ਨਿਊਜ਼ੀਲੈਂਡ ’ਚ ਪੜ੍ਹਦੇ ਵਿਦਿਆਰਥੀ ਦੇ ਇਲਾਜ ਦੌਰਾਨ ਵਰਤੀ ਗਈ ਸੀ ਕੁਤਾਹੀ
ਕੋਟਕਪੂਰਾ, 25 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਿਲ੍ਹਾ ਖਪਤਕਾਰ ਕਮਿਸ਼ਨ ਨੇ ਆਪਣੇ ਇੱਕ ਅਹਿਮ ਫੈਸਲੇ ਵਿੱਚ ਮੁਕਤਸਰ ਦੇ ਇੱਕ ਨਿੱਜੀ ਹਸਪਤਾਲ ਅਤੇ ਉਸ ਦੇ ਮਾਲਕ ਡਾਕਟਰ ਨੂੰ ਆਦੇਸ਼ ਦਿੱਤਾ ਹੈ ਕਿ ਇੱਕ ਵਿਦਿਆਰਥੀ ਦੇ ਇਲਾਜ ਦੌਰਾਨ ਵਰਤੀ ਗਈ ਗੰਭੀਰ ਲਾਪ੍ਰਵਾਹੀ ਕਾਰਨ ਉਹ ਪੀੜਤ ਵਿਦਿਆਰਥੀ ਨੂੰ 22 ਲੱਖ 40 ਹਜ਼ਾਰ ਰੁਪਏ ਮੁਆਵਜ਼ੇ ਵਜੋਂ 45 ਦਿਨਾਂ ਦੇ ਅੰਦਰ-ਅੰਦਰ ਅਦਾ ਕਰੇ। ਸੂਚਨਾ ਅਨੁਸਾਰ ਗੁਰਪ੍ਰੀਤ ਸਿੰਘ ਵਾਸੀ ਫਰੀਦਕੋਟ ਪੜ੍ਹਾਈ ਲਈ ਸਾਲ 2019 ’ਚ ਨਿਊਜ਼ੀਲੈਂਡ ਗਿਆ ਸੀ, ਜਿੱਥੇ ਅਚਾਨਕ ਉਸ ਨੂੰ ਪੇਟ ਵਿੱਚ ਦਰਦ ਮਹਿਸੂਸ ਹੋਇਆ ਅਤੇ ਉਹ ਵਾਪਸ ਆ ਗਿਆ ਅਤੇ ਉਹ ਸੰਧੂ ਹਸਪਤਾਲ ਮੁਕਤਸਰ ਵਿਖੇ ਡਾ. ਸੰਦੀਪ ਸਿੰਘ ਸੰਧੂ ਨੂੰ ਇਲਾਜ ਲਈ ਮਿਲਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਡਾਕਟਰ ਨੇ ਪਿੱਤੇ ਵਿੱਚ ਪੱਥਰੀ ਦੱਸੀ ਸੀ ਅਤੇ ਉਸ ਦੇ ਇਲਾਜ ਲਈ ਅਲਟਰਾਸਾਊਂਡ ਕਰਵਾਉਣ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ ਹਸਪਤਾਲ ਵਿੱਚ ਦਾਖਲ ਕਰ ਲਿਆ ਸੀ ਪਰ ਇਲਾਜ ਦੌਰਾਨ ਡਾਕਟਰ ਦੀ ਲਾਪ੍ਰਵਾਹੀ ਕਾਰਨ ਪਿੱਤੇ ਦੇ ਨਜ਼ਦੀਕ ਇੱਕ ਹੋਰ ਨਾੜੀ ਨੂੰ ਕੱਟ ਲੱਗ ਗਿਆ ਪਰ ਡਾਕਟਰ ਨੇ ਇਸ ਘਟਨਾ ਬਾਰੇ ਆਪਣੇ ਮਰੀਜ ਨੂੰ ਨਹੀਂ ਦੱਸਿਆ। ਕੁਝ ਸਮੇਂ ਬਾਅਦ ਗੁਰਪ੍ਰੀਤ ਸਿੰਘ ਨੇ ਆਪਣੀ ਸਮੱਸਿਆ ਵਧਣ ਬਾਰੇ ਡਾਕਟਰ ਨੂੰ ਦੱਸਿਆ ਤਾਂ ਉਸ ਨੇ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਕਰਕੇ ਤੰਦਰੁਸਤ ਕਰ ਦਿੱਤਾ। ਸ਼ਿਕਾਇਤਕਰਤਾ ਨੇ ਆਪਣੇ ਵਕੀਲ ਤੁਲਸੀ ਦਾਸ ਰਾਹੀਂ ਅਦਾਲਤ ਨੂੰ ਦੱਸਿਆ ਕਿ ਸੰਧੂ ਹਸਪਤਾਲ ਨੇ ਆਪ੍ਰੇਸ਼ਨ ਤੋਂ ਬਾਅਦ ਉਸ ਨੂੰ ਡਿਸਚਾਰਜ ਹਿਸਟਰੀ ਨਹੀਂ ਦਿੱਤੀ ਅਤੇ ਨਾ ਹੀ ਆਪ੍ਰੇਸ਼ਨ ਦੌਰਾਨ ਹੋਈ ਕੁਤਾਹੀ ਬਾਰੇ ਦੱਸਿਆ, ਜਿਸ ਕਰਕੇ ਉਸ ਦਾ ਵਿਦੇਸ਼ ਪੜ੍ਹਣ ਦਾ ਸੁਪਨਾ ਖਤਮ ਹੋ ਗਿਆ ਅਤੇ ਨਿਊਜ਼ੀਲੈਂਡ ਦੇ ਕਾਲਜ ਵਿੱਚ ਭਰੀ 8 ਲੱਖ ਰੁਪਏ ਫੀਸ ਵੀ ਜਬਤ ਹੋ ਗਈ। ਖਪਤਕਾਰ ਕਮਿਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਸਿੰਗਲਾ ਅਤੇ ਮੈਂਬਰ ਪਰਮਪਾਲ ਕੌਰ ਨੇ ਆਪਣੇ ਹੁਕਮ ਵਿੱਚ ਸੰਧੂ ਹਸਪਤਾਲ ਦੇ ਮਾਲਕ ਡਾ. ਸੰਦੀਪ ਸਿੰਘ ਸੰਧੂ ਅਤੇ ਹਸਪਤਾਲ ਦੀ ਬੀਮਾ ਕੰਪਨੀ ਨੂੰ ਆਦੇਸ਼ ਦਿੱਤੇ ਹਨ ਕਿ ਗੁਰਪ੍ਰੀਤ ਸਿੰਘ ਦੀ ਪੜ੍ਹਾਈ, ਸਿਹਤ, ਮਾਨਸਿਕ ਪ੍ਰੇਸ਼ਾਨੀ ਅਤੇ ਇਲਾਜ ’ਤੇ ਆਏ ਖਰਚ ਅਤੇ ਮੁਆਵਜ਼ੇ ਵਜੋਂ 22 ਲੱਖ 40 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇ। ਅਦਾਲਤ ਨੇ ਇਸ ਫੈਸਲੇ ਤੋਂ ਪਹਿਲਾਂ ਹਸਪਤਾਲ ਨੂੰ ਸੁਣਵਾਈ ਦਾ ਮੌਕਾ ਦਿੱਤਾ ਸੀ। ਹਸਪਤਾਲ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਗਲਤ ਦੱਸਿਆ ਸੀ ਪਰ ਖਪਤਕਾਰ ਕਮਿਸ਼ਨ ਨੇ ਕਿਹਾ ਕਿ ਸ਼ਿਕਾਇਤ ਕਰਤਾ ਵੱਲੋਂ ਪੇਸ਼ ਕੀਤਾ ਗਿਆ ਰਿਕਾਰਡ ਸਾਬਿਤ ਕਰਦਾ ਹੈ ਕਿ ਇਲਾਜ ਦੌਰਾਨ ਗੰਭੀਰ ਲਾਪ੍ਰਵਾਹੀ ਵਰਤੀ ਗਈ ਹੈ।