ਮਾਨਵ ਜੀਵਨ ਦੀ ਸਭ ਤੋਂ ਉੱਤਮ ਵਿਸ਼ੇਸ਼ਤਾ ਹੈ, ਉਹਨੂੰ ਪਰਮਾਤਮਾ ਵੱਲੋਂ ਮਿਲੀ ਅਭਿਵਿਅਕਤੀ ਦੀ ਸ਼ਕਤੀ। ਹਾਂ, ਅਭਿਵਿਅਕਤੀ ਨੂੰ ਸ਼ਕਤੀ ਹੀ ਮੰਨਿਆ ਜਾਣਾ ਚਾਹੀਦਾ ਹੈ। ਜਿਹੜੀ ਪਰਮਾਤਮਾ ਅਤੇ ਇਸ ਬ੍ਰਹਿਮੰਡ ਵੱਲੋਂ ਸਿਰਫ਼ ਮਾਨਵ ਨੂੰ ਹੀ ਪੂਰਨ ਰੂਪ ਵਿੱਚ ਮਿਲੀ ਹੈ। ਪਰ ਕੀ ਅਸੀਂ ਅਭਿਵਿਅਕਤੀ ਦੀ ਇਸ ਸ਼ਕਤੀ ਦਾ ਸਹੀ ਉਪਯੋਗ ਕਰਦੇ ਹਾਂ? ਇਹ ਪ੍ਰਸ਼ਨ ਅਸੀਂ ਜਗਤ ਤੋਂ ਜਾਂ ਫਿਰ ਕਿਸੇ ਹੋਰ ਆਦਮੀ ਨੂੰ ਪੁੱਛਣ ਦੀ ਥਾਂ ਜੇ ਖ਼ੁਦ ਨੂੰ ਪੁੱਛੀਏ, ਤਾਂ ਜ਼ਿਆਦਾ ਚੰਗਾ ਹੋਵੇਗਾ। ਅਭਿਵਿਅਕਤੀ, ਯਾਨੀ ਆਮ ਭਾਸ਼ਾ ਵਿੱਚ ਆਪਣੀ ਗੱਲ ਕਹਿਣੀ ਜਾਂ ਫਿਰ ਕੁਝ ਬੋਲਣਾ। ਜਾਂ ਫਿਰ ਕੁਝ ਨਾ ਹੀ ਬੋਲਣਾ, ਅਰਥਾਤ ਚੁੱਪ ਰਹਿਣਾ। ਚੁੱਪ ਰਹਿਣਾ ਵੀ ਇੱਕ ਅਭਿਵਿਅਕਤੀ ਦਾ ਹੀ ਰੂਪ ਹੈ ਪਰ ਜਦੋਂ ਲੋੜ ਹੋਵੇ, ਆਪਣੀ ਗੱਲ/ਵਿਚਾਰ/ਸੱਚ/ਯਥਾਰਥ ਜਾਂ ਕਿਸੇ ਘਟਨਾ ਨੂੰ ਅਭਿਵਿਅਕਤ ਕਰਨਾ। ਜੇ ਅਸੀਂ ਚੁੱਪ ਰਹੀਏ ਤਾਂ ਉਹ ਖ਼ਾਮੋਸ਼ੀ ਬਹੁਤ ਭਿਆਨਕ ਰੋਗ ਦਾ ਰੂਪ ਲੈ ਲੈਂਦੀ ਹੈ। ਅਕਸਰ ਹਰ ਮਨੁੱਖ ਦੀ ਜ਼ਿੰਦਗੀ ਵਿੱਚ ਅਜਿਹੇ ਹਜ਼ਾਰਾਂ ਮੌਕੇ ਆਉਂਦੇ ਹਨ, ਜਦੋਂ ਉਹਨੂੰ ਖ਼ਾਮੋਸ਼ ਰਹਿਣਾ ਪੈਂਦਾ ਹੈ। ਪਰ ਕੀ ਖ਼ਾਮੋਸ਼ ਰਹਿਣਾ ਉਸ ਮਨੁੱਖ ਅਤੇ ਉਹਦੇ ਆਸਪਾਸ ਦੇ ਪਰਿਵੇਸ਼ ਲਈ ਚੰਗਾ ਹੈ? ਇਹ ਪ੍ਰਸ਼ਨ ਹੀ ਏਥੇ ਸਭ ਤੋਂ ਵੱਡਾ ਅਤੇ ਮਹੱਤਵਪੂਰਣ ਹੈ, ਜੋ ਖ਼ਾਮੋਸ਼ੀਆਂ ਨੂੰ ਜਨਮ ਦਿੰਦਾ ਹੈ।
ਅਜਿਹੀਆਂ ਖ਼ਾਮੋਸ਼ੀਆਂ ਸਾਨੂੰ ਹਾਨੀ ਪਹੁੰਚਾਉਂਦੀਆਂ ਹਨ। ਸਾਨੂੰ ਅੰਦਰੋਂ ਹੌਲੀ ਹੌਲੀ ਖੋਖਲਾ ਕਰਦੀਆਂ ਜਾਂਦੀਆਂ ਹਨ, ਸਾਨੂੰ ਪਲ ਪਲ ਕਮਜ਼ੋਰ ਕਰਦੀਆਂ ਰਹਿੰਦੀਆਂ ਹਨ। ਆਖਰ ਕੀ ਕਾਰਨ ਹੈ ਕਿ ਅਸੀਂ ਖ਼ਾਮੋਸ਼ੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ। ਇਹਦੇ ਕਿੰਨੇ ਹੀ ਕਾਰਨ ਹੋ ਸਕਦੇ ਹਨ। ਅਸੀਂ ਡਰਦੇ ਹਾਂ ਕਿ ਮੇਰੇ ਬੋਲਣ ਨਾਲ ਕਿਤੇ ਕੋਈ ਗੜਬੜ ਨਾ ਹੋ ਜਾਏ। ਉਹ ਫਿਰ ਚਾਹੇ ਮਾਨਵ ਸੰਬੰਧਾਂ ਦਾ ਮਾਮਲਾ ਹੋਵੇ ਜਾਂ ਫਿਰ ਸਮਾਜਕ, ਧਾਰਮਿਕ, ਰਾਜਨੀਤਿਕ, ਆਰਥਕ ਆਦਿ ਨਾਲ ਜੁੜੇ ਮਸਲੇ ਹੋਣ। ਖ਼ਾਮੋਸ਼ੀਆਂ ਸਾਨੂੰ ਪਲ ਪਲ ਸਿਉਂਕ ਵਾਂਗ ਖਾਂਦੀਆਂ ਰਹਿੰਦੀਆਂ ਹਨ। ਸੱਚ ਨੂੰ ਕਦੇ ਛੁਪਾਇਆ ਨਹੀਂ ਜਾ ਸਕਦਾ, ਲੱਖਾਂ ਕੋਸ਼ਿਸ਼ਾਂ ਤੋਂ ਪਿੱਛੋਂ ਵੀ। ਇੱਕ ਨਾ ਇੱਕ ਦਿਨ ਕਿੰਨੀ ਵੀ ਵੱਡੀ ਖ਼ਾਮੋਸ਼ੀ ਹੋਵੇ, ਉਹਨੂੰ ਤੋੜਨਾ ਹੀ ਪੈਂਦਾ ਹੈ, ਨਹੀਂ ਤਾਂ ਉਹ ਖ਼ਾਮੋਸ਼ੀ ਸਾਨੂੰ ਤੋੜ ਦੇਵੇਗੀ। ਸਾਡਾ ਜੀਵਨ ਨਸ਼ਟ ਕਰ ਦੇਵੇਗੀ। ਸਾਡੀ ਖ਼ਾਮੋਸ਼ੀ ਕਾਰਨ ਮਹਾਭਾਰਤ ਤੱਕ ਹੋ ਸਕਦਾ ਹੈ।
ਆਖ਼ਰ ਅਸੀਂ ਕਿਉਂ ਕਿਸੇ ਗੱਲ ਨੂੰ ਲੈ ਕੇ ਚੁੱਪ ਕਰ ਜਾਂਦੇ ਹਾਂ ਜਾਂ ਫਿਰ ਆਪਣੇ ਅੰਦਰ ਉਹਨੂੰ ਦਬਾ ਕੇ ਘੁਟਦੇ ਰਹਿੰਦੇ ਹਾਂ। ਅਸੀਂ ਸਭ ਜਾਣਦੇ ਹਾਂ ਕਿ ਆਮ ਤੌਰ ਤੇ ਉਤਸ਼ਾਹ ਜਾਂ ਖੁਸ਼ੀ ਦੀ ਗੱਲ ਨੂੰ ਕੋਈ ਨਹੀਂ ਲੁਕਾਉਂਦਾ। ਉਹਨੂੰ ਛੇਤੀ ਤੋਂ ਛੇਤੀ ਸਭ ਤੋਂ ਪਹਿਲਾਂ ਕਹਿੰਦੇ ਹਾਂ। ਪਰ ਫਿਰ ਛੁਪਾਉਂਦੇ ਕੀ ਹਾਂ? ਅਜਿਹੀਆਂ ਗੱਲਾਂ, ਜੋ ਸਾਡੀ ਗਲਤੀ ਜਾਂ ਝੂਠ ਨਾਲ ਜੁੜੀਆਂ ਹੁੰਦੀਆਂ ਹਨ। ਉਹ ਫਿਰ ਕੌੜਾ ਸੱਚ ਵੀ ਹੋ ਸਕਦਾ ਹੈ। ਅਕਸਰ ਮਨੁੱਖ ਸੱਚ ਬੋਲਣ ਤੋਂ ਡਰਦਾ ਹੈ। ਉਹਦੇ ਸੱਚ ਨਾਲ ਕਿਸੇ ਨੂੰ ਬੁਰਾ ਲੱਗ ਸਕਦਾ ਹੈ। ਉਹ ਆਪਣੇ ਸੰਬੰਧਾਂ ਨੂੰ ਵਿਗਾੜਨਾ ਨਹੀਂ ਚਾਹੁੰਦਾ। ਕਿਸੇ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦਾ। ਕਿਉਂ ਸੱਚ ਡਰਾਉਣਾ ਜਾਂ ਬੁਰਾ ਹੁੰਦਾ ਹੈ? ਨਹੀਂ, ਸੱਚ ਤਾਂ ਪਰਮਾਤਮਾ ਦਾ ਸਭ ਤੋਂ ਸੁੰਦਰ ਤੇ ਪਵਿੱਤਰ ਰੂਪ ਹੈ, ਪਰ ਅਸੀਂ ਉਹਨੂੰ ਵੇਖ ਨਹੀਂ ਸਕਦੇ।
ਅਸੀਂ ਧਿਆਨ ਰੱਖੀਏ ਕਿ ਸੱਚ ਸੁਵਿਧਾ ਜਾਂ ਸੰਤੁਲਨ ਨਹੀਂ ਹੈ। ਸੱਚ ਯਥਾਰਥ ਹੈ ਅਤੇ ਯਥਾਰਥ ਤੋਂ ਜ਼ਿਆਦਾਤਰ ਲੋਕੀਂ ਡਰਦੇ ਹਨ। ਬਸ ਇਹ ਡਰ ਹੀ ਮਨੁੱਖ ਨੂੰ ਬਹੁਤ ਸਾਰੀਆਂ ਗੱਲਾਂ ਲਈ ਮਜਬੂਰ ਕਰਦਾ ਹੈ ਕਿ ਖ਼ਾਮੋਸ਼ ਰਹੋ। ਸੁਰਜੀਤ ਪਾਤਰ ਦੀ ਇੱਕ ਗ਼ਜ਼ਲ ਦਾ ਕੇਂਦਰੀ ਥੀਮ ਹੀ ਚੁੱਪ ਰਹਿਣ ਦੇ ਵਿਰੋਧ ਵਿੱਚ ਹੈ :
ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ
ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ।
ਕੀ ਇਹ ਇਨਸਾਫ਼ ਹਉਮੈ ਦੇ ਪੁੱਤ ਕਰਨਗੇ
ਕੀ ਇਹ ਖ਼ਾਮੋਸ਼ ਪੱਥਰ ਦ ਬੁੱਤ ਕਰਨਗੇ।
ਇਹ ਖ਼ਾਮੋਸ਼ ਰਹਿਣਾ ਹੀ ਹੌਲੀ ਹੌਲੀ ਖ਼ਾਮੋਸ਼ੀਆਂ ਦਾ ਵੱਡਾ ਰੂਪ ਧਾਰਨ ਕੇ ਲੈਂਦਾ ਹੈ ਅਤੇ ਸਾਡੇ ਅੰਦਰ ਡਰ ਦਾ ਇੱਕ ਮਕੜਜਾਲ ਬਣ ਜਾਂਦਾ ਹੈ। ਅਸੀਂ ਯਥਾਰਥ ਤੋਂ ਭੱਜਣ ਲੱਗਦੇ ਹਾਂ। ਅਸੀਂ ਵਰਤਮਾਨ ਤੋਂ ਦੌੜਦੇ ਹਾਂ। ਵਰਤਮਾਨ ਤੋਂ ਦੌੜਨਾ, ਯਾਨੀ ਭੂਤਕਾਲ ਵਿੱਚ ਚਲੇ ਜਾਣਾ ਜਾਂ ਫਿਰ ਭਵਿੱਖ ਦੀ ਕਾਲਪਨਿਕ ਦੁਨੀਆਂ ਵਿੱਚ ਪਹੁੰਚ ਜਾਣਾ। ਸਾਡੇ ਪੈਰ ਵਰਤਮਾਨ ਨਾਲੋਂ ਟੁੱਟ ਜਾਂਦੇ ਹਨ। ਅਸੀਂ ਭਟਕ ਜਾਂਦੇ ਹਾਂ, ਆਪਣੇ ਸਮੇਂ ਅਤੇ ਜੀਵਨ ਤੋਂ। ਯਥਾਰਥ ਤੋਂ ਨਾ ਭੱਜਣਾ ਹੀ ਨਿਰਭੈਤਾ ਹੈ। ਸਾਡੇ ਗ੍ਰੰਥ, ਰਿਸ਼ੀ ਮੁਨੀ, ਮਹਾਪੁਰਸ਼ ਸਾਨੂੰ ਨਿਰਭੈ ਬਣਨ ਦੀ ਜੀਵਨ ਜਾਚ ਦੱਸਦੇ ਹਨ।
ਖ਼ਾਮੋਸ਼ੀ ਸਾਨੂੰ ਸੰਵਾਦਹੀਣਤਾ ਵੱਲ ਵੀ ਲੈ ਜਾਂਦੀ ਹੈ। ਜਿੱਥੇ ਸੰਵਾਦ ਨਹੀਂ, ਉੱਥੇ ਜੀਵਨ ਅਤੇ ਸਮਾਜ ਕਿਵੇਂ ਅੱਗੇ ਵਧੇਗਾ? ਜਿਸ ਦਿਨ ਅਸੀਂ ਸੰਬੰਧਾਂ ਵਿੱਚ ਬੋਲਣਾ ਬੰਦ ਕਰ ਦਿੱਤਾ, ਉਸ ਦਿਨ ਤੋਂ ਸਾਡੇ ਸੰਬੰਧ ਹੌਲੀ ਹੌਲੀ ਟੁੱਟਣੇ ਸ਼ੁਰੂ ਹੋ ਜਾਣਗੇ। ਇਸ ਲਈ ਬੋਲਣਾ ਕਦੇ ਬੰਦ ਨਾ ਕਰੋ। ਫ਼ੈਜ਼ ਅਹਮਦ ਫ਼ੈਜ਼ ਦੀ ਕ੍ਰਾਂਤੀਕਾਰੀ ਕਵਿਤਾ ‘ਬੋਲ’ ਖ਼ਾਮੋਸ਼ੀ ਨੂੰ ਤੋੜਦੀ ਹੈ :
ਬੋਲ ਕਿ ਲਬ ਆਜ਼ਾਦ ਹੈਂ ਤੇਰੇ
ਬੋਲ ਕਿ ਸਚ ਜ਼ਿੰਦਾ ਹੈ ਅਬ ਤਕ
ਬੋਲ ਜੋ ਕੁਛ ਕਹਨਾ ਹੈ ਕਹ ਲੇ।
ਵਰਤਮਾਨ ਵਿੱਚ ਮੋਬਾਈਲ ਅਤੇ ਇੰਟਰਨੈੱਟ ਵਰਗੇ ਤਕਨਾਲੋਜੀ ਵਿਕਾਸ ਨੇ ਸਾਨੂੰ ਸੰਵਾਦਹੀਣਤਾ ਵੱਲ ਵਧਾਇਆ ਹੈ। ਇਹ ਸੰਚਾਰ ਅਤੇ ਸੰਵਾਦ ਦੇ ਚੰਗੇ ਮਾਧਿਅਮ ਬਣ ਸਕਦੇ ਹਨ, ਪਰ ਇਨ੍ਹਾਂ ਦੀ ਗਲਤ ਵਰਤੋਂ ਕਰਕੇ ਮਨੁੱਖ ਵਾਸਤਵਿਕ ਸੰਵਾਦ ਤੋਂ ਦੂਰ ਹੁੰਦਾ ਜਾ ਰਿਹਾ ਹੈ। ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਖ਼ਾਮੋਸ਼ੀ ਧਾਰਨ ਕਰ ਲੈਣੀ – ਸਾਡੇ ਸਮਾਜ ਦੇ ਪ੍ਰਮੁੱਖ ਸਤੰਭ ਵਿਆਹ ਅਤੇ ਪਰਿਵਾਰ ਨੂੰ ਦਿਨੋ ਦਿਨ ਕਮਜ਼ੋਰ ਕਰ ਰਹੀ ਹੈ। ਪਰਿਵਾਰ ਵਿੱਚ ਅਸੀਂ ਰਹਿੰਦੇ ਤਾਂ ਹਾਂ ਪਰ ਮੌਜੂਦਾ ਸਮੇਂ ਹਰ ਕੋਈ ਮੋਬਾਈਲ ਅਤੇ ਇੰਟਰਨੈੱਟ ਵਿੱਚ ਖੁੱਭਿਆ ਹੋਇਆ ਹੈ। ਅਜਿਹੀ ਹਾਲਤ ਵਿੱਚ ਵਿਆਹ ਵਰਗੀਆਂ ਪਵਿੱਤਰ ਸੰਸਥਾਵਾਂ ਟੁੱਟਣ ਦੀ ਕਗਾਰ ਤੇ ਹਨ।
ਸਾਡਾ ਇਹ ਮੱਤ ਬਿਲਕੁਲ ਨਹੀਂ ਹੈ ਕਿ ਸ਼ਾਂਤੀ ਤੇ ਇਕਾਗਰਤਾ ਨਹੀਂ ਰੱਖਣੀ ਚਾਹੀਦੀ। ਅਸਲ ਵਿੱਚ ਸ਼ਾਂਤ ਤੇ ਇਕਾਗਰ ਹੋ ਕੇ ਕੀਤਾ ਕੰਮ ਹੀ ਨਿਪੁੰਨਤਾ ਵਾਲਾ ਹੁੰਦਾ ਹੈ। ਪਰ ਜਿੱਥੇ ਅਭਿਵਿਅਕਤੀ ਦੀ ਲੋੜ ਹੈ, ਉੱਥੇ ਚੁੱਪ ਰਹਿਣਾ ਡਰਪੋਕਤਾ ਹੋਵੇਗੀ। ਧ੍ਰਿਤਰਾਸ਼ਟਰ ਦੀ ਭਰੀ ਸਭਾ ਵਿੱਚ ਦ੍ਰੋਪਦੀ ਦਾ ਚੀਰਹਰਣ ਅਤੇ ਉਸ ਸਭਾ ਵਿੱਚ ਵਿਦੁਰ ਅਤੇ ਕਰਣ ਨੂੰ ਛੱਡ ਕੇ ਵੱਡੇ ਵੱਡੇ ਯੋਧਿਆਂ ਦਾ ਚੁੱਪ ਰਹਿਣਾ ਕੀ ਕਾਇਰਤਾ ਨਹੀਂ ਸੀ? ਉਨ੍ਹਾਂ ਦੀ ਖ਼ਾਮੋਸ਼ੀ ਨੇ ਅਭਿਵਿਅਕਤੀ ਅਤੇ ਮਾਨਵਤਾ ਨੂੰ ਕਲੰਕਿਤ ਕੀਤਾ। ਉਸ ਖ਼ਾਮੋਸ਼ੀ ਨੇ ਲੱਖਾਂ ਜੀਵਨ ਬਰਬਾਦ ਕਰ ਦਿੱਤੇ। ਇਤਿਹਾਸ ਅਜਿਹੀਆਂ ਖ਼ਾਮੋਸ਼ੀਆਂ ਨਾਲ ਭਰਿਆ ਪਿਆ ਹੈ। ਇਹ ਮਾਨਵ ਜੀਵਨ ਦੀ ਸੁੰਦਰਤਾ ਦੇ ਵਿਰੁੱਧ ਹੈ। ਈਸ਼ਵਰ ਅਤੇ ਪ੍ਰਕਿਰਤੀ ਨੇ ਮਨੁੱਖ ਨੂੰ ਬੋਲਣ ਦਾ ਵਰਦਾਨ ਦਿੱਤਾ ਹੈ, ਨਾ ਕਿ ਖ਼ਾਮੋਸ਼ੀ ਦੇ ਅਧੀਨ ਹੋ ਜਾਣ ਦਾ। ਗੁਰਬਾਣੀ ਦਾ ਫ਼ਰਮਾਨ ਹੈ :
ਜਬ ਲਗ ਦੁਨੀਆ ਰਹੀਐ ਨਾਨਕ
ਕਿਛੁ ਸੁਣੀਐ ਕਿਛੁ ਕਹੀਐ॥ (661)
ਖ਼ਾਮੋਸ਼ੀ ਸਾਨੂੰ ਸੱਚ ਤੋਂ ਦੂਰ ਕਰਦੀ ਹੈ। ਖ਼ਾਮੋਸ਼ੀ ਮਾਨਵ ਜੀਵਨ ਦੇ ਵਿਕਾਸ ਵਿੱਚ ਰੁਕਾਵਟ ਹੈ। ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਮਨ ਵਿੱਚ ਪਾਲ਼ੀ ਜਾ ਰਹੀ ਖ਼ਾਮੋਸ਼ੀ ਨੂੰ ਤੋੜਦੇ ਰਹਿਣਾ ਚਾਹੀਦਾ ਹੈ ਅਤੇ ਅਭਿਵਿਅਕਤੀ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਖ਼ਾਮੋਸ਼ੀ ਨੂੰ ਤੋੜ ਕੇ ਬੋਲਿਆ ਗਿਆ ਸੱਚ ਜ਼ਰਾ ਕੌੜਾ ਜ਼ਰੂਰ ਹੋ ਸਕਦਾ ਹੈ ਪਰ ਉਹ ਹਮੇਸ਼ਾ ਮਾਨਵ ਕਲਿਆਣ ਹੀ ਕਰਦਾ ਹੈ।
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002
(9417692015)