“ਹੈਲੋ, ਸਰ! ਮੈਂ ਦਲੀਪ, ਹੁਣੇ ਮੈਂ ਕੈਮਰਾਮੈਨ ਨਾਲ ਇੱਕ ਗੋਦਾਮ ਦੇ ਨੇੜੇ ਹਾਂ। ਏਥੇ ਇੱਕ ਕੁੜੀ ਭੇਦਭਰੀ ਹਾਲਤ ਵਿੱਚ ਮਿਲੀ ਹੈ।”
“ਬਹੁਤ ਵਧੀਆ, ਕੈਮਰਾਮੈਨ ਨੂੰ ਕਹਿ ਕਿ ਉਹ ਕੈਮਰਾ ਚਾਲੂ ਕਰੇ ਅਤੇ ਕੁੜੀ ਦੀ ਹਾਲਤ ‘ਤੇ ਫੋਕਸ ਕਰੇ।”
“ਜੀ ਸਰ, ਲੱਗਦਾ ਹੈ ਕਿ ਬਲਾਤਕਾਰ ਹੋਇਆ ਹੈ।”
“ਠੀਕ ਹੈ, ਪਤਾ ਕਰ ਕਿ ਹੋਰ ਨਿਊਜ਼ ਚੈਨਲਾਂ ਵਾਲੇ ਲੋਕ ਤਾਂ ਆਸਪਾਸ ਨਹੀਂ ਹਨ!”
“ਨਹੀਂ ਸਰ, ਇਹ ਸਿਰਫ ਸਾਡੀ ਕਹਾਣੀ ਹੋਵੇਗੀ। ਕਿਸੇ ਨੂੰ ਕੋਈ ਖ਼ਬਰ ਨਹੀਂ ਹੈ।”
“ਲੜਕੀ ਤੋਂ ਉਸਦਾ ਨਾਮ ਪੁੱਛਣ ਦੀ ਕੋਸ਼ਿਸ਼ ਕਰ।”
“ਸਰ, ਮੈਨੂੰ ਪਤਾ ਲੱਗਾ ਹੈ ਕਿ ਕੋਈ ਸਕੀਨਾ ਹੈ, ਉਸਦਾ ਪਿਓ ਕਿਤੇ ਮਜ਼ਦੂਰੀ ਕਰਦਾ ਹੈ।”
“ਬਹੁਤ ਖ਼ੂਬ, ਪੂਰੇ ਮਾਮਲੇ ਦਾ ਕੁਝ ਪਤਾ ਲੱਗਿਆ?”
“ਸ਼ਾਇਦ ਇਹ ਆਪਸੀ ਰੰਜਿਸ਼ ਦਾ ਮਾਮਲਾ ਹੈ।”
“ਦਲੀਪ, ਜੇ ਤੂੰ ਪੱਤਰਕਾਰੀ ਵਿੱਚ ਇਸ ਤਰ੍ਹਾਂ ਸੋਚੇਂਗਾ, ਤਾਂ ਹਮੇਸ਼ਾ ਘਾਹ ਹੀ ਖੋਤਦਾ ਰਹੇਂਗਾ, ਕਦੇ ਵੀ ਨਿਊਜ਼ ਡੈਸਕ ਤੱਕ ਨਹੀਂ ਪਹੁੰਚ ਸਕੇਂਗਾ।”
“ਸਰ…”
“ਰੇਪਿਸਟ ਕੌਣ ਹੈ – ਇਹ ਪਤਾ ਲਾਉਣਾ ਪੁਲੀਸ ਦਾ ਕੰਮ ਹੈ, ਅਤੇ ਪੁਲੀਸ ਦੀ ਸਪੀਡ … ਜਦੋਂ ਤੱਕ ਤਫ਼ਤੀਸ਼ ਹੋਵੇ, ਖ਼ਬਰ ਇਹ ਬਣੇ ਕਿ ਮੌਕਾ-ਏ-ਵਾਰਦਾਤ ਨੂੰ ਵੇਖਦੇ ਹੋਏ ਪਹਿਲੀ ਵਾਰ ਵਿੱਚ ਮਾਮਲਾ ਧਾਰਮਿਕ ਤਣਾਅ ਦਾ ਮੰਨਿਆ ਜਾ ਰਿਹਾ ਹੈ। ਕੁੜੀ ਦੀ ਹਾਲਤ ਇੰਨੀ ਨਾਜ਼ੁਕ ਹੈ ਕਿ ਉਹ ਕੁਝ ਵੀ ਦੱਸਣ ਦੀ ਹਾਲਤ ਵਿੱਚ ਨਹੀਂ ਹੈ।”
“ਜੀ ਸਰ |”
“ਅਤੇ ਹਾਂ… ਕੈਮਰੇ ਦਾ ਫੋਕਸ ‘ਸੈਂਸੇਟਿਵ ਮੋਡ’ ‘ਤੇ ਹੋਵੇ। ਇਹ ਚੰਗੀ ਤਰ੍ਹਾਂ ਸਮਝ ਲੈ ਕਿ ਸਨਸਨੀ ਨਾਲ ਹੀ ਖ਼ਬਰ ਵਿਕਦੀ ਹੈ।”
~ ਮੂਲ : ਸੰਦੀਪ ਤੋਮਰ
~ ਅਨੁ : ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)