ਮੈਂ ਆਪਣੀ ਪਤਨੀ ਸਮੇਤ ਦਿੱਲੀ ਰੇਲਵੇ ਸਟੇਸ਼ਨ ਤੋਂ ਟ੍ਰੇਨ ਲੈ ਕੇ ਬਠਿੰਡਾ ਪਹੁੰਚਣਾ ਸੀ। ਉਂਜ ਤਾਂ ਅਸੀਂ ਮੈਟਰੋ ਲੈ ਕੇ ਸਟੇਸ਼ਨ ਚਲੇ ਜਾਂਦੇ, ਪਰ ਸਮਾਨ ਜ਼ਿਆਦਾ ਹੋਣ ਕਰਕੇ ਬੇਟੀ ਨੇ ਕੈਬ ਕਰਵਾ ਦਿੱਤੀ ਤੇ ਡਰਾਈਵਰ ਨੂੰ ਵੀ ਕਹਿ ਦਿੱਤਾ ਕਿ ਸਾਨੂੰ ਸਟੇਸ਼ਨ ਕੋਲ ਉਤਾਰ ਦੇਵੇ।
ਰਾਹ ਵਿੱਚ ਡਰਾਈਵਰ ਰਾਮਪ੍ਰਸਾਦ ਮੇਰੇ ਨਾਲ ਗੱਲੀਂ ਲੱਗ ਗਿਆ। ਡਰਾਈਵਰ ਵੈਸੇ ਵੀ ਗੱਲਾਂ ਦੇ ਸ਼ੁਕੀਨ ਹੁੰਦੇ ਨੇ। ਮੈਂ ਪੰਜਾਬੀ, ਉਹ ਬਿਹਾਰੀ…। ਖ਼ੈਰ, ਉਹ ਹਿੰਦੀ ਵਿੱਚ ਬੋਲਦਾ ਰਿਹਾ ਤੇ ਮੈਂ ਵੀ ਉਹਨੂੰ ਉਸੇ ਦੀ ਭਾਸ਼ਾ ਵਿੱਚ ਹੁੰਗਾਰਾ ਦਿੰਦਾ ਰਿਹਾ। ਮੈਨੂੰ ਹੈਰਾਨੀ ਹੋਈ ਕਿ ਉਹਨੂੰ ਰਾਜਨੀਤੀ ਦੀ ਚੰਗੀ ਸਮਝ ਸੀ ਤੇ ਉਹ ਯੂਪੀ ਦੇ ਸੀਐਮ ਯੋਗੀ ਦਾ ਖਾਸ ਪ੍ਰਸੰਸਕ ਸੀ। ਉਹਨੇ ਗੱਲਾਂ-ਬਾਤਾਂ ਵਿੱਚ ਆਪਣੇ ਘਰ-ਬਾਰ, ਪਰਿਵਾਰ ਬਾਰੇ ਵਿਸਤ੍ਰਿਤ ਜਾਣਕਾਰੀ ਦੇ ਦਿੱਤੀ। ਹਾਲਾਂਕਿ ਮੈਂ ਉਹਤੋਂ ਕੁਝ ਪੁੱਛਦਾ ਨਹੀਂ ਸਾਂ, ਬੱਸ ਉਹਦੀਆਂ ਗੱਲਾਂ ਦਾ ਹੁੰਗਾਰਾ ਹੀ ਭਰਦਾ ਸਾਂ। ਉਹਨੇ ਆਪਣੇ ਮੋਬਾਈਲ ਤੇ ਜੀਪੀਐੱਸ ਲਾਇਆ ਹੋਇਆ ਸੀ ਜਿਸ ਤੋਂ ਮੈਨੂੰ ਵੀ ਪਤਾ ਲੱਗ ਰਿਹਾ ਸੀ ਕਿ ਅਸੀਂ ਕਿੱਥੇ ਕੁ ਪਹੁੰਚ ਗਏ ਹਾਂ। ਇਸ ਦੌਰਾਨ ਦੋ ਕੁ ਵਾਰ ਰਾਹ ਵਿੱਚ ਬੇਟੀ ਦਾ ਫੋਨ ਵੀ ਆਇਆ ਕਿ ਕੀ ਅਸੀਂ ਠੀਕਠਾਕ ਜਾ ਰਹੇ ਹਾਂ?
ਬੇਟੀ ਵੱਲੋਂ ਆਨਲਾਈਨ ਕਰਵਾਈ ਗਈ ਥਾਂ ਤੇ ਜਦੋਂ ਅਸੀਂ ਪਹੁੰਚੇ ਤਾਂ ਡਰਾਈਵਰ ਨੇ ਦੱਸਿਆ ਕਿ ਉਂਜ ਤਾਂ ਤੁਹਾਡੇ ਉੱਤਰਨ ਦੀ ਇਹ ਥਾਂ ਹੈ, ਪਰ ਕਿਉਂਕਿ ਤੁਸੀਂ ਸਟੇਸ਼ਨ ਜਾਣਾ ਹੈ, ਇਸਲਈ ਮੈਂ ਤੁਹਾਨੂੰ ਅੱਗੇ ਉਤਾਰਾਂਗਾ। ਉਹਨੇ ਇਹ ਵੀ ਕਿਹਾ, “ਅਗਰ ਕੋਈ ਲੜਕਾ-ਵੜਕਾ ਹੋਤਾ ਤੋ ਮੈਂ ਉਸੇ ਯਹੀਂ ਉਤਾਰ ਦੇਤਾ, ਲੇਕਿਨ ਆਪ ਬਜ਼ੁਰਗ ਹੈਂ ਔਰ ਆਪਕੇ ਪਾਸ ਬਹੁਤ ਸਾਮਾਨ ਹੈ ਤੋ ਮੈਂ ਆਪਕੋ ਰੇਲਵੇ ਸਟੇਸ਼ਨ ਕੇ ਬਿਲਕੁਲ ਕਰੀਬ ਉਤਾਰੂੰਗਾ।” ਫਿਰ ਉਹ ਸਾਨੂੰ ਕਰੀਬ 1-1½ ਕਿਮੀ ਅੱਗੇ ਸਹੀ ਥਾਂ ਤੇ ਉਤਾਰ ਕੇ ਚੱਲਣ ਲੱਗਾ ਤਾਂ ਮੈਂ ਉਹਦਾ ਧੰਨਵਾਦ ਕਰਨ ਦੇ ਨਾਲ-ਨਾਲ ਉਹਨੂੰ ਹੋਰ ਪੈਸੇ ਦੇਣੇ ਚਾਹੇ, ਪਰ ਉਹਨੇ ਨਹੀਂ ਲਏ। ਰਾਮਪ੍ਰਸਾਦ ਦਾ ਕੱਦ ਮੇਰੀਆਂ ਨਜ਼ਰਾਂ ਵਿੱਚ ਹੋਰ ਵੀ ਉੱਚਾ ਹੋ ਗਿਆ ਸੀ।
* ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ ਪਟਿਆਲਾ-147002. (9417692015)