁਝ ਦਿਨਾਂ ਵਿਚ ਹੀ ਉਹਨਾਂ ਫੁੱਲਾਂ ਵਿਚ ਛੋਟੇ-ਛੋਟੇ ਕੱਦੂ ਨਜ਼ਰ ਆਉਣ ਲੱਗੇ। ਹੁਣ ਸਭ ਨੂੰ ਉਮੀਦ ਸੀ ਕਿ ਕੱਦੂ ਬਹੁਤ ਲੱਗਣਗੇ। ਪਰੰਤੂ ਉਹ ਕੱਦੂ ਦੋ ਚਾਰ ਦਿਨਾਂ ਬਾਅਦ ਹੀ ਪੀਲੇ ਪੈ ਜਾਂਦੇ ਸਨ। ਸਾਰਾ ਫਲ ਸੁੱਕ ਕੇ ਝੜ ਰਿਹਾ ਸੀ। ਇਹ ਦੇਖ ਕੇ ਮੇਰਾ ਮਨ ਵੀ ਬਹੁਤ ਦੁਖੀ ਹੋਇਆ। ਮੈਂ ਆਪਣੇ ਪਿੰਡੋਂ ਲਿਆਂਦੀ ਹੋਈ ਖਾਦ ਉਹਨਾਂ ਦੇ ਘਰ ਭਿਜਵਾ ਕੇ ਸੁਨੇਹਾ ਲਾਇਆ ਕਿ ਇਸ ਨੂੰ ਵੱਲ੍ਹਾਂ ਦੀ ਜੜ੍ਹ ਵਿਚ ਪਾ ਦਿਓ। ਭੈਣ ਜੀ ਨੇ ਉਸ ਖਾਦ ਨੂੰ ਮਾਲੀ ਤੋਂ ਵੱਲ੍ਹਾਂ ਦੀ ਜੜ੍ਹ ਵਿਚ ਪਵਾ ਦਿੱਤੀ। ਤੀਜੇ ਕੁ ਦਿਨ ਵੱਲ੍ਹਾਂ ਉਪਰ ਤੇਲੇ ਵਾਲੀ ਸਪਰੇਅ ਵੀ ਕਰਵਾਈ। ਪਰੰਤੂ ਸਾਨੂੰ ਕੋਈ ਫਰਕ ਨਜ਼ਰ ਨਹੀਂ ਆਇਆ।
ਖੈਰ! ਇਕ ਦਿਨ ਭੈਣ ਜੀ ਸਾਡੇ ਘਰ ਆਏ ਅਤੇ ਵੱਲ੍ਹਾਂ ਵੱਲ ਇਸ਼ਾਰਾ ਕਰਕੇ ਕਹਿਣ ਲੱਗੀ ਕਿ, “ਦਰਅਸਲ ਗੱਲ ਕੁਝ ਹੋਰ ਹੀ ਹੈ, ਜੋ ਆਪਾਂ ਨੂੰ ਅੱਜ ਤੱਕ ਨਹੀਂ ਸੀ ਪਤਾ।” ਅਜਿਹਾ ਕੀ ਹੈ ਭੈਣ ਜੀ? ਮੈਂ ਉਹਨਾਂ ਨੂੰ ਉਤਸੁਕਤਾ ਨਾਲ ਪੁੱਛਿਆ। ਭੈਣ ਜੀ ਆਪਣੇ ਮੱਧੂ ਮੱਖੀਆਂ ਨਹੀਂ ਹੈਗੀਆਂ ਇਸ ਕਰਕੇ ਸਾਰਾ ਫਲ ਸੁੱਕ ਜਾਂਦਾ ਹੈ। ਮੱਧੂ ਮੱਖੀ ਫੁੱਲਾਂ ਦਾ ਰਸ ਚੂਸਣ ਲਈ ਇਕ ਦੂਜੇ ਫੁੱਲ ਉਪਰ ਬੈਠਦੀ ਰਹਿੰਦੀ ਹੈ ਜਿਸ ਕਾਰਨ ਫਲ ਨੂੰ ਰਸ ਮਿਲਦਾ ਹੈ ਅਤੇ ਉਹ ਫਲ ਤਿਆਰ ਹੋ ਜਾਂਦਾ ਹੈ। ਪਰੰਤੂ ਆਪਣੇ ਅਜਿਹਾ ਨਾ ਹੋਣ ਕਾਰਨ ਸਾਰਾ ਫਲ ਝੜ ਰਿਹਾ ਹੈ। ਮੈਂ ਭੈਣ ਜੀ ਦੇ ਚਿਹਰੇ ਵੱਲ ਤੱਕ ਰਹੀ ਸੀ ਤੇ ਮੈਨੂੰ ਕੁਝ ਸਮਝ ਨਹੀਂ ਸੀ ਆਈ ਕਿ ਉਹ ਕਿ ਕਹਿ ਰਹੇ ਸਨ, “ਤੁਸੀਂ ਸ਼ਾਇਦ ਸਮਝੇ ਨਹੀਂ।” ਭੈਣ ਜੀ ਨੇ ਉਹਨਾਂ ਵੱਲ੍ਹਾਂ ਨੂੰ ਪ੍ਰੈਕਟੀਕਲ ਤਰੀਕੇ ਨਾਲ ਸਮਝਾਉਣਾ ਸ਼ੁਰੂ ਕੀਤਾ ਜਿਸ ਤਰ੍ਹਾਂ ਉਹ ਸਕੂਲ ਵਿਚ ਪੜ੍ਹਾਉਂਦੇ ਹਨ। ਉਹਨਾਂ ਨੇ ਆਪਣੇ ਹੱਥਾਂ ਨਾਲ ਮੈਨੂੰ ਵੱਲ੍ਹਾਂ ਦੀ ਜਾਣਕਾਰੀ ਕਰਵਾਉਂਦੇ ਹੋਏ ਕਿਹਾ ਕਿ ਇਸ ਵਿਚ ਇਕ ਨਰ ਵੱਲ੍ਹ ਹੈ ਜੋ ਬਿਲਕੁਲ ਸਿੱਧੀ ਅਤੇ ਮੋਟੀ ਹੈ। ਉਸ ਵੱਲ੍ਹ ਉਪਰ ਕੇਵਲ ਇਕ ਚਿੱਟਾ ਫੁੱਲ ਲੱਗਿਆ ਹੋਇਆ ਸੀ। ਉਸ ਵੱਲ੍ਹ ਦੇ ਨਾਲ ਹੀ ਜੁੜੀ ਹੋਈ ਇਕ ਮਾਦਾ ਵੱਲ੍ਹ ਸੀ ਜੋ ਦੇਖਣ ਨੂੰ ਪਤਲੀ ਤੇ ਟੇਢੀ ਸੀ। ਮਾਦਾ ਵੱਲ ਉਪਰ ਇਕ ਛੋਟਾ ਜਿਹਾ ਕੱਦੂ ਲੱਗਿਆ ਹੋਇਆ ਸੀ। ਉਸ ਛੋਟੇ ਕੱਦੂ ਉਪਰ ਵੀ ਚਿੱਟੇ ਰੰਗ ਦਾ ਨਿੱਕਾ ਜਿਹਾ ਫੁੱਲ ਸੀ। ਭੈਣ ਜੀ ਨੇ ਨਰ ਵੱਲ ਤੋਂ ਫੁੱਲ ਤੋੜ ਕੇ ਉਸ ਦੇ ਰਸ ਨੂੰ ਮਾਦਾ ਵੱਲ੍ਹ ਉਪਰ ਲੱਗੇ ਫੁੱਲ ਨੂੰ ਛੁਹਾ ਦਿੱਤਾ ਉਹਨਾਂ ਨੇ ਇਸ ਪ੍ਰੀਕਿਰਿਆ ਨੂੰ ਕਈ ਥਾਂਈ ਦੁਹਰਾਇਆ। ਉਹਨਾਂ ਮੁਸਕਾਉਂਦੇ ਹੋਏ ਕਿਹਾ ਬੱਸ ਦੇਖਦੇ ਜਾਵੋ ਇਹ ਕੱਦੂ ਚਾਰ ਪੰਜ ਦਿਨਾਂ ਵਿਚ ਤਿਆਰ ਹੋ ਜਾਣਗੇ। ਮੈਂ ਆਪਣੇ ਪਾਸੇ ਵੀ ਅਜਿਹਾ ਪ੍ਰੈਕਟੀਕਲ ਕਰਕੇ ਦੇਖਿਆ। ਉਹਨਾਂ ਹੱਸਦੇ ਹੋਏ ਕਿਹਾ ਚਲੋ ਜੀ ਮੈਂ ਚੱਲਦੀ ਹਾਂ ਏਨਾ ਕਹਿ ਕਿ ਉਹਨਾਂ ਨੇ ਆਪਣੇ ਘਰ ਜਾਣ ਦੀ ਇਜਾਜਤ ਮੰਗ ਲਈ। ਉਹ ਤਾਂ ਮੈਨੂੰ ਅਜਿਹਾ ਸਮਝਾ ਕੇ ਚਲੇ ਗਏ ਪਰ ਮੇਰੀ ਨਜ਼ਰ ਹੁਣ ਫਿਰ ਕੱਦੂਆਂ ਦੀ ਵੱਲ੍ਹ ਉਪਰ ਟਿਕ ਚੁੱਕੀ ਸੀ। ਮੈਂ ਬੇਸਬਰੀ ਨਾਲ ਕੱਦੂਆਂ ਨੂੰ ਵੱਡਾ ਹੁੰਦਾ ਦੇਖਣਾ ਚਾਹੁੰਦੀ ਸੀ। ਅਗਲੇ ਦਿਨ ਹੀ ਮੈਨੂੰ ਉਹਨਾਂ ਕੱਦੂਆਂ ਵਿਚ ਕਿਨਕਾ ਮਾਤਰ ਫਰਕ ਨਜ਼ਰ ਆਇਆ। ਸੱਚਮੁੱਚ ਉਹ ਕੱਦੂ ਪੰਜ-ਸਤ ਦਿਨਾਂ ਵਿਚ ਹੀ ਸਬਜੀ ਬਣਾਉਣ ਦੇ ਯੋਗ ਹੋ ਗਏ। ਮੈਂ ਸੋਚ ਰਹੀ ਸੀ ਕਿ ਜੇਕਰ ਇਹਨਾਂ ਵੱਲ੍ਹਾਂ ਦੇ ਲੱਗੇ ਹੋਏ ਕੱਦੂ ਰੂਪੀ ਫਲ ਨੂੰ ਵਧਣ ਫੁੱਲਣ ਲਈ ਆਪਣੇ ਮਾਤਾ-ਪਿਤਾ ਦੇ ਸਹਿਯੋਗ ਦੀ ਜਰੂਰਤ ਹੈ ਤਾਂ ਮਨੁੱਖੀ ਖੇਤਰ ਵਿਚ ਬੱਚਿਆਂ ਨੂੰ ਕਿੰਨੀ ਕੁ ਹੋਵੇਗੀ? ਇਹ ਆਪਣੇ ਆਪ ਵਿਚ ਇਕ ਬਹੁਤ ਵੱਡਾ ਸਵਾਲ ਹੈ। ਇਸ ਦਾ ਅੰਦਾਜਾ ਸਹਿਜੇ ਹੀ ਲਗਾ ਸਕਦੇ ਹਾਂ। ਮਾਪਿਆ ਦੇ ਸਹਿਯੋਗ ਵਿਚ ਕਿਸੇ ਇਕ ਜਣੇ ਦੇ ਪ੍ਰੇਮ ਤੋਂ ਵਾਂਝੇ ਬੱਚੇ ਦੀ ਮਾਨਸਿਕਤਾ ਉਪਰ ਕਿੰਨਾ ਬੁਰਾ ਪ੍ਰਭਾਵ ਪੈਂਦਾ ਹੋਵੇਗਾ। ਜਿਸ ਦਾ ਘਾਟਾ ਪੂਰੀ ਜ਼ਿੰਦਗੀ ਪੂਰਾ ਨਹੀਂ ਹੋ ਸਕਦਾ। ਏਨਾ ਸੋਚਾਂ ਵਿਚ ਡੁੱਬੀ ਹੋਈ ਮੈਂ ਕਦੇ ਵੱਲ੍ਹਾਂ ਵੱਲ ਤੱਕ ਰਹੀ ਸੀ ਅਤੇ ਕਦੇ ਉਹਨਾਂ ਉਪਰ ਲੱਗੇ ਹੋਏ ਕੱਦੂਆਂ ਵੱਲ….।
ਕਰਮਜੀਤ ਕੌਰ ਮੁਕਤਸਰ
ਮੋ: 89685-94379
